1. Home
  2. ਪਸ਼ੂ ਪਾਲਣ

ਹਵਾ ਵਿੱਚ ਵਾਧੂ ਨਮੀ ਪਸ਼ੂਆਂ ਲਈ ਹਾਨੀਕਾਰਕ, Recommendations ਪੜੋ

ਜਲਵਾਯੂ ਪਰਿਵਰਤਨ ਪਸ਼ੂਆਂ ਲਈ ਵਾਤਾਵਰਨ ਤਣਾਅ ਦਾ ਕਾਰਨ ਬਣ ਰਿਹਾ ਹੈ, ਇਸ ਲਈ ਅੱਜ ਅਸੀਂ ਪਸ਼ੂ ਪਾਲਕਾਂ ਨੂੰ ਦਰਪੇਸ਼ ਕੁਝ ਆਮ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਾਂਝੇ ਕਰਨ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਪਸ਼ੂਆਂ ਦੀ ਸਿਹਤ ਸੰਭਾਲ ਲਈ ਸਿਫ਼ਾਰਿਸ਼ਾਂ

ਪਸ਼ੂਆਂ ਦੀ ਸਿਹਤ ਸੰਭਾਲ ਲਈ ਸਿਫ਼ਾਰਿਸ਼ਾਂ

ਅਗਸਤ-ਸਤੰਬਰ ਦੇ ਮਹੀਨਿਆਂ ਵਿੱਚ ਤਾਪਮਾਨ ਭਾਵੇਂ ਮਈ-ਜੂਨ ਨਾਲੋਂ ਘੱਟ ਹੋ ਜਾਂਦਾ ਹੈ, ਪਰ ਹਵਾ ਵਿੱਚ ਵਾਧੂ ਨਮੀ ਹੋਣ ਕਰਕੇ ਇਹ ਵਾਲੀ ਗਰਮੀ ਪਸ਼ੂਆਂ ਦੇ ਲਈ ਜ਼ਿਆਦਾ ਹਾਨੀਕਾਰਕ ਹੁੰਦੀ ਹੈ। ਗਰਮੀ ਦੇ ਮੌਸਮ ਤੋਂ ਬਾਅਦ ਠੰਡੇ ਬਰਸਾਤੀ ਮੌਸਮ ਦੇ ਇਕਦਮ ਬਦਲਾਅ ਕਾਰਨ ਪਸ਼ੂਆਂ ਵਿੱਚ ਵਾਤਾਵਰਣ ਤਣਾਅ ਹੁੰਦਾ ਹੈ ਜੋ ਕਿ ਪਸ਼ੂਆਂ ਦੇ ਦੁੱਧ ਉਤਪਾਦਨ, ਪ੍ਰਜਨਣ, ਸਰੀਰਕ ਵਾਧੇ ਅਤੇ ਖੁਰਾਕ ਖਾਣ ਦੀ ਸਮੱਰਥਾ ਉੱਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਬਰਸਾਤ ਦੇ ਮੌਸਮ ਦੌਰਾਨ ਪਸ਼ੂ ਪਾਲਕਾਂ ਨੂੰ ਪੇਸ਼ ਆਉਂਦੀਆਂ ਕੁਝ ਆਮ ਸਮੱਸਿਆਵਾਂ ਅਤੇ ਉਹਨਾਂ ਦੇ ਰੋਕਥਾਮ ਦੇ ਹੱਲ ਹੇਠ ਲਿਖੇ ਅਨੁਸਾਰ ਹਨ:

1. ਬਰਸਾਤਾਂ ਦੌਰਾਨ ਪਸ਼ੂਆਂ ਨੂੰ ਚਰਾਉਣ ਲਈ ਨਾ ਲੈਕੇ ਜਾਓ। ਪਸ਼ੂਆਂ ਨੂੰ ਪੀਣ ਯੋਗ ਤਾਜ਼ਾ ਸਾਫ ਪਾਣੀ ਦਿਓ। ਦੂਸ਼ਿਤ ਪਾਣੀ ਰਾਹੀਂ ਪਸ਼ੂਆਂ ਦੇ ਪੇਟ ਦੇ ਪਰਜੀਵੀ ਵੀ ਫ਼ੈਲ ਸਕਦੇ ਹਨ ਜਿਹਨਾਂ ਕਰਕੇ ਪਸ਼ੂਆਂ ਵਿੱਚ ਪੀਲੀਆ ਅਤੇ ਮੋਕ ਵਰਗੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਇਸ ਲਈ ਪਸ਼ੂਆਂ ਨੂੰ ਖੜ੍ਹੇ ਪਾਣੀ ਤੋਂ ਦੂਰ ਰੱਖੋ ਅਤੇ ਸਮੇਂ-ਸਮੇਂ ਸਿਰ ਮਿਲੱਪ/ਕਿਰਮ ਰਹਿਤ ਕਰੋ।

2. ਤੇਜ ਮੀਂਹ ਪੈਣ ਤੇ ਪਸ਼ੂਆਂ ਨੂੰ ਛੱਤ ਹੇਠਾਂ ਰੱਖੋ ਅਤੇ ਵਾੜ੍ਹਿਆ ਦੀਆਂ ਚੋਂਦੀਆਂ ਛੱਤਾਂ ਦੀ ਮੁਰੰਮਤ ਕਰਵਾਓ। ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਦੀ ਸਥਿਤੀ ਵੀ ਬਣ ਸਕਦੀ ਹੈ ਜਿਸ ਕਾਰਨ ਪਸ਼ੂਧਨ ਲਈ ਵੀ ਮੁਸ਼ਕਿਲ ਹਾਲਾਤ ਪੈਦਾ ਹੋ ਸਕਦੇ ਹਨ। ਮੀਂਹ ਅਤੇ ਹੜ੍ਹ ਦੇ ਪਾਣੀ ਕਾਰਨ ਪਸ਼ੂਆਂ ਨੂੰ ਛੂਤ ਅਤੇ ਪਰਜੀਵੀ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬਰਸਾਤਾਂ ਦੌਰਾਨ ਹਵਾ ਵਿੱਚ ਨਮੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਰਕੇ ਮੱਛਰ, ਮੱਖੀਆਂ ਅਤੇ ਚਿੱਚੜਾਂ ਸਮੇਤ ਪਸ਼ੂਆਂ ਦੇ ਪਰਜੀਵੀਆਂ ਦੀ ਗਿਣਤੀ ਵੱਧ ਜਾਂਦੀ ਹੈ। ਇਹ ਚਿੱਚੜ ਤੇ ਮੱਖੀਆਂ ਪਸ਼ੂਆਂ ਅੰਦਰ ਥਲੇਰੀਆ, ਐਨਾਪਲਾਸਮਾ ਵਰਗੀ ਬਿਮਾਰੀਆਂ ਫੈਲਾਉਂਦੇ ਹਨ।

ਲੰਪੀ ਚਮੜੀ ਰੋਗ ਦੀ ਬਿਮਾਰੀ ਵੀ ਮੱਖੀਆਂ ਨਾਲ ਫੈਲਦੀ ਹੈ। ਪਸ਼ੂਆਂ ਦੇ ਵਾੜਿਆਂ ਵਿੱਚ ਚਿੱਚੜਾਂ ’ਤੇ ਕਾਬੂ ਪਾਉਣ ਲਈ ਸ਼ੈੱਡ ਦੀ ਫ਼ਰਸ਼ ਅਤੇ ਕੰਧਾਂ ਵਿੱਚ ਬਣੀਆਂ ਤਰੇੜਾਂ ਜਾਂ ਵਿਰਲਾਂ ਨੂੰ ਭਰ ਕੇ ਪਸ਼ੂਆਂ ਦੇ ਮਾਹਿਰਾਂ ਦੀ ਸਲਾਹ ਨਾਲ ਸਿਫ਼ਾਰਸ਼ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਸ਼ੂਆਂ ਨੂੰ ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਤੋਂ ਬਚਾਉਣ ਲਈ 4 Easy Steps

3. ਵਾਤਾਵਾਰਨ ਵਿਚਲੀ ਸਿੱਲ੍ਹ ਕਾਰਨ ਪਸ਼ੂਆਂ ਦੀ ਫ਼ੀਡ, ਤੂੜੀ ਅਤੇ ਅਚਾਰ ਆਦਿ ਨੂੰ ਉੱਲੀ ਲੱਗ ਸਕਦੀ ਹੈ ਜਿਸ ਕਾਰਨ ਪਸ਼ੂ ਜ਼ਹਿਰਵਾਦ ਦਾ ਸ਼ਿਕਾਰ ਹੋ ਸਕਦੇ ਹਨ। ਪਸ਼ੂਆਂ ਦੀ ਖੁਰਾਕ ਨੂੰ ਸਿੱਲ੍ਹ ਤੋਂ ਬਚਾਉਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਪੱਠੇ ਅਤੇ ਖੁਰਾਕ ਦੀ ਕਮੀ ਕਾਰਨ ਪਸ਼ੂਆਂ ਦਾ ਰੱਖਿਆ-ਤੰਤਰ ਕਮਜ਼ੋਰ ਪੈ ਜਾਂਦਾ ਹੈ। ਧਾਤਾਂ ਦੇ ਚੂਰੇ ਦੀ ਵਰਤੋਂ ਨਾਲ ਪਸ਼ੂਆਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

4. ਵਾੜੇ ਅੰਦਰ ਸਫਾਈ ਰੱਖੋ ਅਤੇ ਪਾਣੀ ਨਾ ਖੜ੍ਹਨ ਦਿਓ। ਗਿੱਲੇ ਥਾਂ ਵਿੱਚ ਖੜ੍ਹੇ ਰਹਿਣ ਕਾਰਨ ਪਸ਼ੂਆਂ ਦੇ ਖੁਰਾਂ ਦਾ ਗਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪਸ਼ੂਆਂ ਵਿੱਚ ਲੰਗੜਾਪਣ ਦੀ ਸੱਮਸਿਆ ਸ਼ੁਰੂ ਹੋ ਸਕਦੀ ਹੈ। ਪਸ਼ੂਆਂ ਦੇ ਖੁਰਾਂ ਨੂੰ 5 ਪ੍ਰਤੀਸ਼ਤ ਫ਼ਾਰਮਾਲਿਨ ਦੇ ਘੋਲ ਵਿੱਚ ਡੋਬਾ ਦੇਣ ਨਾਲ ਖੁਰਾਂ ਦੇ ਗਲਣ ਨੂੰ ਰੋਕਿਆ ਜਾ ਸਕਦਾ ਹੈ।

ਵਾੜਿਆਂ ਵਿੱਚ ਨਮੀ ਵਧਣ ਕਾਰਨ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਅਤੇ ਥਨੈਲਾ ਰੋਗ ਵੀ ਹੋ ਸਕਦਾ ਹੈ। ਦੁੱਧ ਦੀ ਚੁਆਈ ਤੋਂ ਬਾਅਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਹਿੱਸਿਆਂ ਦੇ ਘੋਲ ਵਿੱਚ ਡੋਬਾ ਦੇਣਾ ਚਾਹੀਦਾ ਹੈ।

5. ਬਰਸਾਤਾਂ ਤੋਂ ਪਹਿਲਾਂ ਪਸ਼ੂਆਂ ਨੂੰ ਲੰਪੀ ਚਮੜੀ ਰੋਗ, ਗੱਲ-ਘੋਟੂ, ਬਲੈਕ ਕੁਆਰਟਰ/ਪੱਟ ਸੋਜਾ, ਪੀ.ਪੀ.ਆਰ, ਈ.ਟੀ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਜਰੂਰ ਕਰਵਾਓ।

ਕੰਵਰਪਾਲ ਸਿੰਘ ਢਿੱਲੋਂ 1*, ਸਿਮਰਨਜੋਤ ਕੌਰ2
ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ1
ਖ਼ਾਲਸਾ ਕਾਲਜ ਓਫ ਵੈਟਰਨਰੀ ਐਂਡ ਐਨੀਮਲ ਸਾਈਂਸਸ, ਅੰਮ੍ਰਿਤਸਰ2
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Excess moisture in the air harmful to animals, read these recommendations

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters