Success Story: ਪੰਜਾਬ ਇੱਕ ਖੇਤੀ ਮੋਹਰੀ ਸੂਬਾ ਹੈ ਜਿੱਥੇ ਬਹੁਤੇ ਵਸਨੀਕ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ। ਖੇਤੀ ਦੇ ਨਾਲ-ਨਾਲ ਜੇਕਰ ਕੋਈ ਲਾਹੇਵੰਦ ਸਹਾਇਕ ਕਿੱਤਾ ਵੀ ਅਪਨਾ ਲਿਆ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਡੇਅਰੀ ਫਾਰਮਿੰਗ ਦਾ ਧੰਦਾ ਵੀ ਇੱਕ ਲਾਹੇਵੰਦ ਧੰਦਾ ਹੈ ਅਤੇ ਪਰਿਵਾਰ ਦੀ ਰੋਜ਼ਾਨਾ ਆਮਦਨ ਲਈ ਸਹਾਇਕ ਹੈ। ਅਜਿਹਾ ਧੰਦਾ ਕਰਨ ਵਾਲਾ ਅਗਾਂਹਵਧੂ ਸਫ਼ਲ ਕਿਸਾਨ ਹੈ ਸਿਕੰਦਰ ਸਿੰਘ।
35 ਸਾਲਾ ਸਿਕੰਦਰ ਸਿੰਘ ਪਿੰਡ ਜਵਾਹਰਕੇ, ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ। ਇਹ ਅਗਾਂਹਵਧੂ ਕਿਸਾਨ ਅੱਜ-ਕੱਲ੍ਹ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ, ਆਓ ਜਾਣਦੇ ਹਾਂ ਕਿਉਂ?
ਸਫ਼ਲ ਕਿਸਾਨ ਦਾ ਸ਼ੁਰੂਆਤੀ ਸਫਰ
ਸਿਕੰਦਰ ਸਿੰਘ ਦੀ ਪੜਾਈ ਦੇ ਨਾਲ-ਨਾਲ ਪਸ਼ੂਆਂ ਵਿੱਚ ਸ਼ੁਰੂ ਤੋਂ ਹੀ ਰੁਚੀ ਰਹੀ ਅਤੇ ਉਸਨੇ 12ਵੀਂ ਕਰਨ ਤੋਂ ਬਾਅਦ ਆਮ ਰਵਾਈਤੀ ਖੇਤੀ ਅਪਣਾਈ। ਪਰ ਪਸ਼ੂਆਂ ਨਾਲ ਪਿਆਰ ਉਸ ਨੂੰ ਸਾਲ 2018 ਵਿਚ ਡੇਅਰੀ ਫਾਰਮਿੰਗ ਦੇ ਸਹਾਇਕ ਕਿੱਤੇ ਵੱਲ ਖਿੱਚ ਲਿਆਇਆ। ਸ਼ੁਰੂਆਤ ਵਿੱਚ ਘਰ ਦੀਆਂ 4-5 ਮੱਝਾਂ ਦੇ ਨਾਲ ਇੱਕ ਗਾਂ ਹੋਰ ਖਰੀਦ ਕੇ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ। ਸ਼ੁਰੂ ਵਿੱਚ ਇਨ੍ਹਾਂ ਦੀ ਸਾਂਭ-ਸੰਭਾਲ ਘਰ ਵਿੱਚ ਹੀ ਕੀਤੀ, ਪਰ ਫਿਰ ਹੋਰ ਪਸ਼ੂ ਖਰੀਦਣ ਤੋਂ ਬਾਅਦ ਆਪਣਾ ਫਾਰਮ ਪਿੰਡ ਤੋਂ ਬਾਹਰ ਬਣਾ ਲਿਆ।
ਹਰ ਮਹੀਨੇ 4 ਲੱਖ ਤੋਂ ਵੱਧ ਦਾ ਮੁਨਾਫ਼ਾ
ਅੱਜ ਸਿਕੰਦਰ ਕੋਲ ਲਗਭਗ 30 ਵਧੀਆ ਨਸਲ ਦੀਆਂ ਮੱਝਾਂ ਜਿਨਾਂ ਵਿੱਚ ਮੁਰ੍ਹਾ ਨਸਲਾਂ ਮੁੱਖ ਹਨ ਅਤੇ 15 ਐੱਚ ਐੱਫ ਗਾਂਵਾਂ ਹਨ। ਨਸਲ ਸੁਧਾਰ ਲਈ ਇੱਕ ਸਾਂਡ ਵੀ ਰੱਖਿਆ ਹੋਇਆ ਹੈ। ਫਾਰਮ 'ਤੇ ਰੋਜ਼ਾਨਾ ਔਸਤਨ 4-4.25 ਕੁਇੰਟਲ ਦੁੱਧ ਪੈਦਾ ਹੰਦਾ ਹੈ। ਇਹ ਦੁੱਧ ਦੀ ਵਿੱਕਰੀ ਮਾਨਸਾ ਸ਼ਹਿਰ ਦੇ ਬਾਰਹਟਾ ਚੌਂਕ ‘ਤੇ ਸਿਕੰਦਰ ਆਪ ਹੀ ਕਰਦਾ ਹੈ। ਉਹ ਖਰੀਦਦਾਰਾਂ ਨੂੰ ਦੁੱਧ ਦੀ ਸ਼ੁੱਧਤਾ ਦੀ ਪੂਰੀ ਗਰੰਟੀ ਦਿੰਦਾ ਹੈ, ਸ਼ੁੱਧ ਅਤੇ ਸਾਫ-ਸੁਥਰਾ ਦੁੱਧ ਦੇ ਚਾਹਵਾਨ ਲੋਕੀ ਲਾਈਨਾਂ ‘ਚ ਲੱਗ ਕੇ 70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਖਰੀਦ ਲੈਂਦੇ ਹਨ। ਦੁੱਧ ਨੂੰ ਵੇਚਕੇ 2.5-3.0 ਲੱਖ ਰੁਪਏ ਅਤੇ ਪਸ਼ੂਆਂ ਦੀ ਖਰੀਦ-ਵੇਚ ਕਰਕੇ 1-1.25 ਲੱਖ ਰੁਪਏ ਪ੍ਰਤੀ ਮਹੀਨਾ ਮੁਨਾਫਾ ਕਮਾਉਂਦਾ ਹੈ।
ਪਸ਼ੂਆਂ ਦੀ ਫੀਡ ਘਰੇ ਕਰਦੈ ਤਿਆਰ
ਸਿਕੰਦਰ ਸਿੰਘ ਨੇ ਪਸ਼ੂਆਂ ਦੇ ਪਾਲਣ ਪੋਸ਼ਣ ਉੱਤੇ ਹੋਣ ਵਾਲੇ ਖਰਚੇ ਅਤੇ ਆਮਦਨ ਬਾਰੇ ਹਿਸਾਬ ਰੱਖਣ ਲਈ ਵਹੀ-ਖਾਤਾ ਵੀ ਲਗਾਇਆ ਹੋਇਆ ਹੈ। ਮਾੜਾ ਅਤੇ ਘੱਟ ਦੁੱਧ ਦੇਣ ਵਾਲੇ ਪਸ਼ੂਆਂ ਦੀ ਛਾਂਟੀ ਕਰਕੇ ਵੇਚ ਦਿੰਦਾ ਹੈ। ਪਸ਼ੂਆਂ ਲਈ ਫੀਡ ਆਪਣੇ ਘਰ ਵਿੱਚ ਹੀ ਤਿਆਰ ਕਰਦਾ ਹੈ। ਪਸ਼ੂਆਂ ਦੇ ਸ਼ੈੱਡ ਆਧੁਨਿਕ ਢੰਗ ਨਾਲ ਬਣਾਏ ਹੋਏ ਹਨ, ਜੋ ਕਿ ਪੂਰੇ ਹਵਾਦਾਰ ਅਤੇ ਪਸ਼ੂਆਂ ਲਈ ਅਰਾਮਦਾਇਕ ਹਨ। ਹਰ ਮੱਝ ਲਈ ਵੱਖਰਾ-ਵੱਖਰਾ ਰਹਿਣ ਦਾ ਪ੍ਰਬੰਧ ਹੈ ਅਤੇ ਪਸ਼ੂਆਂ ਦੇ ਥੱਲੇ ਮੈਟ ਵਿਛਾਏ ਹੋਏ ਹਨ ਤਾਂ ਜੋ ਪਸ਼ੂ ਆਰਾਮ ਨਾਲ ਬੈਠ ਕੇ ਜੁਗਾਲੀ ਕਰ ਸਕਣ ਅਤੇ ਪਸ਼ੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਾ ਲੱਗੇ।
ਇਹ ਵੀ ਪੜ੍ਹੋ:2011 'ਚ ਇੱਕ ਖੁੰਬ ਉਤਪਾਦਕ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁਦ ਬਣ ਗਿਆ Successful Mushroom Grower
ਪਸ਼ੂਆਂ ਲਈ ਵਧੀਆ ਪ੍ਰਬੰਧ
ਸਿਕੰਦਰ ਸਿੰਘ ਨੇ ਆਪਣੀਆਂ ਮੱਝਾਂ ਦੇ ਲਈ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦਾ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਅਤੇ ਗਰਮੀ ਦੇ ਅਸਰ ਨੂੰ ਘਟਾਉਣ ਲਈ ਫਾਰਮ ਦੇ ਵਿੱਚ ਹੀ ਇੱਕ ਪੱਕਾ ਟੋਭਾ ਵੀ ਬਣਾਇਆ ਹੋਇਆ ਹੈ। ਇਸ ਟੋਭੇ ਵਿੱਚ ਮੱਝਾਂ ਗਰਮੀ ਤੋਂ ਰਾਹਤ ਅਤੇ ਅਰਾਮਦਾਇਕ ਮਹਿਸੂਸ ਕਰਦੀਆਂ ਹਨ। ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਨਿਯਮਤ ਤੌਰ 'ਤੇ ਕੀੜ੍ਹੇਮਾਰ ਦਵਾਈਆਂ ਦੀ ਵਰਤੋਂ ਅਤੇ ਟੀਕਾਕਰਨ ਕੀਤਾ ਜਾਂਦਾ ਹੈ। ਮੱਝਾਂ ਪਾਲਣ ਦਾ ਕਿੱਤਾ ਸਿਕੰਦਰ ਸਿੰਘ ਦਾ ਪਰਿਵਾਰਕ ਕਿੱਤਾ ਹੋਣ ਕਰਕੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਉਹ ਤੁਰੰਤ ਹੀ ਪਸ਼ੂ ਮਾਹਿਰਾਂ ਦੀ ਸਲਾਹ ਲੈ ਲੈਂਦਾ ਹੈ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਵਾਤਾਵਰਨ ਦਾ ਰਾਖਾ
ਆਪਣੀ 14 ਏਕੜ ਜ਼ਮੀਨ ਵਿੱਚ ਸਿਕੰਦਰ ਸਿੰਘ ਕਣਕ, ਝੋਨਾ, ਮੱਕੀ, ਚਰੀ, ਜਵੀ, ਬਰਸੀਮ ਅਤੇ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ। ਉਸਦਾ ਵਧੇਰੇ ਧਿਆਨ ਆਪਣੇ ਹੀ ਖੇਤ ਵਿੱਚ ਹਰੇ ਚਾਰੇ ਦੇ ਉਤਪਾਦਨ ਅਤੇ ਸਾਈਲੇਜ਼ ਵੱਲ ਵੀ ਹੈ ਜਿਸ ਦੁਆਰਾ ਘੱਟ ਕੀਮਤ ਵਿੱਚ ਵਧੇਰੇ ਦੁੱਧ ਪੈਦਾ ਕੀਤਾ ਜਾਂਦਾ ਹੈ। ਸਿਕੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਯੋਗਦਾਨ ਪਾਉਂਦਾ ਆ ਰਿਹਾ ਹੈ।
ਸਿਕੰਦਰ ਸਿੰਘ ਆਪਣੇ ਇਸ ਮੱਝਾਂ ਪਾਲਣ ਦੇ ਕਿੱਤੇ ਤੋਂ ਅੱਜ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੈ ਅਤੇ ਹਮੇਸ਼ਾਂ ਦੂਜੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨੂੰ ਵਧੀਆ ਢੰਗ ਨਾਲ ਕਰਨ ਲਈ ਅਤੇ ਇਸ ਤੋਂ ਵਧੇਰੇ ਆਮਦਨ ਲੈਣ ਲਈ ਸਿੱਖਿਅਤ ਕਰਦਾ ਰਹਿੰਦਾ ਹੈ। ਸਿਕੰਦਰ ਸਿੰਘ ਦੀਆਂ ਮੱਝਾਂ ਨੂੰ ਦੇਖਣ ਲਈ ਦੂਜੇ ਕਿਸਾਨ ਅਕਸਰ ਆਉਂਦੇ ਰਹਿੰਦੇ ਹਨ ਅਤੇ ਪ੍ਰਭਾਵਸ਼ਾਲੀ ਡੇਅਰੀ ਦੇ ਕਿੱਤੇ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੁੰਦੇ ਹਨ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: Sikander Singh, the leading Dairy Farmer of Punjab, is a good example for unemployed youth.