Weather Forecast: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਤੜਫਾਉਣਾ ਸ਼ੁਰੂ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੋਂ ਬਾਅਦ ਸੂਬੇ ਦੇ 5 ਇਲਾਕਿਆਂ 'ਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਤਾਬੋ ਦਾ ਘੱਟੋ-ਘੱਟ ਤਾਪਮਾਨ -14 ਡਿਗਰੀ, ਸਮਦੋ ਦਾ -9 ਡਿਗਰੀ, ਕੁਕੁਮਸੈਰੀ ਦਾ -6 ਡਿਗਰੀ, ਕਲਪਾ ਦਾ -2 ਅਤੇ ਮਨਾਲੀ ਦਾ ਘੱਟੋ-ਘੱਟ ਤਾਪਮਾਨ -2.8 ਡਿਗਰੀ ਦਰਜ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ 14 ਸੂਬਿਆਂ 'ਚ ਸੰਘਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡਾ ਜ਼ੀਰੋ ਵਿਜ਼ੀਬਿਲਟੀ ਕਾਰਨ ਬੰਦ ਕਰ ਦਿੱਤਾ ਗਿਆ, ਜਦੋਂਕਿ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ 50 ਮੀਟਰ ਤੱਕ ਵਿਜ਼ੀਬਿਲਟੀ ਦਰਜ ਕੀਤੀ ਗਈ।
ਦਿੱਲੀ ਦਾ ਮੌਸਮ
ਦੇਸ਼ ਦੀ ਰਾਜਧਾਨੀ ਦਿੱਲੀ ਅੱਜ ਸਵੇਰ ਤੋਂ ਹੀ ਧੁੰਦ ਦੀ ਲਪੇਟ 'ਚ ਹੈ। ਦਿੱਲੀ ਦੇ ਲੋਕ ਧੁੰਦ ਅਤੇ ਕੜਾਕੇ ਦੀ ਠੰਡ ਦੇ ਦੋਹਰੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਰੇਲ ਗੱਡੀਆਂ ਅਤੇ ਵਾਹਨਾਂ ਦੀ ਰਫ਼ਤਾਰ ਬਹੁਤ ਧੀਮੀ ਹੋ ਗਈ ਹੈ। ਸੰਘਣੀ ਧੁੰਦ ਕਾਰਨ ਉਡਾਣਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਦਿੱਲੀ ਏਅਰਪੋਰਟ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਦਿਨ ਭਰ ਉਡਾਣਾਂ ਦੀ ਰਵਾਨਗੀ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ। ਧੁੰਦ ਇੰਨੀ ਸੰਘਣੀ ਹੋ ਗਈ ਹੈ ਕਿ ਸੜਕਾਂ 'ਤੇ ਰੁੱਖ ਅਤੇ ਪੌਦੇ ਵੀ ਨਜ਼ਰ ਨਹੀਂ ਆ ਰਹੇ ਹਨ। ਹਾਈਵੇਅ ਵਰਗੇ ਖੇਤਰਾਂ ਵਿੱਚ ਬਹੁਤ ਸੰਘਣੀ ਧੁੰਦ ਹੈ। ਹਾਲਾਂਕਿ ਰਿਹਾਇਸ਼ੀ ਇਲਾਕਿਆਂ 'ਚ ਮਾਮੂਲੀ ਰਾਹਤ ਮਿਲੀ ਹੈ।
ਪੰਜਾਬ ਦਾ ਮੌਸਮ
ਪੰਜਾਬ 'ਚ ਕਹਿਰ ਮਚਾ ਰਹੀ ਠੰਡ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਪੰਜਾਬ 'ਚ ਕੋਲਡ ਵੇਵ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਬਠਿੰਡਾ, ਮੋਗਾ, ਮਾਨਸਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਰਨਾਲਾ ਵਿੱਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਅਤੇ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਧੁੱਪ ਨਾ ਨਿਕਲਣ ਕਾਰਨ ਦਿਨ ਵੇਲੇ ਵੀ ਲੋਕ ਠੰਡ ਤੋਂ ਕੰਬ ਰਹੇ ਹਨ ਅਤੇ ਤਾਪਮਾਨ ਡਿੱਗ ਰਿਹਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 4 ਜਨਵਰੀ ਨੂੰ ਮੁੜ ਮੌਸਮ ਬਦਲੇਗਾ ਅਤੇ ਸੂਬੇ ਵਿੱਚ ਮੀਂਹ ਪਵੇਗਾ। ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 4 ਜਨਵਰੀ ਨੂੰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Weather Today: ਪੰਜਾਬ ਵਿੱਚ 4 ਡਿਗਰੀ ਦਾ ਝਟਕਾ, 8 ਜ਼ਿਲ੍ਹਿਆਂ ਵਿੱਚ ਸੀਵੀਅਰ ਕੋਲਡ ਦੀ ਸਥਿਤੀ, ਅੰਮ੍ਰਿਤਸਰ-ਪਠਾਨਕੋਟ ਵਿੱਚ ਵਿਜ਼ੀਬਿਲਟੀ ਜ਼ੀਰੋ
ਮੌਸਮ ਦੀਆਂ ਗਤੀਵਿਧੀਆਂ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਜਦੋਂਕਿ, ਤੱਟਵਰਤੀ ਤਾਮਿਲਨਾਡੂ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਉੱਤਰ-ਪੱਛਮੀ ਭਾਰਤ ਵਿੱਚ ਅਗਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ।
Summary in English: Weather Today: Temperature drops to minus 14 degrees due to snowfall, Punjab will receive rain for 3 consecutive days! Alert issued for many districts