1. Home
  2. ਬਾਗਵਾਨੀ

ਆਲੂ, ਪਿਆਜ਼, ਹਲਦੀ ਅਤੇ ਮਟਰ ਦੀ ਫ਼ਸਲ ਲਈ Organic Fertilizers

ਮਿੱਟੀ ਦੀ ਸਿਹਤ ਅਤੇ ਗੁਣਵੱਤਾ ਉਤਪਾਦਨ ਦੀ ਰੱਖਿਆ ਲਈ ਸੁਰੱਖਿਅਤ, ਵਾਤਾਵਰਣ-ਅਨੁਕੂਲ ਅਤੇ ਘੱਟ ਲਾਗਤ ਵਾਲੀਆਂ ਖਾਦਾਂ ਦੀ ਲੋੜ ਹੈ, ਅਜਿਹੇ 'ਚ ਅਸੀਂ ਤੁਹਾਡੇ ਨਾਲ ਜੀਵਾਣੂ ਖਾਦਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।

Gurpreet Kaur Virk
Gurpreet Kaur Virk
ਜੀਵਾਣੂ ਖਾਦਾਂ ਵਰਤਣ ਦਾ ਢੰਗ ਅਤੇ ਸਾਵਧਾਨੀਆਂ

ਜੀਵਾਣੂ ਖਾਦਾਂ ਵਰਤਣ ਦਾ ਢੰਗ ਅਤੇ ਸਾਵਧਾਨੀਆਂ

Organic Fertilizers: ਭਾਰਤ ਵਿਸ਼ਵ ਵਿੱਚ ਬਾਗਬਾਨੀ ਫਸਲਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਲਗਾਤਾਰ ਵੱਧ ਰਹੀ ਮਨੁੱਖੀ ਆਬਾਦੀ ਲਈ ਭੋਜਨ ਦੀ ਮੰਗ ਨੂੰ ਪੂਰਾ ਕਰਨ ਲਈ, ਫਸਲਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਨੂੰ ਵਧਾਉਣ ਦੀ ਲੋੜ ਹੈ। ਪਰੰਤੂ, ਬਾਗਬਾਨੀ ਫਸਲਾਂ ਵਿੱਚ ਗੈਰ-ਨਵਿਆਉਣਯੋਗ ਰਸਾਇਣਕ ਖਾਦਾਂ ਦੀ ਸਿਫਾਰਿਸ਼ ਤੋਂ ਜ਼ਿਆਦਾ ਵਰਤੋਂ ਨੇ ਨਾ ਸਿਰਫ ਵਾਤਾਵਰਣ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕੀਤਾ ਹੈ ਬਲਕਿ ਮਨੁੱਖੀ ਸਿਹਤ ਨੂੰ ਵੀ ਵਿਗਾੜ ਦਿੱਤਾ ਹੈ।

ਮਿੱਟੀ ਦੀ ਸਿਹਤ ਅਤੇ ਗੁਣਵੱਤਾ ਉਤਪਾਦਨ ਦੀ ਰੱਖਿਆ ਕਰਨ ਲਈ ਸੁਰੱਖਿਅਤ, ਵਾਤਾਵਰਣ-ਅਨੁਕੂਲ ਅਤੇ ਘੱਟ ਲਾਗਤ ਵਾਲੀਆਂ ਖਾਦਾਂ ਦੀ ਲੋੜ ਹੈ। ਸਥਾਈ ਖੇਤੀਬਾੜੀ, ਬਾਗਬਾਨੀ ਫਸਲਾਂ ਦੀ ਉੱਚ ਉਤਪਾਦਕਤਾ ਅਤੇ ਮਿੱਟੀ ਦੀ ਸਿਹਤ ਨੂੰ ਬਣਾਈ ਰੱਖਣ ਲਈ ਜੀਵਾਣੂ ਖਾਦਾਂ, ਜੈਵਿਕ ਖਾਦਾਂ ਅਤੇ ਰਸਾਇਣਕ ਖਾਦਾਂ ਦੇ ਉਚਿੱਤ ਸੁਮੇਲ ਵਿਚ ਵਰਤੋਂ ਦੀ ਲੋੜ ਹੈ।

ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਬੈਕਟੀਰੀਆ, ਉੱਲੀ, ਐਕਟੀਨੋਮਾਈਸਾਈਟਸ ਜਾਂ ਕਾਈ ਦੀਆਂ ਸਜੀਵ ਕਿਸਮਾਂ ਦਾ ਮਿਸ਼ਰਣ ਹੁੰਦਾ ਹੈ, ਜੋ ਇਕੱਲੇ ਜਾਂ ਸੁਮੇਲਾਂ ਵਿੱਚ, ਬੀਜਾਂ, ਜੜ੍ਹਾਂ, ਮਿੱਟੀ ਜਾਂ ਕੰਪੋਸਟਿੰਗ ਖੇਤਰ ਵਿੱਚ ਉਪਯੋਗ ਕੀਤਾ ਜਾਂਦਾ ਹੈ। ਜੀਵਾਣੂ ਖਾਦ ਦੀ ਵਰਤੋਂ ਨਾਲ ਪੌਦਿਆਂ ਦੇ ਵਿਕਾਸ ਅਤੇ ਫਸਲਾਂ ਦੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਮਿੱਟੀ ਦੀ ਗੁਣਵੱਤਾ ਅਤੇ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਜੀਵਾਣੂ ਖਾਦਾਂ, ਲਾਗਤ ਪ੍ਰਭਾਵੀ, ਪ੍ਰਦੂਸ਼ਣ ਮੁਕਤ ਅਤੇ ਸਥਾਈ ਫਸਲ ਉਤਪਾਦਨ ਲਈ ਵਾਤਾਵਰਣ-ਅਨੁਕੂਲ ਸਾਧਨ ਹਨ। ਜੀਵਾਣੂ ਖਾਦਾਂ ਵਿੱਚ ਮੌਜੂਦ ਸੂਖਮਜੀਵ ਵੱਖ-ਵੱਖ ਸਿੱਧੇ ਅਤੇ ਅਸਿੱਧੇ ਤਰੀਕੇ ਦੁਆਰਾ ਮਿੱਟੀ ਦੀ ਪੋਸ਼ਕ ਅਵਸਥਾ ਨੂੰ ਵਧਾਉਂਦੇ ਹਨ, ਜਿਸ ਵਿੱਚ ਨਾਈਟ੍ਰੋਜਨ ਮੁਹੱਈਆ ਕਰਵਾਉਣਾ, ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣਾ ਅਤੇ ਫਾਈਟੋਹਾਰਮੋਨਜ਼, ਅਮੋਨੀਆ, ਅਤੇ ਸਾਈਡਰੋਫੋਰਸ ਦਾ ਉਤਪਾਦਨ ਸ਼ਾਮਲ ਹਨ।

ਇਹ ਵੀ ਪੜ੍ਹੋ: ਬਾਗ 'ਚ ਫਲਾਂ ਦੀਆਂ ਮੱਖੀਆਂ ਨੂੰ ਰੋਕਣ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕਰੋ

ਫਾਸਫੋਰਸ, ਪੌਦਿਆਂ ਦੇ ਵਿਕਾਸ ਵਾਸਤੇ ਲੋੜੀਂਦਾ ਦੂਜਾ ਸਭ ਤੋਂ ਮਹੱਤਵਪੂਰਨ ਪੋਸ਼ਕ-ਪਦਾਰਥ ਹੈ। ਇਹ ਪੌਦਿਆਂ ਵਾਧੇ ਨੂੰ ਉਤੇਜਿਤ ਕਰਦਾ ਹੈ ਅਤੇ ਜਲਦੀ ਪੱਕਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਪੌਦਿਆਂ ਵਿੱਚ ਇਸ ਦੀ ਘਾਟ ਕਾਰਨ ਵਿਕਾਸ ਦਰ ਘੱਟ ਜਾਂਦਾ ਹੈ, ਪੱਤੇ ਮੁਰਝਾ ਜਾਂਦੇ ਹਨ, ਦੇਰ ਨਾਲ ਪੱਕਣ ਲੱਗਦੇ ਹਨ ਅਤੇ ਝਾੜ ਘੱਟ ਜਾਂਦਾ ਹੈ।

ਸੰਸਾਰ ਭਰ ਦੀਆਂ ਜ਼ਿਆਦਾਤਰ ਜ਼ਮੀਨਾਂ ਵਿੱਚ ਫਾਸਫੋਰਸ ਦੀ ਘਾਟ ਹੁੰਦੀ ਹੈ ਕਿਉਂਕਿ ਰਸਾਇਣਕ ਖਾਦਾਂ ਦੇ ਰੂਪ ਵਿੱਚ ਪਾਈ ਜਾਣ ਵਾਲੀ ਫਾਸਫੋਰਸ, ਮਿੱਟੀ ਦੀ ਕਿਸਮ ਅਤੇ ਪੀਐਚ ਦੇ ਅਧਾਰ ਤੇ, ਲੋਹੇ, ਐਲੂਮੀਨੀਅਮ ਅਤੇ ਕੈਲਸ਼ੀਅਮ ਦੇ ਅਘੁਲਣਸ਼ੀਲ ਫਾਸਫੇਟ ਦੇ ਰੂਪ ਵਿੱਚ ਜਮਾਂ ਹੋ ਜਾਂਦੀ ਹੈ।

ਜੀਨਸ ਬੈਸੀਲਸ, ਸੂਡੋਮੋਨਾਸ, ਐਸਨੀਟੋਬੈਕਟਰ, ਅਲਕੈਲੀਜੀਨਸ, ਬਰਕਹੋਲਡੇਰੀਆ, ਐਂਨਟੈਰੋਬੈਕਟਰ, ਇਰਵਿਨੀਆ, ਫਲੈਵੋਬੈਕਟੀਰੀਅਮ, ਮਾਈਕਰੋਬੈਕਟੀਰੀਅਮ, ਰਾਈਜ਼ੋਬੀਅਮ ਅਤੇ ਸੇਰਾਟੀਆ ਨਾਲ ਸਬੰਧਿਤ ਸੂਖਮਜੀਵਾਂ ਵਿੱਚ ਮਿੱਟੀ ਦੇ ਅਘੁਲਣਸ਼ੀਲ ਫਾਸਫੇਟਾਂ ਨੂੰ ਘੁਲਣਯੋਗ ਬਣਾਉਣ ਦੀ ਸਮਰੱਥਾ ਹੁੰਦੀ ਹੈ।

ਸੂਖਮਜੀਵਾਂ ਦੁਆਰਾ ਨਾਈਟ੍ਰੋਜਨ ਜਮ੍ਹਾਂ ਕਰਨ ਦਾ ਬਹੁਤ ਵੱਡਾ ਕਾਰਜਸ਼ੀਲ ਮਹੱਤਵ ਹੈ ਕਿਉਂਕਿ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋਂ, ਪਾਣੀ ਪ੍ਰਦੂਸ਼ਣ ਦੇ ਇਤਰਾਜ਼ਯੋਗ ਪੱਧਰ ਦਾ ਕਾਰਨ ਬਣ ਰਹੀ ਹੈ। ਨਾਈਟ੍ਰੋਜਨ ਜਮ੍ਹਾਂ ਕਰਨ ਵਾਲੇ ਬੈਕਟੀਰੀਆ ਨੂੰ ਤਿੰਨ ਭਾਗਾਂ ਵਿਚ ਗਰੁੱਪਬੱਧ ਕੀਤਾ ਜਾਂਦਾ ਹੈ: 'ਗੈਰ-ਸਹਿਜੀਵੀ', ਜਿਸ ਵਿੱਚ ਅਜ਼ੋਟੋਬੈਕਟਰ, ਬੇਜਰਨਿਕੀਆ, ਕਲੇਬਸੀਲਾ, ਪੈਨੀਬੈਸੀਲਸ, ਕਲੋਸਟਰੀਡੀਅਮ ਅਤੇ ਡੇਸਲਫੋਵੀਬਰਿਓ ਸ਼ਾਮਲ ਹਨ; 'ਸਹਿਜੀਵੀ' ਜਿਸ ਵਿੱਚ ਰਾਈਜ਼ੋਬੀਅਮ ਅਤੇ ਫਰੈਂਕੀਆ ਸ਼ਾਮਲ ਹਨ; ਅਤੇ 'ਸਹਿਯੋਗੀ' ਜਿਸ ਵਿੱਚ ਐਜ਼ੋਸਪੀਰਿਲਮ ਸ਼ਾਮਲ ਹੈ।

ਇਹ ਵੀ ਪੜ੍ਹੋ: Botanical Garden ਦੀ ਪੁਨਰ-ਸੁਰਜੀਤੀ ਲਈ 50 ਤੋਂ ਵੱਧ ਕਿਸਮਾਂ ਦਾ ਵੱਡਾ ਭੰਡਾਰ

ਜੀਵਾਣੂ ਖਾਦਾਂ ਵਰਤਣ ਦਾ ਢੰਗ ਅਤੇ ਸਾਵਧਾਨੀਆਂ

ਜੀਵਾਣੂ ਖਾਦਾਂ ਵਰਤਣ ਦਾ ਢੰਗ ਅਤੇ ਸਾਵਧਾਨੀਆਂ

ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੇ ਰਾਈਜ਼ੋਬੈਕਟੀਰੀਆ (ਫਘਫ੍ਰ), ਉਹ ਸੂਖਮ ਜੀਵ ਹਨ ਜੋ ਪੌਦਿਆਂ ਦੀਆਂ ਜੜ੍ਹਾਂ ਦੇ ਨੇੜਲੇ ਹਿੱਸੇ ਵਿੱਚ ਰਹਿੰਦੇ ਹਨ ਅਤੇ ਪੌਦਿਆਂ 'ਲਈ ਲਾਭਕਾਰੀ ਹੁੰਦੇ ਹਨ। ਉਹ ਫਾਈਟੋਹਾਰਮੋਨ (ਪੌਦੇ ਦੇ ਵਿਕਾਸ ਵਿੱਚ ਸਹਾਇਕ ਹਾਰਮੋਨ), ਐਨਜਾਈਮਸ, ਸਾਈਡਰੋਫੋਰਸ ਅਤੇ ਅਮੋਨੀਆ ਆਦਿ ਦੇ ਉਤਪਾਦਨ ਰਾਹੀਂ ਪੌਦਿਆਂ 'ਤੇ ਲਾਭਕਾਰੀ ਪ੍ਰਭਾਵ ਪਾਉਣ ਦੇ ਯੋਗ ਹੁੰਦੇ ਹਨ।

ਕੰਸੌਰਸ਼ੀਅਮ ਜੀਵਾਣੂ ਖਾਦ, ਦੋ ਜਾਂ ਦੋ ਤੋਂ ਵੱਧ ਲਾਭਕਾਰੀ ਸੂਖਮਜੀਵਾਂ ਦਾ ਮਿਸ਼ਰਣ ਹੈ ਜੋ ਵੱਖ-ਵੱਖ ਵਿਧੀਆਂ ਦੁਆਰਾ ਪੌਦੇ ਦੇ ਵਾਧੇ ਅਤੇ ਫਸਲਾਂ ਦੀ ਉਤਪਾਦਕਤਾ ਵਿੱਚ ਸੁਧਾਰ ਕਰਦੇ ਹਨ। ਇਸ ਤਰ੍ਹਾਂ, ਕੰਸੌਰਸ਼ੀਅਮ ਜੀਵਾਣੂ ਖਾਦ, ਇਕੱਲੇ ਸੂਖਮਜੀਵ ਦੀ ਜੀਵਾਣੂ ਖਾਦ ਨਾਲੋਂ ਬਿਹਤਰ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਬਾਗਬਾਨੀ ਦੀਆਂ ਚਾਰ ਫਸਲਾਂ (ਮਟਰ, ਆਲੂ, ਪਿਆਜ਼ ਅਤੇ ਹਲਦੀ) ਲਈ ਚਾਰਕੋਲ ਅਧਾਰਤ ਜੀਵਾਣੂ ਖਾਦਾਂ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਆਲੂ, ਪਿਆਜ਼ ਅਤੇ ਹਲਦੀ ਲਈ ਕੰਸੌਰਸ਼ੀਅਮ ਜੀਵਾਣੂ ਖਾਦ ਅਤੇ ਮਟਰਾਂ ਲਈ ਰਾਈਜ਼ੋਬੀਅਮ ਜੀਵਾਣੂ ਖਾਦ ਸ਼ਾਮਲ ਹਨ (ਸਾਰਣੀ 1)।

ਸਾਰਣੀ 1: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਾਗਬਾਨੀ ਫਸਲਾਂ ਲਈ ਸਿਫਾਰਸ਼ ਕੀਤੀਆਂ ਜੀਵਾਣੂ ਖਾਦਾਂ

ਜੀਵਾਣੂ ਖਾਦਾਂ ਵਰਤਣ ਦਾ ਢੰਗ:

1. ਪਿਆਜ਼, ਆਲੂ ਅਤੇ ਹਲਦੀ ਲਈ ਕੰਸੌਰਸ਼ੀਅਮ ਜੀਵਾਣੂ ਖਾਦ ਨੂੰ ਮਿੱਟੀ ਵਿਚ ਮਿਲਾ ਕੇ ਵਰਤਣ ਦੀ ਸਿਫਾਰਸ਼ ਕੀਤੀ ਗਈ ਹੈ:
ਮਿੱਟੀ ਦੀ ਵਰਤੋਂ: ਜੀਵਾਣੂ ਖਾਦ (4 ਕਿਲੋ) ਨੂੰ 10 ਕਿਲੋ ਮਿੱਟੀ/ਰੂੜੀ ਦੀ ਖਾਦ ਵਿੱਚ ਮਿਲਾ ਕੇ ਇੱਕ ਏਕੜ ਖੇਤ ਵਿੱਚ ਬਰਾਬਰ ਪਾ ਦਿਓ।

2. ਖੇਤ ਦੇ ਮਟਰਾਂ ਲਈ ਰਾਈਜ਼ੋਬੀਅਮ ਜੀਵਾਣੂ ਖਾਦ ਨੂੰ ਬੀਜ ਨੂੰ ਲਗਾ ਕੇ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ:
ਬੀਜ ਨੂੰ ਲਗਾਉਣਾ: ਜੀਵਾਣੂ ਖਾਦ ਦੇ ਪੈਕਿਟ (250 ਗ੍ਰਾਮ, ਇਕ ਏਕੜ ਲਈ) ਨੂੰ ਅੱਧਾ ਲੀਟਰ ਪਾਣੀ ਵਿੱਚ ਚੰਗੀ ਤਰਾਂ ਮਿਲਾ ਕੇ ਇੱਕ ਘੋਲ ਬਣਾ ਲਵੋ। ਇਸ ਬਣੇ ਘੋਲ ਨੂੰ ਇੱਕ ਏਕੜ ਦੇ ਬੀਜ ਨਾਲ ਰਲਾ ਲਵੋ। ਇਹ ਕੰਮ ਪੱਕੇ ਸਾਫ ਫਰਸ਼ ਜਾਂ ਤਰਪਾਲ ਉੱਪਰ ਕਰੋ। ਬੀਜ ਨੂੰ ਛਾਵੇਂ ਸੁਕਾ ਕੇ ਖੇਤ ਵਿੱਚ ਜਲਦੀ ਬੀਜ ਦਿਉ।

ਜੀਵਾਣੂ ਖਾਦ ਵਰਤਣ ਸਮੇਂ ਸਾਵਧਾਨੀਆਂ:

• ਫ਼ਸਲ ਦੇ ਲਈ ਹਮੇਸ਼ਾ ਸਿਫਾਰਸ਼ ਕੀਤੀ ਜੀਵਾਣੂ ਖਾਦ ਦੀ ਹੀ ਵਰਤੋਂ ਕਰੋ ।
• ਜੀਵਾਣੂ ਖਾਦਾਂ ਨੂੰ ਮਿਆਦ (3 ਮਹੀਨੇ) ਪੁੱਗਣ ਤੋਂ ਪਹਿਲਾਂ ਵਰਤੋ।
• ਜੀਵਾਣੂ ਖਾਦ ਵਾਲਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ਤੇ ਰੱਖੋ।
• ਜੀਵਾਣੂ ਖਾਦ ਨਾਲ ਸੋਧੇ ਹੋਏ ਬੀਜਾਂ ਨੂੰ ਧੁੱਪ ਵਿੱਚ ਨਾ ਰੱਖੋ ।
• ਜੀਵਾਣੂ ਖਾਦ ਲਗਾਉਣ ਤੋਂ ਬਾਅਦ ਬਿਜਾਈ ਛੇਤੀ ਕਰ ਦੇਣੀ ਚਾਹੀਦੀ ਹੈ।
• ਜੀਵਾਣੂ ਖਾਦ ਨੂੰ ਰਸਾਇਣਕ ਕੀਟਨਾਸ਼ਕਾਂ ਦੇ ਨਾਲ ਨਾ ਮਿਲਾਓ ।

ਜੀਵਾਣੂ ਖਾਦਾਂ ਦੀ ਉਪਲੱਬਧਤਾ: ਜੀਵਾਣੂ ਖਾਦਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਾਇਓਲੋਜੀ ਵਿਭਾਗ ਅਤੇ ਗੇਟ ਨੰਬਰ 1 ‘ਤੇ ਸਥਿਤ ਬੀਜਾਂ ਦੀ ਦੁਕਾਨ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਵਿੱਚ ਉਪਲੱਬਧ ਹਨ।ਇਹ ਜੀਵਾਣੂ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਕੀਤੇ ਜਾਂਦੇ ਹਰੇਕ ਕਿਸਾਨ ਮੇਲੇ ਵਿੱਚ ਵੀ ਮਿਲਦੀਆ ਹਨ। ਜੀਵਾਣੂ ਖਾਦਾਂ ਦੇ ਲਾਭਕਾਰੀ ਪ੍ਰਭਾਵਾਂ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਜੀਵਾਣੂ ਖਾਦਾਂ ਬਾਰੇ ਵਧੇਰੇ ਜਾਣਕਾਰੀ ਲਈ 0161-2401960 ਐਕਸਟੈਨਸ਼ਨ 330 'ਤੇ ਕਾਲ ਕਰਕੇ ਮੁੱਖੀ, ਮਾਈਕਰੋਬਾਇਓਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਜੁਪਿੰਦਰ ਕੌਰ, ਪ੍ਰਤਿਭਾ ਵਿਆਸ ਅਤੇ ਸੁਮਨ ਕੁਮਾਰੀ
ਮਾਈਕਰੋਬਾਇਓਲੋਜੀ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Summary in English: Organic fertilizers for potatoes, onions, turmeric and peas

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters