ਅੱਜ ਅਸੀਂ ਪੀਏਯੂ ਦੁਆਰਾ ਸਿਫ਼ਾਰਸ਼ ਕੀਤੀ ਤਰਬੂਜ ਦੀ ਇੱਕ ਸੁਧਰੀ ਕਿਸਮ 'ਸ਼ੁਗਰ ਬੇਬੀ' ਦੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜੋ ਨਾ ਸਿਰਫ਼ ਚੰਗੀ ਪੈਦਾਵਾਰ ਲਈ ਸਗੋਂ ਵੱਧ ਮੁਨਾਫ਼ੇ ਲਈ ਵੀ ਪ੍ਰਸਿੱਧ ਹੈ।
Advanced Variety of Watermelon: ਅਕਸਰ ਕਿਸਾਨ ਚੰਗੇ ਮੁਨਾਫ਼ੇ ਲਈ ਨਵੀਆਂ ਕਿਸਮਾਂ ਦੀ ਚੋਣ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਉਮੀਦ ਅਨੁਸਾਰ ਮੁਨਾਫ਼ਾ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਵਿੱਚ ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਹਦਵਾਣੇ ਦੀ ਇੱਕ ਸੁਧਰੀ ਕਿਸਮ 'ਸ਼ੁਗਰ ਬੇਬੀ' ਦੀ ਕਾਸ਼ਤ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਨਾ ਸਿਰਫ਼ ਚੰਗੀ ਪੈਦਾਵਾਰ ਲਈ ਸਗੋਂ ਵੱਧ ਮੁਨਾਫ਼ੇ ਲਈ ਵੀ ਪ੍ਰਸਿੱਧ ਹੈ।
ਤਰਬੂਜ ਦਾ ਕੇਂਦਰ ਦੱਖਣੀ ਅਮਰੀਕਾ ਹੈ। ਇਹ ਇੱਕ ਫਲ ਦੇ ਤੌਰ ਵਰਤੀ ਜਾਂਦੀ ਹੈ ਅਤੇ ਇਸ ਵਿੱਚ 92 ਪ੍ਰਤੀਸ਼ਤ ਪਾਣੀ ਦੇ ਨਾਲ-ਨਾਲ ਪ੍ਰੋਟੀਨ, ਖਣਿਜ਼ ਅਤੇ ਕਾਰਬੋਹਾਈਡਰੇਟਸ ਹੁੰਦੇ ਹਨ। ਜਪਾਨ ਵਿੱਚ ਤਰਬੂਜ ਚੌਰਸ ਕੱਚ ਦੇ ਡੱਬਿਆ ਵਿੱਚ ਵੱਡੇ ਹੋਣ ਨਾਲ ਚੌਰਸ ਅਕਾਰ ਦੇ ਹੁੰਦੇ ਹਨ। ਜ਼ਿਆਦਾਤਰ ਤਰਬੂਜ਼ ਮਹਾਰਾਸ਼ਟਰ, ਕਰਨਾਟਕਾ, ਤਾਮਿਨਲਾਡੂ,ਪੰਜਾਬ , ਰਾਜਸਥਾਨ ,ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਲਾਇਆ ਜਾਂਦਾ ਹੈ ।
ਹਦਵਾਣੇ ਦੀ ਉੱਨਤ ਕਿਸਮ ਦੀ ਕਾਸ਼ਤ
ਕਾਸ਼ਤ ਲਈ ਮੌਸਮ:
● ਇਹ ਗਰਮ ਮੌਸਮ ਦੀ ਫ਼ਸਲ ਹੈ ਜੋ ਗਰਮ ਤੇ ਅਰਧ-ਗਰਮ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।
● ਇਸਨੂੰ ਲੰਮਾ ਗਰਮ ਸਮਾਂ, ਜਿਸ ਵਿੱਚ ਖੁਸ਼ਕੀ ਤੇ ਚੰਗੀ ਧੁੱਪ ਹੋਵੇ, ਲੋੜੀਂਦਾ ਹੈ।
● ਇਹ ਫ਼ਸਲ ਕੋਰਾ ਨਹੀਂ ਸਹਾਰ ਸਕਦੀ ਹੈ।
● ਜ਼ਿਆਦਾ ਨਮੀ ਬਿਮਾਰੀਆਂ ਤੇ ਕੀੜੇ ਮਕੌੜਿਆਂ ਦੇ ਹਮਲੇ ਵਿਚ ਸਹਾਈ ਹੁੰਦੀ ਹੈ।
● ਫ਼ਲ ਦੀ ਚੰਗੀ ਗੁਣਵੱਤਾ ਤੇ ਮਿਠਾਸ ਲਈ ਫ਼ਲ ਲੱਗਣ ਵੇਲੇ ਖੁਸ਼ਕ ਅਤੇ ਗਰਮ ਮੌਸਮ (ਤਾਪਮਾਨ 35-40 ਡਿਗਰੀ ਸੈਂਟੀਗ੍ਰੇਡ) ਹੋਣਾ ਚਾਹੀਦਾ ਹੈ।
● ਫ਼ਲ ਦੇ ਵਿਕਾਸ ਲਈ ਤੇ ਜ਼ਿਆਦਾ ਮਿਠਾਸ ਲਈ ਠੰਢੀਆਂ ਰਾਤਾਂ ਤੇ ਗਰਮ ਦਿਨ ਚਾਹੀਦੇ ਹਨ।
● ਦਿਨ ਦਾ ਤਾਪਮਾਨ ਵੱਧ ਤੋਂ ਵੱਧ 40 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 20-25 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ।
● ਬੀਜ ਦੇ ਜੰਮਣ ਲਈ ਖੇਤ ਠੀਕ ਵੱਤਰ ਤੇ ਤਾਪਮਾਨ 18-25 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ।
ਇਹ ਵੀ ਪੜ੍ਹੋ: ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਕਾਸ਼ਤ, ਵਧੇਰੇ ਮੁਨਾਫ਼ਾ
ਕਾਸ਼ਤ ਲਈ ਜ਼ਮੀਨ:
● ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ ਤਰਬੂਜ਼ ਲਈ ਚੰਗੀ ਹੈ।
● ਹਲਕੀਆਂ ਜ਼ਮੀਨਾਂ ਜੋ ਜਲਦੀ ਗਰਮ ਹੋ ਜਾਂਦੀਆਂ ਹਨ, ਅਗੇਤੀ ਫ਼ਸਲ ਲਈ ਢੁਕਵੀਆਂ ਹਨ।
● ਭਾਰੀਆਂ ਜ਼ਮੀਨਾਂ ਵਿਚ ਵੇਲਾਂ ਕਾਫ਼ੀ ਵੱਧਦੀਆਂ ਹਨ ਤੇ ਫ਼ਸਲ ਪਛੇਤੀ ਤਿਆਰ ਹੁੰਦੀ ਹੈ।
● ਜਿਹੜੀ ਜ਼ਮੀਨ ਵਿੱਚ ਗਰਮੀ ਵਿੱਚ ਤਰੇੜਾਂ ਨਹੀਂ ਪੈਂਦੀਆਂ ਤੇ ਪਾਣੀ ਨਹੀਂ ਖਲੋਂਦਾ, ਇਸ ਦੀ ਕਾਸ਼ਤ ਲਈ ਠੀਕ ਰਹਿੰਦੀ ਹੈ।
● ਤਰਬੂਜ਼ ਲਈ 6.0-7.0 ਪੀ ਐੱਚ ਵਾਲੀ ਜ਼ਮੀਨ ਢੁਕਵੀਂ ਹੈ।
ਉੱਨਤ ਕਿਸਮ:
ਸ਼ੂਗਰ ਬੇਬੀ: ਸ਼ੂਗਰ ਬੇਬੀ ਕਿਸਮ ਦੇ ਤਰਬੂਜ਼ ਛੋਟੇ ਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਨ੍ਹਾਂ ਦੀ ਛਿੱਲ ਹਰੀ ਅਤੇ ਗੁੱਦਾ ਗੂੜ੍ਹਾ ਲਾਲ ਹੁੰਦਾ ਹੈ । ਇਸ ਵਿਚ ਮਿਠਾਸ 9-10 ਪ੍ਰਤੀਸ਼ਤ ਹੁੰਦੀ ਹੈ । ਇਸ ਦਾ ਝਾੜ 72 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਸਮਾਂ:
1. ਅੱਧ ਜਨਵਰੀ ਤੋਂ ਮਾਰਚ
2. ਨਵੰਬਰ ਤੋਂ ਦਸੰਬਰ
ਬੀਜ ਦੀ ਮਾਤਰਾ:
ਜਿਨ੍ਹਾਂ ਕਿਸਮਾਂ ਦਾ ਬੀਜ ਛੋਟਾ ਹੁੰਦਾ ਹੈ ਇਕ ਏਕੜ ਲਈ 1.0-1.5 ਕਿਲੋ ਬੀਜ ਤੇ ਜਿਨ੍ਹਾਂ ਕਿਸਮਾਂ ਦਾ ਬੀਜ ਮੋਟਾ ਹੁੰਦਾ ਹੈ, 2.0 ਕਿਲੋ ਬੀਜ ਕਾਫ਼ੀ ਹੁੰਦਾ ਹੈ।
ਫ਼ਾਸਲਾ:
ਸ਼ੂਗਰ ਬੇਬੀ ਕਿਸਮ ਲਈ 2.5 ਤੋਂ 3.0 ਮੀਟਰ ਚੌੜੀਆਂ ਖੇਲ਼ਾਂ ਬਣਾਓ। ਖੇਲ਼ਾਂ ਦੇ ਦੋਹੀਂ ਪਾਸੀਂ ਬੀਜ ਲਾਓ ਅਤੇ ਬੀਜਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਰੱਖੋ।
ਇਹ ਵੀ ਪੜ੍ਹੋ: ਕਰੋ ਤਰਬੂਜ ਦੀ ਖੇਤੀ, ਜਾਣੋ ਤਰਬੂਜ ਦੀਆਂ ਕਿਸਮਾਂ ਅਤੇ ਖੇਤੀ ਕਰਨ ਦਾ ਤਰੀਕਾ
ਖਾਦਾਂ:
8 ਤੋਂ 10 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) 16 ਕਿਲੋ ਫ਼ਾਸਫੋਰਸ (100 ਕਿਲੋ ਸਿੰਗਲ ਸੁਪਰਫ਼ਾਸਫੇਟ) ਅਤੇ 15 ਕਿਲੋ ਪੋਟਾਸ਼ (25 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ । ਖਾਦਾਂ ਦੀ ਵਰਤੋਂ ਦੇ ਢੰਗ ਖਰਬੂਜ਼ੇ ਵਾਲੇ ਹੀ ਹਨ।
ਸਿੰਚਾਈ:
ਮੁੱਢਲੇ ਵਾਧੇ ਵੇਲੇ ਹਰ ਹਫ਼ਤੇ ਅਤੇ ਬਾਅਦ ਵਿਚ 9-13 ਦਿਨਾਂ ਦੇ ਵਕਫ਼ੇ ਤੇ ਸਿੰਚਾਈ ਕਰੋ। ਪੱਕਣ ਵੇਲੇ ਸਿੰਚਾਈ ਲੰਮੇ ਵਕਫੇ ਤੇ ਕਰੋ। ਕੁੱਲ 7-9 ਪਾਣੀਆਂ ਦੀ ਲੋੜ ਹੈ। ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ ਕਿਸਮ ਦੇ ਮੁਤਾਬਕ ਫ਼ਸਲ ਬੀਜਣ ਤੋਂ 95-120 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ । ਫ਼ਲ ਪੂਰੇ ਵਾਧੇ ਅਤੇ ਪੱਕਣ ਤੋਂ ਬਾਅਦ ਹੀ ਤੋੜਨਾ ਚਾਹੀਦਾ ਹੈ। ਫ਼ਲ ਦੀਆਂ ਤੰਦਾਂ ਦਾ ਸੁੱਕਣਾ, ਫ਼ਲ ਦੇ ਜ਼ਮੀਨ ਤੇ ਲੱਗੇ ਹਿੱਸੇ ਦਾ ਰੰਗ ਪੀਲਾ ਹੋਣਾ ਅਤੇ ਫ਼ਲ ਨੂੰ ਥੱਪ-ਥਪਾਉਣ ਤੇ ਭੱਦੀ ਜਿਹੀ ਆਵਾਜ਼ ਦੇਣਾ ਇਸ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ ।
ਬੀਜ ਉਤਪਾਦਨ:
ਜਿਸ ਜ਼ਮੀਨ ਵਿੱਚ ਬੀਜ ਪੈਦਾ ਕਰਨਾ ਹੈ ਉਸ ਵਿੱਚ ਕਿਸੇ ਹੋਰ ਕਿਸਮ ਦੇ ਜਾਂ ਕੌੜਤੁੰਮੇ ਦੇ ਬੂਟੇ ਨਾ ਹੋਣ । ਫਾਊਂਡੇਸ਼ਨ ਸੀਡ ਲਈ 1000 ਮੀਟਰ ਤੇ ਸਰਟੀਫਾਈਡ ਸੀਡ ਲਈ 500 ਮੀਟਰ ਫ਼ਾਸਲਾ ਰੱਖੋ। ਓਪਰੇ ਬੂਟੇ ਪੁੱਟ ਕੇ ਬਾਹਰ ਸੁੱਟ ਦਿਓ। ਫ਼ਸਲ ਨਿਰੀਖਣ ਤਿੰਨ ਵਾਰੀ ਕਰਨਾ ਚਾਹੀਦਾ ਹੈ, ਪਹਿਲਾ ਫੁੱਲਾਂ ਵੇਲੇ, ਦੂਜਾ ਫ਼ਲ ਪੈਣ ਤੇ ਅਤੇ ਤੀਜਾ ਫ਼ਲ ਪੱਕਣ ਤੇ। ਤਰਬੂਜ਼ ਦਾ ਬੀਜ ਫ਼ਲ ਪੱਕਣ ਤੇ ਨਾਲ ਹੀ ਤਿਆਰ ਹੋ ਜਾਂਦਾ ਹੈ। ਬੀਜ ਵਾਲੀ ਫ਼ਸਲ ਵਿੱਚ ਫ਼ਲ ਕੱਟ ਕੇ ਅੰਦਰੋਂ ਦੇਖਣਾ ਚਾਹੀਦਾ ਹੈ ਤੇ ਬਿਲਕੁਲ ਸਹੀ ਗੁਣਵੱਤਾ ਵਾਲੇ ਬੂਟਿਆਂ ਦਾ ਫ਼ਲ ਜਿਹੜਾ ਪੂਰੀ ਮਿਠਾਸ ਰੱਖਦਾ ਹੈ, ਬੀਜ ਲਈ ਵਰਤਣਾ ਚਾਹੀਦਾ ਹੈ। ਬੀਜ ਨੂੰ ਗੁੱਦੇ ਵਿੱਚੋਂ ਕੱਢ ਕੇ ਧੋਵੋ ਤੇ ਸੁਕਾ ਲਉ। ਸੁੱਕਾ ਬੀਜ ਪੈਕ ਕਰਕੇ ਸਟੋਰ ਕਰ ਦਿਓ।
Summary in English: Cultivation of Sugar Baby, an advanced variety of watermelon, You will get 72 quintal per acre yield