Termite Control: ਸਿਉਂਕ ਇੱਕ ਸਮਾਜਿਕ ਅਤੇ ਬਹੁਰੂਪੀ (ਰਾਣੀ, ਰਾਜਾ, ਸਿਪਾਹੀ ਅਤੇ ਕਾਮਾ) ਛੋਟੇ ਕੀੜੇ ਹਨ, ਜੋ ਕੀ ਸਾਰੇ ਜਾਨਵਰਾਂ ਦੇ ਬਾਇੳਮਾਸ ਦਾ 10 ਪ੍ਰਤੀਸ਼ਤ ਹਿੱਸਾ ਹਨ ਅਤੇ ਪ੍ਰਮੁੱਖ ਤੌਰ ਤੇ ਸੰਸਾਰ ਦੇ ਗਰਮ ਖੰਡੀ ਅਤੇ ਉਪ-ਗਰਮ ਖੰਡੀ ਖੇਤਰਾਂ ਵਿੱਚ ਪਾਏ ਜਾਂਦੇ ਹਨ।
ਸਿਉਂਕ ਕੀਮਤੀ ਲੱਕੜ ਅਤੇ ਹੋਰ ਦਰੱਖਤਾਂ ਨੂੰ ਖਾ ਕੇ ਖਰਾਬ ਕਰ ਦਿੰਦੀ ਹੈ ਅਤੇ ਕਾਫੀ ਨੁਕਸਾਨ ਕਰਦੀ ਹੈ। ਕੀੜੀਆਂ ਦੇ ਵਰਗ ਨਾਲ ਇਹਨਾਂ ਦਾ ਕੋਈ ਵੀ ਨਾਤਾ ਨਾ ਹੋਣ ਦੇ ਬਾਵਜੂਦ, ਇਨ੍ਹਾਂ ਨੂੰ ਕਈ ਵਾਰ ਚਿੱਟੀਆਂ ਕੀੜੀਆਂ ਵੀ ਕਿਹਾ ਜਾਂਦਾ ਹੈ। ਸਾਡੇ ਕਿਸਾਨ ਵੀਰ ਹੇਠਾਂ ਸਾਂਝੇ ਕੀਤੇ ਢੰਗਾਂ ਨਾਲ ਸਿਉਂਕ ਦਾ ਯੋਗ ਪ੍ਰਬੰਧ ਵੀ ਕਰ ਸਕਦੇ ਹਨ ਅਤੇ ਨਾਲ ਹੀ ਕੀਟਨਾਸ਼ਕਾਂ 'ਤੇ ਹੋਣ ਵਾਲੇ ਖਰਚੇ ਨੂੰ ਘਟਾ ਕੇ ਆਪਣੀ ਆਰਥਿਕ ਹਾਲਤ ਨੂੰ ਵੀ ਸੁਧਾਰ ਸਕਦੇ ਹਨ।
ਸਿਉਂਕ ਆਮ ਤੌਰ ਤੇ ਸਲੇਟੀ-ਚਿੱਟੇ ਕੀੜੇ ਹੁੰਦੇ ਹਨ ਜੋ ਕੀ ਆਪਣੀ ਵਿਰਮੀ (ਖੁੱਡ) ਵੱਲ ਜਾਂ ਉਸ ਤੋਂ ਦੂਰ ਮਿੱਟੀ ਦੀਆਂ ਸੁਰੰਗਾਂ ਰਾਂਹੀ ਜਾਂਦੇ ਹਨ। ਇਹ ਕੀੜੇ ਇੱਕ ਅਧੂਰੇ ਜੀਵਨ ਚੱਕਰ ਵਿੱਚੋਂ ਗੁਜਰਦੇ ਹਨ ਜਿਸ ਵਿੱਚ ਅੰਡੇ, ਬੱਚੇ ਅਤੇ ਬਾਲਗ ਪੜਾਅ ਹੁੰਦੇ ਹਨ। ਇਹਨਾਂ ਕੀੜੀਆਂ ਦੀ ਕਲੋਨੀ ਇੱਕ ਸਵੈ-ਸ਼ਾਸਨ ਵਾਲੀ ਕਲੋਨੀ ਹੈ ਜਿਸ ਵਿੱਚ ਕੁਝ ਸੈਂਕੜੇ ਕੀੜਿਆਂ ਤੋਂ ਲੈ ਕੇ ਲੱਖਾਂ ਤੱਕ ਕੀੜੇ ਹੋ ਸਕਦੇ ਹਨ। ਜਿਸ ਵਿੱਚ ਕਈ ਵਿਅਕਤੀਗਤ ਕਿਰਿਆਵਾਂ ਤੋਂ ਬਾਅਦ ਇੱਕ ਸਮੂਹ ਬਣਦਾ ਹੈ। ਇਹਨਾਂ ਕੀੜਿਆਂ ਦੇ ਘਰ ਨੂੰ ਵਿਰਮੀ, ਸਿਉਂਕ ਘਰ ਜਾਂ ਫਿਰ ਟਰਮੀਟੇਰੀਆ ਵੀ ਕਿਹਾ ਜਾਂਦਾ ਹੈ।ਇਹਨਾਂ ਕੀੜਿਆਂ ਦੇ ਝੁੰਡ ਮੁੱਖ ਤੌਰ ਤੇ ਲੱਕੜ ਵਿੱਚ ਮਿਲਣ ਵਾਲੀ ਸੈਲੂਲੋਜ ਨੂੰ ਆਹਾਰ ਬਣਾਉਂਦੇ ਹਨ।
ਜੀਵਨ ਚੱਕਰ
ਸਿਉਂਕ ਦੀ ਕਲੋਨੀ ਵਿੱਚ ਇੱਕ ਰਾਣੀ, ਰਾਜਾ, ਅਪੂਰਣ ਸੰਭਾਵੀ ਨਰ ਅਤੇ ਮਾਦਾ ਦੇ ਪੂਰਕ ਜਾਂ ਉਤਪਾਦਕ ਰੂਪਾਂ ਦੀ ਇੱਕ ਵੱਡੀ ਗਿਣਤੀ, ਆਂਡਿਆਂ ਤੋਂ ਵਿਕਸਿਤ ਹੋਏ ਬਹੁਤ ਸਾਰੇ ਕਾਮੇ ਅਤੇ ਨਾਲ ਹੀ ਆਂਡਿਆਂ ਤੋਂ ਵਿਕਸਤ ਹੋਏ ਬਹੁਤ ਸਾਰੇ ਸਿਪਾਹੀ ਸ਼ਾਮਿਲ ਹੁੰਦੇ ਹਨ। ਬਰਸਾਤ ਦੇ ਮੌਸਮ ਵਿੱਚ ਮੀਂਹ ਤੋਂ ਬਾਅਦ ਜਦੋਂ ਨਮੀ ਅਤੇ ਤਾਪਮਾਨ ਸਹੀ ਪੱਧਰ ਤੇ ਹੋਣ ਤਾਂ ਪੂਰਕ ਰੂਪ ਜਿਨ੍ਹਾਂ ਵਿੱਚ ਖੰਭਾਂ ਦੀ ਘਾਟ ਹੁੰਦੀ ਹੈ ਉਹ ਜਿਨਸੀ ਪਰਿਪੱਕਤਾ ਤੋਂ ਗੁਜਰਦੇ ਹਨ ਅਤੇ ਮਿਲਾਪ ਦੀ ਉਡਾਣ ਲਈ ਖੰਭ ਪ੍ਰਾਪਤ ਕਰਦੇ ਹਨ।ਮੀਂਹ ਤੋਂ ਬਾਅਦ, ਆਮ ਤੌਰ ਤੇ ਸ਼ਾਮ ਨੂੰ ਇਹ ਆਪਣੀ ਵਿਰਮੀ ਤੋਂ ਬਾਹਰ ਨਿਕਲਦੇ ਹਨ ਅਤੇ ਸਟਰੀਟ ਲਾਈਟ ਦੇ ਆਲੇ-ਦੁਆਲੇ ਘੁੰਮਦੇ ਹਨ।ਇਹਨਾਂ ਵਿੱਚੋਂ ਜ਼ਿਆਦਾਤਰ ਤਾਂ ਸੱਪ, ਛਿਪਕਲੀ ਜਾਂ ਫਿਰ ਡੱਡੂਆਂ ਦੇ ਸ਼ਿਕਾਰ ਬਣ ਜਾਂਦੇ ਹਨ।
ਬਚੇ ਹੋਏ ਨਰ ਅਤੇ ਮਾਦਾ ਖੰਭ ਝਾੜਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਿਲਾਪ ਕਰਕੇ ਨਵਾਂ ਸਮੂਹ ਬਣਾਉਂਦੇ ਹਨ, ਜਿਸ ਵਿੱਚ ਨਰ ਅਗਵਾਈ ਕਰਦਾ ਹੈ ਅਤੇ ਮਾਦਾ ਉਸ ਦਾ ਅਨੁਸਰਣ ਕਰਦੀ ਹੈ। ਇਸ ਤੋਂ ਬਾਅਦ ਇਹ ਜੋੜੀ ਆਪਣੀ ਬਾਕੀ ਜਿੰਦਗੀ ਰਾਜਾ ਅਤੇ ਰਾਣੀ ਦੀ ਤਰ੍ਹਾਂ ਗੁਜਾਰਦੇ ਹਨ। ਰਾਣੀ ਦੁਆਰਾ ਦਿੱਤੇ ਗਏ ਕੁਝ ਅੰਡੇ ਸੁੰਡੀਆਂ ਜਾਂ ਬੱਚਿਆਂ ਵਿੱਚ ਵਿਕਸਤ ਹੋ ਜਾਂਦੇ ਹਨ। ਸ਼ਾਹੀ ਜੋੜਾ ਖੁਦ ਸ਼ੁਰੂਆਤੀ ਬੱਚਿਆਂ ਨੂੰ ਪਾਲਦਾ ਅਤੇ ਖੁਆਉਂਦਾ ਹੈ ਜਿਹੜੇ ਕੀ ਬਾਅਦ ਵਿੱਚ ਕਾਮੇ ਬਣ ਜਾਂਦੇ ਹਨ। ਅੰਡੇ ਨਿਕਲਣ ਤੋਂ ਇੱਕ ਹਫ਼ਤੇ ਦੇ ਅੰਦਰ ਸੁੰਡੀਆਂ ਕਾਮੇ ਜਾਂ ਸਿਪਾਹੀਆਂ ਵਿੱਚ ਬਦਲ ਜਾਂਦੇ ਹਨ। ਰਾਣੀ ਅਕਾਰ ਵਿੱਚ ਹੌਲੀ-ਹੌਲੀ ਵੱਧਦੀ ਹੈ।ਆਪਣੇ ਅੰਡੇ ਦੇਣ ਦੀ ਗਤੀ ਕਰਕੇ ਇਸਨੂੰ ਆਂਡੇ ਦੇਣ ਵਾਲੀ ਮਸ਼ੀਨ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂਕੀ ਇਹ ਹਰ ਦੋ ਸਕਿੰਟ ਵਿੱਚ ਇੱਕ ਆਂਡਾਂ ਦੇ ਦਿੰਦੀ ਹੈ ਅਤੇ ਪੂਰੇ ਦਿਨ ਦੇ 70,000 ਤੋਂ 80,000 ਆਂਡੇ ਦਿੰਦੀ ਹੈ।
ਲੋੜੀਂਦੀ ਸਮੱਗਰੀ
8-10 ਮੱਕੀ ਦੀ ਛੱਲੀ ਦੇ ਭੁੱਠੇ ਜਾਂ ਟਾਹਲੀ ਦੀ ਕੱਚੀ ਲੱਕੜ, ਮਿੱਟੀ ਦਾ ਘੜਾ, ਸੂਤੀ ਕੱਪੜਾ
ਵਰਤੋਂ ਦਾ ਢੰਗ
ਇੱਕ ਮਿੱਟੀ ਦਾ ਘੜਾ ਲਓ, ਉਸ 'ਤੇ ਚਾਰੇ ਪਾਸੇ ਮੋਰੀਆ ਕਰੋ। ਉਸ ਤੋਂ ਬਾਅਦ ਘੜੇ ਵਿੱਚ ਗਿੱਲੀਆਂ ਜਾਂ ਸ਼ੀਸ਼ਮ ਦੀ ਲੱਕੜ ਨੂੰ ਰੱਖ ਕੇ ਘੜੇ ਦੇ ਮੂੰਹ ਤੇ ਸੂਤੀ ਕੱਪੜਾ ਬੰਨੋ। ਫਿਰ ਇਸ ਨੂੰ ਜ਼ਮੀਨ ਵਿੱਚ ਇਸ ਤਰਾਂ ਗੱਡੋ ਕਿ ਉਸਦਾ ਮੂੰਹ ਜ਼ਮੀਨ ਤੋਂ 1 ਇੰਚ ਉੱਪਰ ਹੋਵੇ। ਕੁੱਝ ਦਿਨਾਂ ਤੋਂ ਬਾਅਦ ਘੜੇ ਵਿੱਚ ਬਹੁਤ ਸਾਰੀ ਸਿਉਂਕ ਆ ਜਾਂਦੀ ਹੈ, ਇਸ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਇਸ ਤਰਾਂ ਦੇਸੀ ਤਰੀਕੇ ਨਾਲ ਸਿਉਂਕ ਨੂੰ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕਿਸਾਨ ਵੀਰੋਂ July Month ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ, ਜਾਣੋ Fruits, Flowers, Vegetables, Ornamental Plants, Mushroom Cultivation, Beekeeping ਸਮੇਤ ਪੂਰੀ ਜਾਣਕਾਰੀ
ਫਸਲਾਂ ਅਤੇ ਬਾਗਾਂ ਵਿੱਚ ਸਿਉਂਕ ਦਾ ਪ੍ਰਬੰਧਨ:
ਕਮਾਦ: ਕਮਾਦ ਵਿੱਚ ਸਿਉਂਕ ਅਪ੍ਰੈਲ ਤੋਂ ਜੂਨ ਅਤੇ ਫਿਰ ਅਕਤੂਬਰ ਵਿੱਚ ਹਮਲਾ ਕਰਦੀ ਹੈ। ਇਹ ਜੰਮ ਰਹੇ ਬੂਟਿਆਂ ਦਾ ਨੁਕਸਾਨ ਕਰਦੀ ਹੈ ਅਤੇ ਉੱਗ ਰਹੇ ਛੋਟੇ ਬੂਟਿਆਂ ਨੂੰ ਵੀ ਸੁਕਾ ਦਿੰਦੀ ਹੈ।ਇਸ ਤੋਂ ਬਚਾਅ ਲਈ ਕੇਵਲ ਗਲੀ-ਸੜੀ ਰੂੜੀ ਖਾਦ ਦੀ ਹੀ ਵਰਤੋਂ ਕਰੋ ਅਤੇ ਪਹਿਲੀ ਫਸਲ ਦੇ ਮੁੱਢ ਜਾਂ ਰਹਿੰਦ-ਖੂੰਹਦ ਖੇਤ ਵਿੱਚੋਂ ਬਾਹਰ ਕੱਢ ਦਿਉ।ਇਸ ਦੀ ਰੋਕਥਾਮ ਲਈ 200 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਸਿਆੜਾਂ ਵਿੱਚ ਪਈਆਂ ਗੁੱਲੀਆਂ ਉੱਪਰ ਛਿੜਕੋ ਜਾਂ ਫਿਰ ਬਿਜਾਈ ਤੋਂ 45 ਦਿਨਾਂ ਬਾਅਦ 45 ਮਿਲੀਲਿਟਰ ਇਮਿਡਾਗੋਲਡ 17.8 ਐੱਸ ਐੱਲ (ਇਮਿਡਾਕਲੋਪਰਿਡ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਗੰਨੇ ਦੀਆਂ ਕਤਾਰਾਂ ਵਿੱਚ ਫੁਆਰੇ ਨਾਲ ਪਾਉ।
ਨਰਸਰੀ ਅਤੇ ਬਾਗ: ਕਿਸਾਨ ਵੀਰ ਬਾਗਾਂ ਵਿੱਚ ਸਿਉਂਕ ਦੀ ਰੋਕਥਾਮ ਲਈ ਕਈ ਤਰਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਪਰ ਇਨਾਂ ਕੀਟਨਾਸ਼ਕਾਂ ਦਾ ਅਸਰ ਕੁਝ ਹੀ ਦਿਨ ਰਹਿੰਦਾ ਹੈ ਅਤੇ ਕਈ ਵਾਰ ਦੁਬਾਰਾ ਸਿਉਂਕ ਦਾ ਹਮਲਾ ਹੋ ਜਾਂਦਾਂ ਹੈ। ਵਾਰ ਵਾਰ ਕੀਟਨਾਸ਼ਕਾਂ ਦੀ ਵਰਤੋਂ ਨਾਲ ਖੇਤੀ ਖਰਚੇ ਵਧਦੇ ਹਨ ਅਤੇ ਨਾਲ ਹੀ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।ਸੋ, ਇਸ ਸਮੱਸਿਆ ਨੂੰ ਠੱਲ ਪਾਉਣ ਲਈ ਇੱਕ ਵਾਤਾਵਰਣ ਸਹਾਈ ਤਕਨੋਲੋਜੀ ਵਿਗਿਆਨਿਕਾ ਦੁਆਰਾ ਬਣਾਈ ਗਈ ਹੈ।
ਇਸ ਤਕਨੋਲੋਜੀ ਵਿੱਚ ਮਿੱਟੀ ਦੇ ਘੜਿਆਂ ਤੋਂ ਟਰੈਪ ਬਣਾ ਕੇ ਉਸ ਵਿੱਚ ਮੱਕੀ ਦੇ ਗੁੱਲ ਪਾ ਕੇ ਨਾਸ਼ਪਤੀ, ਬੇਰ, ਆੜੂ, ਅੰਗੂਰ ਅਤੇ ਆਂਵਲੇ ਦੇ ਬਾਗਾਂ ਵਿੱਚ ਸਿਉਂਕ ਦੀ ਅਸਰਦਾਰ ਰੋਕਥਾਮ ਕੀਤੀ ਜਾ ਸਕਦੀ ਹੈ। ਸਿਉਂਕ ਨੂੰ ਖਤਮ ਕਰਨ ਲਈ ਇੱਕ ਏਕੜ ਦੇ ਬਾਗ ਵਿੱਚ 14 ਘੜੇ ਵਰਤੋ।ਇਸ ਟਰੈਪ ਨੂੰ ਬਣਾਉਣ ਲਈ 13 ਇੰਚ ਆਕਾਰ ਵਾਲੇ ਘੜੇ ਲਏ ਜਾਂਦੇ ਹਨ ਜਿਨ੍ਹਾਂ ਵਿੱਚ 24 ਮੋਰੀਆਂ ਕੀਤੀਆਂ ਜਾਂਦੀਆਂ ਹਨ। ਇਹਨਾਂ ਟਰੈਪਾਂ ਨੂੰ ਮੱਕੀ ਦੇ ਗੁੱਲਾਂ (3-4 ਟੋਟੇ ਕੀਤੇ ਹੋਣ) ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫਤੇ ਅਤੇ ਦੁਬਾਰਾ ਫਿਰ ਸਤੰਬਰ ਦੇ ਪਹਿਲੇ ਹਫਤੇ ਮਿੱਟੀ ਵਿੱਚ 1.5 ਤੋਂ 2 ਫੁੱਟ ਤੱਕ ਡੂੰਘਾ ਦਬਾਉ।
ਇਹ ਟਰੈਪ ਆਪਸ ਵਿੱਚ ਬਰਾਬਰ ਵਿੱਥ ਤੇ ਦਬਾਉ।ਲਗਭੱਗ 20 ਦਿਨਾਂ ਬਾਅਦ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸਿਉਂਕ ਦੇ ਬੱਚੇ ਘੜੇ (ਟਰੈਪ) ਵਿੱਚ ਭਰ ਜਾਂਦੇ ਹਨ। ਇਹਨਾਂ ਦੀ ਗਿਣਤੀ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਬਾਗ ਵਿੱਚ ਸਿਉਂਕ ਦਾ ਹਮਲਾ ਕਿੰਨਾ ਹੈ ਅਤੇ ਮਿੱਟੀ ਕਿਸ ਤਰਾਂ ਦੀ ਹੈ?ਇਕੱਠੀ ਹੋਈ ਸਿਉਂਕ ਨੂੰ ਖਤਮ ਕਰਨ ਲਈ ਵਿੱਚ ਕੁਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖਤਮ ਕਰ ਦਿਉ।
ਸਰੋਤ: ਸੁਮਨ ਕੁਮਾਰੀ*, ਪ੍ਰਭਜੋਤ ਕੌਰ ਅਤੇ ਹਰਿੰਦਰ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਅਤੇ ਹੁਸ਼ਿਆਰਪੁਰ
Summary in English: Matka method used for termite control in crops and gardens, know the required materials and method of use