Carrot Weed: ਗਾਜਰ ਬੂਟੀ ਇੱਕ ਬਹੁਤ ਤੇਜ਼ੀ ਨਾਲ ਵਧਣ ਵਾਲਾ ਨਦੀਨ ਹੈ। ਇਸ ਨਦੀਨ ਨੂੰ ਗਾਜਰ ਘਾਹ, ਕਾਂਗਰਸ ਘਾਹ ਜਾਂ ਪਾਰਥੀਨੀਅਮ ਗ੍ਰਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਗਾਜਰ ਬੂਟੀ ਦੇ ਨੁਕਸਾਨ-ਰੋਕਥਾਮ ਲਈ ਜ਼ਰੂਰੀ ਨੁਕਤਿਆਂ ਬਾਰੇ, ਤਾਂ ਜੋ ਸਹੀ ਢੰਗ ਆਪਣਾ ਕੇ ਤੁਸੀ ਵੱਧ ਤੋਂ ਵੱਧ ਮੁਨਾਫ਼ਾ ਖੱਟ ਸਕੋ।
Right Method for Carrot Weed: ਗਾਜਰ ਬੂਟੀ ਇੱਕ ਅਜਿਹਾ ਨਦੀਨ ਹੈ ਜੋ ਫ਼ਸਲਾਂ ਦੇ ਨਾਲ-ਨਾਲ, ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ। ਇਸਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁਤ ਗਿਣਤੀ ਵਿੱਚ ਆਉਂਦੇ ਹਨ। ਇੱਕ ਬੂਟੇ ਤੋਂ ਲਗਭਗ 5000 ਤੋਂ 25000 ਤੱਕ ਬੀਜ ਪੈਦਾ ਹੋ ਸਕਦੇ ਹਨ।
ਇਹ ਨਦੀਨ ਇੱਕ ਸਾਲ ਵਿੱਚ 4-5 ਵਾਰ ਉੱਗਦਾ ਹੈ ਅਤੇ ਇਸਦੀ ਜ਼ਿਆਦਾ ਸਮੱਸਿਆ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਸਤੰਬਰ) ਵਿੱਚ ਹੁੰਦੀ ਹੈ। ਹਾਲਾਂਕਿ, ਪਾਣੀ ਦੀ ਘੱਟ ਲੋੜ ਹੋਣ ਕਰਕੇ ਇਹ ਨਦੀਨ ਬਰਾਨੀ ਹਾਲਤਾਂ ਵਿੱਚ ਵੀ ਉੱਗ ਜਾਂਦਾ ਹੈ ਅਤੇ ਬੀਜ ਬਣਾ ਲੈਂਦਾ ਹੈ। ਇਸ ਬੂਟੀ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਹਵਾ ਜਾਂ ਪਾਣੀ ਨਾਲ ਦੂਰ-ਦੂਰ ਤੱਕ ਚਲੇ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜ੍ਹੀ ਨਮੀ ਮਿਲਣ ਨਾਲ ਹੀ ਉੱਗ ਪੈਂਦੇ ਹਨ।
ਜੀਵ-ਜੰਤੂਆਂ ਦੀ ਸਿਹਤ ਤੇ ਅਸਰ
ਗਾਜਰ ਬੂਟੀ ਦੇ ਵਿੱਚ ਮੌਜੂਦ ਫੀਨੌਲਿਕ ਅਤੇ ਹੋਰ ਤੇਬਾਜ਼ੀ ਮਾਦੇ ਦੇ ਰਸਾਇਣ ਜੀਵ-ਜੰਤੂਆਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹਨ। ਗਾਜਰ ਬੂਟੀ ਦੇ ਜ਼ਿਆਦਾ ਸਮਾਂ ਸੰਪਰਕ ਵਿੱਚ ਰਹਿਣ ਤੇ ਮਨੁੱਖਾਂ ਵਿੱਚ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਦਮਾ, ਨਜ਼ਲਾ, ਜੁਕਾਮ, ਨੱਕ ’ਚੋਂ ਪਾਣੀ ਵਗਣਾ, ਚਮੜੀ ਦੇ ਰੋਗ, ਚਮੜੀ ਦੀ ਸੋਜਿਸ਼, ਖੁਜਲੀ, ਧੱਫੜ, ਜ਼ਖ਼ਮ, ਆਦਿ ਹੋ ਜਾਂਦੇ ਹਨ। ਇਸੇ ਤਰ੍ਹਾਂ ਜੇਕਰ ਦੁੱਧ ਦੇਣ ਵਾਲੇ ਪਸ਼ੂ ਇਸਨੂੰ ਖਾ ਲੈਣ ਤਾਂ ਇਸ ਵਿੱਚ ਮੌਜੂਦ ਪਾਰਥੀਨਿਨ ਨਾਮ ਦੇ ਜ਼ਹਿਰੀਲੇ ਮਾਦੇ ਕਰਕੇ ਦੁੱਧ ਦਾ ਸੁਆਦ ਬਦਲ ਜਾਂਦਾ ਹੈ। ਪਸ਼ੂਆ ਵਿੱਚ ਇਸ ਨਦੀਨ ਦੇ ਜ਼ਿਆਦਾ ਸੰਪਰਕ ਵਿੱਚ ਰਹਿਣ ਤੇ ਚਮੜੀ ਤੇ ਲਾਲ ਧਾਰੀਆਂ ਅਤੇ ਖਾਣ ਨਾਲ ਮੂੰਹ ਵਿੱਚ ਛਾਲੇ ਪੈ ਜਾਂਦੇ ਹਨ ਅਤੇ ਕਈ ਵਾਰ ਪਸ਼ੂ ਮਰ ਵੀ ਜਾਂਦਾ ਹੈ।
ਫ਼ਸਲਾਂ ਨੂੰ ਨੁਕਸਾਨ
ਗਾਜਰ ਬੂਟੀ ਅੱਜ-ਕਲ੍ਹ ਕਈ ਫ਼ਸਲਾਂ ਅਤੇ ਬਾਗਾਂ ਵਿੱਚ ਵੀ ਵੱਡੀ ਸਮੱਸਿਆ ਬਣ ਚੁੱਕਿਆ ਹੈ। ਸਿੱਧੀ ਬਿਜਾਈ ਵਾਲੇ ਝੋਨੇ, ਕਣਕ, ਆਲੂ, ਕਮਾਦ, ਬਰਸੀਮ ਦੀ ਬੀਜ ਵਾਲੀ ਫ਼ਸਲ ਅਤੇ ਕਈ ਹੋਰ ਸਬਜ਼ੀਆਂ ਵਿੱਚ ਇਹ ਨਦੀਨ ਪਾਇਆ ਜਾਂਦਾ ਹੈ। ਜਦੋਂ ਖੇਤਾਂ ਵਿੱਚ ਮੁੱਖ ਫ਼ਸਲ ਨਾ ਹੋਵੇ ਤਾਂ, ਮੀਲੀ ਬੱਗ ਜੋ ਕਿ ਇੱਕ ਬਹੁਤ ਖਤਰਨਾਕ ਰਸ ਚੂਸਣ ਵਾਲਾ ਕੀੜਾ ਹੈ ਗਾਜਰ ਬੂਟੀ ਉੱਪਰ ਪਲਦਾ ਹੈ। ਇਹ ਕੀੜਾ ਫੁੱਲਾਂ, ਫ਼ਲਾਂ, ਸਬਜ਼ੀਆਂ ਅਤੇ ਖਾਸ ਤੌਰ ਤੇ ਨਰਮੇ-ਕਪਾਹ ਦੀ ਫ਼ਸਲ ਦਾ ਨੁਕਸਾਨ ਕਰਦਾ ਹੈ।
ਗਾਜਰ ਬੂਟੀ ਦੀ ਸਰਵਪੱਖੀ ਰੋਕਥਾਮ
ਇਸ ਨਦੀਨ ਤੇ ਕਾਬੂ ਪਾਉਣੇ ਲਈ ਸਰਵਪੱਖੀ ਰੋਕਥਾਮ ਦੀ ਲੋੜ ਹੈ। ਜਿਸ ਵਿੱਚ ਹਰ ਸੰਭਵ ਤਰੀਕੇ ਦੀ ਯੋਜਨਾਬੱਧ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਫ਼ਸਲ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਵਾਤਾਵਰਣ ਵੀ ਦੂਸ਼ਿਤ ਨਾ ਹੋਵੇ। ਆਓ ਇਸਦੇ ਖਾਤਮੇ ਲਈ ਵੱਖ-ਵੱਖ ਕਾਰਗਾਰ ਤਰੀਕਿਆਂ ਨੂੰ ਜਾਣੀਏ:
ਮਕੈਨੀਕਲ ਢੰਗਾਂ ਰਾਹੀਂ ਰੋਕਥਾਮ
ਫੁੱਲ ਆਉਣ ਅਤੇ ਬੀਜ ਬਨਣ ਤੋਂ ਪਹਿਲਾਂ ਜੜ੍ਹੋਂ ਪੁੱਟਣਾ ਗਾਜਰ ਬੂਟੀ ਦੀ ਰੋਕਥਾਮ ਲਈ ਬਹੁਤ ਹੀ ਅਸਰਦਾਰ ਤਰੀਕਾ ਹੈ। ਗਾਜਰ ਬੂਟੀ ਦਾ ਨਾਸ਼ ਕਰਨ ਲਈ ਇਸ ਨੂੰ ਵਾਰ-ਵਾਰ ਕੱਟ ਕੇ ਜਾਂ ਜੜ੍ਹੋਂ ਪੁੱਟ ਕੇ ਖਤਮ ਕੀਤਾ ਜਾ ਸਕਦਾ ਹੈ। ਫੁੱਲ ਆਉਣ ਤੇ ਇਸ ਨਦੀਨ ਨੂੰ ਪੁੱਟਣ ਨਾਲ ਇਸਦੇ ਪਰਾਗਕਣ ਫੈਲ ਸਕਦੇ ਹਨ ਅਤੇ ਇਹ ਬਿਮਾਰੀਆਂ ਪੈਦਾ ਕਰ ਸਕਦੇ ਹਨ।ਗਾਜਰ ਬੂਟੀ ਨੂੰ ਬੀਜ ਬਨਣ ਤੋਂ ਬਾਅਦ ਪੁੱਟਿਆਂ ਜਾਵੇ ਤਾਂ ਇਸ ਦੇ ਬੀਜ ਹਵਾ ਨਾਲ ਦੂਰ-ਦੂਰ ਤੱਕ ਫੈਲ ਸਕਦੇ ਹਨ ਅਤੇ ਇਸ ਦੀ ਸਮੱਸਿਆ ਵੱਧ ਸਕਦੀ ਹੈ।
ਇਹ ਵੀ ਪੜ੍ਹੋ : ਪਿਆਜਾਂ ਦੀ ਸਮੁੱਚੀ ਕਾਸ਼ਤ, ਜਾਣੋ ਸਹੀ ਢੰਗ ਤੇ ਖੱਟੋ ਚੰਗਾ ਲਾਹਾ
ਗਾਜਰ ਬੂਟੀ ਨੂੰ ਲੰਬੇ ਦਸਤੇ ਵਾਲੇ ਔਜਾਰ ਜਿਵੇ ਕਿ ਕਹੀ ਜਾਂ ਕਸੌਲੇ ਨਾਲ ਜੜ੍ਹੋਂ ਪੁੱਟੋ ਕਿਉਂਕਿ ਜੇਕਰ ਇਸ ਦੇ ਬੂਟੇ ਨੂੰ ਜ਼ਮੀਨ ਦੇ ਉੱਪਰ ਤੋਂ ਕੱਟਿਆਂ ਜਾਵੇ ਤਾਂ ਇਹ ਦੁਬਾਰਾ ਚੱਲ ਪੈਂਦਾ ਹੈ। ਖਾਲੀ ਥਾਵਾਂ ਤੇ ਜਿੱਥੇ ਟਰੈਕਟਰ ਚੱਲ ਸਕਦਾ ਹੋਵੇ ਉੱਥੇ ਜ਼ਮੀਨ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ। ਖੇਡਣ ਵਾਲੇ ਮੈਦਾਨਾਂ ਵਿਚ ਜੇਕਰ ਇਹ ਨਦੀਨ ਹੋਵੇ ਤਾਂ ਲਗਾਤਾਰ ਘਾਹ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਨਾਲ ਇਸ ਨਦੀਨ ਤੇ ਕਾਬੂ ਪਾਇਆ ਜਾ ਸਕਦਾ ਹੈ। ਗਾਜਰ ਬੂਟੀ ਦੇ ਬੂਟੇ ਪੁੱਟਣ ਸਮੇਂ ਹੱਥਾਂ ਉੱਪਰ ਦਸਤਾਨੇ ਪਾਉਣੇ ਚਾਹੀਦੇ ਹਨ ਅਤੇ ਬਾਕੀ ਸਰੀਰ ਦੇ ਅੰਗ ਵੀ ਪੂਰੀ ਤਰ੍ਹਾਂ ਢਕੇ ਹੋਣੇ ਚਾਹੀਦੇ ਹਨ ਤਾਂ ਜੋ ਬੂਟਾ ਸਿੱਧਾ ਮਨੁੱਖੀ ਚਮੜੀ ਦੇ ਸੰਪਰਕ ਵਿੱਚ ਨਾ ਆਵੇ।
ਜੈਵਿਕ ਢੰਗਾਂ ਰਾਹੀਂ ਰੋਕਥਾਮ
ਇਹ ਵਿਧੀ ਸਭ ਤੋਂ ਅਸਾਨ ਅਤੇ ਨਾ ਮਾਤਰ ਖਰਚੇ ਵਾਲੀ ਹੈ। ਇਸ ਨਦੀਨ ਨੂੰ ਰੋਕਥਾਮ ਕਾਫੀ ਹੱਦ ਤੱਕ ਜਾਇਗੋਗ੍ਰਾਮਾ ਬਾਈਕਲੋਰਾਟਾ (ਮੈਕਸੀਕਨ ਬੀਟਲ) ਨਾਂ ਦੀ ਭੂੰਡੀ ਜੋ ਇਕ ਮਿੱਤਰ ਕੀੜਾ ਹੈ,ਨਾਲ ਤੱਕ ਕੀਤੀ ਜਾ ਸਕਦੀ ਹੈ। ਇਹ ਭੂੰਡੀ ਗਾਜਰ ਬੂਟੀ ਨੂੰ ਖਾਂਦੀ ਹੈ ਅਤੇ ਕਾਫੀ ਹੱਦ ਤੱਕ ਇਸਦਾ ਸਫਾਇਆ ਕਰ ਦਿੰਦੀ ਹੈ। ਇਸ ਭੂੰਡੀ ਦਾ ਰੰਗ ਚਿੱਟਾ-ਪੀਲਾ ਜਾਂ ਹਲਕਾ ਲਾਲ ਹੁੰਦਾ ਹੈ ਅਤੇ ਸਿਰ ਉੱਪਰ ਸਮਾਂਤਰ ਧੱਬੇ ਪਏ ਹੁੰਦੇ ਹਨ। ਇਸ ਕੀਤੇ ਦੇ ਅੰਡੇ ਹਲਕੇ ਪੀਲੇ ਰੰਗ ਦੇ ਅਤੇ ਪੱਤਿਆਂ ਦੇ ਹੇਠਲੇ ਪਾਸੇ ਦਿੱਤੇ ਹੁੰਦੇ ਹਨ। ਇਸ ਭੂੰਡੀ ਦੇ ਬੱਚੇ ਅਤੇ ਬਾਲਗ ਦੋਵੇਂ ਇਸ ਬੂਟੀ ਨੂੰ ਖਾਂਦੇ ਹਨ। ਇਸ ਤਰ੍ਹਾਂ ਇਹ ਹੌਲੀ ਹੌਲੀ ਇਸ ਨਦੀਨ ਨੂੰ ਖਤਮ ਕਰ ਦਿੰਦੇ ਹਨ।
ਰੋਕਥਾਮ ਲਈ ਧਿਆਨ ਰੱਖਣ ਯੋਗ ਸਾਵਧਾਨੀਆਂ
• ਗਾਜਰ ਬੂਟੀ ਨੂੰ ਪੁਟਣ ਜਾਂ ਕਟਣ ਸਮੇਂ ਹਮੇਸ਼ਾ ਸਰੀਰ ਦੇ ਅੰਗ ਪੂਰੀ ਤਰ੍ਹਾਂ ਢੱਕੇ ਹੋਣੇ ਚਾਹੀਦੇ ਤਾਂ ਜੋ ਬੂਟਾ ਸਿੱਧਾ ਮਨੁੱਖੀ ਚਮੜੀ ਦੇ ਨਾਲ ਨਾ ਲੱਗੇ।
• ਬੂਟੇ ਨੂੰ ਜੜ੍ਹਾਂ ਤੋਂ ਪੁੱਟਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਨਾ ਉੱਗੇ ਸਕੇ।
• ਜਿਹੜਾ ਵਿਅਕਤੀ ਇਸ ਬੂਟੀ ਤੋਂ ਸੰਵੇਦਨਸ਼ੀਲ ਹੋਵੇ ਉਸਨੂੰ ਇਸਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
• ਕਿਸੇ ਫ਼ਸਲ ਵਿੱਚ ਉੱਗੀ ਗਾਜਰ ਬੂਟੀ ਸ਼ੁਰੂ ਵਿੱਚ ਹੀ ਪੁੱਟ ਦਿਉ ਕਿਉਂਕਿ ਫ਼ਸਲਾਂ ਵਿੱਚ ਇਸਦੀ ਰੋਕਥਾਮ ਲਈ ਕੋਈ ਸਿਫ਼ਰਾਸ਼ ਨਹੀਂ ਹੈ।
• ਜੇ ਇਹ ਬੂਟੀ ਚਾਰੇ ਦੀ ਫ਼ਸਲ ਵਿੱਚ ਹੋਵੇ ਤਾਂ ਇਸਨੂੰ ਪਸ਼ੂਆਂ ਨੂੰ ਪਾਉਣ ਤੋਂ ਪਹਿਲਾਂ ਬਾਹਰ ਕੱਢ ਦਿਉ।
• ਉਪਰੋਕਤ ਦਿਤੀਆ ਹਦਾਇਤਾਂ ਦਾ ਪਾਲਣ ਕਰਕੇ ਕਿਸਾਨ ਵੀਰ ਇਸ ਨਦੀਨ ਨੂੰ ਖਤਮ ਕਰਨ ਤਾਂ ਜੋ ਇਸ ਬੂਟੀ ਤੋਂ ਹੋਣ ਵਾਲੇ ਮਨੁੱਖੀ ਨੁਕਸਾਨ, ਜਾਨਵਰਾਂ ਨੂੰ ਨੁਕਸਾਨ ਨੂੰ ਬਚਾ ਸਕਣ ਅਤੇ ਸਾਫ ਸੁਥਰਾ ਵਾਤਾਵਰਣ ਬਣਾ ਸਕਣ।
Summary in English: Adopt this method for carrot weed damage prevention, there will be more profit