1. Home
  2. ਪਸ਼ੂ ਪਾਲਣ

Beekeeping: ਇਟੈਲੀਅਨ ਸ਼ਹਿਦ ਮੱਖੀ ਪਾਲਣ ਨੌਜਵਾਨਾਂ ਲਈ Profitable Business

ਅੱਜ ਅਸੀਂ Italian Beekeeping ਸ਼ੁਰੂ ਕਰਨ ਲਈ ਕੁਝ ਸੁਝਾਅ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਇਸ ਦੇ ਨਾਲ ਹੀ ਸ਼ਹਿਦ ਮੱਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ ਅਤੇ ਇਸ ਤੋਂ ਮਿਲਣ ਵਾਲੇ ਲਾਭ ਬਾਰੇ ਵੀ ਚਰਚਾ ਕਰਾਂਗੇ।

Gurpreet Kaur Virk
Gurpreet Kaur Virk
ਇਟੈਲੀਅਨ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਸੁਝਾਅ

ਇਟੈਲੀਅਨ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਸੁਝਾਅ

Profitable Business: ਸ਼ਹਿਦ ਮੱਖੀ ਪਾਲਣ ਇੱਕ ਲਾਹੇਵੰਦ ਖੇਤੀ ਸਹਾਇਕ ਧੰਦਾ ਹੈ ਜਿਸ ਵਿੱਚ ਸ਼ਹਿਦ ਮੱਖੀਆਂ ਦੇ ਛੱਤਿਆਂ/ਚਲਤ ਫਰੇਮਾਂ ਨੂੰ ਲੱਕੜ ਦੇ ਬਕਸਿਆਂ ਵਿੱਚ ਰੱਖ ਕੇ ਸ਼ਹਿਦ ਅਤੇ ਹੋਰ ਹਾਈਵ ਪਦਾਰਥ (ਜਿਵੇਂ ਕਿ ਮੋਮ, ਪ੍ਰੋਪੋਲਿਸ, ਰਾਇਲ ਜੈੱਲੀ, ਪਰਾਗ ਆਦਿ) ਪ੍ਰਾਪਤ ਕਰਨ ਦੇ ਨਾਲ ਫਸਲਾਂ ਦੇ ਪ੍ਰਾਗਣ ਲਈ ਉਹਨਾਂ ਦਾ ਯੋਗ ਪ੍ਰਬੰਧ ਕੀਤਾ ਜਾਂਦਾ ਹੈ।

ਯੂਰੋਪੀਅਨ ਮੱਖੀ ਦੀ ਇਟੈਲੀਅਨ ਕਿਸਮ ਦੇ ਲਾਭ:

1. ਇਹ ਕਿਸਮ ਲੱਕੜ ਦੇ ਬਕਸਿਆਂ ਵਿੱਚ ਅਸਾਨੀ ਨਾਲ ਪਾਲੀ ਜਾ ਸਕਦੀ ਹੈ।

2. ਸਾਊ ਸੁਭਾਅ ਕਾਰਨ ਘੱਟ ਡੰਗ ਮਾਰਦੀ ਹੈ।

3. ਐਬਸਕੌਂਡਿੰਗ (ਛੱਤਾ ਛੱਡ ਕੇ ਦੌੜ ਜਾਣਾ) ਦੀ ਬੁਰੀ ਆਦਤ ਤੋਂ ਕਾਫ਼ੀ ਹੱਦ ਤੱਕ ਮੁਕਤ ਹੈ।

4. ਸੁਚੱਜੀ ਸੰਭਾਲ ਨਾਲ ਇਸ ਸ਼ਹਿਦ ਮੱਖੀ ਦੇ ਇੱਕ ਕਟੁੰਬ ਤੋਂ 20 ਤੋਂ 50 ਕਿੱਲੋ ਤੱਕ ਸਲਾਨਾ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਦੇ ਸ਼ਹਿਦ ਦੀ ਕੁਆਲਟੀ ਵੀ ਬਹੁਤ ਵਧੀਆ ਹੁੰਦੀ ਹੈ।

ਇਹ ਵੀ ਪੜ੍ਹੋ : ਮਧੂ ਕ੍ਰਾਂਤੀ ਪੋਰਟਲ ਬਣਿਆ ਵਧੀਆ ਸਾਥੀ, ਹੁਣ ਹੋਵੇਗਾ ਆਮਦਨ 'ਚ ਵਾਧਾ

ਇਟੈਲੀਅਨ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਜ਼ਰੂਰੀ ਸੁਝਾਅ:

ਸਿਖਲਾਈ: ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ।

ਢੁੱਕਵੀਂ ਥਾਂ ਦੀ ਚੋਣ: ਥਾਂ ਦੀ ਚੋਣ ਕਰਦੇ ਸਮੇਂ ਕਟੁੰਬਾਂ ਲਈ ਜ਼ਰੂਰੀ ਧੁੱਪ, ਛਾਂ, ਪਾਣੀ, ਖੁੱਲ੍ਹੀ ਸਾਫ਼ ਹਵਾ ਅਤੇ ਆਵਾਜਾਈ ਦੇ ਰਸਤੇ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ।

ਫੁੱਲ-ਫ਼ਲਾਕਾ: ਮੱਖੀ ਫਾਰਮ ਦੇ ਨੇੜੇ ਸ਼ਹਿਦ ਮੱਖੀਆਂ ਲਈ ਖੁਰਾਕ ਦੇ ਮੁੱਖ ਸੋਮੇ ਜਿਵੇਂ ਕਿ ਬਰਸੀਮ, ਛਟਾਲਾ, ਤੋਰੀਆ, ਸਰ੍ਹੋਂ, ਸਫੈਦਾ, ਟਾਹਲੀ, ਸੂਰਜਮੁਖੀ, ਕੱਦੂ ਜਾਤੀ ਦੀਆਂ ਵੇਲਾਂ, ਬੇਰ, ਨਿੰਬੂ ਜਾਤੀ, ਖੈਰ ਆਦਿ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਸਾਜੋ-ਸਮਾਨ: ਮੁੱਖ ਲੋੜੀਂਦਾ ਸਮਾਨ ਜਿਵੇਂ ਕਿ ਦਸ ਫਰੇਮਾਂ ਵਾਲਾ ਹਾਈਵ, ਮੋਮੀ ਸ਼ੀਟਾਂ, ਜਾਲੀ, ਫਰੇਮਾਂ ਨੂੰ ਹਿਲਾਉਣ ਵਾਲੀ ਖੁਰਪੀ, ਧੂੰਆਂ ਦੇਣ ਲਈ ਧੌਂਕਣੀ, ਸੈੱਲਾਂ ਦੀਆਂ ਟੋਪੀਆਂ ਲਾਹੁਣ ਵਾਲਾ ਚਾਕੂ, ਸ਼ਹਿਦ ਕੱਢਣ ਵਾਲੀ ਮਸ਼ੀਨ ਆਦਿ।

ਸ਼ਹਿਦ ਮੱਖੀਆਂ ਖਰੀਦਣਾ: ਪੂਰੇ ਭਰੇ ਹੋਏ ਛੇ-ਅੱਠ ਫਰੇਮਾਂ ਤੋਂ ਘੱਟ ਮੱਖੀ ਨਾ ਖਰੀਦੋ।ਰਾਣੀ ਮੱਖੀ ਤਾਜ਼ੀ ਅਤੇ ਨਵੀਂ ਗਰਭਤ ਹੋਣੀ ਚਾਹੀਦੀ ਹੈ।ਨਵੇਂ ਖਰੀਦੇ ਛੱਤਿਆਂ ਉੱਪਰ ਕਾਫੀ ਮਿਕਦਾਰ ਵਿੱਚ ਕਾਮਾ ਮੱਖੀਆਂ, ਅੰਡੇ, ਖੁੱਲਾ ਅਤੇ ਬੰਦ ਕਾਮਾ ਬਰੂਡ, ਸ਼ਹਿਦ ਅਤੇ ਪੋਲਨ ਹੋਣੇ ਚਾਹੀਦੇ ਹਨ।

ਖਰੀਦੇ ਕਟੁੰਬਾਂ ਦੀ ਢੋਆ-ਢੁਆਈ: ਢੋਆ-ਢੁਆਈ ਰਾਤ ਸਮੇਂ ਕਰੋ।ਬਕਸੇ ਦੇ ਗੇਟ ਫੱਟੀਆਂ ਨਾਲ (ਸਰਦੀ ਵਿੱਚ) ਜਾਂ ਤਾਰਾਂ ਦੀ ਜਾਲੀ ਨਾਲ (ਗਰਮੀ ਵਿੱਚ) ਬੰਦ ਕਰੋ।ਢੋਆ-ਢੁਆਈ ਸਮੇਂ ਬਕਸਿਆਂ ਨੂੰ ਘੱਟ ਤੋਂ ਘੱਟ ਝਟਕੇ ਲੱਗਣ ਦਿਉ।

ਬਕਸਿਆਂ ਨੂੰ ਟਿਕਾਉਣਾ: ਮੱਖੀ ਫਾਰਮ ਤੇ ਪਹੁੰਚਣ ਉਪਰੰਤ ਬਕਸਿਆਂ ਵਿਚਕਾਰ 6 ਤੋਂ 8 ਫੁੱਟ ਦੀ ਦੂਰੀ ਅਤੇ ਕਤਾਰਾਂ ਵਿੱਚਕਾਰ 10 ਫੁੱਟ ਦੀ ਦੂਰੀ ਰੱਖੋ। ਬਕਸਿਆਂ ਦੇ ਗੇਟ ਆਵਾਜਾਈ ਤੋਂ ਉਲਟ ਪਾਸੇ ਰੱਖੋ।

ਇਹ ਵੀ ਪੜ੍ਹੋ : ਇਨ੍ਹਾਂ ਫੁੱਲਾਂ ਵੱਲ ਮਧੂ-ਮੱਖੀਆਂ ਸਭ ਤੋਂ ਵੱਧ ਹੁੰਦੀਆਂ ਹਨ ਆਕਰਸ਼ਿਤ, ਬਾਗਬਾਨੀ ਅਤੇ ਮਧੂ ਮੱਖੀ ਪਾਲਣ ਲਈ ਲਾਹੇਵੰਦ

ਸ਼ਹਿਦ ਮੱਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ

1. ਬਸੰਤ ਰੁੱਤ: ਇਸ ਰੁੱਤ ਵਿੱਚ ਜੇਕਰ ਸ਼ਹਿਦ ਮੱਖੀ ਪਾਲਕ ਲੋੜੀਂਦੇ ਪ੍ਰਬੰਧ ਸਮੇਂ ਸਿਰ ਕਰ ਲੈਣ ਤਾਂ ਕਟੁੰਬਾਂ ਦਾ ਤੇਜ਼ ਵਾਧਾ ਨਿਸ਼ਚਿਤ ਹੈ।ਸਭ ਤੋਂ ਪਹਿਲਾਂ ਇਸ ਰੁੱਤ ਦੇ ਸ਼ੁਰੂ ਵਿੱਚ ਸਰਦੀ ਦੀ ਅੰਦਰਲੀ ਪੈਕਿੰਗ ਕੱਢ ਦਿਉ। ਬਕਸੇ ਦੇ ਬੌਟਮ-ਬਾਰਡ ਤੋਂ ਸਾਰੀ ਰਹਿੰਦ-ਖੂੰਹਦ ਸਾਫ ਕਰ ਦਿਉ।ਬਕਸੇ ਦੇ ਅੰਦਰ ਲੋੜ ਅਨੁਸਾਰ ਬੁਨਿਆਦੀ ਸ਼ੀਟਾਂ ਜਾਂ ਬਣੇ-ਬਣਾਏ ਛੱਤੇ ਦਿਉ।ਇਸ ਤੋਂ ਇਲਾਵਾ ਉਤਸ਼ਾਹਿਤ ਖੁਰਾਕ ਦਾ ਘੋਲ (ਦੋ ਹਿੱਸੇ ਪਾਣੀ ਅਤੇ ਇੱਕ ਹਿੱਸਾ ਖੰਡ) ਬਣਾ ਕੇ ਮੱਖੀਆਂ ਨੂੰ ਦਿਉ।ਸਵਾਰਮਿੰਗ ਨੂੰ ਰੋਕਣ ਲਈ ਕਟੁੰਬਾਂ ਵਿੱਚ ਲੋੜੀਂਦੀ ਹੋਰ ਜਗ੍ਹਾ ਦਿਉ। ਤਿੰਨ ਸਾਲ ਪੁਰਾਣੇ ਛੱਤੇ ਅਤੇ 1-11/2 ਸਾਲ ਪੁਰਾਣੀ ਰਾਣੀ ਨੂੰ ਬਦਲ ਦਿਉ। ਇਸ ਤੋਂ ਇਲਾਵਾ ਬਾਹਰੀ ਪਰਜੀਵੀ ਚਿਚੜੀਆਂ ਦੇ ਹਮਲੇ ਅਤੇ ਬਰੂਡ ਦੀਆਂ ਬਿਮਾਰੀਆਂ ਬਾਰੇ ਸੁਚੇਤ ਰਹੋ।

2. ਗਰਮੀ ਰੁੱਤ: ਪੰਜਾਬ ਵਿੱਚ ਕੜਾਕੇ ਦੀ ਗਰਮੀ ਵਿੱਚ ਤਾਪਮਾਨ ਕਈ ਵਾਰ 45⁰ ਸੈਲਸੀਅਸ ਤੋਂ ਵੀ ਵੱਧ ਜਾਂਦਾ ਹੈ। ਇਸ ਲਈ ਸ਼ਹਿਦ ਮੱਖੀਆਂ ਦੇ ਕੰਮ ਦੀ ਰਫਤਾਰ ਨੂੰ ਬਰਕਰਾਰ ਰੱਖਣ ਲਈ ਹੇਠ ਲਿਖੇ ਉਪਰਾਲੇ ਸਮੇਂ ਸਿਰ ਕਰਨੇ ਚਾਹੀਦੇ ਹਨ:

● ਕਟੁੰਬਾਂ ਲਈ ਛਾਂ ਅਤੇ ਤਾਜ਼ੇ ਪਾਣੀ ਦਾ ਪ੍ਰਬੰਧ ਕਰਨਾ।
● ਕਟੁੰਬਾਂ ਨੂੰ ਵਧੇਰੇ ਜਗ੍ਹਾ ਦੇਣੀ ਅਤੇ ਡਰੋਨ ਮੱਖੀਆਂ ਦੀ ਗਿਣਤੀ ਘਟਾਉਣਾ।
● ਚਿਚੜੀਆਂ ਅਤੇ ਬੀਮਾਰੀਆਂ ਤੋਂ ਬਚਾਅ ਲਈ ਉਪਰਾਲੇ ਕਰਨੇ।

ਇਹ ਵੀ ਪੜ੍ਹੋ : Beekeeping: ਮਧੂ ਮੱਖੀ ਪਾਲਣ ਤੋਂ ਕੁਝ ਮਹੀਨਿਆਂ ਵਿਚ ਬਣ ਸਕਦੇ ਹੋ ਲੱਖਪਤੀ ! ਜਾਣੋ ਕਿਵੇਂ

ਇਟੈਲੀਅਨ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਸੁਝਾਅ

ਇਟੈਲੀਅਨ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਸੁਝਾਅ

3. ਵਰਖਾ ਰੁੱਤ: ਵਰਖਾ ਰੁੱਤ ਵਿੱਚ ਬੱਦਲਵਾਹੀ, ਹਵਾ ਵਿੱਚ ਵੱਧ ਨਮੀ ਅਤੇ ਕਟੁੰਬ ਵਿੱਚ ਪੈਦਾ ਹੋਇਆ ਹੁੰਮਸ ਮਧੂ-ਮੱਖੀਆਂ ਦੀ ਬਾਹਰ ਫੁੱਲਾਂ ਤੇ ਜਾਣ ਦੀ ਕੋਸ਼ਿਸ਼ ਤੇ ਬੁਰਾ ਅਸਰ ਪਾਉਂਦੇ ਹਨ।ਇਸ ਮੌਸਮ ਵਿੱਚ ਸ਼ਹਿਦ ਮੱਖੀਆਂ ਦੀ ਸਾਂਭ-ਸੰਭਾਲ ਲਈ ਹੇਠ ਲਿਖੇ ਉਪਰਾਲੇ ਕਰੋ:

● ਕਟੁੰਬਾਂ ਦਾ ਨਿਰੀਖਣ ਅਤੇ ਬੌਟਮ-ਬਾਰਡ ਤੋਂ ਕੂੜਾ-ਕਰਕਟ ਸਾਫ ਕਰੋ।
● ਖੁਰਾਕ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਹਿੱਸਾ ਖੰਡ ਅਤੇ ਇੱਕ ਹਿੱਸੇ ਪਾਣੀ ਵਾਲੀ ਖੁਰਾਕ ਅਤੇ ਪਰਾਗ ਪੂਰਕ ਖੁਰਾਕ ਲੋੜ ਅਨੁਸਾਰ ਦਿੳ ਅਤੇ ਖੁਰਾਕ ਦੇਣ ਵੇਲੇ ਰੌਬਿੰਗ ਤੋਂ ਬਚਾਉ।
● ਮੋਮੀ ਕੀੜੇ, ਭਰਿੰਡਾਂ, ਕਾਲੇ ਕੀੜੇ, ਹਰੀ ਚਿੜੀ ਅਤੇ ਬਾਹਰੀ ਪ੍ਰਜੀਵੀ ਚਿਚੜੀ ਅਾਿਦਿ ਦੁਸ਼ਮਣਾਂ ਤੋਂ ਬਚਾਉਣ ਲਈ ਯੋਗ ਉਪਰਾਲੇ ਕਰੋ।

4. ਪਤਝੜ ਰੁੱਤ: ਇਹ ਰੁੱਤ ਸ਼ਹਿਦ ਮੱਖੀ ਦੇ ਕਟੁੰਬਾਂ ਦੀ ਗਿਣਤੀ ਵਧਾਉਣ ਲਈ ਦੂਜੀ ਵਧੀਆ ਰੁੱਤ ਹੈ। ਨਵੰਬਰ ਦੇ ਅਖੀਰ ਤੱਕ ਬਰੂਡ ਰਹਿਤ ਛੱਤਿਆਂ ਵਿੱਚੋਂ ਪੱਕਿਆ ਹੋਇਆ ਸ਼ਹਿਦ ਕੱਢ ਲੈਣਾ ਚਾਹੀਦਾ ਹੈ।

5. ਸਰਦੀ ਰੁੱਤ: ਇਸ ਰੁੱਤ ਦੌਰਾਨ ਹੇਠ ਲਿਖੇ ਉਪਰਾਲੇ ਕਰੋ:

● ਕਟੁੰਬਾਂ ਨੂੰ ਧੁੱਪੇ ਰੱਖੋ ਅਤੇ ਕਮਜ਼ੋਰ ਕਟੁੰਬਾਂ ਨੂੰ ਇਕੱਠੇ ਕਰਕੇ ਤਕੜੇ ਬਣਾਉ।
● ਕਟੁੰਬਾਂ ਨੂੰ ਸਰਦੀ ਦੀ ਅੰਦਰਲੀ ਅਤੇ ਬਾਹਰਲੀ ਪੈਕਿੰਗ ਦਿਉ ਅਤੇ ਕਟੁੰਬਾਂ ਦਾ ਪ੍ਰਵਾਸ ਕਰਵਾਉ।
● ਦੋ ਹਿੱਸੇ ਖੰਡ ਅਤੇ ਇੱਕ ਹਿੱਸਾ ਪਾਣੀ ਵਾਲੀ ਖੁਰਾਕ ਕਟੁੰਬਾਂ ਨੂੰ ਦਿਉ ਅਤੇ ਵਾਧੂ ਛੱਤੇ ਸੰਭਾਲ ਦਿਉ ।

Summary in English: Italian Beekeeping is a Profitable Business for young people

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters