ਅੱਜ ਦੇ ਸਨਅਤੀ ਦੌਰ ਨੇ ਜਿੱਥੇ ਸਾਡੇ ਸਰੀਰ ਨੂੰ ਅਰਾਮ ਦੇਣ ਵਾਲੀਆਂ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਨਾਲ ਨਿਵਾਜਿਆ ਹੈ, ਉੱਥੇ ਹੀ ਮਾਨਸਿਕ ਖਿਚਾਉ ਤੇ ਤਨਾਅ ਵਿੱਚ ਵੀ ਵਾਧਾ ਕੀਤਾ ਹੈ।
ਇਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਦੁੱਧ ਤੇ ਘਿਓ ਦੀਆਂ ਨਹਿਰਾਂ ਵਗਦੀਆਂ ਸਨ। ਲੋਕ ਬੇਪਰਵਾਹ ਤੇ ਖਿੜੇ ਮੱਥੇ ਰਹਿੰਦੇ ਸਨ, ਕਿਉਂਕਿ ਉਨ੍ਹਾਂ ਦੀਆਂ ਜ਼ਰੂਰਤਾਂ ਸੀਮਿਤ ਸਨ। ਪਰ ਅੱਜ ਜਿਵੇਂ-ਜਿਵੇਂ ਤਰੱਕੀ ਦੀ ਖ਼ਾਹਸ਼ ਮਨੁੱਖ ਵਿੱਚ ਪ੍ਰਬਲ ਹੁੰਦੀ ਜਾ ਰਹੀ ਹੈ, ਮਸਲਨ ਉਹ ਜਿਵੇਂ-ਜਿਵੇਂ ਅੱਗੇ ਨੂੰ ਵਧ ਰਿਹਾ ਹੈ ਤਿਵੇਂ-ਤਿਵੇਂ ਹੀ ਉਸ ਦੀਆਂ ਜ਼ਰੂਰਤਾਂ ਬੇਸ਼ੁਮਾਰ ਹੁੰਦੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਜ਼ਰੂਰਤਾਂ ਨੇ ਜਨਮ ਦਿੱਤਾ ਹੈ ਮਾਨਸਿਕ ਤਨਾਅ ਨੂੰ ਤੇ ਫਿਰ ਸਰੀਰਕ ਅਲਾਮਤਾਂ ਨੂੰ।
ਮਨੁੱਖ ਦੇ ਰੁਝੇਵੇਂ ਇੰਨੇ ਵਧ ਗਏ ਹਨ ਕਿ ਉਸਨੂੰ ਜ਼ਰਾ ਵੀ ਵਿਹਲ ਨਹੀਂ ਮਿਲਦੀ ਕਿ ਉਹ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਸਕੇ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਮਨੁੱਖ ਦੀ ਮਾਨਸਿਕ ਅਵਸਥਾ ਹਰਪੱਖੋਂ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਦੋਂ ਇਕ ਬੰਦਾ ਮਾਨਸਿਕ ਪੱਖੋਂ ਬਹੁਤ ਪਰੇਸ਼ਾਨ ਹੁੰਦਾ ਹੈ ਤਾਂ ਉਸਨੂੰ ਚਿੰਤਾ, ਗ਼ਮ, ਫ਼ਿਕਰ,ਕ੍ਰੋਧ ਆਦਿ ਭੈੜੇ ਵਿਚਾਰਾਂ ਨੇ ਘੇਰ ਰੱਖਿਆ ਹੁੰਦਾ ਹੈ ਤਾਂ ਇਸਦਾ ਪ੍ਰਭਾਵ ਸਾਰੇ ਸਰੀਰ 'ਤੇ ਵੀ ਪੈਂਦਾ ਹੈ। ਅੱਜ ਅਸੀਂ ਗੱਲ ਕਰਾਂਗੇ ਸਰੀਰ ਨੂੰ ਲੱਗਣ ਵਾਲੇ ਰੋਗਾਂ ਦਾ ਕਿਵੇਂ ਤਨ ਅਤੇ ਮਨ ਦੋਹਾਂ 'ਤੇ ਮਾੜਾ ਅਸਰ ਪੈਂਦਾ ਹੈ।
ਕਾਰਨ ਬੜਾ ਸਿੱਧਾ ਜਿਹਾ ਹੈ ਕਿ ਭੈੜੇ ਵਿਚਾਰਾਂ ਨਾਲ ਵਿੰਨ੍ਹਿਆਂ ਬੰਦਾ ਆਪਣੇ ਅੰਦਰ ਇਕ ਖਿਝ ਜਿਹੀ ਮਹਿਸੂਸ ਕਰਦਾ ਹੈ ਜਿਸ ਨਾਲ ਅੰਦਰ ਸੜਦਾ ਹੈ ਤੇ ਆਂਦਰਾਂ ਨੂੰ ਰੋਗ ਲੱਗ ਜਾਂਦਾ ਹਨ ਤੇ ਸਰੀਰ ਵੱਲੋਂ ਵੀ ਬੰਦਾ ਸੁਖੀ ਰਹਿਣਾ ਭੁੱਲ ਜਾਂਦਾ ਹੈ। ਪਰ ਜੇਕਰ ਇਸ ਤੋਂ ਸਫਲਤਾ, ਪਿਆਰ ਤੇ ਬੇਪਰਵਾਹੀ ਦੇ ਵਹਿਣ ਵਿੱਚ ਵਗ ਰਿਹਾ ਹੋਵੇ ਤਾਂ ਉਹ ਆਪਣੇ ਆਪ ਹੀ ਸਿਹਤ ਤੇ ਤੰਦਰੁਸਤੀ ਦਾ ਆਨੰਦ ਮਾਣਦਾ ਹੈ।
ਖੁਸ਼ ਤੇ ਸਿਹਤਮੰਦ ਰਹਿਣਾ ਬਹੁਤ ਹੱਦ ਤਕ ਆਪਣੇ ਆਪ 'ਤੇ ਹੀ ਨਿਰਭਰ ਕਰਦਾ ਹੈ। ਜੇਕਰ ਮਨ ਵਿੱਚ ਚੰਗੇ ਵਿਚਾਰ ਲਿਆਂਦੇ ਜਾਣ ਤਾਂ ਮਨ ਤਾਂ ਅਰੋਗ ਰਹਿੰਦਾ ਹੀ ਹੈ ਤਨ ਪੱਖੋਂ ਵੀ ਬੰਦਾ ਪ੍ਰਸੰਨ ਤੇ ਅਰੋਗ ਰਹਿੰਦਾ ਹੈ। ਪਰ ਦੂਜੇ ਪਾਸੇ ਜੇਕਰ ਬੰਦਾ ਹਰ ਵੇਲੇ ਆਪਣੇ ਆਪ ਨੂੰ ਭੈੜੇ ਵਿਚਾਰਾਂ ਵਿੱਚ ਡੋਬੀ ਰੱਖੇ ਤਾਂ ਮਨ ਰੋਗੀ ਹੋ ਕੇ ਤਨ ਨੂੰ ਵੀ ਰੋਗ ਲਾ ਦਿੰਦਾ ਹੈ।
ਇਹ ਵੀ ਪੜ੍ਹੋ : ਹੁਣ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਜਾਣਗੀਆਂ ਦੂਰ, ਜਾਣੋ ਪੀਲੀ ਸਰ੍ਹੋਂ ਦੇ ਰਾਮਬਾਣ ਨੁਸਖੇ
ਮਨ ਦੀ ਅਵਸਥਾ ਆਪ-ਮੁਹਾਰੇ ਹੀ ਸੁਰਗਾਂ ਵਿੱਚ ਨਰਕ ਤੇ ਨਰਕਾਂ ਵਿੱਚ ਸੁਰਗ ਦੇ ਦ੍ਰਿਸ਼ ਦਿਖਾ ਸਕਦੀ ਹੈ। ਇਹ ਸਾਬਤ ਹੋ ਚੁੱਕਾ ਹੈ ਕਿ ਸਰੀਰਕ ਪੱਖੋਂ ਦੁਖੀਆਂ ਨਾਲੋਂ ਮਾਨਸਿਕ ਤਨਾਅ ਨਾਲ ਆਤਮਘਾਤ ਕਰਨ ਵਾਲਿਆਂ ਦੀ ਗਿਣਤੀ ਵੱਧ ਤੇ ਤਕਰੀਬਨ ਹਜ਼ਾਰਾਂ ਵਿੱਚ ਹੈ। ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਨ ਤਾਂ ਸਰੀਰਕ ਪੱਖੋਂ ਸਿਹਤਮੰਦ ਹੋਣਾ ਜ਼ਰੂਰੀ ਹੈ ਤੇ ਸਰੀਰਕ ਪੱਖੋਂ ਅਸੀ ਤਾਂ ਹੀ ਸੁਖਾਲੇ ਹੋ ਸਕਦੇ ਹਾਂ ਜੇਕਰ ਮਨ ਵੀ ਸਿਹਤਮੰਦ ਤੇ ਨਿਰੋਗ ਹੋਵੇ। ਬ਼ੋੜ੍ਹੀ ਜਿਹੀ ਮਾਨਸਿਕ ਅਸ਼ਾਂਤੀ ਵੀ ਜੀਵਨ ਦੇ ਮੁਹਾਂਦਰੇ ਨੂੰ ਸਵਾਰਥ ਤੇੇ ਬੇਪਰਵਾਹੀ ਵੱਲ ਮੋੜ ਦਿੰਦੀ ਹੈ।
ਜਿੱਥੇ ਅਸੀਂ ਇਹ ਕਹਿ ਰਹੇ ਹਾਂ ਕਿ ਮਨ ਤਨ ਨੂੰ ਪ੍ਰਭਾਵਿਤ ਕਰਦਾ ਹੈ, ਉੱਥੇ ਹੀ ਤਨ ਵੀ ਮਨ 'ਤੇ ਡੂੰਘਾ ਅਸਰ ਪਾਉਂਦਾ ਹੈ। ਜੇਕਰ ਤਨ ਦੁੱਖ ਸਹਿ ਰਿਹਾ ਹੋਵੇ ਤਾਂ ਮਨ ਆਪ ਹੀ ਅਸ਼ਾਂਤ ਹੋ ਜਾਂਦਾ ਹੈ। ਇੱਥੇ ਤੱਕ ਕਿਹਾ ਗਿਆ ਹੈ ਕਿ ਭੁੱਖੇ ਪਤ ਤਾਂ ਭਗਤੀ ਵੀ ਨਹੀਂ ਹੁੰਦੀ।
ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਤਨ ਅਤੇ ਮਨ ਰੂਪੀ ਦੋਵੇਂ ਪਹੀਏ ਇਕੋ ਜਿਹੀ ਰਫ਼ਤਾਰ ਨਾਲ ਅੱਗੇ ਵਧਣ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਰੋਗੀ ਵਿਚਾਰਾਂ ਨੂੰ ਅਸੀਂ ਆਪਣੇ ਨੇੜੇ ਨਾ ਆਉਣ ਦਈਏ ਤੇ ਸਿਹਤਮੰਦ, ਤੰਦਰੁਸਤ, ਸਫਲ ਤੇ ਅਨੰਦਮਈ ਜੀਵਨ ਮਾਣੀਏ। ਇਹ ਤਾਂ ਸੀ ਮਨ ਦੀ ਗੱਲ ਪਰ ਜੇਕਰ ਅਸੀਂ ਆਪਣੇ ਸਰੀਰ ਨੂੰ ਇਕਦਮ ਢਿੱਲਾ ਛੱਡ ਕੇ ਸਰੀਰ ਨੂੰ ਅਰਾਮ ਦੀ ਅਵਸਥਾ ਵਿੱਚ ਲਿਆਈਏ ਜਿਸ ਨੂੰ ਯੋਗਾ ਵਿੱਚ ਸਵੈ-ਆਸਣ ਕਹਿੰਦੇ ਹਨ ਤਾਂ ਕੀ ਮਜ਼ਾਲ ਜੇ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਡੇ ਸਰੀਰ`ਤੇ ਮਾਰੂ-ਪ੍ਰਭਾਵ ਛੱਡ ਸਕੇ। ਸਰੀਰ ਢਿੱਲਾ ਛੱਡਣ ਨਾਲ ਥਕਾਵਟ ਘਟਦੀ ਹੈ ਤੇ ਕੰਮ ਕਰਨ ਦੀ ਇੱਛਾ ਤੇ ਸ਼ਕਤੀ ਦੋਵੇਂ ਪੈਦਾ ਹੁੰਦੀਆਂ ਹਨ।
ਇਹ ਵੀ ਪੜ੍ਹੋ : Ayurveda: 'ਆਯੁਰਵੇਦ' 'ਚ ਲੁੱਕਿਆ ਸਿਹਤ ਦਾ ਖ਼ਜ਼ਾਨਾ! ਜਾਣੋ ਫਿੱਟ ਰਹਿਣ ਦਾ ਤਰੀਕਾ!
ਸਰੀਰ ਨੂੰ ਲੱਗਣ ਵਾਲੇ ਰੋਗਾਂ ਦਾ ਤਨ ਅਤੇ ਮਨ ਦੋਹਾਂ 'ਤੇ ਅਸਰ ਪੈਂਦਾ ਹੈ। ਇਸ ਨਾਲ ਬੰਦੇ ਦੇ ਸੁਭਾਅ ਵਿੱਚ ਚਿੜਚਿੜਾਪਨ ਆ ਜਾੰਦਾ ਹੈ ਤੇ ਉਦਾਸੀ ਘੇਰ ਲੈਂਦੀ ਹੈ। ਪਰ ਜਿਹੜਾ ਬੰਦਾ ਵੱਧ ਤੋਂ ਵੱਧ ਦੂਜਿਆਂ ਦਾ ਭਲਾ ਕਰਦਾ ਹੈ, ਉਸਨੂੰ ਮਾਨਸਿਕ ਤੇ ਸਰੀਰਕ ਰੋਗ ਘੱਟ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਨਿਤਾਪ੍ਰਤੀ ਹੋਣ ਵਾਲੀਆਂ ਅਣਸੁਖਾਵੀਆਂ ਗੱਲਾਂ ਨੂੰ ਤੂਲ ਨਾ ਦੇ ਕੇ ਸਹਿਜ਼ ਢੰਗ ਨਾਲ ਲਈਏ। ਈਰਖਾ ਤੇ ਨਫ਼ਰਤ ਜਿਹੜੇ ਕਿ ਮਨੁੱਖ ਦੇ ਆਪਣੇ ਸੁਭਾਅ ਦੇ ਡਾਢੇ ਦੁਸ਼ਮਣ ਮੰਨੇ ਜਾਂਦੇ ਹਨ ਉਨ੍ਹਾਂ ਨੂੰ ਆਪਣੇ ਸੁਭਾਅ ਵਿਚੋਂ ਕੱਢਣ ਦਾ ਯਤਨ ਕਰੀਏ, ਸੰਤੁਸ਼ਟ ਰਹਿਣਾ ਸਿੱਖੀਏ, ਹਾਲਾਤ ਨਾਲ ਸਮਝੌਤਾ ਕਰੀਏ ਤੇ ਆਪਣੇ ਫ਼ੈਸਲੇ ਆਪ ਲੈਣ ਦੀ ਸਮਰੱਥਾ ਪੈਦਾ ਕਰੀਏ। ਆਓ ਸਾਰੇ ਇਸ ਉੱਤੇ ਵਿਚਾਰ ਕਰੀਏ ਤੇ ਫਿਰ ਇਸ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ।
Summary in English: Diseases affecting the body have a negative effect on both the body and the mind, know the mantra of staying healthy