Weather Forecast: ਪੰਜਾਬ 'ਚ ਸੰਘਣੀ ਧੁੰਦ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਦੇਸ਼ ਦੇ 14 ਸੂਬਿਆਂ 'ਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵਿਜ਼ੀਬਿਲਟੀ ਜ਼ੀਰੋ ਮੀਟਰ ਤੱਕ ਘੱਟ ਗਈ ਹੈ, ਇਸ ਕਾਰਨ ਕਈ ਉਡਾਣਾਂ ਅਤੇ ਟਰੇਨਾਂ ਲੇਟ ਹੋ ਗਈਆਂ।
ਦੱਸ ਦੇਈਏ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂਕਿ, ਦਿੱਲੀ ਵਿੱਚ ਵੀ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਧੁੰਦ ਕਾਰਨ ਕਈ ਸੜਕੀ ਹਾਦਸੇ ਵੀ ਵਾਪਰ ਰਹੇ ਹਨ।
ਦਿੱਲੀ ਦਾ ਮੌਸਮ
ਅੱਜ ਯਾਨੀ 4 ਜਨਵਰੀ ਨੂੰ ਦਿੱਲੀ-ਐਨਸੀਆਰ ਵਿੱਚ ਹੋਰ ਧੁੰਦ ਪੈ ਸਕਦੀ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ 10 ਡਿਗਰੀ ਅਤੇ 21 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਹੈ। 5 ਜਨਵਰੀ ਨੂੰ ਵੀ ਦਿੱਲੀ-ਐੱਨਸੀਆਰ ਧੁੰਦ ਦੀ ਲਪੇਟ 'ਚ ਰਹਿਣ ਵਾਲਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕਮੀ ਵੀ ਵੇਖੀ ਜਾ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਇਸ ਦਿਨ ਵੀ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ ਦਾ ਮੌਸਮ
ਅੱਜ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦੀ ਚਾਦਰ ਦੇਖਣ ਨੂੰ ਮਿਲੀ ਅਤੇ ਕੁਝ ਦੂਰੀ ’ਤੇ ਵਿਜ਼ੀਬਿਲਟੀ ਵੀ ਠੀਕ ਨਹੀਂ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 5-6 ਜਨਵਰੀ ਨੂੰ ਤੂਫਾਨ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਕੜਾਕੇ ਦੀ ਠੰਡ ਦੌਰਾਨ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ, ਕਈ ਥਾਵਾਂ 'ਤੇ ਵਿਜ਼ੀਬਿਲਟੀ 10 ਮੀਟਰ ਤੱਕ ਹੈ, ਜਿਸ ਕਾਰਨ ਦੂਰ ਦੂਰ ਤੱਕ ਦੇਖਣਾ ਮੁਸ਼ਕਿਲ ਹੋ ਗਿਆ।
ਧੁੰਦ ਕਾਰਨ ਹਾਦਸੇ
1. ਬਠਿੰਡਾ 'ਚ ਧੁੰਦ ਕਾਰਨ ਹਾਦਸਾ ਵਾਪਰਿਆ ਹੈ। ਧੁੰਦ ਕਾਰਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਟੋਹਾਣਾ 'ਚ ਹੋਣ ਵਾਲੀ ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਮਾਨਸਾ ਨੈਸ਼ਨਲ ਹਾਈਵੇ 'ਤੇ ਫੁੱਟਪਾਥ 'ਤੇ ਜਾ ਵੱਜੀ। ਸੰਤੁਲਨ ਵਿਗੜਨ ਕਾਰਨ ਬੱਸ ਪਲਟ ਗਈ, ਹਾਦਸੇ ਵਿੱਚ ਦੋ-ਚਾਰ ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ।
2. ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਧੁੰਦ ਕਾਰਨ ਮੋਟਰਸਾਈਕਲ ਅਤੇ ਕੈਂਟਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇੱਕ ਵਿਅਕਤੀ ਜ਼ਖ਼ਮੀ ਹੈ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Weather Today: ਬਰਫ਼ਬਾਰੀ ਕਾਰਨ ਤਾਪਮਾਨ ਮਨਫ਼ੀ 14 ਡਿਗਰੀ, ਪੰਜਾਬ 'ਚ ਲਗਾਤਾਰ 3 ਦਿਨ ਹੋਵੇਗੀ ਬਾਰਿਸ਼! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਜਦੋਂਕਿ, ਤਾਮਿਲਨਾਡੂ ਦੇ ਤੱਟਵਰਤੀ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਠੰਡ ਦੇ ਹਾਲਾਤ ਬਰਕਰਾਰ ਰਹਿ ਸਕਦੇ ਹਨ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
Summary in English: Punjab-Haryana-Delhi-UP-Rajasthan in the grip of fog, visibility zero, accidents due to fog in Bathinda-Moga, cold wave will continue for 20-22 days with rain for 3 days