Animals Tips: ਮੀਂਹ ਅਤੇ ਹੜ੍ਹ ਦੇ ਪਾਣੀ ਕਾਰਨ ਪਸ਼ੂਆਂ ਨੂੰ ਛੂਤ ਅਤੇ ਪਰਜੀਵੀ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਾਰੇ ਦੀ ਕਮੀ ਕਾਰਨ ਵੀ ਪਸ਼ੂਆਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਕਮੀ ਆ ਸਕਦੀ ਹੈ। ਇਸ ਆਪਾਤ ਸਥਿਤੀ ਨਾਲ ਨਜਿੱਠਣ ਲਈ ਗੁੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪਸ਼ੂ ਪਾਲਕਾਂ ਲਈ ਸਿਫ਼ਾਰਿਸ਼ਾਂ ਸਾਂਝੀਆਂ ਕੀਤੀਆਂ ਹਨ।
ਹੜ੍ਹ ਦੇ ਪਾਣੀ ਕਾਰਨ ਹਵਾ ਵਿੱਚ ਨਮੀ ਦਾ ਪੱਧਰ ਵਧ ਜਾਂਦਾ ਹੈ ਜਿਸ ਕਰਕੇ ਜੋਕਾਂ, ਮੱਛਰ, ਮੱਖੀਆਂ ਅਤੇ ਚਿੱਚੜਾਂ ਸਮੇਤ ਪਸ਼ੂਆਂ ਦੇ ਪਰਜੀਵੀਆਂ ਦੀ ਗਿਣਤੀ ਵਧ ਜਾਂਦੀ ਹੈ। ਚਿੱਚੜਾਂ ਕਾਰਨ ਪਸ਼ੂਆਂ ਵਿੱਚ ਚਿਚੜੀ ਰੋਗ (ਬਬੇਸੀਓਸਿਸ, ਐਨਾਪਲਾਜ਼ਮੋਸਿਸ ਅਤੇ ਥਲੇਰੀਓਸਿਸ) ਦੇ ਵਧਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਖੜ੍ਹੇ ਪਾਣੀ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਜਿਨ੍ਹਾਂ ਰਾਹੀਂ ਲੰਪੀ ਚਮੜੀ ਰੋਗ ਅਤੇ ਲੰਗੜਾ ਬੁਖਾਰ ਫ਼ੈਲ ਸਕਦੇ ਹਨ।
ਗਿੱਲ ਵਿੱਚ ਖੜ੍ਹੇ ਰਹਿਣ ਕਾਰਨ ਪਸ਼ੂਆਂ ਦੇ ਖੁਰ ਗਲਣੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਪਸ਼ੂ ਲੰਗੜਾ ਹੋ ਸਕਦਾ ਹੈ। ਵਾਤਾਵਰਨ ਵਿੱਚ ਨਮੀ ਵਧਣ ਕਾਰਨ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਵੀ ਹੋ ਸਕਦੀ ਹੈ। ਵਾਤਾਵਰਨ ਵਿਚਲੀ ਸਿੱਲ੍ਹ ਕਾਰਨ ਪਸ਼ੂਆਂ ਦੀ ਫ਼ੀਡ ਨੂੰ ਉੱਲੀ ਲੱਗ ਸਕਦੀ ਹੈ ਜਿਸ ਕਾਰਨ ਪਸ਼ੂ ਜ਼ਹਿਰਬਾਦ ਦਾ ਸ਼ਿਕਾਰ ਹੋ ਸਕਦੇ ਹਨ। ਪਾਣੀ ਨਾਲ ਕੱਚੇ ਢਾਰਿਆਂ ਦੇ ਨੁਕਸਾਨੇ ਜਾਣ ਦਾ ਵੀ ਖਦਸ਼ਾ ਹੈ।
ਬਾਹਰੀ ਪਰਜੀਵੀਆਂ ਦੀ ਰੋਕਥਾਮ ਲਈ ਪੁਖਤਾ ਇੰਤਜ਼ਾਮ ਕਰਨ ਦੀ ਲੋੜ ਹੈ। ਜਿੱਥੋਂ ਤੱਕ ਹੋ ਸਕਦਾ ਹੋਵੇ, ਪਾਣੀ ਨੂੰ ਇੱਕ ਜਗ੍ਹਾ ’ਤੇ ਇਕੱਠਾ ਨਾ ਹੋਣ ਦਿਉ ਤਾਂ ਕਿ ਮੱਖੀਆਂ ਅਤੇ ਮੱਛਰਾਂ ’ਤੇ ਕਾਬੂ ਪਾਇਆ ਜਾ ਸਕੇ। ਲੰਪੀ ਚਮੜੀ ਰੋਗ ਅਤੇ ਗਲਘੋਟੂ ਤੋਂ ਬਚਾਉਣ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: Veterinary University ਵੱਲੋਂ ਦੁੱਧ ਵਿੱਚ ਮਿਲਾਵਟ ਸੰਬੰਧੀ ਜਾਗਰੂਕਤਾ ਲਈ Free Camp
ਪਸ਼ੂਆਂ ਦੇ ਵਾੜਿਆਂ ਵਿੱਚ ਚਿੱਚੜਾਂ ’ਤੇ ਕਾਬੂ ਪਾਉਣ ਲਈ ਸ਼ੈੱਡ ਦੀ ਫ਼ਰਸ਼ ਅਤੇ ਕੰਧਾਂ ਵਿੱਚ ਬਣੀਆਂ ਤਰੇੜਾਂ ਜਾਂ ਵਿਰਲਾਂ ਨੂੰ ਭਰ ਕੇ ਪਸ਼ੂਆਂ ਦੇ ਡਾਕਟਰ ਦੀ ਸਲਾਹ ਨਾਲ ਸਿਫ਼ਾਰਿਸ਼ਸ਼ੁਦਾ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਪਸ਼ੂਆਂ ਦੀ ਖੁਰਾਕ ਨੂੰ ਸਿੱਲ੍ਹ ਤੋਂ ਬਚਾਉਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਦੁੱਧ ਦੀ ਚੁਆਈ ਤੋਂ ਬਾਅਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਹਿੱਸਿਆਂ ਦੇ ਘੋਲ ਵਿੱਚ ਡੋਬਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Campus Interview ਦੌਰਾਨ GADVASU ਵਿਦਿਆਰਥੀਆਂ ਨੂੰ ਮਿਲੀ ਵੱਡੀ ਪ੍ਰਾਪਤੀ
ਹੜ੍ਹ ਵਾਲਾ ਪਾਣੀ ਸੈਲਮੋਨੈਲਾ, ਈ ਕੋਲਾਈ, ਕਲੌਸਟ੍ਰੀਡੀਅਮ ਅਤੇ ਲੈਪਟੋਸਪਾਇਰਾ ਵਰਗੇ ਖਤਰਨਾਕ ਕੀਟਾਣੂਆਂ ਨਾਲ ਦੂਸ਼ਿਤ ਹੋ ਸਕਦਾ ਹੈ। ਇਸ ਲਈ ਪਸ਼ੂਆਂ ਨੂੰ ਇਸ ਤੋਂ ਦੂਰ ਰੱਖੋ। ਦੂਸ਼ਿਤ ਪਾਣੀ ਰਾਹੀਂ ਪਸ਼ੂਆਂ ਦੇ ਪੇਟ ਦੇ ਪਰਜੀਵੀ ਵੀ ਫ਼ੈਲ ਸਕਦੇ ਹਨ ਜਿਨ੍ਹਾਂ ਕਰਕੇ ਪਸ਼ੂਆਂ ਵਿੱਚ ਪੀਲੀਆ ਅਤੇ ਮੋਕ ਵਰਗੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ।
ਇਸ ਲਈ ਪਸ਼ੂਆਂ ਨੂੰ ਲੋੜ ਅਨੁਸਾਰ ਕਿਰਮ ਰਹਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਪਸ਼ੂਆਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਮਾਹਿਰਾਂ ਨਾਲ ਸਲਾਹ ਕਰਕੇ ਵਿਟਾਮਿਨ ਅਤੇ ਧਾਤਾਂ ਦਾ ਮਿਸ਼ਰਣ ਦੇਣਾ ਲਾਹੇਵੰਦ ਸਾਬਿਤ ਹੋ ਸਕਦਾ ਹੈ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Guidelines for health care of animals in flood