Surface Seeder Machine Technology: ਪੰਜਾਬ ਵਿੱਚ ਖੇਤੀ ਜਦੋਂ ਸ਼ੁਰੂ ਹੋਈ ਤਾਂ ਕੁਦਰਤੀ ਸਰੋਤਾਂ ਦੀ ਵਰਤੋਂ ਕਰਦੇ ਹੋਏ, ਬੱਲਦਾਂ ਨਾਲ ਸ਼ੁਰੂ ਹੋਈ ਅਤੇ ਜਿਵੇਂ-ਜਿਵੇਂ ਖੇਤੀ ਸੈਕਟਰ ਵਿਗਿਆਨ ਦੀ ਵਰਤੋਂ ਨਾਲ ਅਗਾਊਂ ਤੁਰਿਆ, ਉਵੇਂ ਹੀ ਵਧੀਆ ਬੀਜਾਂ ਅਤੇ ਮਸ਼ੀਨਰੀ ਨੇ ਵੀ ਖੇਤੀ ਵਿੱਚ ਆਪਣੀ ਜਗ੍ਹਾ ਬਣਾਈ। ਫਿਰ ਦੌਰ ਆਇਆ ਜਦੋਂ ਦੇਸ਼ ਦੀ ਆਬਾਦੀ ਵਧੀ, ਖੇਤੀ ਵਿੱਚ ਅਨਾਜ ਪੈਦਾ ਕਰਨ ਦਾ ਭਾਰ ਵਧਿਆ ਅਤੇ ਪੰਜਾਬ ਦੇ ਕਿਸਾਨਾਂ ਨੇ ਕਣਕ-ਝੌਨੇ ਦੇ ਫ਼ਸਲੀ ਚੱਕਰ ਨੂੰ ਅਪਨਾਉਂਦੇ ਹੋਏ, ਇਨ੍ਹਾਂ ਫ਼ਸਲਾਂ ਦੀ ਸਮਰੱਥਾ ਤੋਂ ਵੱਧ ਝਾੜ ਲਿਆ, ਪਰ ਇਸ ਦੇ ਨਾਲ ਹੀ ਇਨ੍ਹਾਂ ਦੋ ਫ਼ਸਲਾਂ ਵਿਚਾਲੇ ਘੱਟ ਸਮਾਂ ਹੋਣ ਕਰਕੇ ਖੇਤ ਨੂੰ ਵਾਹੁਣ ਦੀ ਸਮੱਸਿਆ ਵਧੀ ਜਿਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੇ ਜਨਮ ਲਿਆ ਅਤੇ ਫਿਰ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋਇਆ।
ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਮਨੁੱਖੀ ਸਿਹਤ 'ਤੇ ਬੂਰਾ ਪ੍ਰਭਾਵ ਪਿਆ ਅਤੇ ਵਾਤਾਵਰਣ (ਪਾਣੀ, ਮਿੱਟੀ, ਹਵਾ) ਵੀ ਦੂਸ਼ਿਤ ਹੋ ਗਿਆ। ਇਸ ਲਈ ਫਿਰ ਮਸ਼ੀਨਾ ਵਿੱਚ ਸੋਧਾਂ ਕੀਤੀਆਂ ਗਈਆਂ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ ਅਤੇ ਪਰਾਲੀ ਨੂੰ ਮਿੱਟੀ ਵਿੱਚ ਹੀ ਮਿਲਾ ਕੇ ਇਸ ਦਾ ਉਪਯੋਗ ਮਿੱਟੀ ਦੀ ਸਿਹਤ ਚੰਗੀ ਕਰਨ, ਪਾਣੀ ਦੀ ਬੱਚਤ ਕੀਤੀ ਜਾ ਸਕੇ। ਇਹ ਸਾਰੀਆ ਮਸ਼ੀਨਾ “ਰਹਿੰਦ-ਖੂੰਹਦ ਪ੍ਰੋਜੈਕਟ” ਵਿੱਚ ਵਰਤੀਆ ਗਈਆਂ ਅਤੇ ਕਿਸਾਨਾਂ ਦੇ ਖੇਤਾਂ ਤੱਕ ਇਨ੍ਹਾਂ ਦੀ ਪਹੁੰਚ ਕੀਤੀ ਗਈ। ਜਿਸ ਦੌਰਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਬਿਜਾਈ ਵਾਲੀਆਂ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਕੰਬਾਈਨ ਦੇ ਉਪਰੇਸ਼ਨ ਤੋਂ ਬਾਅਦ ਖੜੀ ਪਰਾਲੀ ਵਿੱਚ ਕਣਕ ਦੀ ਬਿਜਾਈ ਕਰ ਦਿੰਦੀਆ ਹਨ, ਜਿਨ੍ਹਾਂ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਿਆ ਜਾ ਸਕਦਾ ਹੈ।
ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਪਰਾਲੀ ਵਿੱਚਲੇ ਖੁਰਾਕੀ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਗੰਧਕ, ਅਤੇ ਜੈਵਿਕ ਕਾਰਬਨ ਮਿੱਟੀ ਵਿੱਚ ਮਿਲ ਜਾਂਦੇ ਹਨ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਨ੍ਹਾਂ ਤਕਨੀਕਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਕੇ.ਵੀ.ਕੇ. ਜਲੰਧਰ, ਖੇਤੀਬਾੜੀ ਵਿਭਾਗ ਆਦਿ ਦੀਆਂ ਟੀਮਾਂ ਨੇ ਪਿਛਲੇ ਸਾਲਾਂ ਵਿੱਚ ਕਿਸਾਨਾਂ ਤੱਕ ਪਹੁੰਚਾਉਣ ਅਤੇ ਉਹਨਾਂ ਨੂੰ ਇਹਨਾਂ ਤਕਨੀਕਾਂ ਦੇ ਵਾਤਾਵਰਣ, ਮਿੱਟੀ, ਪਾਣੀ ਦੀ ਸਿਹਤ ਲਈ ਜਾਗਰੂਕਤਾ ਕੈਂਪ, ਕਿਸਾਨ ਮੇਲੇ, ਜਾਗਰੁਕਤਾ ਫੇਰੀਆਂ, ਖੇਤਾਂ ਦੇ ਦੌਰੇ, ਆਦਿ ਬਹੁਤ ਸਾਰੇ ਉਪਰਾਲੇ ਕੀਤੇ ਗਏ ਤਾਂ ਜੌ ਇ੍ਹਨਾਂ ਸੰਬੰਧੀ ਫਾਇਦਿਆਂ ਬਾਰੇ ਜਾਗਰੁਕ ਕੀਤਾ ਜਾ ਸਕੇ ਅਤੇ ਕਿਸਾਨਾਂ ਨੇ ਪੂਰਾ ਸਹਿਯੋਗ ਦਿੰਦਿਆਂ ਇਹਨਾਂ ਤਕਨੀਕਾਂ ਨੂੰ ਅਪਣਾਇਆ। ਇਹਨਾਂ ਉਪਰਾਲਿਆਂ ਦੇ ਤਹਿਤ ਹੀ ਪੀ.ਏ.ਯੂ ਵੱਲੋਂ ਸਾਲ 2022 ਵਿੱਚ ਇੱਕ ਘੱਟ ਖਰਚੇ ਵਾਲੀ ਤਕਨੀਕ ਸਰਫੇਸ ਸੀਡਰ ਮਸ਼ੀਨ ਦੀ ਸਿਫਾਰਿਸ਼ ਕੀਤੀ ਗਈ।
ਸਰਫੇਸ ਸੀਡਰ ਮਸ਼ੀਨ:
ਇਹ ਮਸ਼ੀਨ ਬੀਜ-ਖਾਦ ਡਰਿੱਲ ਅਤੇ 3 ਬਲੇਡਾਂ ਵਾਲੇ ਪਰਾਲੀ ਕਟਰ/ਰੀਪਰ ਦਾ ਸੁਮੇਲ ਹੈ। ਇਸ ਮਸ਼ੀਨ ਵਿੱਚ ਲਾਏ ਗਏ ਬਲੇਡਾਂ ਦੀ ਫੋਟੋ ਵੀ ਦਿਖਾਈ ਗਈ ਹੈ। ਮਸ਼ੀਨ ਦੀ ਚੋਣ ਵੇਲੇ ਇਹ ਵੀ ਧਿਆਨ ਦੇਣ ਦੀ ਲੌੜ ਹੈ ਕਿ ਬਲੇਡ ਦੇ ਸਿਰੇ ਅਤੇ ਫਰੇਮ ਦੇ ਅਗਲੇ ਹਿੱਸੇ (ਟਰੈਕਟਰ ਵਾਲੇ ਪਾਸੇ) 8 ਇੰਚ ਦਾ ਫਾਸਲਾ ਬਹੁਤ ਜਰੂਰੀ ਜੈ ਤਾਂ ਜੋ ਬਲੇਡਾਂ ਦੇ ਘੁੰਮਣ ਨਾਲ, ਹਵਾ ਦੇ ਦਬਾਅ ਕਰਕੇ ਬੀਜ ਇਕੱਠੇ ਹੌਣ ਦੀ ਸਮੱਸਿਆ ਨਾ ਆਵੇ। ਡਰਿੱਲ ਵਾਲਾ ਹਿੱਸਾ ਕਣਕ, ਖਾਦ ਨੂੰ ਪਰਾਲੀ ਵਾਲੇ ਖੇਤਾਂ ਵਿੱਚ ਲਾਈਨਾਂ ਵਿੱਚ ਮਿੱਟੀ ਦੇ ਉੱਪਰ ਕੇਰ ਦਿੰਦਾ ਹੈ ਅਤੇ ਰੀਪਰ ਪਰਾਲੀ ਕੱਟ ਕੇ ਅਤੇ ਕੁਤਰਾ ਕਰਕੇ ਬੀਜਾਂ ਨੂੰ ਢੱਕ ਦਿੰਦਾ ਹੈ। ਕਣਕ ਦੇ ਬੀਜ ਅਤੇ ਖਾਦ ਨੂੰ ਇਕਸਾਰ ਅਤੇ ਸਹੀ ਮਾਤਰਾ ਵਿੱਚ ਪਾਉਣ ਲਈ, ਬਿਜਾਈ ਸਮੇਂ ਸਰਫੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋਂ 4 ਤੋਂ 5 ਇੰਚ ਉੱਚਾ ਰੱਖ ਕੇ 800-1000 ਗੇੜੇ ਦੀ ਰਫਤਾਰ (ਟਰੈਕਟਰ ਦੀ) ਅਤੇ ਰੀਪਰ ਨੂੰ ਸਹੀ ਚੱਕਰਾਂ ਤੇ ਚਲਾਉਣਾ ਬਹੁਤ ਜਰੂਰੀ ਹੈ। ਇਸ ਤਕਨੀਕ ਨੂੰ 3 ਜ਼ੀਰੋ (000) ਵੀ ਕਿਹਾ ਜ਼ਾਂਦਾ ਹੈ ਜਿਸ ਨਾਲ ਬਿਨਾ ਅੱਗ ਲਾਏ, ਬਿਨਾ ਵਹਾਈੇ ਅਤੇ ਝੋਨੇ ਦੀ ਵਾਡੀ ਤੋਂ ਅਗਲੇ ਦਿਨ ਹੀ ਕਣਕ ਬੀਜ ਸਕਦੇ ਹਾਂ। ਇਸ ਮਸ਼ੀਨ ਨਾਲ ਸ਼ੰਸ਼ ਵਾਲੀਕੰਬਾਈਨ ਦੇ ਉਪਰੇਸ਼ਨ ਤੋਂ ਬਾਅਦ ਸਹੀ ਨਮੀ ਉਤੇ ਕਣਕ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਪੀ.ਏ.ਯੂ. ਸਰਫੇਸ ਸੀਡਰ ਮਸ਼ੀਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਮਸ਼ੀਨ ਨਾਲ ਬੀਜੀ ਕਣਕ ਦੀਆਂ ਜੜ੍ਹਾਂ ਵੀ ਰਵਾਇਤੀ ਢੰਗ (ਵਾਹੇ ਹੋਏ ਖੇਤਾਂ) ਦੇ ਮੁਕਾਬਲੇ ਮਜਬੂਤ ਪੰਜੇਦਾਰ ਹੁੰਦੀਆ ਹਨ, ਜਿਸ ਕਰਕੇ ਕਣਕ ਦੀ ਫ਼ਸਲ ਡਿਗਦੀ ਨਹੀ ਹੈ।
ਕਿਸਾਨਾਂ ਦੇ ਇਸ ਤਕਨੀਕ ਪ੍ਰਤੀ ਵਿਚਾਰ
ਪਿੰਡ ਗਾਂਧਰਾ ਬਲਾਕ ਨਕੋਦਰ ਦੇ ਕਿਸਾਨ ਸ. ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਬੇਲਰ ਤਕਨੀਕ ਵਰਤ ਰਹੇ ਸਨ, ਜਿਸ ਨਾਲ ਮਿੱਟੀ ਦੀ ਸਿਹਤ ਘੱਟ ਰਹੀ ਸੀ, ਫਿਰ ਉਹਨਾਂ ਨੇ ਛਿੱਟਾ ਤਕਨੀਕ ਨਾਲ 35 ਏਕੜ ਰਕਬੇ ਉੱਤੇ ਕਣਕ ਬੀਜਣੀ ਸ਼ੁਰੂ ਕੀਤੀ ਤਾਂ ਜੋ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਸਕਣ। ਇਸ ਤਕਨੀਕ ਤੋਂ ਪਹਿਲਾਂ ਉਹ ਕੰਬਾਈਨ ਦੇ ਉਪਰੇਸ਼ਨ ਤੋਂ ਬਾਅਦ ਛਿੱਟਾ ਮਾਰ ਕੇ ਆਪ ਰੀਪਰ ਚਲਾ ਦਿੰਦੇ ਸਨ। ਉਹਨਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਕਣਕ ਦਾ ਜੰਮ ਘੱਟ ਅਤੇ ਇਕਸਾਰ ਨਹੀ ਸੀ। ਸ. ਕਰਮਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ ਨਾਲ ਰਾਬਤਾ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਉਹਨਾਂ ਨੂੰ 2022 ਵਿੱਚ ਸਿਫਾਰਿਸ਼ ਕੀਤੀ ਗਈ ਪੀ.ਏ.ਯੂ. ਸਰਫੇਸ ਸੀਡਰ ਮਸ਼ੀਨ ਦੀ ਪੂਰੀ ਜਾਣਕਾਰੀ ਦਿਤੀ ਗਈ।
ਇਹ ਵੀ ਪੜ੍ਹੋ : Sri Muktsar Sahib ਦੇ ਇਸ ਕਿਸਾਨ ਨੇ Strawberries ਤੋਂ ਕਮਾਏ 5 ਲੱਖ ਰੁਪਏ, ਨੌਜਵਾਨਾਂ ਲਈ ਬਣਿਆ ਪ੍ਰੇਰਿਤ ਸਰੋਤ, ਕਿਹਾ- ਹੁਣ Processing Plant ਖੋਲ੍ਹਣਾ ਅਗਲਾ ਸੁਪਨਾ
ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸੇਧ ਲੈ ਕੇ ਸ. ਕਰਮਜੀਤ ਸਿੰਘ ਇਹ ਮਸ਼ੀਨ ਲੈ ਕੇ ਆਏ ਅਤੇ ਉਹਨਾਂ ਨੇ ਦੇਖਿਆ ਕਿ ਇਸ ਮਸ਼ੀਨ ਨਾਲ ਬੀਜੀ ਹੋਈ ਕਣਕ ਦਾ ਜੰਮ ਅਤੇ ਵਾਧਾ ਇਕਸਾਰ ਹੁੰਦਾ ਹੈ, ਉਹਨਾਂ ਨੇ ਦੱਸਿਆ ਕਿ ਕਣਕ ਜਾੜਾ ਵੀ ਰਵਾਇਤੀ ਢੰਗ ਦੇ ਮੁਕਾਬਲੇ ਵੱਧ ਮਾਰਦੀ ਹੈ ਅਤੇ ਨਾਲ-ਨਾਲ ਮਿੱਟੀ ਦੀ ਸਿਹਤ, ਜੈਵਿਕ ਮਾਦਾ ਵੀ ਵੱਧ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਮਸ਼ੀਨ ਨੂੰ ਚਲਾਉਣ ਲਈ 35 ਹਪ ਦੇ ਟਰੈਕਟਰ ਦੀ ਵਰਤੋਂ ਕੀਤੀ ਗਈ ਅਤੇ 25 ਮਿੰਟਾਂ ਵਿੱਚ 1 ਏਕੜ ਕਣਕ ਦੀ ਬਿਜਾਈ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਕਣਕ ਦਾ ਔਸਤਨ ਝਾੜ 22.8 ਕੁਇੰਟਲ ਪ੍ਰਤੀ ਏਕੜ ਰਿਹਾ ਅਤੇਡੀਜਲ ਦੀ ਰਵਾਇਤੀ ਢੰਗ ਦੇ ਮੁਕਾਬਲੇ ਲਗਭਗ 1800 ਰੁਪਏ ਦੀ ਬੱਚਤ ਹੋਈ ਹੈ।
ਇਸੇ ਹੀ ਪਿੰਡ ਦੇ ਇੱਕ ਹੋਰ ਕਿਸਾਨ ਸ. ਗੁਰਪ੍ਰੀਤ ਸਿੰਘ ਨੇ ਇਹੀ ਮਸ਼ੀਨ ਵਰਤ ਕੇ 9 ਕਿੱਲੇ ਵਿੱਚ ਕਣਕ ਦੀ ਬਿਜਾਈ ਕੀਤੀ ਅਤੇ ਉਹ ਵੀ ਇਸ ਢੰਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਨਾਲ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਤੋਂ ਨਿਜ਼ਾਤ ਮਿਲੀ ਅਤੇ ਉਹਨਾਂ ਨੂੰ ਨਦੀਨਨਾਸ਼ਕਾਂ ਦੀਆ 5 ਸਪਰੇਆਂ ਦੇ ਮੁਕਾਬਲੇ 1 ਸਪਰੇਅ ਹੀ ਕਰਨੀ ਪਈ, ਜਿਸ ਨਾਲ ਉਹਨਾਂ ਦੇ ਨਦੀਨਨਾਸ਼ਕਾਂ ਤੇ ਹੋਣ ਵਾਲੇ ਖਰਚੇ ਦੀ ਵੀ ਬੱਚਤ ਹੋਈ। ਉਹਨਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਦਾ ਔਸਤਨ ਝਾੜ 22.3 ਕੁਇੰਟਲ ਪ੍ਰਤੀ ਏਕੜ ਰਿਹਾ।
ਸ. ਗੁਰਪ੍ਰੀਤ ਸਿੰਘ ਇਸ ਤਰ੍ਹਾਂ ਇੱਕ ਹੋਰ ਪਿੰਡ ਦੇ ਅਗਾਂਹਵਧੂ ਕਿਸਾਨ ਸ. ਹਰਪ੍ਰੀਤ ਸਿੰਘ ਨੇ ਵੀ ਇਸ ਮਸ਼ੀਨ ਨਾਲ 15 ਏਕੜ ਦੀ ਬਿਜਾਈ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਭਾਵੇਂ ਕਿ ਪਹਿਲੀ ਦਿੱਖ ਵਿੱਚ ਫ਼ਸਲ ਮਾੜੀ ਲੱਗਦੀ ਹੈ ਪਰ ਪਰਾਲੀ ਦੀ ਮਲਚ ਹੋਣ ਕਰਕੇ ਜੰਮ ਅਤੇ ਵਾਧਾ ਬਹੁਤ ਵਧੀਆ ਹੋ ਗਿਆ ਜਿਸ ਕਰਕੇ ਬੇਮੌਸਮੀ ਮੀਹਾਂ ਦੌਰਾਨ ਕਣਕ ਡਿੱਗਣ ਤੋਂ ਵੀ ਬਚ ਗਈ ਅਤੇ ਪਾਣੀ ਦੀ ਬੱਚਤ ਵੀ ਹੋਈ।ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਕਣਕ ਦਾ ਔਸਤਨ ਝਾੜ 22.0 ਕੁਇੰਟਲ ਪ੍ਰਤੀ ਏਕੜ ਰਿਹਾ।
ਇਹ ਵੀ ਪੜ੍ਹੋ : Success Story: ਟਰੈਕਟਰ ਚਲਿਤ ਝੋਨੇ ਦੀ Mat Type Nursery Seeder ਅਪਨਾਉਣ ਵਾਲਾ Progressive Farmer Gurdeep Singh
ਸ. ਪਰਮਜੀਤ ਸਿੰਘ ਪਿੰਡ ਗਾਂਧਰਾ ਨੇ 15 ਏਕੜ ਰਕਬੇ ਉੱਤੇ ਇਸ ਮਸ਼ੀਨ ਨਾਲ ਬਿਜਾਈ ਕੀਤੀ ਅਤੇ ਉਹਨਾਂ ਨੇ ਕਣਕ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਲਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮਸ਼ੀਨ ਨਾਲ ਬੀਜੀ ਕਣਕ ਦੇ ਦਾਣੇ ਮੋਟੇ ਹੁੰਦੇ ਹਨ ਕਿਉਂਕਿ ਪਰਾਲੀ ਦੇ ਵਿੱਚ ਮੌਜੂਦ ਤੱਤ ਕਣਕ ਦੀ ਫਸਲ ਨੂੰ ਹੌਲੀ-ਹੌਲੀ ਮਿਲਦੇ ਰਹਿੰਦੇ ਹਨ।
ਸ. ਪਰਮਜੀਤ ਸਿੰਘ ਇਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਮੌਕਿਆਂ ਤੇ ਪੀ.ਏ.ਯੂ. ਦੇ ਉੱਚ ਅਧਿਕਾਰੀ, ਫ਼ਸਲ ਵਿਗਿਆਨ ਵਿਭਾਗ, ਕੇ.ਵੀ.ਕੇ ਜਲਧੰਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫ਼ਸਲ ਦਾ ਨਿਰੀਖਣ ਕਰਨ ਆਉਂਦੇ ਰਹਿੰਦੇ ਹਨ ਅਤੇ ਇਸ ਤਕਨੀਕ ਦੀ ਕਾਮਯਾਬੀ ਲਈ ਜ਼ਰੂਰੀ ਸਾਵਧਾਨੀਆਂ ਜਿਵੇਂ ਕਿ ਬਿਜਾਈ ਸਹੀ ਸਮੇਂ ਤੇ ਕਰਨਾ, ਬਿਜਾਈ ਤੋਂ ਬਾਅਦ ਅਤੇ ਪਹਿਲਾਂ ਪਾਣੀ ਹਲਕਾ ਲਾਉਣਾ। ਖੇਤ ਦੇ ਕਿਆਰਿਆਂ ਦਾ ਆਕਾਰ ਛੋਟਾ ਰੱਖਣਾ, ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ ਲਾਉਣ ਬਾਰੇ ਦੱਸਣਾ।
ਬੀਜ ਨੂੰ ਸਿਫ਼ਾਰਸ਼ ਕੀਤੇ ਗਏ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਨਾਲ ਸੋਧਣ ਬਾਰੇ ਦੱਸਦੇ ਰਹੇ ਹਨ। ਅੰਤ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ਼ ਕੀਤੀ ਜਾਂਦੀ ਹੈ ਕਿ ਇਹ ਤਕਨਾਲੋਜੀ ਜੇ ਕਰ ਇਨ੍ਹਾਂ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਵਧੀਆ ਨਤੀਜੇ ਦੇ ਰਹੀ ਹੈ ਤਾਂ ਇਸ ਤਕਨੀਕ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਕੀ ਕੀਤੀਆਂ ਸਿਫਾਰਸ਼ਾਂ ਨਾਲ ਅਪਨਾਉਣ ਤੇ, ਪਾਣੀ ਦੀ ਬੱਚਤ ਕਰਕੇ, ਖਾਦਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਕੇ ਬਹੁਤ ਘੱਟ ਖਰਚੇ ਵਿੱਚ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਕਰਕੇ ਵੀ ਕਣਕ ਦਾ ਝਾੜ ਵੱਧ ਹੌ ਸਕਦਾ ਹੈ। ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਅਤੇ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
ਸਰੋਤ: ਪ੍ਰਭਜੀਤ ਕੌਰ, ਰੁਪਿੰਦਰ ਸਿੰਘ, ਸੰਜੀਵ ਕੁਮਾਰ ਕਟਾਰੀਆ ਅਤੇ ਜਸਵੀਰ ਸਿੰਘ ਗਿੱਲ, ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ, *ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success story of farmers of Punjab in resource conservation with Surface Seeder Machine Technology