1. Home
  2. ਪਸ਼ੂ ਪਾਲਣ

ਭਾਰਤ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦੀ ਨਸਲ, ਜਾਣੋ ਇਸਦੀ ਪਛਾਣ ਅਤੇ ਵਿਸ਼ੇਸ਼ਤਾਵਾਂ

ਸਾਡੇ ਦੇਸ਼ ਵਿੱਚ ਗਾਵਾਂ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਨਸਲਾਂ ਪਾਈਆਂ ਜਾਂਦੀਆਂ ਹਨ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ। ਪਰ ਅੱਜ ਅਸੀਂ ਪਸ਼ੂ ਪਾਲਕਾਂ ਲਈ ਗਾਂ ਦੀ ਅਜਿਹੀ ਨਸਲ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨੂੰ ਦੇਸ਼ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇਸੀ ਗਾਂ ਬਾਰੇ...

Gurpreet Kaur Virk
Gurpreet Kaur Virk
ਜਾਣੋ ਸਾਹੀਵਾਲ ਗਾਂ ਦੀ ਪਛਾਣ ਅਤੇ ਵਿਸ਼ੇਸ਼ਤਾਵਾਂ

ਜਾਣੋ ਸਾਹੀਵਾਲ ਗਾਂ ਦੀ ਪਛਾਣ ਅਤੇ ਵਿਸ਼ੇਸ਼ਤਾਵਾਂ

Sahiwal Cow: ਪਸ਼ੂ ਪਾਲਕਾਂ ਲਈ, ਗਊ ਪਾਲਣ ਨੂੰ ਆਪਣੀ ਆਮਦਨ ਵਧਾਉਣ ਦਾ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੀ ਨਸਲ ਦੀ ਗਾਂ ਸਭ ਤੋਂ ਵੱਧ ਦੁੱਧ ਦਿੰਦੀ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਗਾਂ ਦੀ ਉਸ ਨਸਲ ਬਾਰੇ ਦੱਸਾਂਗੇ ਜੋ ਸਭ ਤੋਂ ਵੱਧ ਦੁੱਧ ਦਿੰਦੀ ਹੈ। ਦਰਅਸਲ, ਅਸੀਂ ਜਿਸ ਗਾਂ ਦੀ ਗੱਲ ਕਰ ਰਹੇ ਹਾਂ ਉਹ ਸਾਹੀਵਾਲ ਨਸਲ ਦੀ ਗਾਂ ਹੈ। ਸਾਹੀਵਾਲ ਗਾਂ ਦੇਸ਼ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਮੰਨੀ ਜਾਂਦੀ ਹੈ।

ਵਿਗਿਆਨਕ ਬਰੀਡਿੰਗ ਰਾਹੀਂ ਦੇਸੀ ਗਾਵਾਂ ਦੀ ਨਸਲ ਨੂੰ ਸੁਧਾਰ ਕੇ ਸਾਹੀਵਾਲ ਨਸਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪੰਜਾਬ-ਹਰਿਆਣਾ-ਰਾਜਸਥਾਨ ਵਿੱਚ ਇਸ ਨਸਲ ਦੀਆਂ ਗਾਵਾਂ ਵੱਡੀ ਗਿਣਤੀ ਵਿੱਚ ਹਨ।

ਜੇ ਗੱਲ ਕਰੀਏ ਭਾਰਤ ਦੀਆਂ ਦੇਸੀ ਗਾਂਵਾਂ ਬਾਰੇ ਤਾਂ ਸਾਹੀਵਾਲ ਨਸਲ ਦੀ ਗਾਂ ਦੁੱਧ ਉਤਪਾਦਨ ਲਈ ਸਭ ਜ਼ਿਆਦਾ ਵਰਤੀ ਜਾਂਦੀ ਹੈ। ਇਹ ਸਭ ਤੋਂ ਵੱਧ ਦੁੱਧ ਦੇਣ ਵਾਲੀ ਭਾਰਤੀ ਦੇਸੀ ਨਸਲ ਦੀ ਗਾਂ ਹੈ। ਇਸ ਉੱਤੇ ਪਰਜੀਵਾਂ ਅਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ ਵਿੱਚ ਰਾਸ਼ਨ ਨੂੰ ਦੁੱਧ ਵਿੱਚ ਬਦਲਣ ਦੀ ਸ਼ਕਤੀ ਦੂਜੀਆਂ ਨਸਲਾਂ ਨਾਲੋਂ ਜਿਆਦਾ ਹੁੰਦੀ ਹੈ, ਇਹ ਘੱਟ ਖਾ ਕੇ ਵੱਧ ਦੁੱਧ ਦਿੰਦੀ ਹੈ, ਇਸ ਗਾਂ ਲਈ ਪੱਖੇ-ਫੁਹਾਰੇ ਲਗਾਉਣ ਦੀ ਲੋੜ ਨਹੀਂ ਪੈਂਦੀ, ਇਸੇ ਲਈ ਛੋਟੇ ਅਤੇ ਦਰਮਿਆਨੇ ਕਿਸਾਨ ਇਸ ਨੂੰ ਬਹੁਤ ਅਸਾਨੀ ਨਾਲ ਸਾਂਭ ਲੈਂਦੇ ਹਨ। ਕੁੱਲ ਮਿਲਾ ਕੇ ਇਹ ਪੰਜਾਬ-ਹਰਿਆਣਾ ਦੇ ਵਾਤਾਵਰਨ ਦੇ ਬਹੁਤ ਹੀ ਅਨੁਕੂਲ ਹੈ। ਇਸ ਨੂੰ ਕਦੇ ਵੀ ਅਫਾਰਾ ਜਾਂ ਬੱਚਾ ਫਸਣ ਵਰਗੀ ਅਲ੍ਹਾਮਤ ਨੇ ਨਹੀਂ ਘੇਰਿਆ। ਮੂੰਹ-ਖੁਰ ਅਤੇ ਥਨੇਲਾ ਦੀ ਬਿਮਾਰੀ ਜੋ ਵਿਦੇਸ਼ੀ ਗਾਵਾਂ ਉੱਤੇ ਖਰਚੇ ਦਾ ਮੁੱਖ ਕਾਰਨ ਹਨ, ਦਾ ਸਾਹੀਵਾਲ ਨਸਲ ਵਿੱਚ ਨਾਮੋ ਨਿਸ਼ਾਨ ਨਹੀਂ ਹੁੰਦਾ।

ਸਾਹੀਵਾਲ ਨਸਲ ਦੀ ਪਛਾਣ

ਸਾਹੀਵਾਲ ਗਾਂ ਦਾ ਲਾਖਾ ਲਾਲ ਰੰਗ ਜਿਸ ਵਿੱਚ ਗੂੜੇ ਤੋਂ ਫਿੱਕੇ ਭੂਰੇ ਰੰਗ ਦੀ ਭਾਅ ਮਾਰਦੀ ਹੈ, ਇਸ ਦੀ ਨਸਲ ਵਿਸ਼ੇਸ਼ਤਾ ਹੈ। ਮੋਟੀਆਂ ਤੇ ਚੌੜੀਆਂ ਅੱਖਾਂ, ਛੋਟੇ ਅਤੇ ਲਚਕੀਲੇ ਸਿੰਗ, ਵੱਡੀ ਢੁੱਡ, ਧਰਤੀ ਨੂੰ ਛੂੰਹਦੀ ਕਾਲੇ ਗੁੱਛੇ ਵਾਲੀ ਪੂਛ, ਮਜਬੂਤੀ ਨਾਲ ਸ਼ਰੀਰ ਨਾਲ ਜੁੜਿਆ ਬਾਟੇ ਵਰਗਾ ਹਵਾਨਾ, ਵੱਡੇ ਥਣ ਅਤੇ ਲੰਮੀ ਤੇ ਭਾਰੀ ਗੱਲ ਤੋਂ ਅਗਲੀਆਂ ਲੱਤਾਂ ਤੱਕ ਜਾਂਦੀ ਝਾਲ੍ਹਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ। ਇਸ ਦੇ ਕੰਨ ਦਰਮਿਆਨ ਅੱਧ ਲਮਕੀ ਹਾਲਤ ਵਿੱਚ ਹੁੰਦੇ ਹਨ। ਇਸ ਨਸਲ ਦੇ ਸਾਨ੍ਹਾਂ ਦੀ ਢੁੱਡ ਬਹੁਤ ਵੱਡੀ ਅਤੇ ਇੱਕ ਪਾਸੇ ਨੂੰ ਝੁਕੀ ਹੁੰਦੀ ਹੈ। ਮਾਹਿਰਾਂ ਅਨੁਸਾਰ ਇਹ ਢੁੱਡ ਹੀ ਇਸ ਨਸਲ ਦੀ ਮੁੱਖ ਖ਼ੂਬੀ ਹੈ, ਕਿਉਂਕਿ ਇਹ ਸੂਰਜ ਦੀਆਂ ਕਿਰਨਾਂ ਨੂੰ ਜਜਬ ਕਰਕੇ ਮਿੱਠਾ “ਮਿਸ਼ਰੀ” ਵਰਗਾ ਦੁੱਧ ਜੋ ਕਿ ਕਈ ਬਿਮਾਰੀਆਂ ਦਾ ਟਾਕਰਾ ਕਰਦਾ ਹੈ, ਪੈਦਾ ਕਰਦੀ ਹੈ। ਵੇਖਣ ਨੂੰ ਭਾਵੇਂ ਇਹ ਸੁਸਤ ਲਗਦੀ ਹੈ ਪਰ ਨਿਮਰਤਾ, ਦਇਆ ਅਤੇ ਮਾਲਕ ਦੀ ਭਗਤੀ ਇਸ ਨੂੰ ਦੂਜੀਆਂ ਨਸਲਾਂ ਨਾਲੋਂ ਅਲੱਗ ਕਰਦੇ ਹਨ।

ਸਾਹੀਵਾਲ ਗਾਂ ਦੀ ਵਿਸ਼ੇਸ਼ਤਾ

ਸਾਹੀਵਾਲ ਨਸਲ ਦੀ ਗਾਂ ਇੱਕ ਵਾਰ ਵੱਛੇ ਦੇ 10 ਮਹੀਨਿਆਂ ਤੱਕ ਦੁੱਧ ਦਿੰਦੀ ਹੈ ਅਤੇ ਔਸਤਨ ਇਹ ਗਾਵਾਂ ਦੁੱਧ ਚੁੰਘਾਉਣ ਸਮੇਂ 2270 ਲੀਟਰ ਦੁੱਧ ਦਿੰਦੀਆਂ ਹਨ। ਇਹ ਪ੍ਰਤੀ ਦਿਨ 10 ਤੋਂ 16 ਲੀਟਰ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ। ਸਾਹੀਵਾਲ ਗਾਂ ਹੋਰਨਾਂ ਦੇਸੀ ਗਾਵਾਂ ਨਾਲੋਂ ਵੱਧ ਦੁੱਧ ਦਿੰਦੀ ਹੈ। ਇਨ੍ਹਾਂ ਦੇ ਦੁੱਧ ਵਿੱਚ ਹੋਰ ਗਾਵਾਂ ਦੇ ਮੁਕਾਬਲੇ ਜ਼ਿਆਦਾ ਪ੍ਰੋਟੀਨ ਅਤੇ ਚਰਬੀ ਹੁੰਦੀ ਹੈ। ਇਸ ਨਸਲ ਦੇ ਬਲਦ ਸੁਸਤ ਅਤੇ ਕੰਮ ਵਿੱਚ ਹੌਲੀ ਹੁੰਦੇ ਹਨ। ਪਹਿਲੀ ਜਣਨ ਅਵਸਥਾ ਜਨਮ ਤੋਂ 32-36 ਮਹੀਨਿਆਂ ਬਾਅਦ ਆਉਂਦੀ ਹੈ। ਇਸਦੇ ਪ੍ਰਜਨਨ ਸਮੇਂ ਵਿੱਚ ਅੰਤਰਾਲ 15 ਮਹੀਨੇ ਹੁੰਦਾ ਹੈ, ਕਿਉਂਕਿ ਇਹ ਗਾਂ ਦੀ ਇੱਕ ਦੇਸੀ ਨਸਲ ਹੈ, ਇਸ ਲਈ ਕਿਸੇ ਨੂੰ ਇਸਦੀ ਸਾਂਭ-ਸੰਭਾਲ ਅਤੇ ਖੁਰਾਕ 'ਤੇ ਜ਼ਿਆਦਾ ਖਰਚ ਨਹੀਂ ਕਰਨਾ ਪੈਂਦਾ। ਇਹ ਨਸਲ ਗਰਮ ਖੇਤਰਾਂ ਵਿੱਚ ਵੀ ਆਸਾਨੀ ਨਾਲ ਰਹਿ ਸਕਦੀ ਹੈ। ਉਨ੍ਹਾਂ ਦਾ ਸਰੀਰ ਬਾਹਰੀ ਪਰਜੀਵੀਆਂ ਪ੍ਰਤੀ ਰੋਧਕ ਹੁੰਦਾ ਹੈ, ਜਿਸ ਕਾਰਨ ਇਸ ਨੂੰ ਉਭਾਰਨ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ।

ਇਹ ਵੀ ਪੜ੍ਹੋ: Single Click 'ਤੇ ਹੋਵੇਗੀ ਗਾਵਾਂ-ਮੱਝਾਂ ਦੀ Home Delivery, ਕਰਨਾ ਪਵੇਗਾ ਇਹ ਕੰਮ, ਇੱਥੇ ਜਾਣੋ ਪੂਰੀ Detail

ਦੁੱਧ ਦੀ ਮਹੱਤਤਾ

ਸਾਹੀਵਾਲ ਗਾਂ ਦੇ ਦੁੱਧ ਵਿੱਚ ਤਿੰਨ ਤਰ੍ਹਾਂ ਦੇ ਪ੍ਰੋਟੀਨ ਪਾਏ ਗਏ ਹਨ: ਅਲਫ਼ਾ, ਬੀਟਾ ਅਤੇ ਗਲੋਬਿਨ। ਬੀਟਾ ਪ੍ਰੋਟੀਨ ਵਿੱਚ ਏ 1 (A1) ਅਤੇ ਏ 2 (A2) ਕਿਸਮ ਦੇ ਜੀਨ ਪਾਏ ਜਾਂਦੇ ਹਨ, ਜਿਹਨਾਂ ਵਿਚੋਂ ਏ 2 ਜੀਨ ਸਾਹੀਵਾਲ ਗਾਂ ਦੇ ਦੁੱਧ ਵਿੱਚ ਹੀ ਮਿਲਦੇ ਹਨ। ਵਿਗਿਆਨੀਆਂ ਵੱਲੋਂ ਏ 2 ਦੁੱਧ ਦੇ ਜ਼ਿਆਦਾ ਫਾਇਦੇ ਪਾਏ ਗਏ ਹਨ, ਉਦਾਹਰਣ ਵਜੋਂ ਏ 1 ਦੁੱਧ ਨਾਲ ਬੱਚਿਆਂ ਵਿੱਚ “ਇਨਫੈਂਟ ਮੋਰਟਾਲਿਟੀ ਸਿੰਡ੍ਰੋਮ” ਤੇ “ਸ਼ੂਗਰ” ਨਾਂ ਦੀ ਬਿਮਾਰੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ, ਜੋ ਕਿ ਏ 2 ਕਿਸਮ ਦੇ ਦੁੱਧ ਨਾਲ ਨਹੀਂ ਹੁੰਦੀ। ਇਸ ਕਰਕੇ ਅੱਜ ਯੂਰੋਪੀਅਨ ਦੇਸ਼ਾਂ ਵਿੱਚ ਵੀ ਵਿਦੇਸ਼ੀ ਗਾਵਾਂ ਨੂੰ ਦੇਸੀ ਗਾਵਾਂ ਨਾਲ ਕ੍ਰਾਸ (ਆਸ) ਕਰਵਾ ਕੇ ਵਿਦੇਸ਼ੀ ਗਾਵਾਂ ਵਿੱਚ ਏ 2 ਕਿਸਮ ਦੇ ਦੁੱਧ ਪੈਦਾ ਕਰਨ ਵਾਲੇ ਗੁਣ ਉਜਾਗਰ ਕੀਤੇ ਜਾ ਰਹੇ ਹਨ।

ਸਾਹੀਵਾਲ ਗਾਂ ਦੀ ਕੀਮਤ

ਸਾਹੀਵਾਲ ਗਾਂ ਦੀ ਕੀਮਤ ਇਸ ਦੀ ਦੁੱਧ ਉਤਪਾਦਨ ਸਮਰੱਥਾ, ਉਮਰ, ਸਿਹਤ ਆਦਿ 'ਤੇ ਨਿਰਭਰ ਕਰਦੀ ਹੈ। ਜੇਕਰ ਦੇਖਿਆ ਜਾਵੇ ਤਾਂ ਸਾਹੀਵਾਲ ਗਾਂ ਨੂੰ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

Summary in English: Sahiwal Cow, Best Breed of Cow, desi cow, Most milk producing cow breed, know its identity and characteristics

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters