ਇਸ ਲੋਹੜੀ ਤੁਸੀਂ ਵੀਂ ਆਪਣੇ ਘਰ ਬਣਾਓ ਇਹ ਰਵਾਇਤੀ ਪਕਵਾਨ, ਸਵਾਦ ਦੇ ਨਾਲ-ਨਾਲ ਸਿਹਤ ਦਾ ਵੀ ਰੱਖਣਗੇ ਖਿਆਲ...
Lohri 2023: ਤਿਉਹਾਰ ਦਾ ਮੌਕਾ ਹੋਵੇ ਅਤੇ ਖਾਣ-ਪੀਣ ਦਾ ਇੰਤਜ਼ਾਮ ਨਾ ਹੋਵੇ, ਅਜਿਹਾ ਤਾਂ ਹੋ ਨਹੀਂ ਸਕਦਾ। ਜੀ ਹਾਂ, ਖਾਣ-ਪੀਣ ਤੋਂ ਬਿਨਾਂ ਤਿਉਹਾਰ ਦਾ ਮਜ਼ਾ ਅਧੂਰਾ ਲੱਗਦਾ ਹੈ। ਇਸ ਲਈ ਅੱਜ ਅਸੀਂ ਲੋਹੜੀ 'ਤੇ ਬਣਨ ਵਾਲੇ ਰਵਾਇਤੀ ਪਕਵਾਨਾਂ ਬਾਰੇ ਗੱਲ ਕਰਾਂਗੇ, ਜੋ ਤੁਸੀਂ ਆਸਾਨੀ ਨਾਲ ਆਪਣੇ ਘਰ 'ਚ ਬਣਾ ਸਕਦੇ ਹੋ ਅਤੇ ਇਨ੍ਹਾਂ ਨੂੰ ਖਾ ਕੇ ਸਿਹਤਮੰਦ ਰਹਿ ਸਕਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪਰੰਪਰਿਕ ਪਕਵਾਨਾਂ ਬਾਰੇ ਜਿਨ੍ਹਾਂ ਦੇ ਬਿਨਾਂ ਤੁਹਾਡੀ ਲੋਹੜੀ ਦੀ ਥਾਲੀ ਅਧੂਰੀ ਰਹਿ ਸਕਦੀ ਹੈ, ਲਿਹਾਜ਼ਾ ਤੁਸੀਂ ਵੀ ਲੋਹੜੀ ਦੇ ਇਨ੍ਹਾਂ ਪਕਵਾਨਾਂ ਨੂੰ ਜ਼ਰੂਰ ਬਣਾਓ।
ਨਵਾ ਸਾਲ ਸ਼ੁਰੂ ਹੁੰਦਿਆਂ ਹੀ ਲੋਕ ਤਿਉਹਾਰਾਂ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਹਨ। ਸਾਲ ਦੀ ਸ਼ੁਰੂਆਤ ਲੋਹੜੀ ਦੇ ਤਿਉਹਾਰ ਨਾਲ ਹੋਈ ਹੈ, ਅਜਿਹੇ 'ਚ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀਆਂ ਦਾ ਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਭਾਵੇਂ ਲੋਹੜੀ ਦੀਆਂ ਰੌਣਕਾਂ ਦੇਸ਼ ਭਰ ਵਿੱਚ ਦੇਖਣ ਨੂੰ ਮਿਲਦੀਆਂ ਹਨ, ਪਰ ਪੰਜਾਬ ਵਿੱਚ ਇਸ ਤਿਉਹਾਰ ਦਾ ਵੱਖਰਾ ਹੀ ਰੰਗ ਨਜ਼ਰ ਆਉਂਦਾ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਲੋਹੜੀ 'ਤੇ ਤੁਹਾਨੂੰ ਘਰ 'ਚ ਕਿਹੜੇ-ਕਿਹੜੇ ਰਵਾਇਤੀ ਪਕਵਾਨ ਬਣਾਉਣੇ ਚਾਹੀਦੇ ਹਨ, ਜੋ ਤਿਉਹਾਰ ਦੇ ਮਜ਼ੇ ਨੂੰ ਦੁੱਗਣਾ ਕਰ ਦੇਣ। ਆਓ ਜਾਣਦੇ ਹਾਂ ਇਨ੍ਹਾਂ ਰਵਾਇਤੀ ਪਕਵਾਨਾਂ ਬਾਰੇ...
ਇਹ ਵੀ ਪੜ੍ਹੋ : ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ? ਪਿਛੋਕੜ 'ਤੇ ਇੱਕ ਨਜ਼ਰ...
ਲੋਹੜੀ 'ਤੇ ਬਣਾਓ ਇਹ ਰਵਾਇਤੀ ਪਕਵਾਨ
● ਸਰ੍ਹੋਂ ਦਾ ਸਾਗ
ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਰ੍ਹੋਂ ਦਾ ਸਾਗ ਖਾਣ ਦਾ ਮੌਸਮ ਆ ਜਾਂਦਾ ਹੈ ਅਤੇ ਲੋਹੜੀ ਦੀ ਥਾਲੀ ਸਰ੍ਹੋਂ ਦੇ ਸਾਗ ਦੇ ਬਿਨਾਂ ਤਾਂ ਬਿਲਕੁਲ ਹੀ ਅਧੂਰੀ ਮੰਨੀ ਜਾਂਦੀ ਹੈ। ਸਰ੍ਹੋਂ ਦੇ ਸਾਗ ਦੀ ਖਾਸੀਅਤ ਇਹ ਹੈ ਕਿ ਇਸ ’ਚ ਫਾਲੇਟ, ਆਇਰਨ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਹੈਲਦੀ ਰੱਖਣ ’ਚ ਮੱਦਦ ਕਰਦੇ ਹਨ।
● ਮੱਕੀ ਦੀ ਰੋਟੀ
ਮੱਕੀ ਦੀ ਰੋਟੀ ਮੱਕੀ ਦੇ ਆਟੇ ਨਾਲ ਬਣੀ ਹੁੰਦੀ ਹੈ। ਦੱਸ ਦੇਈਏ ਕਿ ਇਹ ਪਾਕਿਸਤਾਨ ਅਤੇ ਭਾਰਤ ਦੇ ਪੰਜਾਬ ਵਾਲੀ ਥਾਂ ਤੇ ਖਾਦੀ ਜਾਂਦੀ ਹੈ। ਬਾਕੀ ਦੱਖਣੀ ਏਸ਼ੀਆਈ ਪਕਵਾਨ ਦੀ ਤਰਾਂ ਇਸ ਨੂੰ ਵੀ ਤਵੇ ਤੇ ਬਣਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਸਰੋਂ ਦੇ ਸਾਗ ਨਾਲ ਖਾਧਾ ਜਾਂਦਾ ਹੈਂ। ਇਹ ਜਿਆਦਾਤਰ ਠੰਢ ਦੇ ਮੌਸਮ ਵਿੱਚ ਖਾਧੀ ਜਾਦੀ ਹੈਂ। ਜੇ ਇਸਦੇ ਵਿਚ ਮੂਲੀ ਤੇ ਮੇਥੀ ਮਿਲਾ ਕੇ ਬਣਾਇਆ ਜਾਵੇ ਤਾ ਇਸਦਾ ਸਵਾਦ ਹੋਰ ਵੀ ਵੱਧ ਜਾਦਾਂ ਹੈਂ।
● ਮਿੱਠੀ ਰੋਟੀ
ਲੋਹੜੀ ਮੌਕੇ ਗੁੜ ਦੀ ਰੋਟੀ ਬਣਾਉਣ ਦਾ ਪ੍ਰਚਲਨ ਹੈ। ਇਸ ਨੂੰ ਖ਼ਾਸ ਤੌਰ 'ਤੇ ਲੋਹੜੀ ਦੇ ਤਿਉਹਾਰ 'ਤੇ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣਾ ਜਿੰਨਾ ਸੌਖਾ ਹੈ, ਉਨ੍ਹੀ ਹੀ ਇਹ ਸਵਾਦਿਸ਼ਟ ਵੀ ਹੁੰਦੀ ਹੈ। ਮਿੱਠੀ ਰੋਟੀ ਬਣਾਉਣ ਲਈ ਦੁੱਧ ਅਤੇ ਗੁੜ ਨੂੰ ਕਣਕ ਦੇ ਆਟੇ ਵਿੱਚ ਮਿਲਾਇਆ ਜਾਂਦਾ ਹੈ, ਜਿਸ ਨੂੰ ਘਿਓ ਦੀ ਮਦਦ ਨਾਲ ਪਕਾਇਆ ਜਾਂਦਾ ਹੈ।
● ਆਟੇ ਦੇ ਲੱਡੂ
ਆਟਾ, ਗੁੜ ਅਤੇ ਘਿਓ ਇਨ੍ਹਾਂ ਤਿੰਨ ਸਮੱਗਰੀਆਂ ਤੋਂ ਤਿਆਰ ਹੋ ਜਾਏਗਾ ਆਟੇ ਦਾ ਲੱਡੂ। ਸਰਦੀ ਦੇ ਮੌਸਮ ’ਚ ਜ਼ਿਆਦਾਤਰ ਮਿੱਠੀਆਂ ਚੀਜ਼ਾਂ ’ਚ ਖੰਡ ਦੀ ਜਗ੍ਹਾ ਗੁੜ ਦਾ ਇਸਤੇਮਾਲ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਣ ਦਾ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ’ਚ ਥੋੜ੍ਹਾ ਡਰਾਈ ਫਰੂਟ ਵੀ ਪਾ ਸਕਦੇ ਹੋ।
● ਮੁਰਮੁਰਾ ਲੱਡੂ
ਮੁਰਮੁਰਾ ਲੱਡੂ ਲੋਹੜੀ ਲਈ ਇੱਕ ਹੋਰ ਸ਼ਾਨਦਾਰ ਮਿੱਠਾ ਪਕਵਾਨ ਹੈ। ਇਹ ਲੋਹੜੀ ਅਤੇ ਮਕਰ ਸੰਕ੍ਰਾਂਤੀ 'ਤੇ ਵਿਸ਼ੇਸ਼ ਤੌਰ 'ਤੇ ਬਣਾਇਆ ਜਾਂਦਾ ਹੈ। ਇਸ ਨੂੰ ਆਸਾਨੀ ਨਾਲ ਘਰੇ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਪਕਵਾਨ ਲਈ ਮੁੱਖ ਲੋੜਾਂ ਪਫਡ ਚਾਵਲ ਅਤੇ ਗੁੜ ਹਨ।
ਇਹ ਵੀ ਪੜ੍ਹੋ : ਪੀਏਯੂ ਵਿਖੇ ਲੋਹੜੀ ਦਾ ਜਸ਼ਨ, ਫੈਕਲਟੀ ਅਤੇ ਵਿਦਿਆਰਥੀਆਂ 'ਚ ਖ਼ਾਸਾ ਉਤਸ਼ਾਹ
● ਗੁੜ ਦੀ ਗੱਚਕ
ਇਹ ਪੰਜਾਬ ਦੀ ਪਰੰਪਾਰਿਕ ਰੈਸਿਪੀ ਹੈ ਜਿਸ ਦੇ ਬਿਨ੍ਹਾਂ ਲੋਹੜੀ ਦਾ ਤਿਉਹਾਰ ਅਧੂਰਾ ਜਿਹਾ ਲੱਗਦਾ ਹੈ। ਸਰਦੀ ਦੇ ਮੌਸਮ ’ਚ ਗੱਚਕ ਵੱਡੀ ਤਦਾਦ ’ਚ ਮਾਰਕਿਟ ’ਚ ਵਿਕਣ ਲਗਦੀ ਹੈ। ਅਜਿਹੇ ’ਚ ਲੋਹੜੀ ਮੌਕੇ ਗੁੜ ਦੀ ਗੱਚਕ ਲਿਆਓ ਅਤੇ ਅੱਗ ਦੇ ਕੋਲ ਹੀ ਬੈਠ ਕੇ ਪਰਿਵਾਰ ਸੰਗ ਇਸ ਦਾ ਲੁਤਫ ਉਠਾਓ।
● ਚਿਰੋਂਜੀ ਮਖਾਨਾ ਖੀਰ
ਲਗਭਗ ਹਰ ਭਾਰਤੀ ਤਿਉਹਾਰ ਖੀਰ ਤੋਂ ਬਿਨਾਂ ਅਧੂਰਾ ਹੈ। ਅਜਿਹੇ 'ਚ ਮਖਨ, ਚਿਰੋਂਜੀ ਦੇ ਫਲ ਅਤੇ ਦੁੱਧ ਨਾਲ ਤਿਆਰ ਕੀਤੀ ਚਿਰੋਂਜੀ ਮੱਖਣ ਖੀਰ ਵੀ ਇਸ ਤਿਉਹਾਰ ਦੀ ਰੌਣਕ ਵਧਾਏਗੀ। ਇਸ ਨੂੰ ਬਣਾਉਣ ਲਈ ਮੱਖਣ ਖੀਰ ਤੁਹਾਡੇ ਲਈ ਇਕ ਪਰਫੈਕਟ ਡਿਸ਼ ਹੋਵੇਗੀ।
● ਗੰਨੇ ਦੇ ਰਸ ਦੀ ਖੀਰ
ਕੋਈ ਵੀ ਤਿਉਹਾਰ ਮਿੱਠੇ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਲੋਹੜੀ ਮੌਕੇ ’ਤੇ ਗੰਨੇ ਦੇ ਰਸ ਦੀ ਖੀਰ ਬਣਾਉਣ ਦਾ ਪ੍ਰਚਲਨ ਹੈ। ਇਹ ਡਿਸ਼ ਬੇਹੱਦ ਸਵਾਦਿਸ਼ਟ ਹੁੰਦੀ ਹੈ ਅਤੇ ਘੱਟ ਸਮੇਂ ’ਚ ਬਣਕੇ ਤਿਆਰ ਹੋ ਜਾਂਦੀ ਹੈ। ਇਸ ਖੀਰ ਨੂੰ ਤੁਸੀਂ ਚੌਲ ਦੀ ਖਿੱਚੜੀ ਨਾਲ ਵੀ ਟਰਾਈ ਕਰ ਸਕਦੇ ਹੋ।
● ਤਿਲ ਦੀ ਬਰਫ਼ੀ
ਲੋਹੜੀ ਦੇ ਇਸ ਖ਼ਾਸ ਤਿਉਹਾਰ 'ਤੇ ਤਿਲ ਦੀ ਬਰਫ਼ੀ ਵੀ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਤਿਲ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ 'ਚ ਤਿਲ, ਗੁੜ ਅਤੇ ਦੇਸੀ ਘਿਓ ਨਾਲ ਬਣੀ ਤਿਲ ਦੀ ਬਰਫੀ ਤੁਹਾਡੇ ਤਿਉਹਾਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਨਾਲ-ਨਾਲ ਤੁਹਾਨੂੰ ਠੰਡ ਤੋਂ ਵੀ ਬਚਾਏਗੀ।
● ਗਾਜਰ ਦਾ ਹਲਵਾ
ਪੰਜਾਬ ’ਚ ਲੋਹੜੀ ਮੌਕੇ ਗਾਜਰ ਦਾ ਹਲਵਾ ਬਣਾਉਣ ਦੀ ਪਰੰਪਰਾ ਹੈ ਅਤੇ ਇਹ ਕਾਫ਼ੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਭਲੇ ਹੀ ਤੁਸੀਂ ਇਸ ਲੋਹੜੀ ਪੰਜਾਬ ’ਚ ਨਹੀਂ ਹੋ, ਪਰ ਤੁਸੀਂ ਇਸ ਦਿਨ ਇਨ੍ਹਾਂ ਡਿਸ਼ਾਂ ਨੂੰ ਬਣਾ ਕੇ ਇਸ ਤਿਉਹਾਰ ਨੂੰ ਖਾਸ ਬਣਾਉਂਦੇ ਹੋਏ ਪਰੰਪਾਰਿਕ ਟੱਚ ਦੇ ਸਕਦੇ ਹੋ।
● ਗੁੜ ਦੇ ਮਾਲਪੂੜੇ
ਗੁੜ ਦੇ ਮਾਲਪੂੜੇ ਵੀ ਲੋਹੜੀ ਦੇ ਰਵਾਇਤੀ ਪਕਵਾਨਾਂ ਵਿਚੋਂ ਇੱਕ ਹਨ। ਗੁੜ ਦੇ ਮਾਲਪੂੜੇ ਤੁਸੀਂ ਅਸਾਨੀ ਨਾਲ ਘਰ 'ਤੇ ਹੀ ਤਿਆਰ ਕਰ ਸਕਦੇ ਹੋ। ਇਸ ਪਕਵਾਨ ਨੂੰ ਪਿਆਰ ਨਾਲ ਬਣਾਓ ਤੇ ਆਪਣਿਆਂ ਨੂੰ ਖਵਾਓ।
Summary in English: Lohri Special: Make this traditional dish on Lohri festival