s
  1. ਬਾਗਵਾਨੀ

PAU ਨੇ ਸਾਂਝੇ ਕੀਤੇ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਦੇ ਤਰੀਕੇ, ਸੁਧਾਈ ਅਤੇ ਕਾਂਟ-ਛਾਂਟ ਦੌਰਾਨ ਵਰਤੋਂ ਇਹ ਸਾਵਧਾਨੀਆਂ

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ

ਨਾਸ਼ਪਾਤੀ ਇੱਕ ਠੰਡੇ ਇਲਾਕੇ ਦਾ ਫ਼ਲ ਮੰਨਿਆਂ ਜਾਂਦਾ ਹੈ, ਪਰ ਘੱਟ ਠੰਡ ਵਾਲੀਆਂ ਕਿਸਮਾਂ ਦੀ ਕਾਸ਼ਤ ਪੰਜਾਬ ਦੇ ਜਲਵਾਯੂ ਵਿੱਚ ਵੀ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ?

PAU ਨੇ ਸਾਂਝੇ ਕੀਤੇ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਦੇ ਤਰੀਕੇ

PAU ਨੇ ਸਾਂਝੇ ਕੀਤੇ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਦੇ ਤਰੀਕੇ

ਨਾਸ਼ਪਾਤੀ ਦਾ ਫ਼ਲ ਪੈਦਾਵਾਰ ਅਤੇ ਰਕਬੇ ਅਨੁਸਾਰ ਪੰਜਾਬ ਦਾ ਚੌਥਾ ਮੁੱਖ ਫ਼ਲ ਹੈ ਅਤੇ ਇਸ ਦੀ ਕਾਸ਼ਤ 3336 ਹੈਕਟੇਅਰ ਵਿੱਚ ਕੀਤੀ ਜਾਂਦੀ ਹੈ। ਨਾਸ਼ਪਾਤੀ ਦੇ ਬੂਟੇ ਖੇਤ ਵਿੱਚ ਲਗਾਉਣ ਤੋਂ ਲੰਮਾ ਸਮਾਂ ਫ਼ਲ ਦਿੰਦੇ ਰਹਿੰਦੇ ਹਨ। ਉਂਝ ਤਾਂ ਨਾਸ਼ਪਾਤੀ ਦੀ ਕਾਸ਼ਤ ਪੂਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਪਰ ਇਸ ਫਲ ਦਾ ਜਿਆਦਾ ਰਕਬਾ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲਿਆਂ ਵਿੱਚ ਹੈ। ਇਨ੍ਹਾਂ ਬੂਟਿਆਂ ਤੋਂ ਨਿਰੰਤਰ ਚੰਗਾ ਝਾੜ ਅਤੇ ਮਿਆਰੀ ਫ਼ਲ ਲੈਣ ਲਈ ਬੂਟਿਆਂ ਦੀ ਸ਼ੁਰੂ ਤੋਂ ਹੀ ਚੰਗੀ ਸਿਧਾਈ, ਖ਼ੁਰਾਕੀ ਪ੍ਰਬੰਧ, ਅੰਤਰ ਫ਼ਸਲਾਂ ਦੀ ਕਾਸ਼ਤ ਅਤੇ ਸਿੰਚਾਈ ਆਦਿ ਦਾ ਖ਼ਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ।

ਕਾਸ਼ਤ ਦੇ ਸ਼ੁਰੂਆਤੀ ਦੌਰ ਵਿੱਚ ਕੀਤੀ ਹੋਈ ਕੋਈ ਵੀ ਗਲਤੀ ਨਾਲ ਬਾਗ ਦੀ ਪੈਦਾਵਾਰ ਅਤੇ ਆਮਦਨ ਪ੍ਰਭਾਵਿਤ ਹੁੰਦੀਆਂ ਹਨ। ਅਜਿਹੇ 'ਚ ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਦੱਸਾਂਗੇ ਕਿ ਸਰਦੀਆਂ ਵਿੱਚ ਫਲਦਾਰ ਬੂਟਿਆਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ। ਤਾਂ ਆਓ ਜਾਣਦੇ ਹਾਂ ਨਾਸ਼ਪਾਤੀ ਦੇ ਬੂਟਿਆਂ ਦੀ ਛਾਂਟੀ ਦੇ ਤਰੀਕੇ ?

ਨਾਸ਼ਪਾਤੀ ਦੇ ਬੂਟਿਆਂ ਦੀ ਕਾਂਟ-ਛਾਂਟ ਹੇਠਾਂ ਦਰਸਾਏ ਤਰੀਕੇ ਅਨੁਸਾਰ ਕਰੋ:

ਸਿਧਾਈ ਤੇ ਕਾਂਟ-ਛਾਂਟ (Correction and Pruning)

ਸਖਤ ਨਾਸ਼ਪਾਤੀ ਦੀਆਂ ਕਿਸਮਾਂ ਦੇ ਬੂਟੇ ਜਿਵੇਂ ਕਿ ਪੱਥਰਨਾਖ ਅਤੇ ਪੰਜਾਬ ਨਾਖ ਨੂੰ ਜਨਵਰੀ ਦੇ ਮਹੀਨੇ ਹੀ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ, ਜਦੋਂਕਿ ਅਰਧ-ਨਰਮ ਨਾਖਾਂ ਦੇ ਬੂਟੇ ਜਨਵਰੀ ਤੋਂ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਲਗਾਏ ਜਾ ਸਕਦੇ ਹਨ। ਬੂਟਿਆਂ ਦੀ ਸਿਧਾਈ ਬੂਟੇ ਨੂੰ ਖੇਤ ਵਿੱਚ ਲਗਾਉਣ ਉਪਰੰਤ ਹੀ ਸ਼ੁਰੂ ਹੋ ਜਾਂਦੀ ਹੈ।

ਸਿਧਾਈ ਨਾਲ ਬੂਟੇ ਦੇ ਵਾਧੇ ਨੂੰ ਨਿਯੰਤਰਨ ਕਰਕੇ ਮਜ਼ਬੂਤ ਢਾਂਚਾ ਬਣਾਉਣ ਵਿੱਚ ਮੱਦਦ ਮਿਲਦੀ ਹੈ। ਇਸ ਤਰ੍ਹਾਂ ਬੂਟਿਆਂ ਅੰਦਰ ਯੋਗ ਰੋਸ਼ਨੀ ਪਹੁੰਚਦੀ ਹੈ ਅਤੇ ਛੱਤਰੀ ਦਾ ਫੈਲਾਅ ਵੀ ਸਹੀ ਅਕਾਰ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਬੂਟਿਆਂ ਉੱਪਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਅਤੇ ਫਲਾਂ ਦੀ ਤੁੜਾਈ ਵਿੱਚ ਅਸਾਨੀ ਰਹਿੰਦੀ ਹੈ।

ਆਮ ਤੌਰ ਤੇ ਪੱਤਝੜੀ ਫ਼ਲਦਾਰ ਬੂਟਿਆਂ ਨੂੰ ਸਦਾਬਹਾਰ ਬੂਟਿਆਂ ਦੇ ਮੁਕਾਬਲੇ ਜ਼ਿਆਦਾ ਸਿਧਾਈ ਅਤੇ ਕਾਂਟ-ਛਾਂਟ ਦੀ ਜ਼ਰੂਰਤ ਰਹਿੰਦੀ ਹੈ। ਬੂਟਿਆਂ ਦੀਆਂ ਅੱਖਾਂ ਅਨੁਸਾਰ ਇਹਨਾਂ ਨੂੰ ਜ਼ਮੀਨ ਵਿੱਚ ਲਗਾਉਣ ਤੋਂ ਬਾਅਦ 75 ਸੈਂਟੀਮੀਟਰ ਤੋਂ ਲੈ ਕਿ 90 ਸੈਂਟੀਮੀਟਰ ਕੱਟ ਦੇਣਾ ਚਹਾੀਦਾ ਹੈ।

ਇਹ ਵੀ ਪੜ੍ਹੋ : ਪੀਏਯੂ ਨੇ ਸਿਫ਼ਾਰਸ਼ ਕੀਤੀਆਂ ਆਂਵਲੇ ਦੀਆਂ 3 ਕਿਸਮਾਂ, ਇੱਥੋਂ ਪ੍ਰਾਪਤ ਕਰੋ ਆਂਵਲੇ ਦੇ ਬੂਟੇ

ਨਵੇਂ ਲਗਾਏ ਫ਼ਲਦਾਰ ਬੂਟਿਆਂ ਦੇ ਗੁੱਲੇ, ਝੁੱਕੀਆਂ ਹੋਈਆਂ ਟਾਹਣੀਆਂ ਅਤੇ ਪਿਉਂਦ ਦੇ ਥੱਲਿਉਂ ਫੁਟਾਰਾ ਕੱਟਣ ਤੱਕ ਹੀ ਸਿਧਾਈ ਦੀ ਲੋੜ ਹੁੰਦੀ ਹੈ। ਬਾਗਬਾਨ ਅਕਸਰ ਦੋ ਸਾਲ ਦੇ ਬੂਟੇ ਖੇਤ ਵਿਚ ਲਗਾਉਂਦੇ ਹਨ ਅਤੇ ਜੇਕਰ ਬੂਟਿਆਂ ਦੀ ਚੰਗੀ ਤਰ੍ਹਾਂ ਸਿਧਾਈ ਨਾ ਕੀਤੀ ਹੋਵੇ ਤਾਂ ਅਜਿਹੇ ਬੂਟੇ ਉਪਰਲੀਆਂ ਅੱਖਾਂ ਤੋਂ ਫੁਟਦੇ ਹਨ। ਅਜਿਹੇ ਬੂਟਿਆਂ ਨੂੰ ਫ਼ਲ ਵੀ ਦੇਰੀ ਨਾਲ ਆਉਂਦਾ ਹੈ ਅਤੇ ਬੂਟੇ ਦਾ ਲੰਬੂਤਰਾ ਅਕਾਰ ਬਣ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਬੂਟੇ ਖੇਤ ਵਿੱਚ ਲਗਾਉਂਦੇ ਸਮੇਂ ਜ਼ਮੀਨ ਦੇ ਪੱਧਰ ਤੋਂ 45 ਸੈਂਟੀਮੀਟਰ ਦੀ ਉਚਾਈ ਤੱਕ ਕੋਈ ਸ਼ਾਖਾ ਨਾ ਰਹਿਣ ਦਿਉ।

ਦੂਜੇ ਸਾਲ ਬੂਟਿਆਂ ਦੀ ਸਿੱਥਲ ਅਵਸਥਾ (ਦਸੰਬਰ-ਜਨਵਰੀ ਮਹੀਨਾ) ਦੌਰਾਨ ਵਿਚਕਾਰਲੀ ਸਭ ਤੋਂ ਲੰਮੀ ਟਹਿਣੀ ਨੂੰ ਉਸਦੇ ਉਪਰਲੇ ਕੱਚੇ ਭਾਗ ਦੇ ਸ਼ੁਰੂ ਤੋਂ ਕੱਟ ਦੇਵੋ। ਇਸ ਤੋਂ ਇਲਾਵਾ, ਕਮਜ਼ੋਰ ਅਤੇ ਇਕ ਦੂਜੇ ਨੂੰ ਕੱਟਦੀਆਂ ਸ਼ਾਖ਼ਾਵਾਂ ਮੁੱਢੋਂ ਕੱਟ ਦੇਣੀਆਂ ਜ਼ਰੂਰੀ ਹਨ। ਜੇਕਰ ਚੁਣੀਆਂ ਹੋਈਆਂ ਟਾਹਣੀਆਂ ਨੂੰ ਸੇਬੇ ਨਾਲ ਬੰਨ੍ਹ ਕੇ ਜ਼ਮੀਨ ਤੇ ਬੰਨ੍ਹ ਦਿੱਤਾ ਜਾਵੇ ਤਾਂ ਇਨ੍ਹਾਂ ਟਾਹਣੀਆਂ ਤੋਂ ਵਧੇਰੇ ਸ਼ਾਖ਼ਾਵਾਂ ਨਿਕਲਣ ਵਿੱਚ ਮਦਦ ਮਿਲਦੀ ਹੈ।

ਤੀਜੇ ਸਾਲ ਦੀ ਸਿਧਾਈ ਦੌਰਾਨ ਦੂਜੇ ਸਾਲ ਦੀ ਕਟਾਈ ਸਮੇਂ ਰੱਖੀਆਂ ਟਾਹਣੀਆਂ ਨੂੰ ਨਵੀਆਂ ਸ਼ਾਖ਼ਾਵਾਂ ਫੁੱਟਣ ਲਈ ਛੱਡ ਦੇਣਾ ਚਾਹੀਦਾ ਹੈ। ਚੌਥੇ ਅਤੇ ਪੰਜਵੇਂ ਸਾਲ ਦੌਰਾਨ, ਅੱਗੇ ਤੋਂ ਅੱਗੇ ਵੱਧਣ ਵਾਲੀਆਂ ਸ਼ਾਖ਼ਾਵਾਂ ਨੂੰ ਕੱਟ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਚਕਾਰਲੀ ਛੱਡੀ ਹੋਈ ਟਾਹਣੀ ਨੂੰ ਕੱਟ ਦਿਉ ਤਾਂ ਕਿ ਬੂਟੇ ਦਾ ਫੈਲਾਅ ਬਾਹਰ ਵੱਲ ਹੋ ਸਕੇ ਅਤੇ ਬੂਟਾ ਚੰਗੀ ਛੱਤਰੀ ਬਣਾ ਸਕੇ।

ਕਾਂਟ-ਛਾਂਟ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸ਼ਾਖਾਵਾਂ ਤੇ ਬਾਹਰ ਵੱਲ ਨੂੰ ਅੱਖ ਦੇ ਉਪਰੋਂ ਹੀ ਕੱਟੋ। ਇਸ ਤਰ੍ਹਾਂ ਕਰਨ ਨਾਲ ਬੂਟੇ ਦਾ ਫਲਾਅ ਅਤੇ ਛੱਤਰੀ ਵਿੱਚ ਵਾਧਾ ਬਾਹਰ ਵੱਲ ਹੁੰਦਾ ਹੈ। ਨਾਸ਼ਪਾਤੀ ਦੇ ਪੁਰਾਣੇ ਅਤੇ ਫ਼ਲ ਦਿੰਦੇ ਬੂਟਿਆਂ ਦੀ ਕਾਂਟ-ਛਾਂਟ ਦੌਰਾਨ ਸੁੱਕੀਆਂ ਅਤੇ ਬੀਮਾਰ ਸ਼ਾਖ਼ਾਵਾਂ ਨੂੰ ਕੱਟ ਕੇ ਵਿਰਲਾ ਕਰਨਾ ਚਾਹੀਦਾ ਹੈ ਤਾਂ ਜੋ ਨਵੀਆਂ ਸ਼ਾਖ਼ਾਵਾਂ ਦੁਬਾਰਾ ਫੁੱਟ ਸਕਣ।

ਇਸ ਤੋਂ ਇਲਾਵਾ ਬੂਟਿਆਂ ਉੱਤੇ ਫੁੱਟਣ ਵਾਲੇ ਗੁੱਲੇ ਜਾਂ ਲਗਰਾਂ ਨੂੰ ਮੁੱਢ ਤੋਂ ਕੱਟਦੇ ਰਹੋ। ਪਰ ਜੇਕਰ ਇਹ ਬੂਟੇ ਦੀ ਖਾਲੀ ਜਗ੍ਹਾ ਤੋਂ ਫੁੱਟਣ ਤਾਂ ਇਨ੍ਹਾਂ ਨੂੰ ਇੱਕ ਜਾਂ ਦੋ ਅੱਖ ਤੋਂ ਕੱਟ ਕੇ ਨਵੀਂ ਸ਼ਾਖ ਦੇ ਤੌਰ ਤੇ ਰੱਖ ਲੈਣਾ ਚਾਹੀਦਾ ਹੈ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉੱਪਰ ਲੱਗਦਾ ਹੈ ਜੋ ਲਗਭੱਗ 7 ਤੋਂ 8 ਸਾਲ ਤੱਕ ਫ਼ਲ ਦਿੰਦੇ ਹਨ। ਇਸ ਲਈ ਕਾਂਟ-ਛਾਂਟ ਕਰਦੇ ਸਮੇਂ ਜਾਂ ਫਿਰ ਫ਼ਲ ਤੋੜਨ ਵੇਲੇ ਇਨ੍ਹਾਂ ਨੂੰ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ। ਪੰਜਾਬ ਵਿੱਚ ਨਾਸ਼ਪਾਤੀ ਦੇ ਕੁੱਝ ਬਾਗ਼ ਬਟਾਂਕਾਂ (ਜੜਵੇ) ਜੜ੍ਹ-ਮੁੱਢ ਤੇ ਲੱਗੇ ਹਨ ਜਿਸ ਤੋਂ ਹਰ ਸਾਲ ਜੜ੍ਹਾਂ ਵਿਚੋਂ ਨਵੀਆਂ ਬਟਾਂਕਾਂ ਨਿਕਲਦੀਆਂ ਰਹਿੰਦੀਆਂ ਹਨ। ਇਨ੍ਹਾਂ ਬਟਾਂਕਾਂ ਨੂੰ ਦਸੰਬਰ ਦੇ ਮਹੀਨੇ ਵਿੱਚ ਜ਼ਮੀਨ ਦੇ ਲਾਗਿਉਂ ਕੱਟ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੀ.ਏ.ਯੂ ਵੱਲੋਂ ਸੁਝਾਅ, ਜਾਣੋ ਕਿੰਨੂ ਦੇ ਪੌਦਿਆਂ ਦੇ ਸੁੱਕਣ ਦੇ ਕਾਰਨ ਤੇ ਬਚਾਉਣ ਦੇ ਤਰੀਕੇ

ਪੁਰਣੇ ਬੂਟਿਆਂ ਨੂੰ ਮੁੜ-ਸੁਰਜੀਤ ਕਰਨ ਦਾ ਢੰਗ (Method of Rejuvenating Old Plants)

ਨਾਸ਼ਪਾਤੀ ਦਾ ਬੂਟਾ ਬਹੁਤ ਲੰਮਾ ਸਮਾਂ ਫ਼ਲ ਦਿੰਦਾ ਹੈ ਅਤੇ ਸੂਬੇ ਵਿੱਚ ਬਹੁਤ ਸਾਰੇ ਬਾਗ ਅਜਿਹੇ ਹਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੀ ਵਧੇਰੇ ਹੈ। ਇਹ ਵੇਖਣ ਵਿੱਚ ਆਉਂਦਾ ਹੈ ਕਿ ਨਾਸ਼ਪਾਤੀ ਦੇ ਬੂਟੇ ਦਾ ਝਾੜ ਅਤੇ ਫ਼ਲਾਂ ਦਾ ਆਕਾਰ 20 ਤੋਂ 25 ਸਾਲ ਦੀ ਉਮਰ ਤੋਂ ਬਾਅਦ ਘੱਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਬਾਗਬਾਨ ਨੂੰ ਆਰਥਿਕ ਨੁਕਸਾਨ ਹੁੰਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਵੱਲੋਂ ਪੁਰਾਣੇ ਘੱਟ ਪੈਦਾਵਾਰ ਦੇਣ ਵਾਲੇ ਨਾਸ਼ਪਾਤੀ ਦੇ ਬੂਟਿਆਂ ਨੂੰ ਮੁੜ-ਸੁਰਜੀਤ ਕਰਨ ਦੀ ਵਿਧੀ ਵਿਕਸਿਤ ਕੀਤੀ ਹੈ। ਇਸ ਤਕਨੀਕ ਰਾਹੀਂ ਪੁਰਾਣੇ ਬੂਟੇ ਦੀਆਂ ਪ੍ਰਮੁੱਖ ਟਾਹਿਣੀਆਂ, ਜੋ ਕਿ ਇਕਸਾਰ ਵਿੱਥ ਤੇ ਹੋਣ ਨੂੰ 15 ਸੈਂਟੀਮੀਟਰ ਦੀ ਲੰਬਾਈ ਰੱਖ ਕੇ ਆਰੀ ਨਾਲ ਦਸੰਬਰ ਦੇ ਮਹੀਨੇ ਕੱਟ ਦਿੱਤਾ ਜਾਂਦਾ ਹੈ।

ਮਾਰਚ ਦੇ ਮਹੀਨੇ ਦੋਰਾਨ ਇਨ੍ਹਾਂ ਕੱਟੀਆਂ ਹੋਈਆਂ ਟਾਹਿਣੀਆਂ ਤੇ ਨਵੀਆਂ ਸ਼ਾਖਾਵਾਂ ਫੁੱਟ ਪੈਂਦੀਆਂ ਹਨ। ਹਰੇਕ ਤਣੇ ਤੇ ਇੱਕ ਤੋ ਦੋ ਬਾਹਰ ਵਿੱਚ ਵੱਧ ਰਹੀਆਂ ਟਾਹਿਣੀਆਂ ਰੱਖ ਕੇ ਬਾਕੀ ਦੀਆਂ ਨੂੰ ਮਈ ਦੇ ਮਹੀਨੇ ਦੌਰਾਨ ਕੱਟ ਦਿਉ। ਇਸ ਤਰ੍ਹਾਂ ਹਰ ਬੂਟੇ ਤੇ 6 ਤੋ 8 ਟਾਹਿਣੀਆਂ ਰਹਿ ਜਾਣਗੀਆਂ। ਮੁੜ ਸੁਰਜੀਤ ਕੀਤੇ ਹੋਏ ਬੂਟੇ ਤੀਸਰੇ ਸਾਲ ਫ਼ਲ ਦੇਣ ਲੱਗ ਜਾਂਦੇ ਹਨ ਅਤੇ ਪੰਜ ਸਾਲ ਬਾਅਦ ਭਰਵਾਂ ਫ਼ਲ ਦੇਣ ਲੱਗ ਜਾਂਦੇ ਹਨ। ਘੱਟ ਫ਼ਲ ਦਿੰਦੇ ਸਾਲਾਂ ਦੋਰਾਨ ਜਿਮੀਂਦਾਰ ਸਾਉਣੀ ਲਈ ਅੰਤਰ ਫਸਲਾਂ ਜਿਵੇਂ ਮੂੰਗੀ, ਮਾਂਹ ਅਤੇ ਹਾੜ੍ਹੀ ਰੁੱਤ ਵਿੱਚ ਕਣਕ, ਮਟਰ ਅਤੇ ਛੋਲੇ ਉਗ੍ਹਾ ਕੇ ਮੁਨਾਫਾ ਕਮ੍ਹਾਂ ਸਕਦੇ ਹਨ।

ਸੁਧਾਈ ਅਤੇ ਕਾਂਟ-ਛਾਂਟ ਦੌਰਾਨ ਸਾਵਧਾਨੀਆਂ (Precautions during Refinement and Pruning)

• ਬੂਟਿਆਂ ਦੀ ਕਾਂਟ-ਛਾਂਟ ਹਮੇਸ਼ਾ ਸਥਿਲ ਅਵੱਸਥਾ ਦੌਰਾਨ (ਦਸੰਬਰ-ਜਨਵਰੀ) ਦੌਰਾਨ ਹੀ ਕਰਨੀ ਚਾਹੀਦੀ ਹੈ ਅਤੇ ਕਟਾਈ ਦੌਰਾਨ ਵਰਤੀਆਂ ਜਾਣ ਵਾਲੀਆਂ ਆਰੀਆਂ ਅਤੇ ਕੈਚੀਂਆਂ ਤੇਜ਼ਧਾਰ ਹੋਣੀਆਂ ਚਾਹੀਦੀਆਂ ਹਨ।

• ਬੂਟਿਆਂ ਦੇ ਵੱਡੇ ਆਕਾਰ ਦੇ ਟਾਹਿਣੇ ਕੱਟਣ ਦੋਰਾਨ ਪਹਿਲਾਂ ਕੱਟ ਤਣੇ ਦੇ ਹੇਠਲੇ ਭਾਗ ਤੇ ਲਗਾਉ ਤਾਂ ਕਿ ਤਣੇ ਦੀ ਛਿੱਲ ਨਾ ਫ਼ਟੇ।

• ਕਾਂਟ-ਛਾਂਟ ਉਪਰੰਤ ਕੱਟੇ ਹੋਏ ਭਾਗਾਂ ਤੇ ਬੋਰਡੋ ਪੇਂਟ ਲਗਾਉਣਾ ਚਾਹੀਦਾ ਹੈ।

• ਕਟਾਈ ਤੇ ਸੁਧਾਈ ਦਾ ਕੰਮ ਸਿਰਫ ਤਜਰਬੇਕਾਰ ਵਿਅਕਤੀਆਂ ਤੋਂ ਹੀ ਕਰਵਾਉਣਾ ਚਾਹੀਦਾ ਹੈ।

Summary in English: PAU shared ways to maintain fruit trees, Use these precautions during maintenance and pruning

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription