ਸਰਦ ਰੁੱਤ ਵਿੱਚ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ
Fruit Trees: ਉੱਤਰੀ ਭਾਰਤ ਵਿੱਚ ਦਸੰਬਰ - ਜਨਵਰੀ ਦੇ ਮਹੀਨਿਆਂ ਦੌਰਾਨ ਕੋਰਾ ਪੈਣਾ ਫ਼ਲਦਾਰ ਬੂਟਿਆਂ ਲਈ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ। ਇਸ ਦੌਰਾਨ ਤਾਪਮਾਨ 0° ਸੈਂਟੀਗ੍ਰੇਡ ਤੋਂ ਵੀ ਥੱਲੇ ਡਿਗ ਪੈਂਦਾ ਹੈ। ਅੱਤ ਦੀ ਠੰਡ ਕਰਕੇ ਕਾਗਜ਼ੀ ਨੀਂਬੂ, ਬੇਰ, ਅਮਰੂਦ, ਪਪੀਤਾ, ਅੰਬ ਆਦਿ ਦੇ ਬੂਟਿਆਂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।
ਬੂਟਿਆਂ ਦੇ ਪੱਤੇ, ਟਹਿਣੀਆਂ, ਫੁੱਲ ਸਾਰੇ ਪ੍ਰਭਾਵਿਤ ਹੁੰਦੇ ਹਨ। ਫਲਾਂ ਵਿਚਲਾ ਜੂਸ ਸੁੱਕਣ ਦੀ ਸਮੱਸਿਆ ਵੀ ਆਉਂਦੀ ਹੈ, ਜਿਸ ਕਰਕੇ ਫਲਾਂ ਦੀ ਗੁਣਵੱਤਾ 'ਤੇ ਮਾੜਾ ਅਸਰ ਪੈਂਦਾ ਹੈ।
ਕਿਸੇ ਵੀ ਤਰ੍ਹਾਂ ਦੀ ਆਪਦਾ ਨੂੰ ਸਹਿਣ ਲਈ ਕੁਦਰਤ ਦਾ ਆਪਣਾ ਢੰਗ ਹੈ। ਠੰਡ ਦੇ ਮੌਸਮ ਦੌਰਾਨ ਪੱਤਝੜੀ ਬੂਟਿਆਂ ਦੇ ਪੱਤੇ ਝੱੜ ਜਾਂਦੇ ਹਨ ਅਤੇ ਉਹ ਸੁਸਤ ਅਵਸਥਾ ਵਿਚ ਚਲੇ ਜਾਂਦੇ ਹਨ। ਸਦਾਬਹਾਰ ਬੂਟਿਆਂ ਵਿੱਚ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਸੋ ਬਾਗ਼ਬਾਨਾਂ ਨੂੰ ਇਸ ਮੌਸਮ ਵਿੱਚ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਹੇਠ ਦਿੱਤੀਆਂ ਹੋਇਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਠੰਡ ਸਹਿਣ ਵਾਲੀਆਂ ਕਿਸਮਾਂ ਦੀ ਚੋਣ
ਫ਼ਲਦਾਰ ਬੂਟਿਆਂ ਦੀਆਂ ਕਈ ਕਿਸਮਾਂ ਵਿੱਚ ਠੰਡ ਸਹਿਣ ਦੀ ਸਮਰੱਥਾ ਹੁੰਦੀ ਹੈ। ਇਸ ਕਰਕੇ ਕੋਰੇ ਦੀ ਮਾਰ ਵਾਲੇ ਇਲਾਕਿਆਂ ਵਿੱਚ ਇਹਨਾਂ ਕਿਸਮਾਂ ਨੂੰ ਲਗਾਉਣਾ ਚਾਹੀਦਾ ਹੈ। ਵੱਧ ਤੋਂ ਘੱਟ ਠੰਡ ਸਹਿਣ ਦੀ ਸਮਰਥਾ ਇਸ ਤਰਾਂ ਹੈ - ਨੀਂਬੂ ਜਾਤੀ, ਲੁਕਾਠ, ਲੀਚੀ, ਅਨਾਨਾਸ, ਕੇਲਾ, ਪਪੀਤਾ। ਲੈਮਨ ਅਤੇ ਨੀਂਬੂ ਵਿੱਚ ਘੱਟ ਠੰਡ ਸਹਿਣ ਦੀ ਸਮਰੱਥਾ ਹੈ ਬਲਕਿ ਸੰਤਰੇ, ਮਿੱਠੇ ਅਤੇ ਚਕੋਤਰੇ ਦੀਆਂ ਕਿਸਮਾਂ ਵਿੱਚ ਜ਼ਿਆਦਾ ਹੈ। ਅੰਬ ਵਿਚ ਲੰਗੜਾ, ਮਾਲਦਾ ਸਫੈਦਾ, ਫ਼ਜ਼ਰੀ ਕਿਸਮਾਂ ਠੰਡ ਸਹਿਣ ਕਰ ਸਕਦੀਆਂ ਹਨ।
ਬਾਗਾਂ ਵਿੱਚ ਖਾਦਾਂ ਦਾ ਪ੍ਰਬੰਧਨ
ਤੰਦਰੁਸਤ ਫ਼ਲਦਾਰ ਬੂਟੇ ਕਮਜ਼ੋਰ ਬੂਟਿਆਂ ਦੇ ਮੁਕਾਬਲੇ ਠੰਡ ਜਾਂ ਕੋਰੇ ਨੂੰ ਚੰਗਾ ਸਹਾਰ ਸਕਦੇ ਹਨ। ਸਹੀ ਸਮੇਂ ਅਤੇ ਸਹੀ ਮਾਤਰਾ ਵਿਚ (ਬੂਟੇ ਦੀ ਉਮਰ ਦੇ ਅਨੁਸਾਰ) ਖਾਦ ਦਾ ਬੂਟਿਆਂ ਨੂੰ ਦੇਣਾ ਬਹੁਤ ਜ਼ਰੂਰੀ ਹੈ। ਫੁੱਲ ਪੈਣ ਵੇਲੇ ਅਤੇ ਫਲ ਬਣਨ ਵਰਗੀਆਂ ਅਤਿ ਜ਼ਰੂਰੀ ਸਟੇਜਾਂ ਉੱਤੇ ਪਾਣੀ ਦੇਣਾ ਵੀ ਬਹੁਤ ਜ਼ਰੂਰੀ ਹੈ। ਇੰਜ ਕਰਨ ਨਾਲ ਬੂਟਿਆਂ ਦਾ ਚੰਗਾ ਵਾਧਾ ਹੁੰਦਾ ਹੈ। ਕੀੜੇ ਅਤੇ ਬਿਮਾਰੀਆਂ ਕਾਰਨ ਵੀ ਫ਼ਲਦਾਰ ਬੂਟੇ ਕੰਮਜ਼ੋਰ ਪੈ ਜਾਂਦੇ ਹਨ। ਸੋ ਬਾਗਾਂ ਵਿਚ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲਗਾਤਾਰ ਸਰਵੇ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਸਪਰੇ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬੂਟੇ ਤੰਦਰੁਸਤ ਰਹਿੰਦੇ ਹਨ ਅਤੇ ਕੋਰੇ ਦੇ ਪ੍ਰਭਾਵ ਨੂੰ ਸਹਿਣ ਕਰ ਸਕਦੇ ਹਨ।
ਇਹ ਵੀ ਪੜ੍ਹੋ: How to Start a Fruit Garden: ਬਾਗ ਲਗਾਉਣ ਲਈ ਸੁਚੱਜੀ ਵਿਉਂਤਬੰਦੀ ਅਤੇ ਪ੍ਰਬੰਧਨ ਜ਼ਰੂਰੀ, PAU ਨੇ ਸਿਫ਼ਾਰਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਉੱਨਤ ਕਿਸਮਾਂ
ਬੂਟਿਆਂ ਦੀ ਸਿਧਾਈ ਅਤੇ ਕਾਂਟ ਛਾਂਟ
ਚੰਗੀ ਤਰਾਂ ਸਿਧਾਈ ਕੀਤੇ ਹੋਏ ਨੀਵੇਂ ਬੂਟੇ ਉੱਚੇ ਅਤੇ ਕਾਂਟ ਛਾਂਟ ਨਾਂ ਕੀਤੇ ਹੋਏ ਬੂਟਿਆਂ ਦੇ ਮੁਕਾਬਲੇ ਜ਼ਿਆਦਾ ਠੰਡ ਸਹਿਣ ਦੀ ਸਮਰੱਥਾ ਰੱਖਦੇ ਹਨ। ਸੋ ਨਵੇਂ ਬੂਟਿਆਂ ਦੀ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕੀਤੀ ਸਿਧਾਈ ਮਜਬੂਤ ਢਾਂਚੇ ਨੂੰ ਬਣਾਉਂਦੀ ਹੈ।
ਹਵਾਵਾਂ ਤੋਂ ਰੋਕ ਅਤੇ ਬਚਾਵ ਲਈ ਵਾੜ ਲਗਾਉਣਾ
ਦਸੰਬਰ ਜਨਵਰੀ ਦੇ ਮਹੀਨਿਆਂ ਵਿੱਚ ਸਰਦ ਹਵਾਵਾਂ ਫ਼ਲਦਾਰ ਬੂਟਿਆਂ ਲਈ ਬਹੁਤ ਨੁਕਸਾਨਦੇਹ ਹਨ। ਕਿਸੇ ਵੀ ਤਰਾਂ ਦੀ ਵਾੜ ਜਿਵੇਂ ਕਿ ਉੱਚੇ ਦਰਖ਼ਤ ਅੰਬ, ਜਾਮੁਣ, ਸ਼ਹਿਤੂਤ ਆਦਿ ਬਾਗ ਦੇ ਉੱਤਰ ਪੱਛਮੀ ਪਾਸੇ ਰੋਕ ਵੱਜੋਂ ਲਗਾਏ ਜਾ ਸਕਦੇ ਹਨ ।ਬੋਗਨਵਿਲੀਆ, ਜੱਟੀ ਖੱਟੀ, ਗਲਗਲ, ਕਰੌਂਦਾ ਨਾਲ ਵਾੜ ਬਣਾ ਕੇ ਵੀ ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
ਬਾਗ ਵਿੱਚ ਧੂਆਂ ਕਰਨਾ
ਬਾਗ ਵਿੱਚ ਸੁੱਕੇ ਪੱਤਿਆਂ ਅਤੇ ਘਾਹ ਫੂਸ ਨੂੰ ਅੱਗ ਲਗਾ ਕੇ ਕੋਰਾ ਪੈਣ ਵਾਲੇ ਦਿਨਾਂ ਵਿੱਚ ਧੂਆਂ ਕੀਤਾ ਜਾ ਸਕਦਾ ਹੈ। ਇਹ ਤਕਨੀਕ ਦੋ ਤਰ੍ਹਾਂ ਲਾਭਦਾਇਕ ਹੈ -ਪਹਿਲਾ ਤਾਂ ਧੂਆਂ ਬੂਟਿਆਂ ਦੇ ਆਲੇ ਦੁਆਲੇ ਇੱਕ ਸਕਰੀਨ ਜਾਂ ਪਰਤ ਬਣਾ ਲੈਂਦਾ ਹੈ ਜਿਸ ਕਰਕੇ ਕੋਰੇ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ। ਦੂਜਾ ਧੂਏਂ ਨਾਲ ਬਾਗ ਦਾ ਤਾਪਮਾਨ ਵੱਧ ਜਾਂਦਾ ਹੈ। ਬਾਗਾਂ ਦੀ ਰਹਿੰਦ - ਖੂੰ੍ਹ੍ਹਹਦ ਨੂੰ ਤਿੰਨ ਚਾਰ ਥਾਵਾਂ ਤੇ ਰੱਖ ਕੇ ਜਲਾ ਦੇਣਾ ਚਾਹੀਦਾ ਹੈ । ਪਰ ਹਵਾ ਚੱਲਣ ਨਾਲ ਇਸ ਤਰੀਕੇ ਦਾ ਅਸਰ ਘੱਟ ਜਾਂਦਾ ਹੈ।
ਪਰਾਲੀ ਦੀਆਂ ਕੁੱਲੀਆਂ ਬਣਾ ਕੇ
ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ ਦਾ ਇਹ ਇਕ ਕਾਰਗਰ ਤਰੀਕਾ ਹੈ। ਸਰਕੰਡਾ ਜਾਂ ਪਰਾਲੀ ਦੀਆਂ ਕੁੱਲੀਆਂ ਬਣਾ ਕੇ ਹਨ ਛੋਟੇ ਬੂਟਿਆਂ ਨੂੰ ਕਵਰ ਕੀਤਾ ਜਾ ਸਕਦਾ ਹੈ। ਦੱਖਣ ਪੱਛਮੀ ਪਾਸੇ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ ਤਾਂ ਜੋ ਬੂਟੇ ਨੂੰ ਸੂਰਜ ਦੀ ਅਤੇ ਰੌਸ਼ਨੀ ਅਤੇ ਹਵਾ ਮਿਲਦੀ ਰਹੇ।
ਬਾਗ ਦੀ ਸਿੰਚਾਈ
ਇਹ ਤਰੀਕਾ ਸਭ ਤੋਂ ਜ਼ਿਆਦਾ ਅਪਣਾਇਆ ਜਾਣ ਵਾਲਾ ਹੈ । ਠੰਡ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਠੰਡ ਦੀ ਰੁੱਤ ਵਿੱਚ ਬਾਗ਼ਾਂ ਨੂੰ ਪਾਣੀ ਦੇਣ ਨਾਲ 1-2 ਸੈਂਟੀਗ੍ਰੇਡ ਤਾਪਮਾਨ ਵਿਚ ਵਾਧਾ ਕੀਤਾ ਜਾ ਸਕਦਾ ਹੈ , ਇਹ ਤਰੀਕਾ ਸਾਰਿਆਂ ਨਾਲੋਂ ਘੱਟ ਖਰਚੇ ਵਾਲਾ ਅਤੇ ਪ੍ਰੈਕਟੀਕਲ ਹੈ। ਇਸ ਕਰਕੇ ਬਾਗਬਾਨ ਬਾਗਾਂ ਨੂੰ ਪਾਣੀ ਲਗਾਉਂਦੇ ਹਨ ਜਦੋਂ ਵੀ ਕੋਰਾ ਪੈਣ ਦੀ ਸੰਭਾਵਨਾ ਹੁੰਦੀ ਹੈ।
ਸਰੋਤ: ਅਵਨੀਤ ਕੌਰ ਅਤੇ ਮਨਵੀਨ ਕੌਰ ਬਾਠ, ਫ਼ਲ ਵਿਗਿਆਨ ਵਿਭਾਗ
Summary in English: Crop Protection Tips: Methods to protect fruit trees from frost in winter