Beekeeping: ਬਰਸਾਤ ਰੁੱਤ ਦੇ ਸ਼ੁਰੂ ਵਿੱਚ ਕਟੁੰਬਾਂ ਦਾ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਾਟਮ ਬੋਰਡ ਤੇ ਪਈ ਰਹਿੰਦ-ਖੂੰਹਦ ਵਿੱਚ ਮੋਮ-ਕੀੜੇ ਦੀਆਂ ਸੁੰਡੀਆਂ ਪਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੋ ਕਿ ਫਿਰ ਛੱਤਿਆਂ ਤੇ ਹਮਲਾ ਕਰ ਦਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਬਰਸਾਤ ਰੁੱਤ ਦੇ ਸ਼ੁਰੂ ਤੋਂ ਹੀ ਹਾਈਵ ਦੀ ਸਫ਼ਾਈ ਦਾ ਖਿਆਲ ਰੱਖੋ। ਬਾਟਮ ਬੋਰਡ ਤੋਂ ਕੂੜਾ-ਕਰਕਟ ਇਕੱਠਾ ਕਰਕੇ ਡੂੰਘਾ ਦੱਬ ਜਾਂ ਸਾੜ ਦੇਵੋ। ਕਦੇ-ਕਦੇ ਬਾਟਮ ਬੋਰਡ ਨੂੰ ਧੁੱਪ ਲਗਵਾਓ ਤਾਂ ਜੋ ਤਰੇੜਾਂ ਅਤੇ ਜੋੜਾਂ ਵਿੱਚ ਲੁਕੀਆਂ ਮੋਮ ਕੀੜੇ ਦੀਆਂ ਸੁੰਡੀਆਂ ਮਰ ਜਾਣ।
ਕਮਜ਼ੋਰ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਜੋੜਨਾ:
ਕਮਜ਼ੋਰ ਕਟੁੰਬ ਰਾਬਿੰਗ ਅਤੇ ਸ਼ਹਿਦ ਮੱਖੀਆਂ ਦੇ ਦੁਸ਼ਮਣਾਂ ਲਈ ਆਸਾਨ ਨਿਸ਼ਾਨਾ ਬਣ ਜਾਂਦੇ ਹਨ। ਇਸ ਲਈ ਕਮਜ਼ੋਰ ਕਟੁੰਬਾਂ ਨੂੰ ਸਿਫਾਰਸ਼ ਕੀਤੇ ਅਖਬਾਰ ਵਾਲੇ ਢੰਗ ਨਾਲ ਜੋੜ ਦੇਵੋ। ਇਸ ਢੰਗ ਵਿੱਚ ਕਟੁੰਬ ਦਾ ਉਪਰਲਾ ਅਤੇ ਅੰਦਰਲਾ ਢੱਕਣ ਉਤਾਰ ਕੇ ਉਸ ਉੱਪਰ ਬਰੀਕ ਮੋਰੀਆਂ ਕੀਤਾ ਅਖਬਾਰ ਰੱਖੋ ਅਤੇ ਦੂਸਰੇ ਕਟੁੰਬ ਨੂੰ ਬਿਨਾਂ ਬਾਟਮ ਬੋਰਡ ਦੇ ਚੱਕ ਕੇ ਅਖਬਾਰ ਦੇ ਉੱਤੇ ਰੱਖ ਦਿਉ। ਦੋ ਦਿਨਾਂ ਵਿੱਚ ਦੋਵੇਂ ਕਟੁੰਬ ਮਿਲ ਕੇ ਇੱਕ ਪਰਿਵਾਰ ਵਾਂਗ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜੇਕਰ ਕੋਈ ਕਟੁੰਬ ਰਾਣੀ ਰਹਿਤ ਹੈ ਤਾਂ ਉਸ ਨੂੰ ਰਾਣੀ ਵਾਲੇ ਕਟੁੰਬ ਨਾਲ ਉੱਪਰ ਦਿੱਤੀ ਵਿਧੀ ਨਾਲ ਜੋੜ ਦਿਉ।
ਕਟੁੰਬਾਂ ਨੂੰ ਹਵਾਦਾਰ ਬਨਾਉਣਾ ਅਤੇ ਪਾਣੀ ਦੀ ਮਾਰ ਤੋਂ ਬਚਾਉਣਾ:
ਪਾਣੀ ਦੀ ਮਾਰ ਤੋਂ ਕਟੁੰਬਾਂ ਦੇ ਬਚਾਅ ਲਈ ਸ਼ਹਿਦ ਮੱਖੀ ਫਾਰਮ ਆਸ-ਪਾਸ ਨਾਲੋਂ ਉੱਚੀ ਜਗ੍ਹਾ ਰੱਖੋ। ਗਰਮੀ, ਸਿੱਲ੍ਹ ਅਤੇ ਹਵਾ ਰੁਕਣ ਨਾਲ ਕਟੁੰਬ ਵਿੱਚ ਹੁੰਮਸ ਜਿਹਾ ਹੋ ਜਾਂਦਾ ਹੈ ਜਿਸ ਕਰਕੇ ਮੱਖੀਆਂ ਹਾਈਵ ਦੇ ਗੇਟ ਅੱਗੇ ਝੁੰਡ ਬਣਾ ਕੇ ਲਮਕਦੀਆਂ ਨਜ਼ਰ ਆਉਂਦੀਆਂ ਹਨ। ਇਸ ਲਈ ਵਰਖਾ ਰੁੱਤ ਵਿੱਚ ਕਟੁੰਬਾਂ ਨੂੰ ਹਵਾਦਾਰ ਬਨਾਉਣਾ ਜ਼ਰੂਰੀ ਹੁੰਦਾ ਹੈ ਜਿਸ ਲਈ ਹੇਠ ਲਿਖੇ ਉਪਰਾਲੇ ਕਰੋ:
● ਹਾਈਵ ਦੇ ਆਸੇ-ਪਾਸਿਉਂ ਘਾਹ-ਫੂਸ ਕੱਟ ਦਿਉ ਅਤੇ ਝਾੜੀਆਂ ਅਤੇ ਦਰਖ਼ਤਾਂ ਦੀਆਂ ਬਹੁਤ ਨੀਵੀਆਂ ਟਾਹਣੀਆਂ, ਜੋ ਹਵਾ ਲਈ ਰੁਕਾਵਟ ਬਣਦੀਆਂ ਹੋਣ, ਨੂੰ ਛਾਂਗ ਦੇਵੋ।
● ਹਾਈਵ ਦੇ ਗੇਟ ਨੂੰ ਪੂਰਾ ਖੋਲ੍ਹ ਦਿਉ, ਜੇਕਰ ਕਟੁੰਬ ਵਿੱਚ ਕਾਮਾ ਮੱਖੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਤਾਂ ਗੇਟ ਵਾਲੀ ਸਾਰੀ ਦੀ ਸਾਰੀ ਫੱਟੀ ਕੱਢਣੀ ਵੀ ਸਹੀ ਹੁੰਦੀ ਹੈ।
● ਤਕੜੇ ਕਟੁੰਬ ਦੇ ਸੁਪਰ ਚੈਂਬਰ ਵਿੱਚ ਦੂਜਾ ਗੇਟ ਬਣਾ ਕੇ ਵੀ ਉਸ ਨੂੰ ਵਧੇਰੇ ਹਵਾਦਾਰ ਬਣਾਇਆ ਜਾ ਸਕਦਾ ਹੈ।
● ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਮਾਮੂਲੀ ਜਿਹਾ ਅੱਗੇ ਜਾਂ ਪਿੱਛੇ ਖਿਸਕਾ ਦਿਉ ਤਾਂ ਕਿ ਇਨ੍ਹਾਂ ਵਿਚਕਾਰ ਅਜਿਹੀ ਪਤਲੀ ਜਿਹੀ ਝੀਥ ਜਿਹੀ ਬਣ ਜਾਵੇ ਜਿਸ ਵਿੱਚੋਂ ਹਵਾ ਤਾਂ ਆ ਜਾ ਸਕੇ ਪਰ ਮੱਖੀਆਂ ਨਾ ਲੰਘ ਸਕਣ। ਦੋ ਚੈਂਬਰਾਂ ਦੇ ਵਿਚਕਾਰ ਪਤਲੇ-ਪਤਲੇ ਤੀਲੇ ਰੱਖ ਕੇ ਵੀ ਅਜਿਹੀ ਝੀਥ ਪੈਦਾ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਫੁੱਲਾਂ ਵੱਲ ਮਧੂ-ਮੱਖੀਆਂ ਸਭ ਤੋਂ ਵੱਧ ਹੁੰਦੀਆਂ ਹਨ ਆਕਰਸ਼ਿਤ, ਬਾਗਬਾਨੀ ਅਤੇ ਮਧੂ ਮੱਖੀ ਪਾਲਣ ਲਈ ਲਾਹੇਵੰਦ
ਵਾਧੂ ਛੱਤੇ ਸੰਭਾਲਣਾ:
ਬਰਸਾਤ ਰੁੱਤ ਵਿੱਚ ਸ਼ਹਿਦ ਮੱਖੀਆਂ ਦੀ ਗਿਣਤੀ ਘੱਟ ਜਾਣ ਕਾਰਨ ਬਹੁਤ ਸਾਰੇ ਬਣੇ-ਬਣਾਏ ਛੱਤੇ ਖਾਲੀ ਹੋ ਜਾਂਦੇ ਹਨ ਜਿਨ੍ਹਾਂ ਤੇ ਮੱਖੀਆਂ ਕੰਮ ਨਹੀਂ ਕਰਦੀਆਂ। ਇਨ੍ਹਾਂ ਖਾਲੀ ਛੱਤਿਆਂ ਤੇ ਮੋਮ-ਕੀੜਾ ਬੜੀ ਤੇਜ਼ੀ ਨਾਲ ਪਲਦਾ ਰਹਿੰਦਾ ਹੈ ਅਤੇ ਇਨ੍ਹਾਂ ਕੀਮਤੀ ਛੱਤਿਆਂ ਨੂੰ ਬਰਬਾਦ ਕਰ ਦਿੰਦਾ ਹੈ। ਹੌਲੀ-ਹੌਲੀ ਮੋਮ-ਕੀੜੇ ਦੀ ਗਿਣਤੀ ਵਧਣ ਨਾਲ ਇਸ ਦਾ ਹਮਲਾ ਮੱਖੀਆਂ ਵਾਲੇ ਛੱਤਿਆਂ ਤੇ ਵੀ ਹੋ ਜਾਂਦਾ ਹੈ। ਇਸ ਲਈ ਖਾਲੀ ਛੱਤਿਆਂ ਨੂੰ ਕੱਢ ਕੇ ਖਾਲੀ ਚੈਂਬਰਾਂ ਵਿੱਚ ਪਾਉ ਅਤੇ ਸਿਫਾਰਸ਼ ਕੀਤੇ ਢੰਗ ਮੁਤਾਬਿਕ ਹਵਾਬੰਦ ਕਮਰੇ ਜਾਂ ਸੁਪਰ ਚੈਂਬਰਾਂ ਵਿੱਚ ਸਲਫਰ ਦੀ ਧੂਣੀ ਦੇ ਕੇ ਸੰਭਾਲੋ।
ਖ਼ੁਰਾਕ ਦੇਣੀ:
ਸ਼ਹਿਦ ਮੱਖੀਆਂ ਨੂੰ ਜ਼ਿੰਦਾ ਰੱਖਣ ਅਤੇ ਸਰੀਰਕ ਵਾਧੇ ਲਈ ਕਈ ਖ਼ੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਉਨ੍ਹਾਂ ਨੂੰ ਨੈਕਟਰ ਅਤੇ ਪਰਾਗ ਤੋਂ ਮਿਲਦੇ ਹਨ। ਬਰਸਾਤ ਰੁੱਤ ਵਿੱਚ ਬਹੁਤਿਆਂ ਇਲਾਕਿਆਂ ਵਿੱਚ ਪਰਾਗ ਜਾਂ ਨੈਕਟਰ ਜਾਂ ਦੋਹਾਂ ਦੀ ਹੀ ਘਾਟ ਹੋ ਜਾਂਦੀ ਹੈ। ਖ਼ੁਰਾਕ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਕਟੁੰਬਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖੰਡ ਅਤੇ ਪਾਣੀ ਘੋਲ ਜਾਂ ਜਮ੍ਹਾਂ ਕੀਤਾ ਹੋਇਆ ਪਰਾਗ ਜਾਂ ਪਰਾਗ ਪੂਰਕ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਵਧੀਆ ਸਹਾਇਕ ਧੰਦਾ, ਇੱਥੋਂ ਲਓ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ
ਖੁਰਾਕ ਦੀ ਚੋਰੀ (ਰਾਬਿੰਗ) ਦੀ ਰੋਕਥਾਮ:
ਹਾਈਵ ਦੀਆਂ ਸਾਰੀਆਂ ਵਿਰਲਾਂ ਝੀਥਾਂ ਨੂੰ ਗਾਰੇ ਨਾਲ ਲਿੱਪ ਕੇ ਜਾਂ ਟੇਪ ਨਾਲ ਮੱਖੀ ਬੰਦ ਕਰ ਦਿਉ। ਹਾਈਵ ਦਾ ਗੇਟ ਛੋਟਾ ਕਰ ਦਿਉ ਤਾਂ ਕਿ ਮੱਖੀਆਂ ਇੱਕ-ਇੱਕ ਕਰਕੇ ਹੀ ਕਟੁੰਬ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ। ਇਸ ਤਰ੍ਹਾਂ ਕਰਨ ਨਾਲ ਪਹਿਰੇਦਾਰ ਮੱਖੀਆਂ ਚੋਰੀ ਕਰ ਰਹੀਆਂ ਮੱਖੀਆਂ ਨੂੰ ਅੰਦਰ ਵੜਨ ਤੋਂ ਬੇਹਤਰ ਰੋਕ ਸਕਣਗੀਆਂ। ਖ਼ੁਰਾਕ ਹਮੇਸ਼ਾ ਸਾਰੇ ਕਟੁੰਬਾਂ ਨੂੰ ਇੱਕੋ ਦਿਨ ਸਿਰਫ ਸ਼ਾਮ ਦੇ ਸਮੇਂ, ਜਦੋਂ ਤਕਰੀਬਨ ਸਾਰੀਆਂ ਮੱਖੀਆਂ ਕਟੁੰਬ ਅੰਦਰ ਵਾਪਸ ਆ ਗਈਆਂ ਹੋਣ, ਹੀ ਦੇਣੀ ਚਾਹੀਦੀ ਹੈ। ਖ਼ੁਰਾਕ ਦੇਣ ਸਮੇਂ ਖ਼ੁਰਾਕ ਹਾਈਵ ਦੇ ਉੱਪਰ ਜਾਂ ਬਾਹਰ ਨਾ ਡੁੱਲ੍ਹੇ।
ਇਹ ਵੀ ਪੜ੍ਹੋ: ਪਸ਼ੂਆਂ ਦੀ ਖੁਰਾਕ `ਚ Bypass Fat ਵਰਤਣ ਨਾਲ ਹੋਣਗੇ ਇਹ ਫਾਇਦੇ
ਸ਼ਹਿਦ ਮੱਖੀਆਂ ਦੇ ਕਟੁੰਬਾਂ ਵਿੱਚ ਰਾਬਿੰਗ ਸ਼ੁਰੂ ਹੋਣ 'ਤੇ ਹੇਠ ਲਿਖੇ ਉਪਰਾਲੇ ਕਰੋ:
● ਹਰੇਕ ਹਾਈਵ ਦਾ ਗੇਟ ਛੋਟਾ ਕਰ ਕੇ ਇੱਕ ਮੱਖੀ ਨਿਕਲਣ ਜੋਗਾ ਕਰ ਦਿਉ। ਪਰ ਇਸ ਗੱਲ ਦਾ ਖਿਆਲ ਰੱਖੋ ਕਿ ਕਟੁੰਬ ਵਿੱਚ ਲੋੜੀਂਦੀ ਹਵਾ ਪ੍ਰਵੇਸ਼ ਹੋ ਸਕੇ।
● ਗਿੱਲੇ ਘਾਹ ਨੂੰ ਕਾਰਬੋਲਿਕ ਐਸਿਡ (1%) ਵਿੱਚ ਡੁਬੋ ਕੇ ਕਟੁੰਬ ਦੇ ਗੇਟ ਤੇ ਰੱਖਣ ਨਾਲ ਵੀ ਰਾਬਿੰਗ ਨੂੰ ਰੋਕਿਆ ਜਾ ਸਕਦਾ ਹੈ।
● ਜੇਕਰ ਰਾਬਿੰਗ ਬਹੁਤ ਹੀ ਜ਼ਿਆਦਾ ਹੋ ਰਹੀ ਹੋਵੇ ਤਾਂ ਚੋਰੀ ਹੋ ਰਹੇ ਕਟੁੰਬ ਦਾ ਗੇਟ ਕੁਝ ਸਮੇਂ ਲਈ ਜਾਲੀ ਨਾਲ ਬੰਦ ਕਰ ਦੇਣਾ ਚਾਹੀਦਾ ਹੈ।
● ਜੇਕਰ ਉੱਪਰ ਦੱਸੇ ਤਰੀਕਿਆਂ ਨਾਲ ਵੀ ਰਾਬਿੰਗ ਬੰਦ ਨਾ ਹੋਵੇ ਤਾਂ ਰਾਬਿੰਗ ਕਰ ਰਹੇ ਕਟੁੰਬ ਨੂੰ ਲੱਭ ਕੇ ਰਾਤ ਦੇ ਸਮੇਂ ਘੱਟੋ-ਘੱਟ ਤਿੰਨ ਕਿਲੋਮੀਟਰ ਦੀ ਦੂਰੀ ਤੇ ਲੈ ਜਾਵੋ। ਜੇਕਰ ਕਟੁੰਬ ਨੂੰ ਦੂਰ ਲੈ ਜਾਣ ਦਾ ਪ੍ਰਬੰਧ ਨਾ ਹੋਵੇ ਤਾਂ ਚੋਰੀ ਹੋ ਰਹੇ ਅਤੇ ਚੋਰੀ ਕਰ ਰਹੇ ਕਟੁੰਬਾਂ ਦੀ ਆਪਸ ਵਿੱਚ ਜਗ੍ਹਾ ਬਦਲਣਾ ਵੀ ਰਾਬਿੰਗ ਬੰਦ ਕਰਨ ਵਿੱਚ ਸਹਾਈ ਹੁੰਦਾ ਹੈ।
ਜਸਪਾਲ ਸਿੰਘ, ਅਮਿਤ ਚੌਧਰੀ ਅਤੇ ਭਾਰਤੀ ਮੋਹਿੰਦਰੂ, ਕੀਟ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Let's ventilate the beehives and protect them from water damage