Potato Seed: ਸਬਜੀਆਂ ਵਿੱਚ ਆਲੂ ਇੱਕ ਮਹੱਤਵਪੂਰਨ ਫਸਲ ਹੈ। ਪੰਜਾਬ ਵਿੱਚ ਆਲੂਆਂ ਦੀ ਕਾਸ਼ਤ 110.47 ਹਜਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ ਅਤੇ ਇਸਦੀ ਪੈਦਾਵਾਰ 3050.04 ਹਜਾਰ ਟਨ ਹੈ। ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਆਲੂਆਂ ਦੀ ਉਤਪਾਦਕਤਾ ਕਾਫੀ ਜਿਆਦਾ ਹੈ ਅਤੇ ਇੱਥੇ ਪੈਦਾ ਕੀਤਾ ਗਿਆ ਬੀਜ ਆਲੂ ਵੱਖ-ਵੱਖ ਰਾਜਾਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ,ਬਿਹਾਰ, ਕਰਨਾਟਕਾ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼ ਆਦਿ।
ਪੰਜਾਬ ਦੇ ਆਲੂਆਂ ਹੇਠ ਰਕਬੇ ਦਾ 50 ਪ੍ਰਤੀਸ਼ਤ ਯੋਗਦਾਨ ਕਪੂਰਥਲਾ ਅਤੇ ਜਲੰਧਰ ਜ਼ਿਲੇ ਪਾਉਂਦੇ ਹਨ। ਕਿਸੇ ਵੀ ਫਸਲ ਤੋ ਮਿਆਰੀ ਬੀਜ ਅਤੇ ਵੱਧ ਝਾੜ ਲੈਣ ਲਈ ਬੀਜ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ, ਕਿਉਕਿ ਬੀਜ ਇੱਕ ਮਹੱਤਵਪੂਰਨ ਨਿਵੇਸ਼ ਹੈ ਜੋ ਉਤਪਾਦਨ ਦੀ ਕੁੱਲ ਲਾਗਤ ਦਾ 50% ਹਿੱਸਾ ਬਣਦਾ ਹੈ। ਬਿਨਾਂ ਬਦਲੇ ਇੱਕੋ ਬੀਜ ਦੀ ਲਗਾਤਾਰ ਵਰਤੋਂ ਨਾਲ ਬੀਜ ਦੀ ਗੁਣਵੱਤਾ ਘਟਦੀ ਹੈ। ਮੈਦਾਨੀ ਇਲਾਕਿਆਂ ਵਿੱਚ ਸੀਡ ਪਲਾਟ ਤਕਨੀਕ ਰਾਂਹੀ ਆਲੂ ਦਾ ਮਿਆਰੀ ਬੀਜ ਸਫਲਤਾਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੁੱਖ ਮੰਤਵ ਹੈ, ਪੰਜਾਬ ਵਿੱਚ ਉਸ ਸਮੇਂ ਆਲੂ ਦੀ ਨਿਰੋਗ ਫਸਲ ਲੈਣੀ ਜਦੋਂ ਤੇਲੇ ਦੀ ਗਿਣਤੀ ਘੱਟ ਤੋਂ ਘੱਟ ਹੋਵੇ ਤਾਂ ਜਾਂ ਵਿਸ਼ਾਣੂ ਰੋਗ ਨਾ ਫੈਲ ਸਕਣ।
ਸੀਡ ਪਲਾਟ ਤਕਨੀਕ ਰਾਂਹੀ ਬੀਜ ਆਲੂ ਤਿਆਰ ਕਰਨ ਦੀ ਵਿਧੀ:
• ਬੀਜ ਆਲੂ ਤਿਆਰ ਕਰਨ ਲਈ ਉਹ ਖੇਤ ਚੁਣੋ ਜਿਹੜਾ ਕਿ ਬੀਮਾਰੀ ਫੈਲਾਉਣ ਵਾਲੇ ਜੀਵਾਣੂ/ਉੱਲੀ ਆਦਿ ਜਿਵੇਂ ਕਿ ਖਰੀਂਡ ਰੋਗ ਅਤੇ ਆਲੂਆਂ ਦਾ ਕੋਹੜ ਆਦਿ ਤੋਂ ਰਹਿਤ ਹੋਵੇ।
• ਬਿਜਾਈ ਲਈ ਵਰਤਿਆ ਜਾਣ ਵਾ ਲਾ ਬੀਜ ਸਿਹਤਮੰਦ ਅਤੇ ਵਿਸ਼ਾਣੂ ਮੁਕਤ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਬੀਜ ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦੋ। ਕੋਲਡ ਸਟੋਰ ਤੋਂ ਆਏ ਹੋਏ ਆਲੂਆਂ ਨੂੰ ਛਾਂਟ ਕੇ ਬਿਮਾਰੀ ਵਾਲੇ ਅਤੇ ਗਲੇ-ਸੜੇ ਆਲੂਆਂ ਨੂੰ ਜ਼ਮੀਨ ਵਿੱਚ ਡੂੰਘਾ ਦਬਾ ਦਿਉ।
• ਕੋਲਡ ਸਟੋਰ ਤੋ ਲਿਆਂਦੇ ਗਏ ਆਲੂਆਂ ਨੂੰ ਤੁਰੰਤ ਨਾ ਬੀਜੋ। ਬੀਜਾਈ ਤੋਂ 10-15 ਦਿਨ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਬਾਹਰ ਕੱਢ ਲਓ ਅਤੇ ਬਲੋਅਰ ਆਦਿ ਜਾਂ ਛਾਂਵੇ ਰੱਖ ਕੇ ਹਵਾਦਾਰ ਥਾਂ ਤੇ ਸੁਕਾ ਲਓ।
• ਬਿਜਾਈ ਤੋ ਪਹਿਲਾਂ ਆਲੂਆਂ ਦੀ ਸੋਧ ਕਰਨੀ ਬਹੁਤ ਜਰੂਰੀ ਹੈ ਤਾਂ ਜੋ ਫਸਲ ਨੂੰ ਖਰੀਂਢ ਰੋਗ ਅਤੇ ਆਲੂਆਂ ਦੇ ਕੋਹੜ ਆਦਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਬੀਜ ਨੂੰ ਸੋਧਣ ਲਈ ਆਲੂਆਂ ਨੂੰ 10 ਮਿੰਟ ਲਈ ਸਿਸਟੀਵਾ 333 ਗ੍ਰਾਮ/ਲਿਟਰ ਜਾਂ ਇਸੀਸਟੋ ਪ੍ਰਾਈਮ ਜਾਂ 250 ਮਿ. ਲਿ. ਮੋਨਸਰਨ 250 ਐਸ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10 ਮਿੰਟ ਲਈ ਡੋਬ ਕੇ ਰੱਖੋ।
ਇਹ ਵੀ ਪੜ੍ਹੋ: ਸਤੰਬਰ ਅਤੇ ਜਨਵਰੀ ਮਹੀਨੇ 'ਚ ਕਰੋ Hybrid Cucumber ਦੀ ਕਾਸ਼ਤ, ਝਾੜ 370 ਕੁਇੰਟਲ ਪ੍ਰਤੀ ਏਕੜ
• ਸੋਧੇ ਹੋਏ ਆਲੂਆ ਨੂੰ 8-10 ਦਿਨਾਂ ਲਈ ਪਤਲੀਆਂ ਪਰਤਾਂ ਵਿੱਚ ਛਾਂਦਾਰ ਅਤੇ ਖੁਲ੍ਹੀ ਜਗ੍ਹਾ ਵਿੱਚ ਰੱਖੋ ਤਾਂ ਜੋ ਉਹ ਬੀਜਾਈ ਤੱਕ ਪੁੰਗਰ ਸਕਣ। ਪੁੰਗਰੇ ਹੋਏ ਆਲੂ ਵਰਤਣ ਨਾਲ ਫਸਲ ਦਾ ਕੰਮ ਵਧੀਆ ਅਤੇ ਇਕਸਾਰ ਹੁੰਦਾ ਹੈ, ਬੀਜ ਅਕਾਰ ਦੇ ਆਲੂ ਜਿਆਦਾ ਮਿਲਦੇ ਹਨ ਅਤੇ ਝਾੜ ਜਿਆਦਾ ਮਿਲਦਾ ਹੈ।ਫਾਉਡੇਸ਼ਨ ਬੀਜ ਤਿਆਰ ਕਰਨ ਲਈ ਘੱਟੋ-ਘੱਟ 25 ਮੀਟਰ ਜਦ ਕਿ ਪ੍ਰਮਾਣਿਤ ਬੀਜ ਲਈ 10 ਮੀਟਰ ਦੀ ਦੂਰੀ ਚਾਹੀਦੀ ਹੈ।
• ਫਸਲ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ 50X15 ਸੈਂਟੀਮੀਟਰ ਦੀ ਦੂਰੀ ਤੇ ਕਰੋ। ਮਸ਼ੀਨ ਨਾਲ ਬਿਜਾਈ ਲਈ ਇਹ ਫਾਸਲਾ 65X15 ਜਾਂ 75X15 ਸੈਂਟੀਮੀਟਰ ਰੱਖੋ। 40-50 ਗ੍ਰਾਮ ਭਾਰ ਦੇ 12-18 ਕੁਇੰਟਲ ਆਲੂ ਇਕ ਏਕੜ ਦੀ ਬਿਜਾਈ ਲਈ ਕਾਫੀ ਹਨ। ਇਕ ਏਕੜ ਦੀ ਫਸਲ ਦੇ ਬੀਜ ਤੋਂ 8-10 ਏਕੜ ਫਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।
• ਤੇਲਾ ਜੋ ਕਿ ਵਿਸ਼ਾਣੂ ਰੋਗ ਜਿਵੇਂ ਕਿ ਪੋਟੇਟੋ ਵਾਇਰਸ X, ਪੋਟੇਟੋ ਵਾਇਰਸ Y ਨੂੰ ਫੈਲਾ ਕੇ ਬੀਜ ਦੀ ਗੁਣਵੱਤਾ ਘਟਾੳਂਦਾ ਹੈ, ਇਸ ਤੋਂ ਬਚਾਅ ਲਈ ਫਸਲ ਨੂੰ 300 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਅੋਕਸੀਡੈਮੀਟੋਨ ਸੀਥਾਇਲ) ਨੂੰ 80-100 ਲਿਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਮੈਟਾਸਿਸਟਾਕਸ ਦਾ ਛਿੜਕਾਅ ਕਦੇ ਵੀ ਆਲੂ ਪੁੱਟਣ ਦੇ ਤਿੰਨ ਹਫਤੇ ਦੇ ਅੰਦਰ ਨਾ ਕਰੋ। ਨਦੀਨਾਂ ਤੋ ਬਚਾਅ ਲਈ ਸੈਨਕੋਰ 70 ਡਬਲਯੂ ਪੀ 200 ਗ੍ਰਾਮ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ।
• ਬੀਜ ਵਾਲੀ ਫਸਲ ਨੂੰ ਦੂਸਰੀ ਕਿਸਮ ਦੇ ਬੂਟੇ ਅਤੇ ਬੀਮਾਰੀ ਵਾਲੇ ਬੂਟਿਆਂ ਤੋਂ ਮੁਕਤ ਰੱਖਣ ਲਈ ਫਸਲ ਦਾ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ, ਪਹਿਲਾਂ ਨਿਰੀਖਣ ਬਿਜਾਈ ਤੋਂ 50 ਦਿਨ ਬਾਅਦ, ਦੂਸਰਾ ਨਿਰੀਖਣ 65 ਦਿਨ ਤੇ ਤੀਸਰਾ 80 ਦਿਨਾਂ ਬਾਅਦ ਕਰੋ।
ਇਹ ਵੀ ਪੜ੍ਹੋ: ਤੋਰੀਏ ਦੀਆਂ ਸਿਫ਼ਾਰਸ਼ ਕਿਸਮਾਂ ਅਤੇ Multi-Cropping System ਵਿੱਚ ਇਸਦੀ ਮਹੱਤਤਾ
• ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਅਤੇ ਹਲਕੀ ਕਰੋ। ਸਿੰਚਾਈ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਚੜੇ ਕਿਊ ਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਜੰਮ ਅਤੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ। ਹਲਕੀਆਂ ਜ਼ਮੀਨਾ ਵਿੱਚ 5-7 ਦਿਨ ਦੇ ਵਕਫੇ ਅਤੇ ਭਾਰੀਆਂ ਜ਼ਮੀਨਾਂ ਵਿੱਚ 8-10 ਦੇ ਵਕਫੇ ਤੇ ਸਿੰਚਾਈ ਕਰੋ।
• ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਕੁਝ ਹੀ ਦਿਨਾਂ ਵਿੱਚ ਬਹੁਤ ਜਿਆਦਾ ਫੈਲ ਜਾਂਦੀ ਹੈ ਅਤੇ ਫਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਨਵੰਬਰ ਦੇ ਪਹਿਲੇ ਹਫਤੇ ਫਸਲ ਤੇ ਇੰਡੋਫਿਲ ਐਮ 45/ਕਵਚ/ਐਂਟਰਾਕੋਲ 500-700 ਗ੍ਰਾਮ ਪ੍ਰਤੀ ਏਕੜ ਨੂੰ 250-350 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 7-7 ਦਿਨ ਦੇ ਵਕਫੇ ਤੇ ਇਸ ਛਿੜਕਾਅ ਨੂੰ 5 ਵਾਰ ਦੁਹਰਾਉ। ਜਿੱਥੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ, ਤੀਜਾ ਤੇ ਚੋਥਾ ਛਿੜਕਾਅ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਵਕਫੇ ਤੇ ਛਿੜਕਾਅ ਕਰੋ।
• 25 ਦਸੰਬਰ ਤੋਂ ਪਹਿਲਾਂ ਪਹਿਲਾਂ ਜਦੋ ਬੀਜ ਵਾਲੇ ਆਲੂ ਦਾ ਭਾਰ 50 ਗ੍ਰਾਮ ਤੋਂ ਘੱਟ ਹੋਵੇ ਅਤੇ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋਣ ਤਾਂ ਵੇਲਾ ਕੱਟ ਦਿੳ।
ਇਹ ਵੀ ਪੜ੍ਹੋ:Wheat ਦੀਆਂ 3 ਨਵੀਆਂ ਬਾਇਓਫੋਰਟੀਫਾਈਡ ਕਿਸਮਾਂ ਵਿਕਸਿਤ
• ਵੇਲਾ ਕੱਟਣ ਤੋਂ ਬਾਅਦ ਆਲੂਆਂ ਨੂੰ 15-20 ਦਿਨਾਂ ਲਈ ਜ਼ਮੀਨ ਵਿੱਚ ਹੀ ਰਹਿਣ ਦਿੳ ਤਾਂ ਜੋ ਆਲੂ ਦੀ ਚਮੜੀ ਸਖਤ ਹੋ ਜਾਵੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਜਾਣ। ਪੁਟਾਈ ਤੋਂ ਬਾਅਦ ਆਲੂਆਂ ਨੂੰ 15-20 ਦਿਨ ਲਈ ਛਾ ਵਾਲੀ ਥਾਂ ਤੇ ਢੇਰਾਂ ਵਿੱਚ ਰੱਖੋ।
• ਆਲੂਆਂ ਦੀ ਛਾਂਟੀ ਕਰਕੇ ਖਰਾਬ ਅਤੇ ਕੱਟ ਲੱਗੇ ਆਲੂ ਵੱਖਰੇ ਕਰ ਲੳ। ਬਾਅਦ ਵਿੱਚ ਆਲੂਆਂ ਦੀ ਦਰਜਾਬੰਦੀ ਕਰਕੇ ਉਹਨਾਂ ਨੂੰ ਕੀਟਾਣੂ–ਰਹਿਤ ਥੈਲਿਆਂ ਵਿੱਚ ਭਰ ਲਓ ਅਤੇ ਸੀਲ ਬੰਦ ਕਰ ਦਿੳ। ਇਹ ਆਲੂ ਅਗਲੇ ਸਾਲ ਵਰਤਣ ਲਈ ਸਤੰਬਰ ਤੱਕ ਕੋਲਡ ਸਟੋਰ ਵਿੱਚ ਰੱਖੋ, ਜਿੱਥੇ ਤਾਪਮਾਨ 2-4º ਸੈਂਟੀਗ੍ਰੇਡ ਹੋਵੇ ਅਤੇ ਨਮੀ ਦੀ ਮਾਤਰਾ 75-80 % ਹੋਵੇ।
• ਇਸ ਵਿਧੀ ਨਾਲ ਤਿਆਰ ਕੀਤਾ ਬੀਜ ਆਲੂ ਅਰੋਗ ਅਤੇ ਵਿਸ਼ਾਣੂ ਰੋਗਾਂ ਤੋਂ ਰਹਿਤ ਹੋਵੇਗਾ, ਜਿਸ ਤੋਂ ਵਧੇਰੇ ਝਾੜ ਦੇਣ ਵਾਲੀ ਅਤੇ ਮਿਆਰੀ ਫਸਲ ਲਈ ਜਾ ਸਕਦੀ ਹੈ।
ਅਮਨਦੀਪ ਕੋਰ, ਸੁਮਨ ਕੁਮਾਰੀ ਅਤੇ ਹਰਿੰਦਰ ਸਿੰਘ, ਕ੍ਰਿਸੀ ਵਿਗਿਆਨ ਕੇਂਦਰ, ਕਪੂਰਥਲਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Adopt seed plot technique to produce quality seed of potato