Success Story: ਕਿਸੇ ਵੀ ਹੋਰ ਜ਼ਿਲ੍ਹੇ ਵਾਂਗ, ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨ ਵੀ ਮੁੱਖ ਫ਼ਸਲਾਂ ਵਜੋਂ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। ਇੱਥੇ ਦੇ ਜ਼ਿਆਦਾਤਰ ਕਿਸਾਨਾਂ ਵੱਲੋਂ ਰਿਵਾਇਤੀ ਤੌਰ 'ਤੇ ਚਲ ਰਹੀ ਖੇਤੀ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਹਾਲਾਂਕਿ, ਕੁਝ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਵੱਲੋਂ ਇਸ ਫ਼ਸਲੀ ਚੱਕਰ ਵਿੱਚੋਂ ਨਿਕਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਤਰ੍ਹਾਂ ਦੀਆਂ ਫਸਲਾਂ ਵੱਲ ਉਨ੍ਹਾਂ ਦਾ ਰੁਝਾਨ ਵੱਧ ਰਿਹਾ ਹੈ, ਇਨ੍ਹਾਂ ਵਿੱਚੋਂ ਇੱਕ ਨਾਮ ਨੌਜਵਾਨ ਕਿਸਾਨ ਜਸਕਰਨ ਸਿੰਘ ਦਾ ਵੀ ਆਉਂਦਾ ਹੈ।
ਪਿੰਡ ਕੌਣੀ, ਬਲਾਕ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਵਸਨੀਕ ਨੌਜਵਾਨ ਕਿਸਾਨ ਜਸਕਰਨ ਸਿੰਘ ਬਰਾੜ, ਉਂਝ ਤਾਂ ਅੱਜ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਪਰ ਫਿਰ ਵੀ ਜਦੋਂ ਖੇਤੀ ਵਿੱਚ ਤਬਦੀਲੀ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਜਸਕਰਨ ਸਿੰਘ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੱਜੋਂ ਚੰਗੀ ਮਿਸਾਲ ਮੰਨਿਆ ਜਾਂਦਾ ਹੈ। ਅਜਿਹਾ ਕਿਉਂ ਹੈ ਅਤੇ ਇਸ ਕਿਸਾਨ ਨੇ ਖੇਤੀ ਵਿੱਚ ਬਦਲਾਅ ਕਰਕੇ ਆਪਣੇ ਆਪ ਨੂੰ ਇੱਕ ਖਾਸ ਮੁਕਾਮ ਤੱਕ ਕਿਵੇਂ ਪਹੁੰਚਾਇਆ, ਆਓ ਜਾਣਦੇ ਹਾਂ।
ਕਿਸਾਨ ਦਾ ਸ਼ੁਰੂਆਤੀ ਸਫਰ
ਕਹਿੰਦੇ ਨੇ ਕਿ ਹਰ ਮੁਸ਼ਕਿਲ ਕੰਮ ਦੀ ਸ਼ਰੂਆਤ ਔਂਕੜਾਂ ਭਰੀ ਹੁੰਦੀ ਹੈ, ਕੁਝ ਅਜਿਹਾ ਹੀ ਨੌਜਵਾਨ ਕਿਸਾਨ ਜਸਕਰਨ ਸਿੰਘ ਬਰਾੜ ਨਾਲ ਵੀ ਹੋਇਆ। ਜਸਕਰਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਟ੍ਰਾਬੇਰੀ ਦੀ ਕਾਸ਼ਤ ਆਪਣੇ ਦੋ ਦੋਸਤਾਂ ਨਾਲ ਸ਼ੁਰੂ ਕੀਤੀ ਸੀ, ਪਰ ਜਲਦੀ ਹੀ ਦੋਵਾਂ ਨੇ ਇਹ ਕਹਿ ਕੇ ਸਾਥ ਛੱਡ ਦਿੱਤਾ ਕਿ ਵਿਦੇਸ਼ੀ ਫਲ ਦੀ ਕਾਸ਼ਤ ਕਰਨਾ ਜਿੰਨਾ ਔਖਾ ਹੈ, ਉਸ ਤੋਂ ਕਿਤੇ ਵੱਧ ਔਖਾ ਅਜਿਹੀ ਫਸਲ ਤੋਂ ਲਾਭ ਕਮਾਉਣਾ ਹੈ। ਇਨ੍ਹਾਂ ਹੀ ਨਹੀਂ ਸਟ੍ਰਾਬੇਰੀ ਦੀ ਕਾਸ਼ਤ ਕਰਨ ਲਈ ਜਸਕਰਨ ਸਿੰਘ ਨੂੰ ਆਪਣੇ ਪਰਿਵਾਰ ਵਾਲਿਆਂ ਵੱਲੋਂ ਵੀ ਸਪੋਰਟ ਨਹੀਂ ਮਿਲਿਆ। ਅਜਿਹੇ 'ਚ ਵੀ ਜਸਕਰਨ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਫੈਸਲੇ 'ਤੇ ਚਲਦਿਆਂ ਉਨ੍ਹਾਂ ਉਹ ਕਰ ਦਿਖਾਇਆ ਜੋ ਸਿਰਫ ਸੋਚ ਤੱਕ ਹੀ ਸੀਮਿਤ ਸੀ। ਜਸਕਰਨ ਦੱਸਦੇ ਹਨ ਕਿ “ਮੇਰੇ ਮਾਤਾ-ਪਿਤਾ ਨੂੰ ਮਨਾਉਣਾ ਮੇਰੇ ਲਈ ਬਹੁਤ ਔਖਾ ਸੀ, ਪਰ ਜਦੋਂ ਮੇਰੀ ਮਿਹਨਤ ਦਾ ਨਤੀਜਾ ਨਿਕਲਿਆ, ਤਾਂ ਉਨ੍ਹਾਂ ਵੱਲੋਂ ਨਾ ਸਿਰਫ ਖੁਸ਼ੀ ਸਗੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।
ਕਿਸਾਨ ਬਣਿਆ ਮਿਸਾਲ
ਕਿਸਾਨ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜੋ ਆਉਣ ਵਾਲੀ ਪਨੀਰੀ ਲਈ ਇੱਕ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ “ਮੇਰਾ ਦਿਲ ਦੁਖਦਾ ਹੈ ਜਦੋਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਛੱਡ ਕੇ ਜਾਂਦੇ ਦੇਖਦਾ ਹਾਂ। ਇਹੀ ਕਾਰਨ ਹੈ ਕਿ ਮੈਂ ਆਪਣੇ ਖੇਤਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਵਿਦੇਸ਼ੀ ਫਲ ਦੀ ਕਾਸ਼ਤ ਕੀਤੀ ਗਈ ਹੈ, ਤਾਂ ਜੋ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਤੀਬਾੜੀ ਦੀ ਮਹੱਤਤਾ ਤੋਂ ਜਾਣੂ ਕਰਵਾ ਸਕਣ। ਦੱਸ ਦੇਈਏ ਕਿ ਇਸ ਸਮੇਂ ਇਸ ਕਿਸਾਨ ਦੀ ਸਟ੍ਰਾਬੇਰੀ ਨਰਸਰੀ ਵਿੱਚ 50 ਤੋਂ ਵੱਧ ਮਜ਼ਦੂਰ ਕੰਮ ਕਰ ਚੁੱਕੇ ਹਨ ਜੋ ਪ੍ਰਤੀ ਮਹੀਨਾ 7,000 ਤੋਂ 12,000 ਰੁਪਏ ਕਮਾ ਰਹੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਕਈ ਹੋਰ ਕਿਸਾਨਾਂ ਨੇ ਵੀ ਆਪਣੇ ਖੇਤਾਂ ਵਿੱਚ ਸਟ੍ਰਾਬੇਰੀ ਅਤੇ ਹੋਰ ਫਲਾਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਾਣੀ ਦੇ ਹੱਲ ਲਈ ਵੱਡਾ ਕਦਮ
ਇਹ ਗੱਲ ਸੱਚ ਹੈ ਕਿ ਪੰਜਾਬ ਦਾ ਖੇਤੀਬਾੜੀ ਖੇਤਰ ਵਿੱਚ ਵੱਡਾ ਯੋਗਦਾਨ ਹੈ, ਪਰ ਇਸ ਗੱਲ ਤੋਂ ਵੀ ਮੁਕਰਿਆ ਨਹੀਂ ਜਾ ਸਕਦਾ ਕਿ ਇਹ ਸੂਬਾ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਕਿਸਾਨ ਜਸਕਰਨ ਸਿੰਘ ਦੀ ਮੰਨੀਏ ਤਾਂ ਪੰਜਾਬ ਪਾਣੀ ਦੀ ਸਮੱਸਿਆ ਤੋਂ ਤਾਂ ਹੀ ਨਜਿੱਠ ਸਕਦਾ ਹੈ, ਜੇ ਕਿਸਾਨ ਕਣਕ-ਝੋਨੇ ਦੀ ਥਾਂ 'ਤੇ ਸਟ੍ਰਾਬੇਰੀ ਅਤੇ ਖਰਬੂਜ਼ੇ ਵਰਗੇ ਫਲਾਂ ਦੀ ਕਾਸ਼ਤ ਨੂੰ ਤਰਜੀਹ ਦੇਣ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲਗਭਗ 1 ਕਿਲੋ ਚੌਲਾਂ ਲਈ ਹਜ਼ਾਰਾਂ ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦੋਂਕਿ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਦੇ ਹੋਏ ਫਲਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਘੱਟ ਵਰਤੋਂ ਨਾਲ, ਜਸਕਰਨ ਫਲਾਂ ਦੀ ਗੁਣਵੱਤਾ ਦੇ ਆਧਾਰ 'ਤੇ 50-150 ਰੁਪਏ ਪ੍ਰਤੀ ਕਿਲੋ ਸਟ੍ਰਾਬੇਰੀ ਕਮਾ ਲੈਂਦਾ ਹੈ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਮਲਚਿੰਗ ਸ਼ੀਟ ਦੀ ਵਰਤੋਂ
ਸਟ੍ਰਾਬੇਰੀ ਦੀ ਖੇਤੀ ਵਿੱਚ ਜਸਕਰਨ ਸਿੰਘ ਬਰਾੜ ਨੇ ਨਦੀਨਾਂ ਦੀ ਸਮੱਸਿਆ ਨਾ ਆਵੇ ਇਸ ਲਈ ਮਲਚਿੰਗ ਸ਼ੀਟ ਦੀ ਵਰਤੋਂ ਕੀਤੀ ਹੋਈ ਹੈ। ਇਸ ਤਰਾਂ ਕਰਨ ਨਾਲ ਸਟ੍ਰਾਬੇਰੀ ਦੇ ਖੇਤਾਂ ਵਿੱਚ ਨਦੀਨ ਵੀ ਨਹੀਂ ਉਗਦੇ ਅਤੇ ਫ਼ਲ ਮਿੱਟੀ ਨਾਲ ਲੱਗ ਕੇ ਖਰਾਬ ਵੀ ਨਹੀਂ ਹੁੰਦਾ। ਇਸ ਤੋਂ ਇਲਾਵਾ ਮਲਚਿੰਗ ਸ਼ੀਟ ਹੋਣ ਕਰਕੇ ਬੂਟਿਆਂ ਦੀਆਂ ਜੜਾਂ ਦੀ ਨਮੀਂ ਵੀ ਬਣੀ ਰਹਿੰਦੀ ਹੈ ਅਤੇ ਫ਼ਸਲ ਨੂੰ ਪਾਣੀ ਵਾਰ ਵਾਰ ਨਹੀਂ ਲਗਾਉਣਾ ਪੈਂਦਾ।
ਕਿਸਾਨ ਵੱਲੋਂ ਤਜ਼ਰਬੇ ਸਾਂਝੇ
ਖੇਤੀ ਵਿੱਚ 10 ਸਾਲਾਂ ਤੋਂ ਵੱਧ ਤਜ਼ਰਬੇ ਦੇ ਨਾਲ, ਜਸਕਰਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਰਾਹ ਵਿੱਚ ਆਉਣ ਵਾਲੀ ਇੱਕੋ ਇੱਕ ਰੁਕਾਵਟ ਸਟ੍ਰਾਬੇਰੀ ਬੈੱਡਾਂ ਨੂੰ ਤਿਆਰ ਕਰਨ ਵਿੱਚ ਸ਼ਾਮਲ ਵੱਡਾ ਨਿਵੇਸ਼ ਹੈ। ਉਨ੍ਹਾਂ ਮੁਤਾਬਕ ਇਕ ਏਕੜ ਜ਼ਮੀਨ 'ਤੇ ਸਟ੍ਰਾਬੇਰੀ ਦੀ ਕਾਸ਼ਤ ਕਰਨ 'ਤੇ ਕਰੀਬ 6 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਸ ਵਿੱਚ ਪੌਦੇ ਦੀ ਲਾਗਤ, ਮਜ਼ਦੂਰੀ ਦੀ ਲਾਗਤ, ਖਾਦ, ਪੈਕੇਜਿੰਗ ਅਤੇ ਸਟੋਰੇਜ ਸ਼ਾਮਲ ਹੈ। ਇਸ ਤੋਂ ਇਲਾਵਾ, ਕੈਲੀਫੋਰਨੀਆ ਅਤੇ ਇਟਲੀ ਤੋਂ ਪੌਦਿਆਂ ਨੂੰ ਆਯਾਤ ਕਰਨਾ ਹੋਰ ਲਾਗਤਾਂ ਨਾਲੋਂ ਕਿਤੇ ਵੱਧ ਹੈ।
ਪ੍ਰੋਸੈਸਿੰਗ ਪਲਾਂਟ ਦਾ ਸੁਪਨਾ
ਇਸ ਸਭ ਦੇ ਬਾਵਜੂਦ ਜਸਕਰਨ ਸਿੰਘ 10-12 ਲੱਖ ਰੁਪਏ ਦੀ ਵਿਕਰੀ ਨਾਲ ਸਾਲਾਨਾ 4-5 ਲੱਖ ਰੁਪਏ ਦਾ ਮੁਨਾਫਾ ਕਮਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਦੇਸ਼ੀ ਫਸਲ ਦੀ ਬਿਜਾਈ ਸਤੰਬਰ ਵਿੱਚ ਕੀਤੀ ਜਾਂਦੀ ਹੈ ਅਤੇ ਦਸੰਬਰ ਵਿੱਚ ਇਸਦੀ ਵਾਢੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਹ ਫਲ ਅਪ੍ਰੈਲ ਦੇ ਅੱਧ ਤੱਕ ਵੇਚੇ ਜਾਂਦੇ ਹਨ। ਫਿਲਹਾਲ, ਜਸਕਰਨ ਦਾ ਸੁਪਨਾ ਇੱਕ ਪ੍ਰੋਸੈਸਿੰਗ ਪਲਾਂਟ ਖੋਲ੍ਹਣਾ ਹੈ, ਜਿਸ ਨਾਲ ਉਹ ਸਟ੍ਰਾਬੇਰੀ ਦੇ ਉਪ-ਉਤਪਾਦ ਜਿਵੇਂ ਕਿ ਕੈਂਡੀਜ਼ ਅਤੇ ਜੈਮ ਬਣਾ ਸਕਣ ਅਤੇ ਵੱਧ ਮੁਨਾਫ਼ਾ ਕਮਾ ਸਕਣ।
ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ
ਪਰਿਵਾਰ ਵੱਲੋਂ ਸਹਿਯੋਗ
ਜਸਕਰਨ ਸਿੰਘ ਬਰਾੜ ਆਪਣੇ ਸਟ੍ਰਾਬੇਰੀ ਦੇ ਫ਼ਲ ਨੂੰ ਲਗਭਗ ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਦਾ ਹੈ ਜਿਵੇਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਫ਼ਰੀਦਕੋਟ, ਅਬੋਹਰ, ਬਠਿੰਡਾ, ਚੰਡੀਗੜ੍ਹ ਆਦਿ। ਇਸ ਕੰਮ ਵਿੱਚ ਉਸਦੀ ਪਤਨੀ ਜਸਪ੍ਰੀਤ ਕੌਰ, ਬੇਟਾ ਕਰਨਪ੍ਰੀਤ ਸਿੰਘ ਬਰਾੜ ਅਤੇ ਛੋਟੀ ਭੈਣ ਵੀਰਪਾਲ ਕੌਰ ਉਸਦਾ ਪੂਰਾ ਸਾਥ ਦਿੰਦੇ ਹਨ।
ਕਿਸਾਨ ਵੱਲੋਂ ਸੰਦੇਸ਼
ਜਸਕਰਨ ਸਿੰਘ ਦਾ ਕਹਿਣਾ ਹੈ ਕਿ ਖੇਤੀ ਸੈਕਟਰ ਨੂੰ ਅੱਗੇ ਵਧਾਉਣ ਲਈ ਕਿਸਾਨਾਂ ਨੂੰ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਵਿਕਲਪਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਕੇਂਦਰ ਨੂੰ ਕਿਸਾਨਾਂ ਦਾ ਹੱਥ ਫੜਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਫਸਲਾਂ 'ਤੇ ਹੋਰ ਸਬਸਿਡੀਆਂ ਅਤੇ ਕਰਜ਼ੇ ਦੇਣੇ ਚਾਹੀਦੇ ਹਨ।
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Strawberry Farmer Jaskaran Singh Brar, farmer of Sri Muktsar Sahib earned Rs 5 lakh from strawberries, a source of inspiration for the youth, said - now opening a processing plant is his next dream.