Success Story: ਅੱਜ ਕੱਲ੍ਹ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੇਜ਼ੀ ਨਾਲ ਅਤੇ ਵੱਧ ਤੋਂ ਵੱਧ ਫਸਲਾਂ ਲੈਣ ਲਈ ਕੀਤੀ ਜਾ ਰਹੀ ਹੈ। ਬੇਸ਼ਕ ਇਹ ਰਸਾਇਣਕ ਖਾਦ ਅਤੇ ਕੀਟਨਾਸ਼ਕ ਕੁਝ ਸਾਲਾਂ ਲਈ ਵੱਧ ਫਸਲ ਪੈਦਾ ਕਰ ਸਕਦੇ ਹਨ, ਪਰ ਹੌਲੀ-ਹੌਲੀ ਇਹ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਦਾ ਵਾਤਾਵਰਨ ਅਤੇ ਸਾਡੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਦੇ ਮੱਦੇਨਜ਼ਰ ਕਿਸਾਨ ਹੁਣ ਜੈਵਿਕ ਖੇਤੀ 'ਤੇ ਜ਼ੋਰ ਦੇ ਰਹੇ ਹਨ।
ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਚਰਨਜੀਤ ਕੌਰ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਦੂਰ ਆਪ ਵੀ ਜੈਵਿਕ ਖੇਤੀ ਕਰ ਰਹੀ ਹੈ ਅਤੇ ਦੂਜਿਆਂ ਨੂੰ ਵੀ ਇਸ ਰਾਹ 'ਤੇ ਚੱਲਣ ਦਾ ਸੁਨੇਹਾ ਦੇ ਰਹੀ ਹੈ।
ਜੈਵਿਕ ਖੇਤੀ ਦੀ ਸ਼ੁਰੁਆਤ
ਚਰਨਜੀਤ ਕੌਰ ਪੁੱਤਰੀ ਸ. ਭੀਮ ਸਿੰਘ ਪਿੰਡ ਬੈਂਸਾਂ, ਬਲਾਕ ਨਵਾਂਸ਼ਹਿਰ, ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਵਸਨੀਕ ਹੈ। ਚਰਨਜੀਤ ਕੌਰ ਦੀ ਵਿਦਿਅਕ ਯੋਗਤਾ ਐਮ.ਐਸ.ਸੀ. (ਕੰਪਿਊਟਰ ਸਾਇੰਸ) ਹੈ। ਚਰਨਜੀਤ ਕੌਰ ਬਹੁਤ ਹੀ ਉੱਦਮੀ, ਸੂਝਵਾਨ ਅਤੇ ਪ੍ਰਗਤੀਸ਼ੀਲ ਸ਼ਖਸੀਅਤ ਦੀ ਮਾਲਕ ਹੈ। ਉਸਨੇ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਆਪਣੀ ਮੈਟਰਿਕ ਕਰਨ ਤੋਂ ਬਾਅਦ ਉਸਨੇ ਆਪਣੇ ਪੈਰਾਂ 'ਤੇ ਖੜਨ ਲਈ ਕੁਝ ਅਲੱਗ ਕਰਨ ਬਾਰੇ ਸੋਚਿਆ।
ਜੈਵਿਕ ਖਾਦ ਕੀਤੀ ਤਿਆਰ
ਆਰਗੈਨਿਕ ਖੇਤੀ ਦੀ ਟ੍ਰੇਨਿੰਗ
ਕਿਸਾਨ ਵੱਲੋਂ ਪੀ.ਏ.ਯੂ ਲੁਧਿਆਣਾ ਵਿਖੇ ਆਰਗੈਨਿਕ ਕਿਸਾਨ ਕਲੱਬ ਦੀ ਮਹੀਨਾਵਾਰ ਹੋਣ ਵਾਲੀ ਮੀਟਿੰਗ ਵਿੱਚ ਜ਼ਰੂਰ ਭਾਗ ਲਿਆ ਜਾਂਦਾ ਹੈ। ਆਰਗੈਨਿਕ ਖੇਤੀ ਦੀ ਟ੍ਰੇਨਿੰਗ ਦੌਰਾਨ ਉਹ ਆਰਗੈਨਿਕ ਕਿਸਾਨ ਕਲੱਬ ਦੇ ਪ੍ਰਧਾਨ ਸ. ਮਨਪ੍ਰੀਤ ਗਰੇਵਾਲ ਨੂੰ ਮਿਲੀ, ਜਿਹਨਾਂ ਤੋਂ ਉਸਨੇ ਆਰਗੈਨਿਕ ਖੇਤੀ ਬਾਰੇ ਬਹੁਤ ਕੁਝ ਸਿਖਿਆ ਅਤੇ ਉਹ ਸ. ਮਨਪ੍ਰੀਤ ਗਰੇਵਾਲ ਨੂੰ ਆਪਣਾ ਗੁਰੂ ਮੰਨਦੀ ਹੈ। ਇਸੇ ਤਰ੍ਹਾਂ ਸ਼੍ਰੀ ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਉਸਨੂੰ ਆਤਮਾ ਸਕੀਮ ਨਾਲ ਜਾਣੂ ਕਰਵਾਇਆ।
ਡੀਕੰਪੋਜ਼ਰ ਦੀ ਵਰਤੋਂ
ਇਹ ਕਿਸਾਨ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਪੀ.ਏ.ਯੂ ਲੁਧਿਆਣਾ ਦੁਆਰਾ ਲਗਾਏ ਸਾਰੇ ਕਿਸਾਨ ਮੇਲਿਆਂ ਵਿੱਚ ਭਾਗ ਲੈਂਦੀ ਹੈ। ਇਸਨੇ ਪੀਏਯੂ, ਲੁਧਿਆਣਾ ਵੱਲੋਂ 5 ਦਿਨਾਂ ਦੀ ਮਸ਼ਰੂਮ ਦੀ ਕਾਸ਼ਤ, ਫਲਾਂ ਅਤੇ ਸਬਜ਼ੀਆਂ ਦੀ ਸੰਭਾਲ, ਉੱਦਮੀ ਹੁਨਰ ਵਿਕਾਸ, ਹਾਈਬ੍ਰਿਡ ਬੀਜ ਉਤਪਾਦਨ ਅਤੇ ਜੈਵਿਕ ਖੇਤੀ ਬਾਰੇ ਟ੍ਰੇਨਿੰਗ ਪ੍ਰਾਪਤ ਕੀਤੀ। ਇਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ ਵੱਲੋਂ ਜੈਵਿਕ ਖੇਤੀ ਨੂੰ ਯੋਜਨਾਵੰਦ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਹੈ। ਉਹ ਡੀਕੰਪੋਜ਼ਰ ਦੀ ਵਰਤੋਂ ਕਰਕੇ ਜੈਵਿਕ ਖਾਦ ਆਪ ਹੀ ਤਿਆਰ ਕਰਦੀ ਹੈ। ਕਿਸਾਨ ਵੱਲੋਂ ਆਪਣੇ ਪਰਿਵਾਰ ਦੀ ਮਦਦ ਨਾਲ ਅਚਾਰ, ਚੱਟਨੀਆਂ ਅਤੇ ਮੁਰੱਬਾ ਤਿਆਰ ਕਰਕੇ ਸੈਲਫ ਮਾਰਕਟਿੰਗ ਰਾਹੀਂ ਵੇਚਿਆ ਜਾਂਦਾ ਹੈ।
ਪਸ਼ੂ ਪਾਲਣ ਤੋਂ ਵਧੀਆ ਕਮਾਈ
ਇਸ ਵਕਤ ਚਰਨਜੀਤ ਕੌਰ ਕੋਲ ਵਧੀਆ ਕਿਸਮ ਦੀਆਂ 4 ਮੱਝਾਂ ਅਤੇ 3 ਛੋਟੇ ਵੱਛਰੂ ਹਨ। ਉਹ ਇਹਨਾਂ ਪਸ਼ੂਆਂ ਤੋਂ ਤਕਰੀਬਨ 14 ਕਿਲੋ ਦੁੱਧ ਰੋਜਾਨਾ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ। ਉਹ ਸਾਰੇ ਦੁੱਧ ਦੀ ਸੈਲਫ਼ ਮਾਰਕਟਿੰਗ ਕਰ ਰਹੀ ਹੈ। ਉਸਦੇ ਦੁੱਧ ਦੀ ਕੁਆਲਟੀ ਵਧੀਆ ਹੋਣ ਕਰਕੇ, ਲੋੜਵੰਦ ਪਿੰਡ ਅਤੇ ਸ਼ਹਿਰਵਾਸੀ ਉਸਦੇ ਘਰ ਤੋਂ ਹੀ ਦੁੱਧ ਲੈ ਜਾਂਦੇ ਹਨ। ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਤੋਂ ਉਸਦੇ ਪਰਿਵਾਰ ਨੂੰ ਵਧੀਆ ਕਮਾਈ ਹੋ ਜਾਂਦੀ ਹੈ। ਉਹ ਪੁਸ਼ੂਆਂ ਦੀ ਫ਼ੀਡ ਵੀ ਆਪ ਹੀ ਤਿਆਰ ਕਰਦੀ ਹੈ। ਉਹ ਪਸ਼ੂਆਂ ਦੀਆਂ ਕਾਫ਼ੀ ਬੀਮਾਰੀਆਂ ਦਾ ਇਲਾਜ ਵੀ ਖੁਦ ਹੀ ਕਰ ਲੈਂਦੀ ਹੈ। ਪਸ਼ੂਆਂ ਦੀ ਦੇਖ-ਰੇਖ, ਚਾਰਾ ਕੱਟਣ, ਦੁੱਧ ਚੋਆਈ ਦਾ ਸਾਰਾ ਕੰਮ ਪਰਿਵਾਰ ਦੇ ਮੈਂਬਰ ਆਪਸ ਵਿੱਚ ਮਿਲਕੇ ਕਰਦੇ ਹਨ। ਉਸਨੇ ਕੋਈ ਵੀ ਪੱਕਾ ਕਾਮਾ ਨਹੀਂ ਰੱਖਿਆ ਹੋਇਆ ਹੈ।
ਵਾਤਾਵਰਨ ਦੀ ਰਾਖੀ
ਉਹ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਡੇਅਰੀ ਵਿਭਾਗ ਵੱਲੋਂ ਕਰਵਾਏ ਜਾਂਦੇ ਟ੍ਰੇਨਿੰਗ ਕੈਂਪ ਅਤੇ ਐਕਸਪੋਜਰ ਵਿਜਿਟ ਵਿੱਚ ਜਰੂਰ ਭਾਗ ਲੈਂਦੀ ਹੈ। ਕਿਸਾਨ ਦੁਆਰਾ ਫਸਲਾਂ ਦੀ ਰਹਿੰਦ- ਖੂੰਹਦ ਨੂੰ ਜ਼ਮੀਨ ਵਿੱਚ ਹੀ ਮਿਲਾਇਆ ਜਾਂਦਾ ਹੈ। ਇਸ ਕਿਸਾਨ ਨੇ ਕਦੇ ਵੀ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਅੱਗ ਨਹੀਂ ਲਗਾਈ।
ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ
ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ
ਜਿਲ੍ਹੇ ਵਿੱਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਕਮਲਦੀਪ ਸਿੰਘ ਸੰਘਾ ਪੀ.ਡੀ. (ਆਤਮਾ) ਅਤੇ ਸ਼੍ਰੀ ਅਸ਼ੋਕ ਕੁਮਾਰ, ਸਰਪ੍ਰਸਤ-ਨੈਚੂਰਲ ਫਾਰਮਜ਼ ਐਸੋਸੀਏਸ਼ਨ ਦੀ ਪ੍ਰੇਰਨਾ ਦੁਆਰਾ ਨਵਾਂਸ਼ਹਿਰ ਆਰਗੈਨਿਕ ਗਰੂੱਪ ਨੂੰ ਤਿਆਰ ਕਰਨ ਦਾ ਸਿਹਰਾ ਚਰਨਜੀਤ ਕੌਰ ਨੂੰ ਜਾਂਦਾ ਹੈ। ਇਸ ਗਰੂੱਪ ਵਿੱਚ 50 ਤੋਂ ਵੱਧ ਕਿਸਾਨ ਵੱਖ-ਵੱਖ ਫਸਲਾਂ ਦੀ ਆਰਗੈਨਿਕ ਖੇਤੀ ਕਰ ਰਹੇ ਹਨ। ਖੇਤੀਬਾੜੀ ਵਿਭਾਗ ਵੱਲੋਂ ਇਸ ਗਰੂੱਪ ਨੂੰ ਸੈਲਫ ਮਾਰਕੀਟਿੰਗ ਸਬੰਧੀ ਉਤਸ਼ਾਹਿਤ ਕਰਨ ਲਈ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਕਿਸਾਨ ਦੁਆਰਾ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿਖੇੇ ਆਯੋਜਿਤ ਕੀਤੇ ਗਏ ਆਰਗੈਨਿਕ ਫੁਡ ਫੇਸਟੀਵਲ ਵਿੱਚ ਆਪਣੇ ਜੈਵਿਕ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਤੋਂ ਉਸਨੂੰ ਕਾਫੀ ਹੱਲਾਸ਼ੇਰੀ ਮਿਲੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਕਿਸਾਨ ਦੇ ਫਾਰਮ ਉਤੇ ਵੱਖ-ਵੱਖ ਤਕਨੀਕਾਂ ਸਬੰਧੀ ਪ੍ਰਦਰਸ਼ਨੀ ਪਲਾਟ ਲਗਾਏ ਜਾਂਦੇ ਹਨ। ਚਰਨਜੀਤ ਕੌਰ ਪੰਜਾਬ ਦੀ ਨੌਜਵਾਨ ਪੀੜੀ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ ਅਤੇ ਜਿਲ਼੍ਹੇ ਵਿੱਚ ਹੋਰ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।
ਸਰੋਤ: ਕਮਲਦੀਪ ਸਿੰਘ ਸੰਘਾ, ਪ੍ਰੋਜੈਕਟ ਡਾਇਰੈਕਟਰ (ਆਤਮਾ), ਨੀਨਾ ਕੰਵਰ ਅਤੇ ਪਰਮਵੀਰ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਸਹੀਦ ਭਗਤ ਸਿੰਘ ਨਗਰ (ਆਤਮਾ)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Women Organic Farmer of Punjab Charanjit Kaur An enterprising, intelligent and progressive personality, this women farmer is dedicated to making organic farming a success.