1. Home
  2. ਪਸ਼ੂ ਪਾਲਣ

Rainy Season: ਸ਼ਹਿਦ ਮੱਖੀਆਂ ਲਈ ਬਰਸਾਤੀ ਮੌਸਮ ਵੱਡਾ ਖ਼ਤਰਾ, ਜਾਣੋ Honey Bee Colonies ਦੀ ਤਿਆਰੀ ਅਤੇ ਸੰਭਾਲ ਦੇ ਤਰੀਕੇ

ਪੰਜਾਬ ਵਿੱਚ ਜੁਲਾਈ ਤੋਂ ਅੱਧ ਸਤੰਬਰ ਤੱਕ ਸ਼ਹਿਦ ਮੱਖੀਆਂ ਲਈ ਮੌਸਮ ਜ਼ਿਆਦਾ ਸੁਖਾਵਾਂ ਨਹੀਂ ਹੁੰਦਾ ਅਤੇ ਕਈਂ ਚੁਣੋਤੀਆਂ ਪੇਸ਼ ਕਰਦਾ ਹੈ। ਬਾਰਿਸ਼, ਬੱਦਲਵਾਈ, ਹਵਾ ਵਿੱਚ ਵਧੇਰੇ ਨਮੀ ਅਤੇ ਕਟੁੰਬ ਵਿੱਚ ਪੈਦਾ ਹੋਇਆ ਹੁੰਮਸ ਮਧੂ ਮੱਖੀਆਂ ਦੀ ਬਾਹਰ ਫੁੱਲਾਂ 'ਤੇ ਜਾਣ ਦੀ ਕੋਸ਼ਿਸ਼ 'ਤੇ ਬੁਰਾ ਅਸਰ ਪਾਉਂਦੇ ਹਨ। ਇਸ ਤਰ੍ਹਾਂ ਹੀ ਰਾਣੀ ਦੀ ਅੰਡੇ ਦੇਣ ਦੀ ਸਮਰੱਥਾ ਅਤੇ ਕਟੁੰਬ ਦੇ ਵਿਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਕਟੁੰਬ ਕਮਜ਼ੋਰ ਹੁੰਦੇ ਹਨ।

Gurpreet Kaur Virk
Gurpreet Kaur Virk
ਸ਼ਹਿਦ ਮੱਖੀਆਂ ਲਈ ਬਰਸਾਤੀ ਮੌਸਮ ਵੱਡਾ ਖ਼ਤਰਾ

ਸ਼ਹਿਦ ਮੱਖੀਆਂ ਲਈ ਬਰਸਾਤੀ ਮੌਸਮ ਵੱਡਾ ਖ਼ਤਰਾ

Beekeeping Profitable Business: ਵਰਖਾ ਰੁੱਤ ਦੌਰਾਨ ਫਸਲਾਂ ਅਤੇ ਵਾਤਾਵਰਣ ਵਿਚ ਵਿਸ਼ੇਸ਼ ਰੌਣਕ ਨਜ਼ਰ ਆਉਂਦੀ ਹੈ। ਹਰੇ-ਭਰੇ ਖੇਤ, ਚਿਹਚਹਾਉਂਦੀ, ਬਨਸਪਤੀ ਅਤੇ ਮਨਮੋਹਕ ਵਾਤਾਵਰਨ ਹਰ ਇਕ ਦੇ ਖਿਚ ਦਾ ਕੇਂਦਰ ਹੁੰਦਾ ਹੈ। ਇਹ ਮੌਸਮ ਬਨਸਪਤੀ ਅਤੇ ਜੀਵ-ਜੰਤੂਆਂ ਦੇ ਵਧਣ-ਫੁਲਣ ਅਤੇ ਪੁਨਰ-ਸੁਰਜੀਤ ਹੋਣ ਦਾ ਮੌਸਮ ਹੁੰਦਾ ਹੈ।

ਸ਼ਹਿਦ ਮੱਖੀਆਂ ਲਈ ਬਰਸਾਤ ਦਾ ਇਹ ਮੌਸਮ ਮਿਲੇ-ਜੁਲੇ ਰੰਗ ਪੇਸ਼ ਕਰਦਾ ਹੈ। ਜਿੱਥੇ ਮੌਨਸੂਨ ਦੀਆਂ ਬੂੰਦਾਂ ਉਨ੍ਹਾਂ ਫੁੱਲਾਂ ਨੂੰ ਪੋਸ਼ਣ ਦਿੰਦੀਆਂ ਹਨ, ਜਿਨ੍ਹਾਂ ਉੱਪਰ ਸ਼ਹਿਦ ਮੱਖੀਆਂ ਆਪਣੀ ਖੁਰਾਕੀ ਪੂਰਤੀ ਲਈ ਨਿਰਭਰ ਹਨ, ਉੱਥੇ ਹੀ ਵਧੇਰੇ ਵਰਖਾ, ਬਦੱਲਵਾਈ ਅਤੇ ਸਿੱਲ ਸ਼ਹਿਦ ਮੱਖੀਆਂ ਦੀ ਸਿਹਤ ਅਤੇ ਉਤਪਾਦਕਤਾ ਲਈ ਖ਼ਤਰਾ ਪੇਸ਼ ਕਰਦੀਆਂ ਹਨ।

ਪੰਜਾਬ ਵਿੱਚ ਜੁਲਾਈ ਤੋਂ ਅੱਧ ਸਤੰਬਰ ਤੱਕ ਸ਼ਹਿਦ ਮੱਖੀਆ ਲਈ ਮੌਸਮ ਜ਼ਿਆਦਾ ਸੁਖਾਵਾਂ ਨਹੀਂ ਹੁੰਦਾ ਅਤੇ ਕਈਂ ਚੁਣੋਤੀਆਂ ਪੇਸ਼ ਕਰਦਾ ਹੈ। ਬਾਰਿਸ਼, ਬੱਦਲਵਾਈ, ਹਵਾ ਵਿੱਚ ਵਧੇਰੇ ਨਮੀ ਅਤੇ ਕਟੁੰਬ ਵਿਚ ਪੈਦਾ ਹੋਇਆ ਹੁੰਮਸ ਮਧੂ ਮੱਖੀਆਂ ਦੀ ਬਾਹਰ ਫੁੱਲਾਂ ਤੇ ਜਾਣ ਦੀ ਕੋਸ਼ਿਸ਼ 'ਤੇ ਬੁਰਾ ਅਸਰ ਪਾਉਂਦੇ ਹਨ। ਇਸ ਤਰ੍ਹਾਂ ਹੀ ਰਾਣੀ ਦੀ ਅੰਡੇ ਦੇਣ ਦੀ ਸਮਰੱਥਾ ਅਤੇ ਕਟੁੰਬ ਦੇ ਵਿਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਕਟੁੰਬ ਕਮਜ਼ੋਰ ਹੁੰਦੇ ਹਨ। ਇਸ ਤੋਂ ਇਲਾਵਾ ਤੱਕੜੇ ਕਟੁੰਬਾਂ ਵੱਲੋਂ ਕਮਜ਼ੋਰ ਕਟੁੰਬਾਂ ਦੀ ਖੁਰਾਕ ਚੋਰੀ ਕਰਨਾ (ਰੌਬਿੰਗ) ਅਤੇ ਕੀੜਿਆਂ-ਬਿਮਾਰੀਆਂ ਦੇ ਹਮਲੇ ਦੀ ਵਧੇਰੇ ਸੰਭਾਵਨਾ ਆਦਿ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਸ਼ਹਿਦ ਮੱਖੀ ਪਾਲਕਾਂ ਦੀ ਦੂਰਅੰਦੇਸ਼ੀ, ਕੁਸ਼ਲ ਰਣਨੀਤੀ ਅਤੇ ਚੌਕਸੀ ਇਸ ਮੌਸਮ ਵਿਚ ਕਟੁੰਬਾਂ ਦੇ ਰੱਖ-ਰਖਾਵ ਲਈ ਜਰੂਰੀ ਹੈ। ਸ਼ਹਿਦ ਮੱਖੀ ਕਟੁੰਬਾਂ ਦੀ ਵਰਖਾ ਰੁੱਤੇ ਸਾਂਭ-ਸੰਭਾਲ ਦੀ ਮੁਹਾਰਤ ਹਾਂਸਲ ਕਰਨ ਲਈ ਹੇਠਾਂ ਸਾਂਝੇ ਕੀਤੇ ਨੁਕੱਤੇ ਅਪਣਾਓ ਤਾਂ ਜੋ ਇਹ ਨਿਮਰ ਸ਼ਹਿਦ ਮੱਖੀਆਂ ਇਹਨਾ ਮੌਸਮੀ ਚੁਣੌਤੀਆਂ ਵਿਚੋਂ ਮਜ਼ਬੂਤੀ ਨਾਲ ਉੁਭਰ ਕੇ ਵਧੇੇਰੇ ਲਾਭਕਾਰੀ ਸਿਧ ਹੋਣ।

ਵਰਖਾ ਰੁੱਤ ਵਿੱਚ ਕਟੁੰਬਾਂ ਦਾ ਪਾਣੀ ਅਤੇ ਹੁਮੰਸ ਤੋਂ ਬਚਾਅ

ਬਰਸਾਤ ਦੇ ਮੌਸਮ ਦੌਰਾਨ ਪੇਸ਼ ਆਉਣ ਵਾਲੀਆਂ ਮੁੱਖ ਅੋਕੜਾਂ ਵਿਚੋਂ ਕਟੁੰਬਾਂ ਨੂੰ ਬਰਸਾਤੀ ਪਾਣੀ ਤੋਂ ਬਚਾਉਣਾ ਬੇਹਦ ਜਰੂਰੀ ਹੈ। ਕਟੁੰਬਾਂ ਵਿਚ ਬਰਸਾਤੀ ਪਾਣੀ ਦੇ ਦਾਖਲ ਹੋਣ ਨਾਲ ਉੱਲੀ, ਫ਼ਫ਼ੂੰਦੀ ਅਤੇ ਕਟੁੰਬਾਂ ਦੇ ਕਮਜ਼ੋਰ ਹੋ ਜਾਣ ਆਦਿ ਸਮਸਿਆਵਾਂ ਆਉਂਦੀਆਂ ਹਨ।ਹੇਠਾਂ ਦੱਸੇ ਉਪਰਾਲਿਆਂ ਨਾਲ ਇਹਨਾਂ ਮੁਸ਼ਕਿਲਾਂ ਦਾ ਸੌਖਾ ਹਲ ਕਰੋ।

1. ਕਟੁੰਬਾਂ ਲਈ ਸਹੀ ਜਗ੍ਹਾਂ ਦੀ ਚੋਣ: ਸ਼ਹਿਦ ਮੱਖੀ ਕਟੁੰਬ ਹਮੇਸ਼ਾ ਲੋਹੇ ਦੇ ਸਟੈਂਡਾਂ ਤੇ ਟਿਕਾਓ। ਨੀਵੇਂ ਖੇਤਾਂ ਵਿਚ, ਜਿੱਥੇ ਬਰਸਾਤੀ ਪਾਣੀ ਆਮ ਇਕੱਠਾ ਹੁੰਦਾ ਹੋੋਏ, ਕਟੁੰਬ ਨਾ ਰੱਖੋ।ਜੇਕਰ ਸੰਭਵ ਹੋਏ ਤਾਂ ਸ਼ਹਿਦ ਮੱਖੀਆਂ ਦੇ ਕਟੁੰਬਾਂ ਦਾ ਮੂਹਰਲਾ ਗੇਟ ਵਾਲਾ ਪਾਸਾ ਥੋੜਾ ਨੀਵਾਂ ਰੱਖੋ ਤਾਂ ਜੋ ਬਰਸਾਤ ਦਾ ਪਾਣੀ ਕਟੁੰਬ ਦੇ ਗੇਟ ਵੱਲੋ ਅੰਦਰ ਦਾਖਲ ਨਾ ਹੋ ਸਕੇ।

2. ਮਿਆਰੀ ਕੁਆਲਟੀ ਦੇ ਬਕਸੇ ਅਤੇ ਉਪਰਲਾ ਢੱਕਣ: ਲੈਂਗਟਰੌਥ ਹਾਈਵ ਨਰਮ, ਟਿਕਾਉ ਅਤੇ ਚੰਗੀ ਕੁਆਲਟੀ ਦੀ ਲੱਕੜ ਤੋਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਕਟੁੰਬਾਂ ਅੰਦਰ ਵਧੇਰੇ ਹੁਮੰਸ ਪੈਦਾ ਹੋਣ ਦੀ ਸਮਸਿਆ ਕੁਦਰਤੀ ਤੌਰ ਤੇ ਸੀਮਤ ਹੋਵੇ। ਕਟੁੰਬਾਂ ਲਈ ਕੈਲ ਦੀ ਲੱਕੜ ਬਹੁਤ ਢੁੱਕਵੀਂ ਹੁੰਦੀ ਹੈ।ਇਸ ਤੋਂ ਇਲਾਵਾ ਬਕਸੇ/ਹਾਈਵ ਦੇ ਉਪਰਲੇ ਢੱਕਣ ਤੇ ਲੱਗੀ ਟਿਨ ਦੀ ਚਾਦਰ ਵੀ ਬਰਸਾਤ ਦੇ ਪਾਣੀ ਨੂੰ ਕਟੁੰਬ ਅੰਦਰ ਦਾਖਲ ਹੋਣ ਤੋਂ ਬਚਾਉਂਦੀ ਹੈ।

3. ਝੀਥਾਂ ਅਤੇ ਦਰਾੜਾਂ ਨੂੰ ਸੀਲ ਕਰਨਾ: ਕਟੁੰਬਾਂ ਵਿਚ ਵੱਡੀਆਂ ਝੀਥਾਂ/ਦਰਾੜਾਂ ਆਦਿ ਲਈ ਨਿਅਮਤ ਤੌਰ ਤੇ ਜਾਂਚ ਕਰਦੇ ਰਹੋ। ਅੰਬ, ਸਫੈਦੇ, ਟਾਜਲੀ ਜਾਂ ਕਿਸੇ ਮਾੜੇ ਮਿਆਰ ਦੀ ਲੱਕੜੀ ਤੋਂ ਤਿਆਰ ਬੱਕਸਿਆਂ ਵਿਚ ਅਜਿਹੀ ਸਮਸਿਆ ਵਧੇਰੇ ਪੇਸ਼ ਆਉਂਦੀ ਹੈ। ਇਸ ਪ੍ਰਕਾਰ ਦੀਆਂ ਦਰਾੜਾਂ/ਪਾੜਾਂ ਨੂੰ ਮਿੱਟੀ ਲੇਪ ਨਾਲ ਜਾਂ ਖਾਸ ਸਥਿਤੀ ਅਨੁਸਾਰ ਤੁਰੰਤ ਬੰਦ ਕਰੋ ਤਾਂ ਜੋ ਕਟੁੰਬ ਅੰਦਰ ਬਰਸਾਤ ਦੇ ਪਾਣੀ ਦੇ ਦਾਖਲ ਹੌਣ ਦੀ ਸੰਭਾਵਨਾ ਨਾ ਰਹੇ।

ਕਟੁੰਬ ਦੇ ਅੰਦਰਲੇ ਵਾਤਾਵਰਣ ਨੂੰ ਸੁਖਾਵਾਂ ਰਖਣਾ

ਵਰਖਾ ਰੁਤ ਦੌਰਾਨ ਕਟੁੰਬ ਦੇ ਅੰਦਰ ਸੁਖਾਵਾਂ ਵਾਤਾਵਰਣ ਸ਼ਹਿਦ ਮੱਖੀਆਂ ਦੇ ਕੁਸ਼ਲ ਕਮਕਾਜ ਅਤੇ ਉਤਪਾਦਕਤਾ ਲਈ ਬਹੁਤ ਜਰੂਰੀ ਹੈ।ਕਟੁੰਬ ਅੰਦਰ ਕੰਮ ਦੀ ਰਫਤਾਰ ਬਣਾਈ ਰਖਣ ਲਈ ਜਰੂਰੀ ਅਨੁਕੂਲ ਵਾਤਾਵਰਣ ਹੇਠਾਂ ਦੱਸੇ ਉਪਰਾਲਿਆਂ ਨਾਲ ਯਕੀਨੀ ਬਣਾਓ।

1. ਕਟੁੰਬਾਂ ਦਾ ਨਿਰੀਖਣ ਅਤੇ ਬੌਟਮ ਬੋਰਡ ਤੋਂ ਕੂੜੇ-ਕਰਕਟ ਦੀ ਸਫਾਈ: ਵਰਖਾ ਰੁੱਤ ਦੀ ਸ਼ੁਰੂਆਤ ਵਿੱਚ ਹੀ ਬੌਟਮ ਬੋਰਡ ਉੱਤੇ ਪਏ ਕੂੜੇ-ਕਰਕਟ ਨੂੰ ਸਾਫ ਕਰੋ। ਇਸ ਤੋਂ ਇਲਾਵਾ ਝੀਥਾਂ/ਤਰੇੜਾਂ ਵਿੱਚ ਛਿਪੇ ਮੌਮੀ ਕੀੜਿਆਂ ਦੇ ਅੰਡੇ ਅਤੇ ਸੁੰਡੀਆਂ ਨਸ਼ਟ ਕਰ ਦਿਉ।ਸਵੱਛ ਵਾਤਾਵਰਣ ਸ਼ਹਿਦ ਮੱਖੀਆਂ ਦੇ ਤੇਜ਼ ਵਾਧੇ ਅਤੇ ਕਟੁੰਬ ਦੀ ਵਧੇਰੇ ਪੈਦਾਵਾਰ ਲਈ ਬੁਨਿਆਦੀ ਲੋੜ ਹੈ।

2. ਕਟੁੰਬਾਂ ਨੂੰ ਹਵਾਦਾਰ ਬਨਾਉਣਾ: ਕਟੁੰਬ ਦੇ ਆਲੇ-ਦੁਆਲਿਓਂ ਘਾਹ-ਫੂਸ, ਬੇਲੋੜੀਆਂ ਦਰੱਖਤਾਂ ਦੀਆਂ ਨੀਵੀਆਂ ਟਾਹਣੀਆਂ/ਰੁਕਾਵਟਾਂ ਆਦਿ ਨੂੰ ਸਾਫ ਕਰ ਦਿਉ। ਤੱਕੜੇ ਕਟੁੰਬਾਂ ਦੇ ਗੇਟ ਨੂੰ ਖੋਲ ਦਿਉ ਜਾਂ ਲੋੜ ਅਨੁਸਾਰ ਗੇਟ ਵਾਲੀ ਪੂਰੀ ਫੱਟੀ ਕੱਢ ਦਿਉ। ਤੱਕੜੇ ਕਟੁੰਬਾਂ ਨੂੰ ਸੁਪਰ ਚੈਂਬਰ ਦੇਣ ਨਾਲ ਕਟੁੰਬ ਦੀ ਛੱਤ ਉੱਚੀ ਕੀਤੀ ਜਾ ਸਕਦੀ ਹੈ ਅਤੇ ਲੋੜ ਪੈਣ ਤੇ ਸੁਪਰ ਚੈਂਬਰ ਵਿੱਚ ਦੂਜਾ ਗੇਟ ਬਣਾ ਕੇ ਕਟੁੰਬ ਨੂੰ ਹੋਰ ਜ਼ਿਆਦਾ ਹਵਾਦਾਰ ਬਣਾਇਆ ਜਾ ਸਕਦਾ ਹੈ। ਬਰੂਡ ਚੈਂਬਰ ਦੀ 10 ਫਰੇਮ ਮੱਖੀ ਵਿਚੋਂ 2-3 ਫਰੇਮ ਮੱਖੀ ਕੱਢ ਕੇ ਸੁਪਰ ਚੈਂਬਰ ਵਿਚ ਰੱਖਣ ਨਾਲ ਕਟੁੰਬ ਜ਼ਿਆਦਾ ਹਵਾਦਾਰ ਬਣ ਜਾਂਦਾ ਹੈ।

ਇਹ ਵੀ ਪੜ੍ਹੋ : Animal Care: ਪਸ਼ੂਆਂ ਦੀ ਚੰਗੀ ਸਿਹਤ ਲਈ ਮਲ੍ਹੱਪਾਂ ਦੀ ਰੋਕਥਾਮ ਕਰਨਾ ਜ਼ਰੂਰੀ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

ਕਟੁੰਬਾਂ ਲਈ ਖੁਰਾਕ ਦਾ ਜ਼ਰੂਰੀ ਪ੍ਰਬੰਧ

ਵਰਖਾ ਰੁੱਤ ਵਿੱਚ ਗਰਮੀ, ਕਟੁੰਬ ਵਿੱਚ ਪੈਦਾ ਹੋਇਆ ਹੁੰਮਸ, ਅਤੇ ਲਗਾਤਾਰ ਬਰਸਾਤਾਂ ਸ਼ਹਿਦ ਮੱਖੀਆ ਦੇ ਕੰਮ ਅਤੇ ਕਟੁੰਬ ਵਿੱਚ ਨੈਕਟਰ ਅਤੇ ਪੋਲਨ ਦੀ ਆਮਦ ਤੇ ਮਾੜਾ ਪ੍ਰਭਾਵ ਪਾਉਂਦੇ ਹਨ।ਅਜਿਹੇ ਸਮੇਂ ਖਰਾਕ ਦੀ ਪੂਰਤੀ ਲਈ ਇਹ ਸੁਝਾਅ ਅਪਣਾਓ।

1. ਕਟੁੰਬ ਦੇ ਅੰਦਰ ਖੁਰਾਕ ਦਾ ਭੰਡਾਰ ਰਖਣਾ: ਬਰਸਾਤ ਦੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕ ਯਕੀਨੀ ਬਣਾਉਣ ਕਿ ਕਟੁੰਬਾਂ ਵਿਚ ਮੱਖੀਆਂ ਦੀ ਲੋੜ ਅਨੁਸਾਰ ਸ਼ਹਿਦ ਭੰਡਾਰ ਹੋਣ।ਇਸ ਤਰ੍ਹਾਂ ਕਟੁੰਬਾਂ ਨੂੰ ਬਾਹਰੋਂ ਖੰਡ ਦੇ ਘੋਲ ਦੇਣ ਦੀ ਜਿਆਦਾ ਲੋੜ ਨਹੀ ਪੈਂਦੀ।ਲੋੜ ਪੈਣ ਤੇ ਸ਼ਹਿਦ ਮੱਖੀ ਪਾਲਕ ਪੱਕੇ ਸ਼ਹਿਦ ਦੇ ਸੈੱਲਾਂ ਦੀਆਂ ਟੋਪੀਆਂ ਖੋਲ ਕੇ ਸ਼ਹਿਦ ਮੱਖੀਆਂ ਦੀ ਖੁਰਾਕ ਦੀ ਪੂਰਤੀ ਕਰ ਸਕਦੇ ਹਨ।

2. ਖੰਡ ਦਾ ਘੋਲ ਦੇਣਾ: ਸ਼ਹਿਦ ਮੱਖੀਆਂ ਲਈ ਨੈਕਟਰ/ਫੁੱਲਾਂ ਦਾ ਰਸ ਕਾਰਬੋਹਾਈਡਰੇਟਸ ਦਾ ਮੁੱਖ ਸਰੋਤ ਹੈ।ਨੈਕਟਰ ਦੀ ਆਮਦ ਵਿਚ ਕਮੀ ਅਤੇ ਕਟੁੰਬ ਅੰਦਰ ਖੁਰਾਕ ਦੀ ਘਾਟ ਸਮੇਂ ਸ਼ਹਿਦ ਮੱਖੀਆਂ ਨੂੰ ਖੰਡ ਦਾ ਘੋਲ ਦੇਣਾ ਚਾਹੀਦਾ ਹੈ।ਇਸ ਖੁਰਾਕ ਵਿੱਚ ਖੰਡ ਅਤੇ ਪਾਣੀ ਦਾ ਘੋਲ 1:1 ਅਨੁਪਾਤ ਵਿੱਚ ਬਣਾ ਕੇ ਸ਼ਹਿਦ ਮੱਖੀਆਂ ਨੂੰ ਦਿੱਤਾ ਜਾਂਦਾ ਹੈ।ਖੰਡ ਦਾ ਘੋਲ ਕਟੁੰਬਾਂ ਨੂੰ ਟੀਨ ਜਾਂ ਪਲਾਸਟਿਕ ਦੇ ਡੱਬੇ ਵਿੱਚ ਭਰ ਕੇ ਜਾਂ ਡਵੀਜ਼ਨ ਬੋਰਡ ਫੀਡਰ ਵਿੱਚ ਭਰ ਕੇ ਜਾਂ ਸਿੱਧਾ ਹੀ ਫਰੇਮਾਂ ਦੇ ਖਾਲੀ ਸੈੱਲਾਂ ਵਿੱਚ ਭਰ ਕੇ ਦਿੱਤਾ ਜਾ ਸਕਦਾ ਹੈ। ਡੱਬੇ ਵਿੱਚ ਖੰਡ ਦਾ ਘੋਲ ਦੇਣ ਲਈ ਡੱਬੇ ਵਿੱਚ ਕੁੱਝ ਲੱਕੜ ਦੀਆਂ ਛਿੱਟੀਆਂ ਪਾ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸ਼ਹਿਦ ਮੱਖੀਆਂ ਉਨ੍ਹਾਂ ਵਿੱਚ ਬੈਠ ਕੇ ਆਰਾਮ ਨਾਲ ਫੀਡ ਲੈ ਸਕਣ।

3. ਪੋਲਨ ਜਾਂ ਪੋਲਨ-ਪੂਰਕ ਖੁਰਾਕ ਦੇਣਾ: ਕਮਜ਼ੋਰ ਕਟੁੰਬਾਂ ਨੂੰ ਬਰੂਡ ਪਾਉਂਦੇ ਰੱਖਣ ਲਈ ਪੋਲਨ ਜਾਂ ਪੋਲਨ-ਪੂਰਕ ਖੁਰਾਕ ਦੇਣੀ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਦ ਮੱਖੀਆਂ ਲਈ ਪ੍ਰੌਟੀਨ ਦਾ ਮੁੱਖ ਸਰੋਤ ਹੈ। ਇੱਕ 10 ਫਰੇਮ ਬੱਲਤਾਂ ਵਾਲੇ ਕਟੁੰਬ ਨੂੰ ਔਸਤਨ 250 ਗ੍ਰਾਮ ਪੋਲਨ ਹਰ ਪੰਦਰਵਾੜੇ ਲਈ ਚਾਹੀਦਾ ਹੈ। ਇਸ ਲਈ ਪੀ.ਏ.ਯੂ. ਪੋਲਨ ਟਰੈਪ ਦੁਆਰਾ ਇਕੱਠਾ ਕੀਤਾ ਵਾਧੂ ਪੋਲਨ ਛੱਤਿਆਂ ਦੇ ਸੈੱਲਾਂ ਵਿੱਚ ਥੱਪ-ਥੱਪਾ ਕੇ ਭਰਿਆ ਜਾ ਸਕਦਾ ਹੈ। ਛੱਤੇ ਦੇ ਇੱਕ ਪਾਸੇ ਲਗਭੱਗ 250 ਗ੍ਰਾਮ ਪੋਲਨ ਭੱਰਿਆ ਜਾ ਸਕਦਾ ਹੈ। ਪੋਲਨ ਵਾਲਾ ਛੱਤਾ ਕਟੁੰਬ ਵਿੱਚ ਖੁੱਲੇ ਬਰੂਡ ਵਾਲੇ ਛੱਤਿਆਂ ਦੇ ਨਾਲ ਦੇ ਦਿੱਤਾ ਜਾਂਦਾ ਹੈ।ਪੋਲਨ ਦੀ ਅਣਹੋਂਦ ਸਮੇਂ ਪੀ.ਏ.ਯੂ. ਵਲੋ ਸਿਫਾਰਸ਼ ਵਿਧੀ ਦੁਆਰਾ ਤਿਆਰ ਪੋਲਨ-ਪੂਰਕ ਖੁਰਾਕ (ਬੀਅਰ ਦੀ ਮਰੀ ਹੋਈ ਖਮੀਰ, ਭੁੱਜੇ ਛੋਲਿਆਂ ਦਾ ਵੇਸਣ, ਸੁੱਕੇ ਦੁੱਧ, ਖੰਡ ਅਤੇ ਪਾਣੀ ਕ੍ਰਮਵਾਰ 42:4:4:25:25 ਹਿੱਸੇ) ਮਾਹਿਰਾਂ ਦੀ ਸਲਾਜ ਅਨੁਸਾਰ ਵਰਤੋ।

ਇਹ ਵੀ ਪੜ੍ਹੋ : Poultry Farming ਨਾਲੋਂ ਇਸ ਜੰਗਲੀ ਪੰਛੀ ਦੇ ਪਾਲਣ ਨਾਲ ਮਿਲੇਗਾ ਵੱਧ ਮੁਨਾਫਾ, ਜਾਣੋ ਕਿਵੇਂ?

ਵਰਖਾ ਰੁੱਤ ਵਿੱਚ ਸ਼ਹਿਦ ਮੱਖੀ ਕਟੁੰਬਾਂ ਦੀ ਤਿਆਰੀ ਅਤੇ ਸੰਭਾਲ ਕਿਵੇਂ ਕਰੀਏ?

ਵਰਖਾ ਰੁੱਤ ਵਿੱਚ ਸ਼ਹਿਦ ਮੱਖੀ ਕਟੁੰਬਾਂ ਦੀ ਤਿਆਰੀ ਅਤੇ ਸੰਭਾਲ ਕਿਵੇਂ ਕਰੀਏ?

ਸ਼ਹਿਦ ਮੱਖੀ ਕਟੁੰਬਾਂ ਦਾ ਰੌਬਿੰਗ ਅਤੇ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਾਉ

ਫੁੱਲ-ਫਲਾਕੇ ਦੀ ਅਣਹੋਂਦ ਦੌਰਾਨ ਕਲੋਨੀ ਵਿਚ ਖੁਰਾਕ ਦੀ ਕਮੀ ਕਾਰਨ ਕਈਂ ਵਾਰ ਇਕ ਮਜ਼ਬੂਤ ਕਲੋਨੀ ਇੱਕ ਕਮਜ਼ੋਰ ਕਲੋਨੀ ਵਿਚੋਂ ਖੁਰਾਕ ਦੀ ਲੁੱਟ-ਖਸੁੱਟ ਕਰਦੀ ਹੈੈ।ਤਕੜੇ ਕਟੁੰਬਾਂ ਦੀਆਂ ਮੱਖੀਆਂ ਦੁਆਰਾ ਕਮਜ਼ੋਰ ਕਟੁੰਬਾਂ ਵਿੱਚੋਂ ਖ਼ੁਰਾਕ ਦੀ ਚੋਰੀ ਕਰਨ ਦੀ ਅਲਾਮਤ ਨੂੰ ਰੌਬਿੰਗ ਕਿਹਾ ਜਾਂਦਾ ਹੈ। ਵਰਖਾ ਰੁੱਤ ਵਿੱਚ ਖ਼ੁਰਾਕ ਦੀ ਘਾਟ ਹੋਣ ਕਾਰਨ ਸ਼ਹਿਦ ਮੱਖੀ ਫਾਰਮ ਵਿੱਚ ਰੌਬਿੰਗ ਆਮ ਹੀ ਸ਼ੁਰੂ ਹੋ ਸਕਦੀ ਹੈ। ਰੌਬਿੰਗ ਦੌਰਾਨ ਚੋਰੀ ਹੋ ਰਹੇ ਅਤੇ ਚੋਰੀ ਕਰ ਰਹੇ ਦੋਹਾਂ ਕਟੁੰਬਾਂ ਦੀਆਂ ਮੱਖੀਆਂ ਵਿਚਕਾਰ ਲੜਾਈ ਹੁੰਦੀ ਹੈ। ਹਮਲਾਵਰ ਮੱਖੀਆਂ ਦੂਸਰੇ ਕਟੁੰਬ ਦੀ ਰਾਣੀ ਮੱਖੀ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਕਿ ਚੋਰੀ ਹੋ ਰਹੇ ਕਟੁੰਬ ਦੀਆਂ ਮੱਖੀਆਂ ਹੌਸਲਾ ਹਾਰ ਜਾਣ। ਇਸ ਮੌਕੇ ਤੇ ਜੇਕਰ ਸ਼ਹਿਦ ਮੱਖੀ ਪਾਲਕ ਰੌਬਿੰਗ ਰੋਕਣ ਦੇ ਉਚਿੱਤ ਉਪਰਾਲੇ ਸਮੇਂ ਸਿਰ ਨਾ ਕਰੇ ਤਾਂ ਮੱਖੀ ਫਾਰਮ ਵਿੱਚ ਬਹੁਤ ਸਾਰੇ ਕਟੁੰਬ ਖ਼ਤਮ ਹੋ ਜਾਂਦੇ ਹਨ।ਰੌਬਿੰਗ ਦੀ ਰੋਕਥਾਮ ਲਈ ਹੇਠਾਂ ਦੱਸੇ ਉਪਰਾਲੇ ਕਰੋ।

1. ਕਟੁੰਬ ਦਾ ਗੇਟ ਛੋਟਾ ਕਰਨਾ: ਹਾਈਵ ਦਾ ਗੇਟ ਮਿੱਟੀ ਦੇ ਗਾਰੇ ਨਾਲ ਲਿੱਪ ਕੇ ਛੋਟੇ ਕਰ ਦਿੳ ਤਾਂ ਜੋ ਸ਼ਹਿਦ ਮੱਖੀਆਂ ਇੱਕ-ਇੱਕ ਕਰਕੇ ਹੀ ਕਟੁੰਬ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ। ਇਸ ਤਰ੍ਹਾਂ ਕਰਨ ਨਾਲ ਪਹਿਰੇਦਾਰ ਮੱਖੀਆਂ ਚੋਰੀ ਕਰ ਰਹੀਆਂ ਮੱਖੀਆਂ ਨੂੰ ਅੰਦਰ ਵੜਨ ਤੋਂ ਚੰਗੀ ਤਰ੍ਹਾਂ ਰੋਕ ਸਕਣਗੀਆਂ।

2. ਕਟੁੰਬਾਂ ਨੂੰ ਇਕਸਾਰ ਖ਼ੁਰਾਕ ਦੇਣਾ: ਖ਼ੁਰਾਕ ਹਮੇਸ਼ਾ ਸਾਰੇ ਕਟੁੰਬਾਂ ਨੂੰ ਇਕੋ ਦਿਨ ਸਿਰਫ ਸ਼ਾਮ ਦੇ ਸਮੇਂ, ਜਦੋਂ ਮੱਖੀਆਂ ਬਾਹਰਲਾ ਕੰਮ ਕਰਨਾ ਬੰਦ ਕਰ ਦੇਣ, ਦੇਣੀ ਚਾਹੀਦੀ ਹੈ ਤਾਂ ਕਿ ਲੁੱਟ-ਖਸੁੱਟ ਲਈ ਬਾਹਰੋਂ ਮੱਖੀਆਂ ਨੂੰ ਸੂਹ ਲੈਣ ਦਾ ਮੌਕਾ ਹੀ ਨਾ ਮਿਲੇ।ਖ਼ੁਰਾਕ ਦੇਣ ਸਮੇਂ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖ਼ੁਰਾਕ ਬਾਹਰ ਨਾ ਡੁੱਲੇ ਪਰ ਜੇਕਰ ਅਜਿਹੀ ਔਕੜ ਪੇਸ਼ ਆਉਂਦੀ ਹੈ ਤਾਂ ਉਸਨੂੰ ਤੁਰੰਤ ਸਾਫ਼ ਕਰੋ।

3. ਵੱਧ ਬੱਲਤਾਂ ਵਾਲੇ ਤੱਕੜੇ ਕਟੁੰਬ ਰੱਖਣਾ: ਘੱਟ ਬੱਲਤਾਂ ਵਾਲੇ ਕਮਜ਼ੋਰ ਕਟੁੰਬਾਂ ਨਾਲੋਂ ਮਜ਼ਬੂਤ ਕਟੁੰਬ ਰੌਬਿੰਗ ਵਰਗੀਆਂ ਸਮਸਿਆਵਾਂ ਦਾ ਟਾਕਰਾ ਆਸਾਨੀ ਨਾਲ ਕਰ ਸਕਦੇ ਹਨ।ਇਸ ਤੋਂ ਇਲਾਵਾ ਅਜਿਹੇ ਤੱਕੜੇ ਕਟੁੰਬ ਉੱਪਰ ਮੋਮੀ ਕੀੜੇ, ਭਰਿੰਡਾਂ/ਦੰਦਈਏ, ਕਾਲੇ ਕੀੜੇ/ਕੀੜੀਆਂ, ਹਰੀ ਚਿੜੀ, ਕਾਲੀ ਚਿੜੀ ਅਤੇ ਬਾਹਰੀ ਪ੍ਰਜੀਵੀ ਮਾਈਟ ਦਾ ਹਮਲਾ ਅਤੇ ਨੁਕਸਾਨ ਵੀ ਘੱਟ ਹੁੰਦਾ ਹੈ। ਇਸ ਲਈ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਸਹਿਤ ਕਟੁੰਬਾਂ ਨਾਲ ਮਿਲਾ ਦਿਉ।ਕਟੁੰਬਾਂ ਨੂੰ ਮਿਲਾਉਣ ਲਈ ਸਿਫਾਰਸ਼ ਕੀਤੇ ਅਖਬਾਰ ਵਾਲੇ ਢੰਗ ਦੀ ਵਰਤੋਂ ਕਰੋ।

4. ਖੁਰਾਕ ਦੀ ਸ਼ੁਰੂ ਹੋਈ ਲੁੱਟ-ਖਸੁੱਟ ਨੂੰ ਬੰਦ ਕਰਨਾ: ਹਾਈਵ/ਬਕਸੇ ਦੇ ਚਾਰੇ ਪਾਸਿਉਂ ਝੀਥਾਂ ਆਦਿ ਨੂੰ ਮਿੱਟੀ ਦੇ ਗਾਰੇ ਨਾਲ ਲਿੱਪ ਕੇ ਮੱਖੀ ਬੰਦ ਕਰ ਦਿਉ।ਜੇਕਰ ਰੌਬਿੰਗ ਬਹੁਤ ਹੀ ਜ਼ਿਆਦਾ ਹੋ ਰਹੀ ਹੋਵੇ ਤਾਂ ਚੋਰੀ ਹੋ ਰਹੇ ਕਟੁੰਬ ਦਾ ਗੇਟ ਕੁੱਝ ਚਿਰ ਲਈ ਜਾਲੀ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਗਿੱਲੇ ਘਾਹ ਨੂੰ ਕਾਰਬੋਲਿਕ ਐਸਿਡ (1%), ਮਿੱਟੀ ਦੇ ਤੇਲ ਜਾਂ ਫੀਨਾਇਲ ਵਿੱਚ ਡੁੱਬੋ ਕੇ ਹਾਈਵ ਦੇ ਗੇਟ ਤੇ ਰੱਖਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਚੋਰ-ਮੱਖੀਆਂ ਇਨ੍ਹਾਂ ਕਟੁੰਬਾਂ ਤੋਂ ਦੂਰ ਰਹਿੰਦੀਆਂ ਹਨ।ਜੇਕਰ ਇਨ੍ਹਾਂ ਉਪਰਾਲਿਆਂ ਨਾਲ ਵੀ ਰੌਬਿੰਗ ਬੰਦ ਨਾ ਹੋਵੇ ਤਾਂ ਰੌਬਿੰਗ ਕਰ ਰਹੇ ਕਟੁੰਬ ਨੂੰ ਲੱਭ ਕੇ ਰਾਤ ਦੇ ਸਮੇਂ ਘੱਟੋ-ਘੱਟ ਤਿੰਨ ਕਿਲੋਮੀਟਰ ਦੀ ਦੂਰੀ ਤੇ ਲੈ ਜਾਣਾ ਚਾਹੀਦਾ ਹੈ। ਜੇਕਰ ਹਾਈਵ ਨੂੰ ਦੂਰ ਲੈ ਜਾਣ ਦਾ ਪ੍ਰਬੰਧ ਨਾ ਹੋਵੇ ਤਾਂ ਚੋਰੀ ਹੋ ਰਹੇ ਅਤੇ ਚੋਰੀ ਕਰ ਰਹੇ ਕਟੁੰਬਾਂ ਦੀ ਆਪਸ ਵਿੱਚ ਜਗ੍ਹਾ ਬਦਲਣ ਨਾਲ ਵੀ ਰੌਬਿੰਗ ਬੰਦ ਕੀਤੀ ਜਾ ਸਕਦੀ ਹੈ।

5. ਵਾਧੂ ਖਾਲੀ ਛੱਤੇ ਸੰਭਾਲਣਾ: ਵਰਖਾ ਰੁੱਤ ਵਿੱਚ ਸ਼ਹਿਦ ਮੱਖੀਆਂ ਦੀ ਗਿਣਤੀ ਘੱਟਣ ਕਾਰਣ ਬਣੇ-ਬਣਾਏ ਛੱਤੇ ਖਾਲੀ ਹੋ ਜਾਂਦੇ ਹਨ ਜਿਨ੍ਹਾਂ ਉੱਪਰ ਮੋਮੀ ਕੀੜੇ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ।ਇਸ ਲਈ ਖਾਲੀ ਛੱਤੇ ਕਟੁੰਬ ਵਿੱਚੋਂ ਕੱਢ ਕੇ ਸਿਫਾਰਿਸ਼ ਕੀਤੀ ਵਿਧੀ ਅਨੁਸਾਰ ਸੁਪਰ ਚੈਂਬਰਾਂ ਵਿਚ ਸਲਫਰ ਦੀ ਧੂਣੀ ਦੇ ਕੇ ਸਾਂਭ ਦਿਓ।

ਵਰਖਾ ਰੁੱਤ ਦੌਰਾਨ ਭਾਰੀ ਬਾਰਿਸ਼ ਅਤੇ ਹੁਮੰਸ ਸ਼ਹਿਦ ਮੱਖੀ ਪਾਲਕਾਂ ਲਈ ਕਠਿਨ ਚੁਣੌਤੀ ਪੇਸ਼ ਕਰਦੀਆਂ ਹਨ। ਇਸ ਦੇ ਬਾਵਜੂਦ ਸਹੀ ਯੋਜਨਾਬੰਦੀ ਅਤੇ ਸਮੇਂ ਸਿਰ ਕੀਤੇ ਉਪਰਾਲਿਆਂ ਨਾਲ ਕਟੁੰਬਾਂ ਦੀ ਕੰਮ ਦੀ ਰਫਤਾਰ ਅਤੇ ਪੈਦਾਵਾਰ ਨੂੰ ਬਰਕਰਾਰ ਰਖਿਆ ਜਾ ਸਕਦਾ ਹੈ। ਕਟੁੰਬਾਂ ਦਾ ਨਿਯਮਤ ਨਿਰੀਖਣ, ਸਹੀ ਜਗ੍ਹਾਂ ਦੀ ਚੌਣ, ਕਟੁੰਬਾਂ ਅੰਦਰ ਹਵਾਦਾਰ ਵਾਤਾਵਰਣ, ਸ਼ਹਿਦ ਮੱਖੀਆਂ ਦੀ ਖੁਰਾਕ ਦੀ ਪੂਰਤੀ, ਵੱਧ ਬੱਲਤਾਂ ਵਾਲੇ ਤੱਕੜੇ ਕਟੁੰਬ ਰੱਖਣਾ ਅਤੇ ਵਾਧੂ ਛੱਤਿਆਂ ਦੀ ਸੰਭਾਲ ਆਦਿ ਉਪਰਾਲਿਆਂ ਨਾਲ ਮੌਨਸੂਨ ਦੀਆਂ ਬਰਸਾਤਾਂ ਵਿਚ ਵੀ ਸ਼ਹਿਦ ਮੱਖੀਆਂ ਦੇ ਵੱਧਣ-ਫੁੱਲਣ ਵਿਚ ਮਦਦ ਕੀਤੀ ਜਾ ਸਕਦੀ ਹੈ। ਸ਼ਹਿਦ ਮੱਖੀ ਫਾਰਮ ਦੇ ਚੰਗੇ ਪ੍ਰਬੰਧਨ ਲਈ ਅਗੇਤੇ ਉਪਰਾਲੇ, ਚੌਕਸੀ ਅਤੇ ਸਮਸਿਆ ਅਨੁਕੂਲ ਅਪਣਾਈ ਰਣਨੀਤੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਬਰਸਾਤੀ ਮੌਸਮ ਵਿਚ ਸ਼ਹਿਦ ਮੱਖੀਆਂ ਦੇ ਪ੍ਰਬੰਧਨ ਵਿਚ ਮੁਹਾਰਤ ਹਾਂਸਿਲ ਕਰਕੇ ਸ਼ਹਿਦ ਮੱਖੀ ਪਾਲਕ ਵਧੇਰੇ ਉਤਪਾਦਨ ਅਤੇ ਮੁਨਾਫਾ ਕਮਾਉਣ ਦੀ ਦਿਸ਼ਾ ਵੱਲ ਸੌਖਿਆਂ ਹੀ ਅੱਗੇ ਵੱਧ ਸਕਦੇ ਹਨ।

ਸਰੋਤ: ਗੁਰਪ੍ਰੀਤ ਸਿੰਘ ਮੱਕੜ, ਸੀਨੀਅਰ ਐਕਸਟੈਂਸ਼ਨ ਸਾਂਇਟਿਸਟ (ਕੀਟ ਵਿਗਿਆਨ), ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਫਿਰੋਜ਼ਪੁਰ

Summary in English: Rainy Season: Rainy season is a big threat for honey bees, know how to prepare and preserve Honey bee colonies.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters