ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਨੀਲੀ ਕ੍ਰਾਂਤੀ ਐਫਪੀਓ ਦੀ ਮੀਟਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਕੁੱਲ 25 ਅਗਾਂਹਵਧੂ ਮੱਛੀ ਪਾਲਕ ਅਤੇ ਮੱਛੀ ਪਾਲਣ ਅਫਸਰ, ਬਰਨਾਲਾ ਸ਼ਾਮਲ ਸਨ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਾ. ਤੰਵਰ ਨੇ ਸਾਰੇ ਮੱਛੀ ਪਾਲਕਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਪਹੁੰਚਣ 'ਤੇ ਸੁਆਗਤ ਕੀਤਾ ਅਤੇ ਐਫਪੀਓ ਬਾਰੇ ਚਾਨਣਾ ਪਾਉਂਦੇ ਹੋਏ ਵਿਸਥਾਰ ਨਾਲ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਾਬਾਰਡ ਦੀ ਵਿੱਤੀ ਸਹਾਇਤਾ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੇ ਕਾਰਜ ਅਧੀਨ ਜ਼ਿਲਾ ਬਰਨਾਲਾ ਵਿਖੇ ਮੱਛੀ ਅਤੇ ਝੀਂਗਾ ਪਾਲਕਾਂ ਲਈ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐਫਪੀਓ) ਬਣਾਈ ਗਈ ਹੈ।
ਇਸ ਕਿਸਾਨ ਉਤਪਾਦਕ ਸੰਗਠਨ ਦਾ ਨਾਮ “ਨੀਲੀ ਕ੍ਰਾਂਤੀ ਐਕੂਆ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਿਡ” ਰੱਖਿਆ ਗਿਆ ਹੈ ਅਤੇ ਇਸ ਨੂੰ ਭਾਰਤ ਸਰਕਾਰ ਦੇ ਕੰਪਨੀ ਐਕਟ ਅਧੀਨ ਰਜਿਸਟਰ ਕੀਤਾ ਗਿਆ ਹੈ। ਇਸ ਐਫਪੀਓ ਦਾ ਮੁੱਖ ਦਫਤਰ ਪਿੰਡ ਬਡਬਰ, ਜ਼ਿਲ੍ਹਾ ਬਰਨਾਲਾ ਵਿਖੇ ਬਣਾਇਆ ਗਿਆ ਹੈ ਅਤੇ ਇਸ ਐਫਪੀਓ.ਵਿੱਚ 5 ਜ਼ਿਲ੍ਹੇ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਦੇ ਮੱਛੀ ਅਤੇ ਝੀਂਗਾ ਪਾਲਕ ਕਿਸਾਨ ਸ਼ਾਮਲ ਹਨ। ਇਹ ਕਿਸਾਨ ਉਤਪਾਦਕ ਸੰਗਠਨ ਮੱਛੀ ਅਤੇ ਝੀਂਗਾ ਪਾਲਕਾਂ ਦੀ ਭਲਾਈ ਅਤੇ ਤਰੱਕੀ ਲਈ ਬਣਾਈ ਗਈ ਹੈ।
ਮੱਛੀ ਪਾਲਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਦੌਰਾਨ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਐਫ. ਪੀ. ਓ. ਦਾ ਕੰਮ-ਕਾਜ ਦੇਖਣ ਲਈ ਕਿਰਤੀ ਮੱਛੀ ਪਾਲਕ ਬੋਰਡ ਆਫ ਡਾਇਰੈਕਟਰ ਵਜੋਂ ਨਿਯੁਕਤ ਕੀਤੇ ਗਏ ਹਨ, ਜੋ ਇਸ ਕਿਸਾਨ ਉਤਪਾਦਕ ਸੰਗਠਨ ਦਾ ਸਾਰਾ ਕੰਮ ਦੇਖਦੇ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਸ. ਗੁਰਪ੍ਰੀਤ ਸਿੰਘ, ਸ. ਗਗਨਜੀਤ ਸਿੰਘ, ਸ. ਮਲਕੀਤ ਸਿੰਘ, ਸ. ਜਗਸੀਰ ਸਿੰਘ, ਜ਼ਿਲ੍ਹਾ ਬਰਨਾਲਾ ਤੋਂ ਸ. ਸੁਖਪਾਲ ਸਿੰਘ, ਸ. ਸੁਖਜੀਤ ਸਿੰੰਘ, ਸ. ਮਲਕੀਤ ਸਿੰਘ ਆਦਿ ਸ਼ਾਮਲ ਹਨ। ਉਨ੍ਹਾਂ ਨੇ ਐਫ. ਪੀ. ਓ. ਦੇ ਮੁੱਖ ਫਾਇਦਿਆਂ ਬਾਰੇ ਚਾਨਣਾ ਪਾਇਆ ਅਤੇ ਮੱਛੀ ਪਾਲਣ ਨਾਲ ਸੰਬੰਧਿਤ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ।
ਇਹ ਵੀ ਪੜ੍ਹੋ: ਹੜ੍ਹਾਂ 'ਚ Dairy Animals ਦੀ ਸਿਹਤ ਸੰਭਾਲ ਲਈ ਹਿਦਾਇਤਨਾਮਾ
ਮੀਟਿੰਗ ਵਿੱਚ ਸ. ਗੁਰਪ੍ਰੀਤ ਸਿੰਘ (ਐਫ. ਪੀ. ਓ. ਡਾਇਰੈਕਟਰ ਅਤੇ ਮੱਛੀ ਪਾਲਕ ਸੰਗਰੂਰ) ਨੇ ਐਫ. ਪੀ. ਓ. ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੀਲੀ ਕ੍ਰਾਂਤੀ ਐਫ. ਪੀ. ਓ.ਵਿੱਚ ਉੱਚ ਕੁਆਲਿਟੀ ਦੀ ਮੱਛੀ ਦੀ ਫੀਡ, ਮੱਛੀ ਪਾਲਣ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਦਵਾਈਆਂ (ਬਜ਼ਾਰ ਨਾਲੋਂ ਘੱਟ ਕੀਮਤ 'ਤੇ), ਕਾਰਪ ਅਤੇ ਪੰਗਾਸ ਮੱਛੀ ਦਾ ਬੱਚਾ, ਮੱਛੀ ਦੀ ਖਰੀਦਦਾਰੀ ਆਦਿ ਸਹੂਲਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਕਿਸਾਨ ਉਤਪਾਦਕ ਸੰਗਠਨ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਜੇ ਤੱਕ 80 ਤੋਂ ਵੱਧ ਮੱਛੀ ਪਾਲਕ ਜੁੜ ਚੁਕੇ ਹਨ।
ਇਹ ਵੀ ਪੜ੍ਹੋ: ਇਸ ਖਾਸ ਪੰਛੀ ਤੋਂ ਕਮਾਓ 8 ਤੋਂ 10 ਲੱਖ ਰੁਪਏ, ਜਾਣੋ ਇਸਦੀ ਖਾਸੀਅਤ
ਮੀਟਿੰਗ ਦੀ ਸਮਾਪਤੀ 'ਤੇ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਸਮੂਹ ਮੱਛੀ ਪਾਲਕਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਗੁਜ਼ਾਰਿਸ਼ ਕੀਤੀ ਕਿ ਵੱਧ ਤੋਂ ਵੱਧ ਮੱਛੀ ਪਾਲਕ ਇਸ ਐਫਪੀਓ ਰਾਹੀਂ ਇਕੱਠੇ ਹੋਣ ਤਾਂ ਜੋ ਮਿਲ ਕੇ ਲਾਗਤ ਦਾ ਸਮਾਨ ਇਕੱਠਾ ਖਰੀਦਣ, ਮੰਡੀਕਰਨ ਆਦਿ ਵਿੱਚ ਮੁਨਾਫਾ ਕਮਾ ਸਕਣ ਅਤੇ ਨਾਲ ਹੀ ਐਫ. ਪੀ. ਓ. ਰਾਹੀਂਸਰਕਾਰੀ ਸਹੂਲਤਾਵਾਂ ਦਾ ਵੀ ਲਾਹਾ ਲਿਆ ਜਾ ਸਕਦਾਹੈ। ਪੰਜਾਬ ਦੇ ਮੱਛੀ ਪਾਲਕ ਇਸ ਐਫਪੀਓ ਨਾਲ ਜੁੜ ਕੇ ਸਹੂਲਤਾਵਾਂ ਦਾ ਲਾਭ ਲੈ ਸਕਦੇ ਹਨ ਅਤੇ ਇਸ ਐਫ. ਪੀ. ਓ. ਨੂੰ ਅਗਾਂਹ ਵਧਾਉਣ ਵਿੱਚ ਸਹਿਯੋਗ ਪਾ ਸਕਦੇ ਹਨ ਤਾਂ ਜੋ ਪੰਜਾਬ ਵਿੱਚ ਮੱਛੀ ਪਾਲਣ ਦਾ ਕਿੱਤਾ ਹੋਰ ਪ੍ਰਫੁੱਲਿਤ ਹੋ ਸਕੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)
Summary in English: Thoughts on Blue Revolution FPO in the presence of progressive fish farmers