1. Home
  2. ਫਾਰਮ ਮਸ਼ੀਨਰੀ

Solar Energy: ਕਿਸਾਨ ਵੀਰੋਂ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਸੂਰਜੀ ਊਰਜਾ ਦੀ ਵਰਤੋਂ ਕਰਕੇ ਰਿਵਾਇਤੀ ਬਿਜਲੀ ਅਤੇ ਡੀਜ਼ਲ ਦੀ ਵਰਤੋਂ ਘਟਾਓ

ਇਸ ਲੇਖ ਵਿੱਚ ਸੂਰਜੀ ਊਰਜਾ ਦੁਆਰਾ ਸੰਚਾਲਿਤ ਪ੍ਰਣਾਲੀਆਂ ਦੀ ਵਰਤੋਂ ਨਾਲ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਰਿਵਾਇਤੀ ਬਿਜਲੀ ਅਤੇ ਡੀਜ਼ਲ ਦੀ ਵਰਤੋਂ ਘਟਾਈ ਜਾ ਸਕਦੀ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕੀਤਾ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਖੇਤੀਬਾੜੀ ਅਤੇ ਬਾਗਬਾਨੀ ਵਿੱਚ ਸੂਰਜੀ ਊਰਜਾ ਦੀ ਵਰਤੋਂ ਕਰਕੇ ਰਿਵਾਇਤੀ ਬਿਜਲੀ ਅਤੇ ਡੀਜ਼ਲ ਦੀ ਵਰਤੋਂ ਘਟਾਓ

ਖੇਤੀਬਾੜੀ ਅਤੇ ਬਾਗਬਾਨੀ ਵਿੱਚ ਸੂਰਜੀ ਊਰਜਾ ਦੀ ਵਰਤੋਂ ਕਰਕੇ ਰਿਵਾਇਤੀ ਬਿਜਲੀ ਅਤੇ ਡੀਜ਼ਲ ਦੀ ਵਰਤੋਂ ਘਟਾਓ

Solar Energy: ਖੇਤੀਬਾੜੀ ਅਤੇ ਬਾਗ਼ਬਾਨੀ ਖੇਤਰ ਵਿੱਚ ਸਰੋਤਾਂ ਦੀ ਆ ਰਹੀ ਕਮੀ, ਜਲਵਾਯੂ ਪਰਿਵਰਤਨ ਦੇ ਅਸਰ ਅਤੇ ਚਿਰ-ਸਥਾਈ ਊਰਜਾ ਸਾਧਨਾਂ ਦੀ ਲੋੜ ਦਾ ਇੱਕ ਟਿਕਾਊ ਬਦਲ ਹੈ ਸੂਰਜੀ ਊਰਜਾ। ਸਰਕਾਰ ਵਲੋਂ ਨਵਿਆਉਣ ਯੋਗ ਊਰਜਾ ਸਰੋਤਾਂ ਤੋਂ ਊਰਜਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੋਲਰ ਪਾਵਰ ਪਲਾਂਟ, ਸੋਲਰ ਸਟ੍ਰੀਟ ਲਾਈਟਾਂ, ਸੋਲਰ ਵਾਟਰ ਹੀਟਿੰਗ ਸਿਸਟਮ, ਸੋਲਰ ਪੰਪ ਅਤੇ ਛੋਟੇ ਪਣ ਬਿਜਲੀ ਘਰ ਆਦਿ ਸ਼ਾਮਲ ਹਨ।

ਇਸ ਲੇਖ ਵਿੱਚ ਖੇਤੀਬਾੜੀ ਜਾਂ ਬਾਗਬਾਨੀ ਵਿੱਚ ਸੂਰਜੀ ਊਰਜਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

i. ਸੂਰਜੀ ਊਰਜਾ ਦੁਆਰਾ ਸੰਚਾਲਿਤ ਸਿੰਚਾਈ:

ਫਸਲਾਂ ਦੀ ਸਿੰਚਾਈ ਲਈ ਪਾਣੀ ਪੰਪ ਕਰਨ ਲਈ ਬਿਜਲੀ ਦਾ ਇੱਕ ਭਰੋਸੇਯੋਗ ਅਤੇ ਟਿਕਾਊ ਸਰੋਤ ਹੈ ਸੋਲਰ ਪੰਪ। ਸੋਲਰ ਫੋਟੋਵੋਲਟੇਇਕ (SPV) ਵਾਟਰ ਪੰਪਿੰਗ ਸਿਸਟਮ ਦੇ ਸੰਚਾਲਨ ਲਈ 900 Wp ਤੋਂ 22500 Wp ਤੱਕ ਦੀ ਸਮਰੱਥਾ ਵਾਲੀ SPV ਐਰੇ ਦੀ ਲੋੜ ਹੁੰਦੀ ਹੈ । ਉਦਾਹਰਣ ਦੇ ਤੌਰ ਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (MNRE) ਦੇ ਅਨੁਸਾਰ, 5 ਹਾਰਸ ਪਾਵਰ ਪੰਪਾਂ ਵਿੱਚ 3750 W ਦੀ ਪੰਪ ਸਮਰੱਥਾ, ਘੱਟੋ-ਘੱਟ 4800Wp ਦੀ ਸੋਲਰ ਪੈਨਲ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਕੰਟਰੋਲਰ ਦੀ ਸਮਰੱਥਾ ਸੂਰਜੀ ਪੈਨਲ ਸਮਰੱਥਾ ਦੇ ਨਾਲ ਇਕਸਾਰ ਹੋਣੀ ਚਾਹੀਦੀ ਹੈ। ਸੋਲਰ ਫੋਟੋਵੋਲਟੇਇਕ (SPV) ਵਾਟਰ ਪੰਪਿੰਗ ਪ੍ਰਣਾਲੀਆਂ ਕੋਲ IS 14286/IEC 61215 ਮਾਨਕਾਂ ਜਾਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰ ਦੇ ਮਾਪਦੰਡਾਂ ਦੇ ਅਨੁਸਾਰ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸੋਲਰ ਪੰਪ ਦੇ ਮੁੱਖ ਭਾਗ ਹਨ ਫੋਟੋਵੋਲਟੇਇਕ ਐਰੇ (ਐਸ. ਪੀ. ਵੀ. ਮੋਡੀਊਲ), ਏ. ਸੀ. ਮੋਟਰ ਪੰਪ-ਸੈੱਟ, ਕੰਟਰੋਲਰ/ਇਨਵਰਟਰ ਮੋਡਿਊਲ ਦੀ ਮਾਊਂਟਿੰਗ ਦਾ ਢਾਂਚਾ । ਇਸ ਤੋਂ ਇਲਾਵਾ, MNRE ਨੇ ਖੇਤੀਬਾੜੀ ਸੈਕਟਰ ਵਿੱਚ ਸਿੰਚਾਈ ਲਈ ਸਤਹੀ ਅਤੇ ਸਬਮਰਸੀਬਲ ਦੋਵੇਂ ਤਰ੍ਹਾਂ ਦੇ 3 ਤੋਂ 10 ਹਾਰਸ ਪਾਵਰ ਸਮਰੱਥਾ (AC) ਦੇ ਆਫ-ਗਰਿੱਡ ਸੋਲਰ ਪੰਪਾਂ ਦੀ ਸਥਾਪਨਾ ਲਈ ਪੰਜਾਬ ਵਿੱਚ ਪੀ. ਐਮ.-ਕੁਸੁਮ (PM-KUSUM) ਸਕੀਮ ਸ਼ੁਰੂ ਕੀਤੀ ਹੈ । ਇਹ ਵਿਸ਼ੇਸ਼ ਤੌਰ 'ਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲਾਭਦਾਇਕ ਹੈ ਜਿੱਥੇ ਗਰਿੱਡ ਤੋਂ ਬਿਜਲੀ ਉਪਲਬਧ ਨਹੀਂ ਹੈ।

ii. ਸੋਲਰ ਵਾਟਰ ਹੀਟਿੰਗ:

ਸੋਲਰ ਵਾਟਰ ਹੀਟਰ ਕਈ ਤਰ੍ਹਾਂ ਦੀਆਂ ਬਾਗਬਾਨੀ ਗਤੀਵਿਧੀਆਂ ਲਈ ਗਰਮ ਪਾਣੀ ਪ੍ਰਦਾਨ ਕਰ ਸਕਦੇ ਹਨ, ਜਿਸ ਵਿੱਚ ਫਸਲਾਂ ਦੀ ਧੁਆਈ ਅਤੇ ਸਫਾਈ ਸ਼ਾਮਲ ਹਨ। ਇਹ ਪਾਣੀ ਨੂੰ ਗਰਮ ਕਰਨ ਲਈ ਰਵਾਇਤੀ ਊਰਜਾ ਸਰੋਤਾਂ 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

iii. ਸੋਲਰ ਡ੍ਰਾਇਅਰ:

ਸੂਰਜੀ ਊਰਜਾ ਦੀ ਵਰਤੋਂ ਬਾਗਬਾਨੀ ਵਿੱਚ ਪਦਾਰਥਾਂ ਨੂੰ ਸੁਕਾਉਣ ਲਈ ਕੀਤੀ ਜਾ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਬਜ਼ੀਆਂ, ਮਸਾਲਿਆਂ ਅਤੇ ਵੱਖ-ਵੱਖ ਘਰੇਲੂ ਵਰਤੋਂ ਦੀਆਂ ਚੀਜਾਂ ਜਿਵੇਂ ਮਿਰਚ, ਹਲਦੀ, ਅਦਰਕ, ਲਸਣ, ਮੇਥੀ, ਪਾਪੜ, ਆਂਵਲਾ, ਵੜੀਆਂ, ਅਚਾਰ ਬਣਾਉਣ ਵਿੱਚ ਵਰਤੀਆਂ ਜਾਂਦੀਆਂ ਸਬਜ਼ੀਆਂ ਨੂੰ ਸੁਕਾਉਣ ਲਈ ਛੋਟੇ ਆਕਾਰ ਦਾ ਘਰੇਲੂ ਸੋਲਰ ਡ੍ਰਾਇਅਰ ਵਿਕਸਿਤ ਕੀਤਾ ਹੈ। ਇਸ ਵਿੱਚ ਇੱਕ ਵਾਰ ਵਿੱਚ 3 ਕਿੱਲੋ ਤੱਕ ਉਤਪਾਦ ਸੁੱਕਣ ਲਈ ਰੱਖੇ ਜਾ ਸਕਦੇ ਹਨ।ਘਰੇਲੂ ਸੋਲਰ ਡਰਾਇਅਰ ਵਿੱਚ ਹਵਾ ਗਰਮ ਕਰਨ ਅਤੇ ਉਤਪਾਦ ਸੁਕਾਉਣ ਲਈ ਵੱਖਰੀਆਂ ਥਾਵਾਂ ਹਨ। ਉਤਪਾਦ ਸੁਕਾਉਣ ਵਾਲੇ ਚੈਂਬਰ ਵਿੱਚ ਦੋ ਟਰੇਆਂ ਹੁੰਦੀਆਂ ਹਨ, ਜਿਹੜੀਆਂ ਕਿ ਇੱਕ ਦੂਜੇ ਉੱਤੇ ਰੱਖੀਆਂ ਜਾਂਦੀਆਂ ਹਨ।

ਇਹ ਚੈਂਬਰ ਉਪਰ ਤੋਂ ਖੁੱਲਦਾ ਹੈ। ਸੁਕਾਈ ਜਾਣ ਵਾਲੀਆਂ ਵਸਤੂਆਂ ਟਰੇਆਂ ਵਿੱਚ ਰੱਖੀ ਜਾਂਦੀ ਹੈ। ਉਤਪਾਦ ਸੁਕਾਉਣ ਸਮੇਂ ਸੋਲਰ ਡਰਾਇਅਰ ਨੂੰ ਦੱਖਣ ਵੱਲ ਮੂੰਹ ਕਰਕੇ ਅਜਿਹੀ ਥਾਂ ਤੇ ਰੱਖਿਆ ਜਾਂਦਾ ਹੈ ਜਿੱਥੇ ਸਾਰਾ ਦਿਨ ਧੁੱਪ ਰਹੇ। ਇਸ ਨੂੰ ਪਹੀਏ ਲੱਗੇ ਹੋਏ ਹਨ ਤਾਂ ਜੋ ਇਸ ਨੂੰ ਅੱਗੇ ਪਿੱਛੇ ਆਸਾਨੀ ਨਾਲ ਕੀਤਾ ਜਾ ਸਕੇ।ਆਮ ਤੌਰ ਤੇ ਉਤਪਾਦ ਇੱਕ ਤੋਂ ਚਾਰ ਦਿਨ ਵਿੱਚ ਸੁੱਕ ਜਾਂਦਾ ਹੈ। ਬਾਹਰ ਖੁੱਲੀ ਧੁੱਪ ਵਿੱਚ ਸੁਕਾਉਣ ਦੇ ਮੁਕਾਬਲੇ, ਸੋਲਰ ਡਰਾਇਅਰ ਵਿੱਚ ਸੁਕਾਉਣ ਦਾ ਸਮਾਂ 25-30 % ਲੱਗਦਾ ਹੈ। ਇਸ ਸੋਲਰ ਡਰਾਇਅਰ ਵਿੱਚ ਸੁੱਕੇ ਉਤਪਾਦ ਦੀ ਗੁਣਵੱਤਾ ਬਾਹਰ ਧੁੱਪ ਵਿੱਚ ਸੁੱਕੀ ਜਿਣਸ ਨਾਲੋਂ ਬਿਹਤਰ ਹੁੰਦੀ ਹੈ।

ਇਹ ਵੀ ਪੜੋ : Farm Equipments: ਕਿਸਾਨਾਂ ਦਾ ਕੰਮ ਸੁਖਾਲਾ, ਹੁਣ Tractor ਨਾਲ ਚੱਲਣ ਵਾਲੇ ਪਿੱਕ ਪੁਜੀਸ਼ਨਰ ਮਸ਼ੀਨ ਨਾਲ ਕਰੋ ਫ਼ਲਾਂ ਦੀ ਤੁੜਾਈ ਤੇ ਦਰੱਖਤਾਂ ਦੀ ਵਧੀਆ ਕਾਂਟ-ਛਾਂਟ

iv. ਸੂਰਜੀ ਊਰਜਾ ਦੁਆਰਾ ਬਿਜਲੀ ਨੂੰ ਸਟੋਰ ਕਰਨਾ:

ਸੂਰਜੀ ਊਰਜਾ ਪ੍ਰਣਾਲੀਆਂ ਨੂੰ ਊਰਜਾ ਸਟੋਰੇਜ ਵਿਕਲਪਾਂ ਨਾਲ ਜੋੜਨਾ, ਜਿਵੇਂ ਕਿ ਬੈਟਰੀਆਂ, ਤੁਹਾਨੂੰ ਧੁੱਪ ਵਾਲੇ ਸਮੇਂ ਦੌਰਾਨ ਉਤਪੰਨ ਹੋਈ ਵਾਧੂ ਊਰਜਾ ਨੂੰ ਘੱਟ ਧੁੱਪ ਵਾਲੇ ਦਿਨਾਂ ਜਾਂ ਵੱਧ ਬਿਜਲੀ ਦੀ ਮੰਗ ਦੇ ਸਮੇਂ ਵਿੱਚ ਵਰਤਣ ਲਈ ਸਟੋਰ ਕਰਨ ਦੀ ਸਹੂਲਤ ਦਿੰਦਾ ਹੈ। ਉਦਾਹਰਣ ਦੇ ਤੌਰ ਤੇ, ਜੇਕਰ 5 ਕਿਲੋਵਾਟ ਸੋਲਰ ਪੈਨਲ 10kWh ਬੈਟਰੀ ਨਾਲ ਲਗਾਇਆ ਜਾਂਦਾ ਹੈ ਅਤੇ ਦਿਨ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਦੀ ਖਪਤ 70% ਹੁੰਦੀ ਹੈ, ਤਾਂ ਫਿਰ ਸਿਖਰ ਦੀ ਧੁੱਪ ਦੇ ਮੌਸਮ ਵਿੱਚ, ਸੂਰਜੀ ਊਰਜਾ ਦੁਆਰਾ 25.6kWh ਬਿਜਲੀ ਪੈਦਾ ਹੁੰਦੀ ਹੈ ਜਿਸ ਵਿਚੋਂ ਰੋਜ਼ਾਨਾ 9.2 kWh ਬਿਜਲੀ ਇੱਕ ਬੈਟਰੀ ਵਿੱਚ ਸਟੋਰ ਕੀਤੀ ਜਾ ਸਕਦੀ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana)

Summary in English: Solar Energy: Reduce the use of conventional electricity and diesel by using solar energy in agriculture and horticulture.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters