1. Home
  2. ਸੇਹਤ ਅਤੇ ਜੀਵਨ ਸ਼ੈਲੀ

Climate Change ਦੇ ਖੇਤੀ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ

ਇਸ ਸਾਲ ਦੁਨੀਆਂ ਭਰ ਵਿੱਚ ਵਾਪਰੀਆਂ ਘਟਨਾਵਾਂ ਨੇ ਜਲ ਤੇ ਥਲ ਦੇ ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਇਸ ਲਈ ਹੁਣ ਸੋਚਣ ਨਾਲੋਂ ਕੁੱਝ ਕਰਨ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।

Gurpreet Kaur Virk
Gurpreet Kaur Virk
ਮੌਸਮੀ ਬਦਲਾਵ ਦੇ ਖੇਤੀ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ

ਮੌਸਮੀ ਬਦਲਾਵ ਦੇ ਖੇਤੀ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ

ਪਿਛਲੇ ਸਮੇਂ ਦੌਰਾਨ ਵਿਸ਼ਵ ਦੇ 200 ਦੇਸ਼ਾ ਦੇ 70,000 ਤੋਂ ਵੱਧ ਨੀਤੀਕਾਰ, ਮਾਹਿਰ ਤੇ ਵਾਤਾਵਰਣ ਪ੍ਰੇਮੀ ਵੱਧ ਰਹੇ ਤਾਪਮਾਨ ਤੇ ਇਸ ਦੇ ਪ੍ਰਭਾਵਾਂ ਨੂੰ ਨਜਿਠਣ ਲਈ ਦੁਬਈ ਵਿਖੇ ਇਕੱਤਰ ਹੋਏ। ਮਾਹਿਰਾਂ ਅਨੁਸਾਰ ਸਾਲ 2023 ਹੁਣ ਤੱਕ ਦਾ ਸਭ ਤੋਂ ਵੱਧ ਗਰਮ ਸਾਲ ਰਹਿਣ ਵਾਲਾ ਹੈ ਅਤੇ 2024 ਦੇ ਸ਼ੁਰੂਆਤੀ ਮਹੀਨੇ ਵੀ ਇਸ ਨਾਲ ਪ੍ਰਭਾਵਿਤ ਰਹਿਣ ਦਾ ਅਨੁਮਾਨ ਹੈ। ਇਸ ਸਾਲ ਪੂਰੀ ਦੁਨੀਆ ਦੇ ਵਿੱਚ ਹੋਈਆਂ ਘਟਨਾਵਾਂ ਨੇ ਜਲ ਤੇ ਥਲ ਦੇ ਜੀਵਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਇਸ ਲਈ ਹੁਣ ਸੋਚਣ ਨਾਲੋਂ ਕੁੱਝ ਕਰਨ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।

ਵੱਧ ਰਹੇ ਤਾਪਮਾਨ ਦਾ ਮੁੱਖ ਕਾਰਣ ਗਰੀਨ ਹਾਉਸ ਗੈਸਾਂ ਹਨ, ਜਿਹਨਾਂ ਵਿੱਚ ਮੁੱਖ ਤੌਰ ਤੇ ਭੂਮਿਕਾ ਕਾਰਬਨ ਡਾਇਆਕਸਾਇਡ, ਮੀਥੇਨ, ਨਾਇਟਰੱਸ ਆਕਸਾਇਡ ਅਤੇ ਕਲੋਰੋਫਲੋਰੋ ਕਾਰਬਨ ਆਦਿ ਵਰਗੀਆ ਗੈਸਾਂ ਦੀ ਹੈ। ਭਾਵੇਂ ਕਿ ਇਹਨਾਂ ਗੈਸਾਂ ਦੀ ਕੁੱਝ ਹੱਦ ਤੱਕ ਹੋਂਦ ਜੀਵਨ ਲਈ ਜਰੂਰੀ ਵੀ ਹੈ ਕਿਉਕਿ ਇਹ ਧਰਤੀ ਤੇ ਤਾਪਮਾਨ ਨੂੰ ਰਹਿਣ ਯੋਗ ਬਣਾਉਦੀਆਂ ਹਨ, ਪਰ ਲੋੜ ਤੋਂ ਵੱਧ ਇਹਨਾਂ ਗੈਸਾਂ ਦਾ ਵਾਧਾ ਜੀਵਨ ਲਈ ਖਤਰਾ ਵੀ ਹੈ।

ਪਿਛਲੇ ਕੁੱਝ ਕੁ ਸਾਲਾਂ ਵਿੱਚ ਸਾਡੇ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਇਡ ਦਾ 48% ਅਤੇ ਮੀਥੇਨ ਗੈਸ ਦਾ 160% ਵਾਧਾ ਦਰਜ ਕੀਤਾ ਗਿਆ ਹੈ। ਇਸ ਗੰਭੀਰ ਸਿਥਤੀ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪੈਰਿਸ ਵਿਖੇ ਕਾਨਫਰੰਸ ਆਫ ਪਾਰਟੀਜ 26 ਦੀ ਮੀਟਿੰਗ ਵਿੱਚ “ਪੰਚ ਅੰਮ੍ਰਿਤ” ਦੇ ਭਰੋਸੇ ਨਾਲ ਵਾਤਾਵਰਣ ਲਈ ਨਵੇਂ ਲਾਇਫ ਸਟਾਇਲ ਦਾ ਅਹਿਮ ਸੁਨੇਹਾ ਦਿੱਤਾ ਹੈ। ਮੌਸਮੀ ਵਿਗਿਆਨੀਆਂ ਅਨੁਸਾਰ ਪਿਛਲੇ ਕੁੱਝ ਸਾਲਾਂ ਤੋ ਸੂਰਜੀ ਘੰਟਿਆਂ ਦਾ ਘੱਟਣਾ, ਵਾਤਾਵਰਨ ਵਿੱਚ ਨਮੀ ਦਾ ਵੱਧਣਾ, ਫਸਲਾਂ ਦੇ ਪੱਕਣ ਸਮੇਂ ਤੇਜ਼ ਹਵਾਵਾਂ, ਵੱਧ ਤਾਪਮਾਨ ਆਦਿ ਕਰਕੇ ਫਸਲਾਂ ਦੇ ਝਾੜ ਅਤੇ ਖੇਤੀ ਖਰਚਿਆਂ ਵਿੱਚ ਵਾਧਾ ਹੋ ਰਿਹਾ ਹੈ।

ਸਾਲ 2022 ਦੌਰਾਨ ਕਣਕ ਦਾ ਘੱਟ ਝਾੜ ਮਾਰਚ ਮਹੀਨੇ ਦੌਰਾਨ ਤਾਪਮਾਨ ਵਿੱਚ ਹੋਇਆ ਅਚਾਨਕ ਵਾਧਾ ਸੀ। ਦਸੰਬਰ 2022 ਦੌਰਾਨ ਵੀ ਤਾਪਮਾਨ ਵਿੱਚ ਵਾਧਾ ਕਣਕ ਦੇ ਕਾਸ਼ਤਕਾਰਾਂ ਲਈ ਗੰਭੀਰ ਪਰੇਸ਼ਾਨੀ ਦਾ ਕਾਰਨ ਬਣ ਗਿਆ ਸੀ ਅਤੇ ਸਾਲ 2023 ਦੌਰਾਨ ਹੜ੍ਹਾਂ ਨੇ ਆਪਣਾ ਤਾਂਡਵ ਦਿਖਾਇਆ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਮੁੜ ਲਵਾਈ ਕਰਨੀ ਪਈ। ਹੁਣ ਚੱਲ ਰਿਹਾ ਸਰਦ ਰੁੱਤ ਦੇ ਮੌਸਮ ਬਾਰੇ ਵੀ ਮਾਹਿਰਾਂ ਵੱਲੋਂ ਗਰਮ ਰਹਿਣ ਦੇ ਅੰਦਾਜੇ ਲਗਾਏ ਗਏ ਹਨ। ਮੌਸਮ ਵਿਗਿਆਨੀਆਂ ਵੱਲੋਂ ਜਾਰੀ ਆਕੜੀਆਂ ਅਨੁਸਾਰ ਪਿਛਲੇ 100 ਸਾਲਾਂ ਦੌਰਾਨ ਤਾਪਮਾਨ ਵਿੱਚ ਤਕਰੀਬਨ 1.5 ਡਿਗਰੀ ਸੈਂਟੀਗਰੇਡ ਦਾ ਵਾਧਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਸਾਰਾ ਸਾਲ ਮਿਲੇਗਾ ਪਾਲਕ-ਮੇਥੀ-ਸਾਗ, ਜਾਣੋ ਕਿਵੇਂ?

ਭਾਰਤ ਵਿੱਚ ਜੇਕਰ ਵੱਧਦੀ ਆਬਾਦੀ, ਟਰੈਫਿਕ,ਕਾਰਖਾਨੇ ਅਤੇ ਫਸਲਾਂ ਦੀ ਰਹਿੰਦ ਖੂਹੰਦ ਦਾ ਸਾੜਨਾ ਆਦਿ ਜਾਰੀ ਰਿਹਾ ਤਾਂ ਅਗਲੇ 30 ਸਾਲਾਂ ਵਿੱਚ ਤਾਪਮਾਨ 1 ਡਿਗਰੀ ਸੈਂਟੀਗਰੇਡ ਹੋਰ ਵੱਧ ਜਾਵੇਗਾ, ਜਿਸ ਤੇ ਨਤੀਜੇ ਵੱਜੋਂ ਹੜ੍ਹ ਤੇ ਹੋਰ ਕੁਦਰਤੀ ਆਫਤਾਂ ਦੇ ਨਾਲ ਨਾਲ ਫਸਲਾਂ ਦੇ ਝਾੜ ਵਿੱਚ 17% ਦਾ ਘਾਟਾ ਹੋ ਸਕਦਾ ਹੈ। ਮੌਸਮ ਦਾ ਇਹ ਬਦਲਾਅ ਕੀੜੇ ਮਕੋੜੇ ਅਤੇ ਬੀਮਾਰੀਆਂ ਦੇ ਵਾਧੇ ਦਾ ਕਾਰਨ ਵੀ ਬਣ ਰਿਹਾ ਹੈ। ਕਣਕ ਦੀ ਗੁਲਾਬੀ ਸੁੰਡੀ, ਝੋਨੇ ਵਿੱਚ ਵਾਇਰਸ, ਮੱਕੀ ਦਾ ਫਾਲ ਆਰਮੀ ਵਰਮ ਅਜਹੀਆਂ ਅਣਗਿਣਤ ਉਦਾਹਰਣਾਂ ਹਨ ਅਤੇ ਇਹਨਾਂ ਕਰਕੇ ਕਿਸਾਨ ਦੇ ਖੇਤੀ ਖਰਚੇ ਵੱਧ ਰਹੇ ਹਨ ਅਤੇ ਨਿਰੋਲ ਆਮਦਨ ਘੱਟ ਰਹੀ ਹੈ। ਸਿੱਟੇ ਵਜੋਂ ਕਿਸਾਨ ਆਰਥਿਕ ਪੱਖੋਂ ਟੁੱਟਦਾ ਜਾ ਰਿਹਾ ਹੈ।

ਜਲਵਾਯੂ ਪਰਿਵਰਤਣ ਦੇ ਪ੍ਰਭਾਵ ਨੂੰ ਘਟਾਉਣ ਦੀ ਲੋੜ:

ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਜਲਵਾਯੂ ਪਰਿਵਰਤਣ ਕਰਕੇ ਫਸਲਾਂ ਦਾ ਸਮੁੱਚਾ ਤਾਣਾ ਬਾਣਾ ਵਿਗੜ ਸਕਦਾ ਹੈ ਅਤੇ ਦੇਸ਼ ਨੂੰ ਅਨਾਜ ਦੀ ਸਮੱਸਿਆ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਦੇ 80% ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜੋ ਵਾਤਾਵਰਣ ਦੇ ਬਦਲਾਵ ਨਾਲ ਜਿਆਦਾ ਪ੍ਰਭਾਵਿਤ ਹੁੰਦੇ ਹਨ। ਇਹਨਾ ਕਿਸਾਨਾਂ ਦੇ ਘੱਟ ਵਸੀਲੇ ਅਤੇ ਮਾੜੀ ਮਾਲੀ ਹਾਲਤ ਨੂੰ ਵਿਚਾਰਦੇ ਹੋਏ ਸਰਕਾਰਾਂ ਨੂੰ ਖੁਲਦਿਲੀ ਵਿਖਾਉਂਦੇ ਹੋਏ ਅਜਿਹੇ ਕਿਸਾਨਾਂ ਲਈ ਵਧੇਰੇ ਯਤਨ ਕਰਨ ਦੀ ਜਰੂਰਤ ਹੈ। 2023 ਦੌਰਾਨ ਹੋਏ ਮੌਸਮੀ ਬਦਲਾਵ ਕਰਕੇ ਸਾਡੀ ਕਣਕ ਦੀ ਫਸਲ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ

ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਜਿੱਠਣ ਲਈ ਉਪਰਾਲੇ:

● ਬਾਸਮਤੀ, ਮੱਕੀ, ਕਮਾਦ, ਦਾਲਾਂ, ਤੇਲ ਬੀਜ਼ ਫਸਲਾਂ, ਮੋਟੇ ਅਨਾਜ ਵਾਲੀਆਂ ਫਸਲਾਂ ਦੀ ਖੇਤੀ ਵੱਲ ਹੁਣ ਜਿਆਦਾ ਧਿਆਨ ਦੇਣ ਦੀ ਲੋੜ ਹੈ।

● ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖਿਲਾਰਣਾ ਭਿਆਨਕ ਮੀਥੇਨ ਗੈਸ ਦੇ ਰਿਸਾਵ ਦਾ ਕਾਰਨ ਬਣਦਾ ਹੈ। ਸਾਡੇ ਦੇਸ਼ ਵਿੱੱਚ ਤਕਰੀਬਨ 4.5 ਮੀਲਿਅਨ ਟਨ ਮੀਥੇਨ ਗੈਸ ਇੱਕਲੇ ਝੋਨੇ ਦੇ ਖੇਤਾਂ ਵਿੱਚ ਵਧੇਰੇ ਪਾਣੀ ਖਿਲਾਰਨ ਕਰਕੇ ਪੈਦਾ ਹੁੰਦੀ ਹੈ।ਝੋਨੇ ਦੇ ਮੁਕਾਬਲੇ ਬਦਲਾਵ ਵਾਲੀ ਫਸਲ ਮੱਕੀ ਆਦਿ ਵਿਚਾਲੇ ਲਾਭ ਦੇ ਅੰਤਰ ਦੀ ਪੂਰਤੀ ਕਿਸਾਨ ਨੂੰ “ਕਾਰਬਕ ਕੈਡਿਟ” ਵਜੋਂ ਦੇਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਨੂੰ ਬਚਾਉਦੇ ਹੋਏ ਅੰਨ ਦੀ ਸੁਰੱਖਿਆਂ ਵੀ ਕਾਇਮ ਰਹਿ ਸਕੇ। ਫਸਲਾਂ ਦੀ ਚੌਣ ਕਰਦੇ ਸਮੇਂ ਕਾਰਬਨ ਫੁੱਟ ਪ੍ਰਿੰਟਸ ਦਾ ਵੀ ਖਿਆਲ ਰੱਖਣ ਦੀ ਜਰੂਰਤ ਹੈ।

● ਵਧੇਰੇ ਡੀਜ਼ਲ ਬਾਲਣ ਨਾਲ ਕਾਰਬਾਨ ਡਾਇਆਕਸਾਇਡ ਗੈਸ ਪੈਦਾ ਹੁੰਦੀ ਹੈ ਮਾਹਿਰਾਂ ਅਨੁਸਾਰ ਇੱਕ ਲੀਟਰ ਡੀਜ਼ਲ ਬੱਲਣ ਨਾਲ 2.6 ਕਿਲੋੋ ਕਾਰਬਨ ਡਾਇਕਸਾਇਡ ਗੈਸ ਪੈਦਾ ਹੁੰਦੀ ਹੈ ਇਸ ਲਈ ਘੱਟ ਡੀਜਲ ਦੀ ਖੱਪਤ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਨੂੰ ਤਰਜੀਹ ਦੇਣ ਦੀ ਲੋੜ ਹੈ।

● ਖਾਦਾਂ ਦਾ ਵਧੇਰੇ ਇਸਤੇਮਾਲ ਨਾਇਟਰਸ ਆਕਸਾਇਡ ਵਰਗੀਆਂ ਗੈਸਾਂ ਦੇ ਰਿਸਾਵ ਦਾ ਕਾਰਨ ਬਣਦਾ ਹੈ। ਇਕ ਕਿਲੋ ਨਾਇਟਰੋਜਨ ਵਾਲੀ ਖਾਦ 1.25 ਕਿਲੋ ਨਾਇਟਰਸ ਗੈਸ ਪੈਦਾ ਕਰਦੀ ਹੈ ਅਤੇ ਇਹ ਗੈਸ ਕਾਰਬਨ ਡਾਇਅਕਸਾਇਡ ਨਾਲੋ ਤਕਰੀਬਨ 300 ਗੁਣਾ ਵਧੇਰੇ ਖਤਰਨਾਕ ਹੈ।ਇਸ ਲਈ ਖਾਦਾਂ ਦੀ ਲੋੜ ਅਤੇ ਸੰਯਮ ਨਾਲ ਵਰਤੋਂ ਕਰਨੀ ਚਾਹੀਦੀ ਹੈ।

● ਝੋਨੇ ਦੀ ਸਿੱਧੀ ਬੀਜਾਈ, ਕਿਸਾਨਾ ਦੇ ਤਜ਼ਰਬਿਆਂ ਅਨੁਸਾਰ ਕਾਮਯਾਬ ਹੋ ਕੇ ਨਿਤਰੀ ਸੁੱਕੇ ਕੱਦੂ ਵਾਲੀ ਤਕਨੀਕ ਜਾਂ ਏ ਐਸ ਆਰ ਵਿਧੀ ਦੀ ਵਰਤੋਂ ਸਿਹਤਮੰਦ ਮੌਸਮ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੀ ਹੈ ਅਤੇ ਮੀਥੇਨ ਦੇ ਰਿਸਾਵ ਨੂੰ ਘਟਾਉਣ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ।

● ਵੈਰਾਇਟਲ ਵੈਭਿੰਨਤਾ ਸਮੇਂ ਦੀ ਲੋੜ ਹੈ ਭਾਵ ਕਿ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਵੱਖ ਵੱਖ ਸਮੇਂ ਪੱਕਣ ਵਾਲਿਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਕਿ ਮੌਸਮ ਦਾ ਬਦਾਲਅ ਸਾਡੀ ਆਰਥਿਕਤਾ ਨੂੰ ਜਿਆਦਾ ਪ੍ਰਭਾਵਿਤ ਨਾ ਕਰੇ।

ਇਹ ਵੀ ਪੜ੍ਹੋ:ਜੇਕਰ ਬਣਨਾ ਚਾਹੁੰਦੇ ਹੋ Agronomist, ਤਾਂ ਇੱਥੇ ਜਾਣੋ ਕੋਰਸ, ਯੋਗਤਾ ਅਤੇ ਹੋਰ ਵੇਰਵੇ

● ਕਣਕ ਵਿੱਚ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮਾਰਚ ਦੇ ਅਖੀਰ ਤੱਕ ਪਾਣੀ ਲਗਾਉਣਾ ਚਾਹੀਦਾ ਹੈ। ਇਸੇ ਤਰਾਂ ਕਣਕ ਨੂੰ ਦਾਣੇ ਭਰਨ ਸਮੇਂ ਅਤੇ ਵੱਧ ਤਾਪਮਾਨ ਤੋਂ ਬਚਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਭਾਵ 4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ 2 ਸਪਰੇਆਂ, ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜੀ ਸਪਰੇਅ ਬੂਰ ਪੈਣ ਸਮੇਂ ਕਰਨ ਨਾਲ ਤਾਪਮਾਨ ਦੇ ਵਾਧੇ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈੈ।

● ਕਣਕ ਦੀ ਵਾਢੀ ਤੋਂ ਬਾਅਦ ਖਾਲੀ ਖੇਤਾਂ ਵਿੱਚ ਮੂੰਗੀ ਜਾਂ ਢੈਂਚੇ / ਸਣ ਦੀ ਖੇਤੀ ਕਰਨ ਨਾਲ ਖਾਦਾਂ ਦਾ ਖਰਚਾ ਤਾਂ ਘੱਟਦਾ ਹੀ ਹੈ ਉਸ ਦੇ ਨਾਲ ਨਾਲ ਭੋਂ ਦਾ ਖੋਰ, ਜਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਜੋ ਕਿ ਸਿੱਧੇ ਤੌਰ ਤੇ ਵਾਤਾਵਰਨ ਹਿੱਤਕਾਰੀ ਹੈ।

● ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਖੇਤੀ ਰੱਲਗੱਡ ਸਹਾਇਕ ਧੰਦੇ ਅਪਣਾਉਂਣੇ ਚਾਹੀਦੇ ਹਨ ਤਾਂ ਜੋ ਮੌਸਮ ਦੇ ਪ੍ਰਤੀਕੂਲ ਪ੍ਰਭਾਵਾ ਕਰਕੇ ਪਰਿਵਾਰ ਦੀ ਆਰਥਿਕਤਾ ਨੂੰ ਨੁਕਸਾਨ ਨਾ ਹੋ ਸਕੇ।

● ਮੌਸਮ ਦੀ ਅਗਾਉਂ ਜਾਣਕਾਰੀ ਅੱਜ ਦੀ ਖੇਤੀ ਦੀ ਸਫਲਤਾ ਦੀ ਕੁੰਜੀ ਹੈ। ਕਿਸਾਨ ਵੀਰਾਂ ਨੂੰ ਬੀਜਾਈ ਤੋਂ ਲੇ ਕੇ ਵਾਢੀ ਅਤੇ ਮੰਡੀਕਾਰੀ ਆਦਿ ਦੇ ਸਾਰੇ ਕੰਮ ਮੌਸਮ ਦੀ ਅਗਾਉ ਜਾਣਕਾਰੀ ਪ੍ਰਾਪਤ ਕਰਦੇ ਹੋਏ ਹੀ ਕਰਨੇ ਚਾਹੀਦੇ ਹਨ।

● ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਇਕੱਲੇ ਕਿਸਾਨ ਦੇ ਉਪਰਾਲਿਆਂ ਤੇ ਨਹੀ ਰਹਿਣਾ ਚਾਹੀਦਾ ਬਲਕਿ ਹਰ ਮਨੁੱਖ ਨੂੰ ਹੀ ਆਪਣੀ ਸੋਚ ਵਿੱਚ ਬਦਲਾਵ ਲਿਆਉਦੇ ਹੋਏ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਨੀਤੀਕਾਰਾਂ ਨੂੰ ਅਜਿਹੀ ਨੀਤੀ ਸਿਰਜਣ ਦੀ ਲੋੜ ਹੈ ਜਿਸ ਵਿੱਚ ਹਰ ਇਨਸਾਨ ਦਾ ਯੋਗਦਾਨ ਪਵੇ ਤਾਂ ਹੀ ਵਾਤਵਰਨ ਬਦਾਅ ਦੇ ਮਾਰੂ ਪ੍ਰਭਾਵਾਂ ਤੋਂ ਬਚਿਆਂ ਜਾ ਸਕਦਾ ਹੈ।

● ਵਾਤਾਵਰਣ ਤੇ ਹਰ ਵਿਭਾਗ ਦੀ ਵੱਖਰੀ ਟੀਮ ਗਠਿਤ ਕੀਤੀ ਜਾਵੇ ਜੋ ਕਿਸਾਨਾਂ ਦੇ ਨਾਲ ਬੈਠ ਕੇ ਪਿੰਡ ਪੱਧਰੀ ਯੋਜਨਾਂ ਉਲੀਕ ਕੇੇ ਉਸ ਨੂੰ ਅਮਲ ਵਿੱਚ ਲਿਆਦਾਂ ਜਾਵੇ ।

ਵਿਗਿਆਨਿਕ ਖੇਤੀ ਕਰਦੇ ਹੋਏ ਅਸੀ ਉਪਰੋਕਤ ਅਨੁਸਾਰ ਆਪਣੇ ਕੁਦਰਤੀ ਵਸੀਲੀਆਂ ਨੂੰ ਬਚਾਉਣ ਦੇ ਨਾਲ ਨਾਲ ਆਪਣੇ ਵੱਡਮੁੱਲੇ ਵਾਤਾਵਰਨ ਦੀ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਾਂ। ਆਪਣੀ ਸੋਚ ਵਿੱਚ ਬਦਲਾਵ ਲਿਆ ਕੇ ਅਤੇ ਕੁਦਰਤ ਦੇ ਮਿਜਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਬੰਦ ਫੈਸਲਿਆਂ ਨਾਲ ਸਾਨੂੰ ਵਾਤਾਵਰਨ ਪੱਖੀ ਸੋਚ ਦਾ ਸਬੂਤ ਦੇਣਾ ਚਾਹੀਦਾ ਹੈ।

ਨਰੇਸ਼ ਕੁਮਾਰ ਗੁਲਾਟੀ,
ਡਿਪਟੀ ਡਾਇਰੈਕਟਰ ਖੇਤੀਬਾੜੀ, ਪੰਜਾਬ।
ਗੁਰਦੀਪ ਸਿੰਘ
ਡਿਪਟੀ ਡਾਇਰੈਕਟਰ ਖੇਤੀਬਾੜੀ, ਪੰਜਾਬ।

Summary in English: Need to be aware of adverse effects of climate change on agriculture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters