Crop Protection: ਸਰਦੀਆਂ ਦੇ ਮੌਸਮ ਦੌਰਾਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਉਂਦੀ ਹੈ, ਜਿਸ ਨਾਲ ਫ਼ਲਦਾਰ ਬੂਟੇ ਕੋਰੇ ਦੀ ਚਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੁੰਦੇ ਹਨ। ਨਾਸ਼ਪਾਤੀ, ਆੜੂ, ਅਲੂਚਾ,ਅੰਜ਼ੀਰ ਅਤੇ ਅੰਗੂਰ ਵਰਗੇ ਪਤਝੜੀ ਫ਼ਲਦਾਰ ਬੂਟੇ ਠੰਡ ਨਾਲ ਘੱਟ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਹਨਾਂ ਵਿੱਚ ਸਥਿੱਰ ਅਵੱਸਥਾ ਦੀ ਸ਼ੁਰੂਆਤ ਹੋ ਜਾਂਦੀ ਹੈ, ਜਦਕਿ ਸਦਾਬਹਾਰ ਫ਼ਲਦਾਰ ਬੂਟੇ ਜਿਵੇ ਕਿ ਅੰਬ, ਲੀਚੀ, ਪਪੀਤਾ, ਅਮਰੂਦ ਅਤੇ ਨਿੰਬੂ ਠੰਡ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਫ਼ਲਦਾਰ ਬੂਟਿਆਂ ਨੂੰ ਘੱਟ ਤਾਪਮਾਨ ਤੋਂ ਬਚਾਉਣ ਲਈ ਸਰਦੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।
ਕੋਰੇ ਜਾਂ ਜ਼ਿਆਦਾ ਠੰਡ ਤੋਂ ਬਚਾਉਣ ਦੇ ਢੰਗ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿਚ ਨਵੰਬਰ ਦੌਰਾਨ ਠੰਢ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ-ਜਨਵਰੀ ਵਿਚ ਇਹ ਪੂਰੇ ਜੋਬਨ ਤੇ ਹੁੰਦੀ ਹੈ। ਫ਼ਲਦਾਰ ਬੂਟਿਆਂ ਨੂੰ ਕੋਰਾ ਵਧੇਰੇ ਨੁਕਸਾਨ ਕਰਦਾ ਹੈ ਕਿਉਂਕਿ ਨਵੇਂ ਲਾਏ ਫ਼ਲਦਾਰ ਬੂਟਿਆਂ ਵਿੱਚ ਕੋਰਾ ਸਹਾਰਨ ਦੀ ਸਮਰੱਥਾ ਘੱਟ ਹੁੰਦੀ ਹੈ ਇਸ ਕਰਕੇ ਇਹਨਾਂ ਬਾਗਾਂ ਦੀ ਕੋਰੇ ਤੋਂ ਸਾਂਭ ਸੰਭਾਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਮੰਤਵ ਲਈ ਹੇਠ ਲਿਖੇ ਉਪਰਾਲੇ ਲਾਹੇਵੰਦ ਹੋ ਸਕਦੇ ਹਨ।
ੳ) ਸਿੰਚਾਈ:
ਫ਼ਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸਿੰਚਾਈ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ। ਠੰਡ ਵਾਲੀਆਂ ਰਾਤਾਂ ਦੌਰਾਨ ਹਲਕੀ ਅਤੇ ਲਗਾਤਾਰ ਸਿੰਚਾਈ ਬਾਗ ਦੇ ਤਾਪਮਾਨ ਨੂੰ 1-2 ਡਿਗਰੀ ਸੈਲਸੀਅਸ ਤੱਕ ਵਧਾਉਣ ਵਿੱਚ ਮਦਦ ਕਰਦੀ ਹੈ ਅਤੇ ਇਸ ਤਰ੍ਹਾਂ ਫ਼ਲਦਾਰ ਬੂਟਿਆਂ ਨੂੰ ਠੰਡ ਦੇ ਨੁਕਸਾਨ ਤੋਂ ਬਣਾਉਣ ਵਿੱਚ ਸਹਾਈ ਹੁੰਦੀ ਹੈ। ਖੇਤ ਨੂੰ ਇਕਸਾਰ ਅਤੇ ਲੋੜ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ।
ਅ) ਕੁੱਲੀਆਂ ਬੰਨ੍ਹਣੀਆਂ:
ਕੋਰੇ ਤੋਂ ਬਚਾਉ ਲਈ ਫ਼ਲਦਾਰ ਬੂਟਿਆਂ ਨੂੰ ਢੱਕ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਲਈ ਨਵੇਂ ਲਗਾਏ ਬੂਟਿਆਂ ਦੇ ਆਲੇ ਦੁਆਲੇ ਪਰਾਲੀ ਜਾਂ ਸਰਕੰਡੇ ਦੀਆਂ ਕੁਲੀਆਂ ਬੰਨ੍ਹ ਕੇ ਘੱਟ ਖਰਚ ਵਿੱਚ ਕੋਰੇ ਤੋਂ ਬਚਿਆ ਜਾ ਸਕਦਾ ਹੈ।ਧਿਆਨ ਰੱਖੋ ਕਿ ਪੂਰਬ ਵਾਲਾ ਪਾਸਾ ਕੁੱਝ ਖੁੱਲ੍ਹਾ ਹੋਵੇ ਤਾਂ ਕਿ ਬੂਟਿਆਂ ਨੂੰ ਲੋੜੀਂਦੀ ਧੁੱਪ ਮਿਲ ਸਕੇ।ਇਹ ਕੁੱਲੀਆਂ ਸਰਕੰਡੇ, ਕਮਾਦ ਦੀ ਖੋਰੀ, ਮੱਕੀ ਦੇ ਟਾਂਡਿਆਂ ਆਦਿ ਦੀਆਂ ਬਣਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਲਈ Bordeaux Mixture - ਇੱਕ ਰਾਮਬਾਣ
ੲ) ਹਵਾ ਰੋਕੂ ਵਾੜ ਲਗਾਉਣਾ:
ਗਰਮ ਅਤੇ ਠੰਡੀ ਹਵਾ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਵਾੜ ਕੀਤੀ ਜਾ ਸਕਦੀ ਹੈ। ਹਵਾ ਰੋਕੂ ਵਾੜ ਵਾਲੇ ਦਰੱਖਤ ਜਿਵੇ ਕਿ ਸ਼ੀਸ਼ਮ, ਅਰਜੁਨ, ਅੰਬ, ਸ਼ਹਿਤੂਤ ਆਦਿ ਹਵਾ ਨੂੰ ਰੋਕਣ ਲਈ ਬਾਗਾਂ ਵਿੱਚ ਫਲਦਾਰ ਬੂਟੇ ਲਗਾਉਣ ਤੋਂ 2-3 ਸਾਲ ਪਹਿਲਾਂ ਲਗਾਏ ਜਾਣੇ ਚਾਹੀਦੇ ਹਨ। ਹਵਾ ਰੋਕੂ ਵਾੜ ਨੂੰ ਉੱਤਰ-ਪੱਛਮ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ। ਇਨ੍ਹਾਂ ਵਿੱਚ ਬੋਗਨਵਿਲੀਆ ਅਤੇ ਕਰੌਂਦਾ ਵਰਗੇ ਬੂਟੇ ਨੂੰ ਵੀ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਵਿੱਚ ਖਾਦਾਂ ਦੀ ਸਚੁੱਜੀ ਵਰਤੋਂ
ਸ) ਧੂੰਏ ਦੇ ਬੱਦਲ ਬਨਾਉਣੇ:
ਇਸ ਤਰੀਕੇ ਨੂੰ ਸਮੱਜਿੰਗ ਵੀ ਆਖਦੇ ਹਨ।ਭਾਵੇਂ ਇਹ ਤਰੀਕਾ ਬਹੁਤਾ ਪ੍ਰਚਲਿਤ ਨਹੀ ਹੈ ਪਰ ਇਸਦੀ ਵਰਤੋਂ ਨਾਲ ਚੰਗੇ ਨਤੀਜੇ ਹਾਸਲ ਹੁੰਦੇ ਹਨ।ਇਸ ਤਰੀਕੇ ਵਿੱਚ ਸੁੱਕੀ ਰਹਿੰਦ-ਖੂਹਿੰਦ, ਘਾਹ, ਸੁੱਕੇ ਪੱਤਿਆਂ ਦੇ ਢੇਰ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਢੇਰਾਂ ਨੂੰ ਅੱਗ ਲਗਾ ਕੇ ਹੌਲੀ-ਹੌਲੀ ਧੂੰਆਂ ਪੈਦਾ ਕੀਤਾ ਜਾਂਦਾ ਹੈ।ਇਹਨਾਂ ਢੇਰਾਂ ਵਿੱਚ ਸਲ੍ਹਾਬ ਨਹੀਂ ਆਉਣੀ ਚਾਹੀਦੀ ਨਹੀਂ ਤਾਂ ਅੱਗ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ।ਜਦ ਕੋਰਾ ਪੈਣਾ ਸ਼ੁਰੂ ਹੁੰਦਾ ਹੈ ਤਾਂ ਇਸ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਬਾਗ ਦਾ ਤਾਪਮਾਨ ਵਧਾਇਆ ਜਾ ਸਕਦਾ ਹੈ।
ਹ) ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ
ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ ਛਾਂਟ ਕਰਕੇ ਇਹਨਾਂ ਬੂਟਿਆਂ ਦਾ ਅਗਲੇ ਸਾਲ ਮਜ਼ਬੂਤ ਸ਼ਾਖਾਵਾਂ ਦਾ ਢਾਂਚਾ ਕਾਇਮ ਕੀਤਾ ਜਾ ਸਕਦਾ ਹੈ ।ਮਜ਼ਬੂਤ ਸ਼ਾਖਾਵਾਂ ਵਾਲੇ ਰੁੱਖ ਅਗਲੇ ਸਾਲ ਕੋਰੇ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦੇ ਹਨ ।ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਫ਼ਲਦਾਰ ਬੂਟਿਆਂ ਦੀ ਛੋਟੀ ਉਮਰ ਵਿੱਚ ਹੀ ਕਾਂਟ-ਛਾਂਟ ਕੀਤੀ ਜਾਵੇ।ਅਜਿਹੇ ਢੰਗ ਨਾਲ ਇਹਨਾਂ ਨੂੰ ਸਖਤ ਜਾਨ ਬਨਾਇਆ ਜਾ ਸਕਦਾ ਹੈ ਅਤੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ।
ਅਰਵਿੰਦ ਪ੍ਰੀਤ ਕੌਰ, ਹਰਸਿਮਰਤ ਕੌਰ ਬੌਂਸ ਅਤੇ ਵਿਪਨ ਕੁਮਾਰ ਰਾਮਪਾਲ
ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਅਤੇ ਫ਼ਲ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Ways to protect fruit plants from overwintering