ਪੁਰਾਤਨ ਸਮੇਂ `ਚ ਲੋਕੀ ਘਰ ਦੀ ਰਸੋਈ ਨੂੰ ਸਭ `ਤੋਂ ਪਵਿੱਤਰ ਜਗ੍ਹਾ ਮੰਨਦੇ ਸਨ। ਰਸੋਈ ਦੀ ਸਾਫ਼ ਸਫਾਈ `ਤੇ ਖਾਸ ਧਿਆਨ ਦਿੱਤਾ ਜਾਂਦਾ ਸੀ। ਘਰ ਦੇ ਇਸ ਪਵਿੱਤਰ ਹਿੱਸੇ ਨੂੰ ਸੁਗੰਧਿਤ ਕਰਨ ਲਈ ਵੱਖ-ਵੱਖ ਪੌਦਿਆਂ ਦੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਅੱਜ ਇਸ ਲੇਖ ਰਾਹੀਂ ਅਸੀਂ ਕੁਝ ਖਾਸ ਪੌਦਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨਾਲ ਰਸੋਈ ਖਿਲਖਿਲਾ ਉਠੇਗੀ ਤੇ ਇਸਦੀ ਸ਼ਾਨ `ਚ ਵੀ ਵਾਧਾ ਹੋਵੇਗਾ। ਇਨ੍ਹਾਂ ਪੌਦਿਆਂ ਲਈ ਮਿੱਟੀ ਦੀ ਵਰਤੋਂ ਨਹੀਂ ਕਰਨੀ ਪੈਂਦੀ। ਜਿਸ ਨਾਲ ਰਸੋਈ `ਚ ਮਿੱਟੀ ਖਿਲਰਨ ਦਾ ਡਰ ਨਹੀਂ ਰਹਿੰਦਾ।
ਇਨ੍ਹਾਂ ਜੜ੍ਹੀਆਂ ਬੂਟੀਆਂ ਨਾਲ ਮਹਿਕਾਓ ਆਪਣੀ ਰਸੋਈ
ਪੁਦੀਨਾ: ਪੁਦੀਨਾ ਆਮ ਤੋਰ `ਤੇ ਗਰਮੀਆਂ `ਚ ਹਰ ਘਰ `ਚ ਵਰਤਿਆ ਜਾਂਦਾ ਹੈ। ਇਸ ਦੀ ਚਟਨੀ ਖਾਣ ਨਾਲ ਦਿਲ ਨੂੰ ਵੱਖਰਾ ਸੁਕੂਨ ਮਿਲਦਾ ਹੈ। ਪੁਦੀਨੇ ਦੀ ਵਰਤੋਂ ਆਮ ਤੌਰ 'ਤੇ ਇਸਦੀ ਤੇਜ਼ ਖੁਸ਼ਬੂ ਲਈ ਕੀਤੀ ਜਾਂਦੀ ਹੈ। ਪੁਦੀਨੇ ਦੀ ਇੱਕ ਕਿਸਮ ਜਿਸ ਨੂੰ ਸਪੀਅਰਮਿੰਟ (Spearmint) ਆਖਦੇ ਹਨ, ਉਸ ਦੀ ਵਰਤੋਂ ਮਿਠਾਈਆਂ, ਚਾਹ ਤੇ ਜੈਲੀ `ਚ ਕੀਤੀ ਜਾਂਦੀ ਹੈ।
ਪੁਦੀਨਾ ਉਗਾਉਣ ਦਾ ਤਰੀਕਾ:
● ਇਸਦੇ ਲਈ ਤੁਹਾਨੂੰ ਸਿਰਫ ਤਿੰਨ ਜਾਂ ਚਾਰ ਪੁਦੀਨੇ ਦੀਆਂ ਡੰਡੀਆਂ ਤੇ ਦੋ ਖਾਲੀ ਡਿੱਬਿਆਂ ਦੀ ਲੋੜ ਹੈ।
● ਇੱਕ ਛੋਟੇ ਖਾਲੀ ਡੱਬੇ `ਚ ਕੁਝ ਛੇਕ ਕਰ ਦਵੋ।
● ਪੁਦੀਨੇ ਦੀਆਂ ਡੰਡੀਆਂ ਨੂੰ ਤੋੜ ਕੇ ਇਨ੍ਹਾਂ ਛੇਕਾਂ `ਚ ਪਾ ਦਿਓ।
● ਫਿਰ ਇਸਨੂੰ ਵੱਡੇ ਡੱਬੇ ਦੇ ਅੰਦਰ ਰੱਖੋ ਤੇ ਇਸ ਹੇਠਲੇ ਵੱਡੇ ਡੱਬੇ ਨੂੰ ਪਾਣੀ ਨਾਲ ਭਰ ਦਿਓ।
● ਇਸਨੂੰ ਰੋਸ਼ਨੀ `ਚ ਰੱਖੋ ਤੇ ਹਫ਼ਤੇ `ਚ ਇੱਕ ਵਾਰ ਪਾਣੀ ਬਦਲੋ।
ਤੁਲਸੀ: ਤੁਲਸੀ ਤਿੱਖੇ ਸੁਆਦ ਵਾਲਾ ਪੌਦਾ ਹੁੰਦਾ ਹੈ। ਇਸ ਪੌਦੇ ਦੀ ਵਰਤੋਂ ਦਵਾਈਆਂ ਤੇ ਚਟਨੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਤੇਜ਼ ਖਸ਼ਬੂ ਮੱਛਰਾਂ ਤੋਂ ਵੀ ਸਾਡੀ ਰਾਖੀ ਕਰਦੀ ਹੈ। ਇਹ ਪੌਦਾ ਭੁੱਖ ਵਧਾਉਂਦਾ ਹੈ।
ਤੁਲਸੀ ਉਗਾਉਣ ਦਾ ਤਰੀਕਾ
● ਇਸ ਪੌਦੇ ਨੂੰ ਪਾਣੀ `ਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।
● ਇਸਦੇ ਲਈ ਤੁਹਾਨੂੰ ਦੋ ਗਮਲਿਆਂ ਦੀ ਲੋੜ ਪਵੇਗੀ, ਇੱਕ ਛੋਟਾ ਤੇ ਇੱਕ ਵੱਡਾ।
● ਹੇਠਲੇ ਗਮਲੇ `ਚ ਪਾਣੀ ਪਾਓ ਤੇ ਉਪਰਲੇ ਗਮਲੇ `ਚ ਤੁਲਸੀ ਦੀਆਂ ਦੋ-ਤਿੰਨ ਡੰਡੀਆਂ ਰੱਖ ਦਵੋ।
● ਇਸ ਗੱਲ ਦਾ ਧਿਆਨ ਰੱਖੋ ਕਿ ਹੇਠਲੇ ਹਿੱਸੇ `ਚ ਸਿਰਫ਼ ਡੰਡੀ ਰਹੇ ਕੋਈ ਪੱਤਾ ਨਹੀਂ।
● ਕੁਝ ਹੀ ਦਿਨਾਂ `ਚ ਇਸ ਤਰੀਕੇ ਨਾਲ ਖਿਲਖਿਲਾਉਂਦੀ ਤੁਲਸੀ ਉੱਗ ਜਾਏਗੀ।
ਇਹ ਵੀ ਪੜ੍ਹੋ : ਪੌਦਿਆਂ ਨੂੰ ਉੱਲੀਮਾਰ ਤੋਂ ਬਚਾਉਣ ਲਈ ਕਰੋ ਇਨ੍ਹਾਂ ਘਰੇਲੂ ਉਪਚਾਰਾਂ ਦੀ ਪਾਲਣਾ
ਓਰਿਗੈਨੋ: ਓਰਿਗੈਨੋ ਆਮ ਤੋਰ `ਤੇ ਸੂਪ ਤੇ ਚਟਨੀ `ਚ ਵਰਤਿਆ ਜਾਂਦਾ ਹੈ। ਓਰਿਗੈਨੋ `ਚ ਅਜਿਹੇ ਰਸਾਇਣ ਹੁੰਦੇ ਹਨ, ਜੋ ਖੰਘ ਨੂੰ ਘੱਟ ਕਰਨ `ਚ ਮਦਦ ਕਰਦੇ ਹਨ।
ਓਰਿਗੈਨੋ ਉਗਾਉਣ ਦਾ ਤਰੀਕਾ
● ਪਾਣੀ `ਚ ਓਰਿਗੈਨੋ ਉਗਾਉਣ ਲਈ ਇੱਕ ਪਰਿਪੱਕ (mature) ਓਰਿਗੈਨੋ ਪੌਦੇ ਦੀ ਵਰਤੋਂ ਕਰੋ।
● ਪੌਦਾ ਚਾਰ ਤੋਂ ਛੇ ਇੰਚ ਲੰਬਾ ਹੋਵੇ।
● ਪੱਤਾ ਨੋਡ (ਉਹ ਥਾਂ ਜਿੱਥੇ ਪੱਤੇ ਤਣੇ ਤੋਂ ਉੱਗਦੇ ਹਨ) ਦੇ ਬਿਲਕੁਲ ਹੇਠਾਂ ਕੱਟ ਲਾਓ।
● ਹਰੇਕ ਕਲਮ ਦੇ ਦੋ ਇੰਚ ਜਾਂ ਇਸ ਤੋਂ ਹੇਠਾਂ ਦੇ ਸਾਰੇ ਪੱਤਿਆਂ ਨੂੰ ਹਟਾ ਦਵੋ।
● ਕਲਮਾਂ ਨੂੰ ਤੁਰੰਤ ਇੱਕ ਪਾਣੀ ਵਾਲੇ ਡੱਬੇ `ਚ ਰੱਖੋ।
● ਓਰਿਗੈਨੋ ਨੂੰ ਵਧਣ ਲਈ ਅਜਿਹੀ ਜਗ੍ਹਾ `ਤੇ ਰੱਖੋ ਜਿੱਥੇ ਸੂਰਜ ਦੀ ਰੋਸ਼ਨੀ ਘੱਟ ਆਉਂਦੀ ਹੋਵੇ। ਕਿਉਂਕਿ ਬਹੁਤ ਜ਼ਿਆਦਾ ਸਿੱਧੀ ਧੁੱਪ ਕਲਮਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
● ਡੱਬੇ ਦਾ ਪਾਣੀ ਹਰ ਤਿੰਨ ਜਾਂ ਚਾਰ ਦਿਨਾਂ ਬਾਅਦ ਬਦਲ ਦਵੋ।
ਲੈਮਨਗ੍ਰਾਸ: ਲੈਮਨਗ੍ਰਾਸ (Lemongrass) ਇੱਕ ਅਦਭੁਤ ਪੌਦਾ ਹੈ। ਇਸਦਾ ਸੁਆਦ ਤੇ ਖੁਸ਼ਬੂ ਦੋਵੇਂ ਹੀ ਵਧੀਆ ਹੁੰਦੇ ਹਨ। ਇਸ ਪੌਦੇ ਦੀ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਜਦੋਂ ਤੁਸੀਂ ਇਸਨੂੰ ਕੱਟਦੇ ਹੋ, ਤਾਂ ਪੌਦਾ ਵਾਪਸ ਉਗਣਾ ਸ਼ੁਰੂ ਹੋ ਜਾਂਦਾ ਹੈ।
ਲੈਮਨਗ੍ਰਾਸ ਉਗਾਉਣ ਦਾ ਤਰੀਕਾ
● ਲੈਮਨ ਗ੍ਰਾਸ ਨੂੰ ਦੋ ਤੋਂ ਤਿੰਨ ਹਫ਼ਤਿਆਂ ਦੇ ਸਮੇਂ `ਚ ਪਾਣੀ ਨਾਲ ਉਗਾਇਆ ਜਾ ਸਕਦਾ ਹੈ।
● ਇਸ ਲਈ ਪਰਿਪੱਕ (mature) ਲੈਮਨਗ੍ਰਾਸ ਪੌਦੇ ਦੀ ਵਰਤੋਂ ਕਰੋ।
● ਲੈਮਨਗ੍ਰਾਸ ਦੇ ਤਲ ਤੋਂ ਪੰਜ ਜਾਂ ਛੇ ਇੰਚ ਦੂਰੀ `ਤੇ ਕਲਮਾਂ ਨੂੰ ਕੱਟੋ ਅਤੇ ਉਹਨਾਂ ਨੂੰ ਪਾਣੀ ਨਾਲ ਭਰੇ ਕਟੋਰੇ ਵਿੱਚ ਰੱਖੋ।
● ਕਟੀ ਹੋਈ ਕਲਮ ਦਾ ਅੱਧਾ ਹਿੱਸਾ ਪਾਣੀ ਦੀ ਰੇਖਾ `ਤੋਂ ਉੱਪਰ ਰੱਖੋ ਅਤੇ ਇਸਨੂੰ ਕਦੇ ਵੀ ਅੰਦਰ ਡਿੱਗਣ ਅਤੇ ਪੂਰੀ ਤਰ੍ਹਾਂ ਡੁੱਬਣ ਨਾ ਦਿਓ।
● ਇਸ ਪੌਦੇ ਨੂੰ ਅਜਿਹੀ ਜਗ੍ਹਾ `ਤੇ ਰੱਖੋ ਜਿੱਥੇ ਸੂਰਜ ਦੀ ਰੋਸ਼ਨੀ ਚੰਗੀ ਤਰ੍ਹਾਂ ਮਿਲ ਸਕੇ।
● ਹਰ ਦੋ ਤੋਂ ਤਿੰਨ ਦਿਨ ਬਾਅਦ ਪਾਣੀ ਨੂੰ ਬਦਲ ਦਵੋ।
● ਲੈਮਨਗ੍ਰਾਸ ਨੂੰ ਜਲਦੀ ਉਗਾਉਣ ਲਈ ਕੁਝ ਤਰਲ ਖਾਦਾਂ ਦੀ ਵਰਤੋਂ ਕਰ ਸਕਦੇ ਹੋ।
Summary in English: Make your kitchen more fragrant with these herbs