1. Home
  2. ਸਫਲਤਾ ਦੀਆ ਕਹਾਣੀਆਂ

Successful Fish Farmer: ਜਸਵੀਰ ਸਿੰਘ ਔਜਲਾ

ਮੱਛੀ ਪਾਲਣ ਦੇ ਕਿੱਤੇ ਦੀ ਪੂਰੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਕੇ ਜਸਵੀਰ ਸਿੰਘ ਔਜਲਾ ਇਸ ਕਿੱਤੇ ਨੂੰ ਪੂਰੀ ਸਫ਼ਲਤਾ ਨਾਲ ਕਰ ਰਿਹਾ ਹੈ।

Gurpreet Kaur Virk
Gurpreet Kaur Virk
ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

Success Story: ਪੰਜਾਬ ਦੀ ਖੇਤੀ ਖੁਸ਼ਹਾਲ ਤਾਂ ਹੈ ਪਰ ਸਮੇਂ ਦੇ ਚਲਦੇ ਅਤੇ ਮਹਿੰਗਾਈ ਦੇ ਵਧਣ ਕਰਕੇ ਇਕੱਲੀ ਖੇਤੀ ਤੇ ਨਿਰਭਰਤਾ ਸੰਭਵ ਨਹੀਂ ਰਹਿ ਗਈ। ਇਸੇ ਲਈ ਖੇਤੀ ਦੇ ਨਾਲ-ਨਾਲ ਕਿਸਾਨ ਕੋਈ ਨਾ ਕੋਈ ਖੇਤੀ ਸਹਾਇਕ ਕਿੱਤਾ ਵੀ ਆਪਣਾ ਰਹੇ ਨੇ। ਸਹਾਇਕ ਕਿੱਤੇ ਵਿੱਚ ਮੱਛੀ ਪਾਲਣ ਇੱਕ ਪ੍ਰਮੁੱਖ ਕਿੱਤਾ ਹੈ। ਇਸ ਕਿੱਤੇ ਨੂੰ ਬੜੀ ਹੀ ਕਾਮਯਾਬੀ ਨਾਲ ਕਰ ਰਿਹਾ ਹੈ ਪਿੰਡ- ਕਰੌਦੀਆਂ, ਬਲਾਕ- ਖੰਨਾ, ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਜਸਵੀਰ ਸਿੰਘ ਔਜਲਾ।

ਦੱਸ ਦੇਈਏ ਕਿ ਜਸਵੀਰ ਸਿੰਘ ਔਜਲਾ ਆਪਣੀ ਕੁਲ 30 ਏਕੜ ਜ਼ਮੀਨ ਵਿੱਚ ਖੇਤੀਬਾੜੀ ਅਤੇ ਮੱਛੀ ਪਾਲਣ ਦਾ ਕਿੱਤਾ ਕਰਦਾ ਹੈ। ਇਸ ਤੋਂ ਪਹਿਲਾਂ ਜਸਵੀਰ ਸਿੰਘ ਔਜਲਾ ਵੀ ਹੋਰ ਕਿਸਾਨਾਂ ਵਾਂਗ ਸਧਾਰਨ ਖੇਤੀ ਕਰਦਾ ਸੀ ਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਫਸਿਆ ਹੋਇਆ ਸੀ, ਪਰ ਉਸਨੇ ਸੰਨ 1999 ਵਿੱਚ ਮੱਛੀ ਪਾਲਣ ਦੇ ਕਿੱਤੇ ਦੀ ਸ਼ੁਰੂਆਤ ਕੀਤੀ। ਮੱਛੀ ਪਾਲਣ ਦੇ ਕਿੱਤੇ ਦੀ ਪੂਰੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਕੇ ਜਸਵੀਰ ਸਿੰਘ ਔਜਲਾ ਇਸ ਕਿੱਤੇ ਨੂੰ ਪੂਰੀ ਸਫ਼ਲਤਾ ਨਾਲ ਕਰ ਰਿਹਾ ਹੈ।

ਜਸਵੀਰ ਸਿੰਘ ਔਜਲਾ ਆਪਣੇ ਤਲਾਬਾਂ ਲਈ ਮੱਛੀ ਦਾ ਪੂੰਗ ਜਾਂ ਬੱਚ ਸਰਕਾਰੀ ਮੱਛੀ ਪੂੰਗ ਫ਼ਾਰਮ ਲੁਧਿਆਣਾ ਅਤੇ ਕੁਝ ਨਿਜੀ ਪੂੰਗ ਫ਼ਾਰਮਾਂ ਤੋਂ ਪ੍ਰਾਪਤ ਕਰਦਾ ਹੈ। ਜਸਵੀਰ ਸਿੰਘ ਔਜਲਾ ਆਪਣੀ ਮੱਛੀ ਦੀ ਖ਼ੁਰਾਕ ਆਪ ਤਿਆਰ ਕਰਵਾਉਂਦਾ ਹੈ ਜਿਸ ਵਿੱਚ ਸਰ੍ਹੋਂ ਦੀ ਖੱਲ਼੍ਹ, ਮੱਕੀ ਆਦਿ ਦੀ ਵਰਤੋਂ ਕਰਦਾ ਹੈ। ਤਲਾਬ ਵਿੱਚ ਪੂੰਗ ਪਾਉਣ ਤੋਂ ਬਾਅਦ 6 ਮਹੀਨੇ ਵਿੱਚ ਮੱਛੀ ਵੇਚਣ ਦੇ ਲਈ ਤਿਆਰ ਹੋ ਜਾਂਦੀ ਹੈ। ਜਸਵੀਰ ਸਿੰਘ ਔਜਲਾ ਅਨੁਸਾਰ ਇੱਕ ਏਕੜ ਵਿੱਚ ਲਗਭਗ 20 ਤੋਂ 25 ਕੁਇੰਟਲ ਤੱਕ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਝਾੜ ਕਰਕੇ ਲਗਭਗ ਲੱਖ ਸਵਾ ਲੱਖ ਦੇ ਕਰੀਬ ਲਾਭ ਹੁੰਦਾ ਹੈ ਆਪਣੇ ਸਾਰੇ ਖਰਚੇ ਕੱਢ ਕੇ।

ਇਹ ਵੀ ਪੜ੍ਹੋ : Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਮੱਛੀ ਦੇ ਮੰਡੀਕਰਨ ਲਈ ਜਸਵੀਰ ਸਿੰਘ ਔਜਲਾ ਸਿੱਧਾ ਮੱਛੀ ਦੇ ਠੇਕੇਦਾਰਾਂ ਨੂੰ ਵੇਚਦਾ ਹੈ ਅਤੇ ਇਸ ਦੇ ਨਾਲ ਹੀ ਇਸ ਨੇ ਮੱਛੀ ਮੰਡੀ ਲੁਧਿਆਣਾ ਵਿੱਚ ਆਪਣੀਆਂ 2 ਦੁਕਾਨਾਂ ਵੀ ਖਰੀਦੀਆਂ ਹੋਈਆਂ ਹਨ ਅਤੇ ਦੂਜੇ ਛੋਟੇ ਮੱਛੀ ਪਾਲਕਾਂ ਲਈ ਮੱਛੀ ਦੀ ਆੜ੍ਹਤ ਦਾ ਕੰਮ ਵੀ ਕਰਦਾ ਹੈ। ਇਸ ਕਿੱਤੇ ਵਿੱਚ ਜਸਵੀਰ ਸਿੰਘ ਔਜਲਾ ਦਾ ਪੂਰਾ ਪਰਿਵਾਰ ਇਸ ਕੰਮ ਵਿੱਚ ਉਸਦੀ ਮਦਦ ਕਰਦਾ ਹੈ। ਜਸਵੀਰ ਸਿੰਘ ਔਜਲਾ ਵਧੇਰੇ ਆਮਦਨ ਲਈ ਮੱਛੀ ਦੇ ਉਤਪਾਦ ਬਣਾਉਣ ਦਾ ਕੰਮ ਵੀ ਕਰਦਾ ਹੈ ਜਿਸ ਵਿੱਚ ਉਸਦੀ ਪਤਨੀ ਜਸਪ੍ਰੀਤ ਕੌਰ ਪੂਰਾ ਸਾਥ ਦੇ ਰਹੀ ਹੈ। ਬੇਟਾ ਸੁਖਜੀਤ ਸਿੰਘ ਮੱਛੀ ਮੰਡੀ ਵਿੱਚ ਜਸਵੀਰ ਸਿੰਘ ਔਜਲਾ ਨਾਲ ਮਿਲਕੇ ਮੱਛੀ ਦਾ ਪੂਰਾ ਕੰਮ ਸਾਂਭਦਾ ਹੈ। ਜਸਵੀਰ ਸਿੰਘ ਔਜਲਾ ਦਾ ਇੱਕ ਬੇਟਾ ਪਰਨੀਤ ਸਿੰਘ ਵਿਦੇਸ਼ ਵਿੱਚ ਪੜ੍ਹਾਈ ਲਈ ਵੀ ਗਿਆ ਹੋਇਆ ਹੈ।

ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

ਮੱਛੀ ਪਾਲਣ ਦੇ ਇੱਸ ਕਿੱਤੇ ਨੂੰ ਕਰਨ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਲੁਧਿਆਣਾ ਦਾ ਪੂਰਾ ਸਹਿਯੋਗ ਹੈ। ਮੱਛੀ ਪਾਲਣ ਦੇ ਇਸ ਕਿੱਤੇ ਦੀ ਕਾਮਯਾਬੀ ਕਰਕੇ ਜਸਵੀਰ ਸਿੰਘ ਔਜਲਾ ਨੂੰ ਕਈ ਵਿਭਾਗਾਂ ਦੁਆਰਾ ਇਨਾਮ-ਸਨਮਾਨ ਵੀ ਦਿੱਤੇ ਜਾ ਚੁਕੇ ਹਨ ਜਿਨਾਂ ਵਿੱਚ ਮੁੱਖ ਤੌਰ ਤੇ 2015 ਵਿੱਚ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਸਨਮਾਨ ਪ੍ਰਦਾਨ ਕੀਤਾ ਜਾ ਚੁਕਾ ਹੈ। ਜਸਵੀਰ ਸਿੰਘ ਔਜਲਾ ਨੇ ਤਜ਼ਰਬੇ ਦੇ ਤੌਰ ਤੇ ਮੱਛੀ ਪਾਲਣ ਦੇ ਨਾਲ ਸੂਰ ਪਾਲਣ ਦੇ ਕਿਤੇ ਨੂੰ ਵੀ ਅਪਨਾਇਆ ਸੀ ਅਤੇ ਲਗਭਗ 200 ਦੇ ਕਰੀਬ ਜਾਨਵਰ ਪਾਲੇ ਸਨ ਪਰ ਜ਼ਿਆਦਾ ਕਾਮਯਾਬੀ ਹਾਸਲ ਨਾ ਹੋਣ ਕਰਕੇ ਇਸ ਕੰਮ ਨੂੰ ਬੰਦ ਕਰ ਦਿੱਤਾ। ਜਸਵੀਰ ਸਿੰਘ ਔਜਲਾ ਮੱਛੀ ਪਾਲਕ ਐਸੋਸੀਏਸ਼ਨ ਦਾ ਉਪ-ਪ੍ਰਧਾਨ ਵੀ ਹੈ।

ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਤੋਂ ਕਿਸਾਨ ਨੇ ਕਮਾਏ ਲੱਖਾਂ ਰੁਪਏ, ਜਾਣੋ ਕਿਵੇਂ ਮਿਲੀ ਕਾਮਯਾਬੀ?

ਮੱਛੀ ਪਾਲਣ ਦੇ ਨਾਲ-ਨਾਲ ਜਸਵੀਰ ਸਿੰਘ ਔਜਲਾ ਆਪਣੀ ਜ਼ਮੀਨ ਤੇ ਖੇਤੀ ਵੀ ਕਰਦਾ ਹੈ ਜਿਸ ਵਿੱਚ ਕਣਕ, ਝੋਨਾ, ਆਲੂ, ਮੱਕੀ, ਸਬਜ਼ੀਆਂ ਆਦਿ ਦੀ ਕਾਸ਼ਤ ਕਰਦਾ ਹੈ। ਆਪਣਾ ਸਾਰਾ ਧਿਆਨ ਜਸਵੀਰ ਸਿੰਘ ਔਜਲਾ ਨੇ ਮੱਛੀ ਪਾਲਣ ਦੇ ਕਿੱਤੇ ਨੂੰ ਵਧਾਉਣ ਵਿੱਚ ਲਗਾਇਆ ਹੋਇਆ ਹੈ। ਮੱਛੀਆਂ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਸਮੱਸਿਆ ਆ ਜਾਵੇ ਤਾਂ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਦੇ ਵਿਗਿਆਨੀਆਂ ਦੀ ਸਲਾਹ ਲੈ ਕੇ ਜਸਵੀਰ ਸਿੰਘ ਔਜਲਾ ਇਸ ਕਿੱਤੇ ਵਿੱਚ ਹੋਰ ਜ਼ਿਆਦਾ ਕਾਮਯਾਬੀ ਹਾਸਲ ਕਰਦਾ ਹੈ। ਮੱਛੀਆਂ ਦੇ ਉਤਪਾਦ ਬਣਾਅ ਕੇ ਵੇਚਣ ਨਾਲ ਵੀ ਜਸਵੀਰ ਸਿੰਘ ਔਜਲਾ ਦੀ ਆਮਦਨ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇਹਨਾਂ ਉਤਪਾਦਾਂ ਨੂੰ ਬਣਾਉਣ ਲਈ ਜਸਵੀਰ ਸਿੰਘ ਔਜਲਾ ਨੇ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਖਲਾਈ ਲਈ ਹੋਈ ਹੈ।

ਕਰੋਨਾ ਵਾਇਰਸ ਦੀ ਦਹਿਸ਼ਤ ਦੌਰਾਨ ਵੀ ਜਸਵੀਰ ਸਿੰਘ ਔਜਲਾ ਦੇ ਮੱਛੀ ਕਾਰੋਬਾਰ ਵਿੱਚ ਕੋਈ ਰੁਕਾਵਟ ਨਹੀਂ ਆਈ। ਉਸਦੀ ਮੱਛੀ ਦੀ ਮੰਡੀਕਾਰੀ ਪਹਿਲਾਂ ਵਾਂਗ ਬੇ-ਵਿਘਨ ਚਲਦੀ ਰਹੀ। ਭਵਿੱਖ ਵਿੱਚ ਜਸਬੀਰ ਸਿੰਘ ਔਜਲਾ ਆਪਣੇ ਇਸ ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਵਧਾਉਣਾ ਚਾਹੁੰਦਾ ਹੈ ਅਤੇ ਹੋਰ ਤਲਾਬਾਂ ਦੀ ਪੁਟਾਈ ਦਾ ਕੰਮ ਉਸ ਦੇ ਖੇਤਾਂ ਵਿੱਚ ਚਲ ਰਿਹਾ ਹੈ। ਆਮਦਨ ਵਿੱਚ ਵਾਧੇ ਲਈ ਜਸਵੀਰ ਸਿੰਘ ਔਜਲਾ ਨੇ ਆਪਣੇ ਮੱਛੀ ਤਲਾਬਾਂ ਦੇ ਕਿਨਾਰਿਆਂ ਉੱਤੇ ਹਰੀਆਂ ਸਬਜ਼ੀਆਂ ਅਤੇ ਫ਼ਲਦਾਰ ਬੂਟੇ ਵੀ ਲਗਾਏ ਹੋਏ ਹਨ ਅਤੇ ਇਸ ਦੇ ਨਾਲ ਹੀ ਸਫ਼ੈਦੇ ਦੇ ਰੁੱਖ ਵੀ ਸਾਰੇ ਕਿਨਾਰਿਆਂ ਦੇ ਆਲੇ-ਦੁਆਲੇ ਲਗਾਏ ਹੋਏ ਹਨ ਜਿਸ ਨਾਲ ਉਸ ਦੀ ਆਮਦਨ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Mansa District ਦਾ ਮਿਹਨਤਕਸ਼ ਨੌਜਵਾਨ Farmer Amandeep Singh

ਜਸਵੀਰ ਸਿੰਘ ਔਜਲਾ ਆਪਣੇ ਮੱਛੀ ਦੇ ਤਲਾਬਾਂ ਦੇ ਪਾਣੀ ਅਤੇ ਮਿੱਟੀ ਦੀ ਪਰਖ ਕਰਵਾਉਂਦਾ ਰਹਿੰਦਾ ਹੈ ਜਿਸ ਨਾਲ ਉਸ ਦੀ ਮੱਛੀ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਬਰਸਾਤਾਂ ਅਤੇ ਬਹੁਤ ਸਰਦੀਆਂ ਦੇ ਮੌਸਮ ਵਿੱਚ ਮੱਛੀ ਨੂੰ ਆਕਸੀਜ਼ਨ ਦੀ ਕੋਈ ਕਮੀ ਨਾ ਹੋਵੇ ਇਸ ਲਈ ਜਸਵੀਰ ਸਿੰਘ ਔਜਲਾ ਨੇ ਆਪਣੇ ਮੱਛੀ ਤਲਾਬਾਂ ਵਿੱਚ ਏਰੀਏਟਰ ਵੀ ਲਗਾਏ ਹੋਏ ਹਨ। ਸਮੇਂ-ਸਮੇਂ ਆਪਣੇ ਮੱਛੀ ਤਲਾਬਾਂ ਨੂੰ ਖਾਲੀ ਕਰਕੇ ਉਸਦੀ ਸੋਧ ਅਤੇ ਸਾਫ਼ ਸਫ਼ਾਈ ਕਰਕੇ ਜਸਵੀਰ ਸਿੰਘ ਔਜਲਾ ਮੱਛੀ ਪਾਲਣ ਦੇ ਕਿਤੇ ਵਿੱਚ ਜ਼ਿਆਦਾ ਆਮਦਨ ਲੈਣ ਲਈ ਉਪਰਾਲੇ ਕਰਦਾ ਰਹਿੰਦਾ ਹੈ।

ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

ਸਫ਼ਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ

ਕਿਸਾਨ ਮੇਲਿਆਂ ਅਤੇ ਪਸ਼ੂ ਪਾਲਣ ਮੇਲਿਆਂ ਵਿੱਚ ਵੀ ਜਸਵੀਰ ਸਿੰਘ ਔਜਲਾ ਪ੍ਰਦਰਸ਼ਨੀ ਲਗਾ ਕੇ ਆਪਣੇ ਮੱਛੀ ਉਤਪਾਦਾਂ ਨੂੰ ਵੇਚਦਾ ਹੈ ਅਤੇ ਮੱਛੀ ਪਾਲਣ ਦੇ ਇਸ ਕਿੱਤੇ ਦੀਆਂ ਬਰੀਕੀਆਂ ਬਾਰੇ ਹੋਰ ਦੂਜੇ ਕਿਸਾਨਾਂ ਨੂੰ ਜਾਣਕਾਰੀ ਦਿੰਦਾ ਰਹਿੰਦਾ ਹੈ। ਅੱਜ ਜਸਵੀਰ ਸਿੰਘ ਔਜਲਾ ਮੱਛੀ ਪਾਲਣ ਦੇ ਇਸ ਕਿੱਤੇ ਨੂੰ ਸਹਾਇਕ ਕਿਤੇ ਵਜੋਂ ਨਹੀਂ ਸਗੋਂ ਮੁੱਖ ਕਿਤੇ ਵੱਜੋ ਕਰ ਰਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਮੱਛੀ ਪਾਲਣ ਦੇ ਇਸ ਕਿੱਤੇ ਵਿੱਚ ਜਸਵੀਰ ਸਿੰਘ ਔਜਲਾ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਕਾਮਯਾਬੀ ਉਹਨਾਂ ਦੇ ਕਦਮ ਚੁੰਮੇਂ।

ਦਿਨੇਸ਼ ਦਮਾਥੀਆ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful Fish Farmer: Jasveer Singh Aujla

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters