1. Home
  2. ਖੇਤੀ ਬਾੜੀ

Moong VS Maize: ਬਹਾਰ ਰੁੱਤੀ ਮੱਕੀ ਨਾਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਫਾਇਦੇ

ਸਮੇਂ ਦੀ ਲੋੜ ਮੁਤਾਬਿਕ ਗਰਮ ਰੁੱਤ ਦੀ ਮੂੰਗੀ ਵਰਗੀਆਂ ਥੋੜ੍ਹੇ ਸਮੇਂ ਦੀਆਂ ਫਸਲਾਂ ਉਗਾ ਕੇ ਪੰਜਾਬ ਦੇ ਕਿਸਾਨ ਪਾਣੀ ਦੀ ਸਹੀ ਵਰਤੋਂ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ

ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ

Water Level in Punjab: ਪੰਜਾਬ ਵਿੱਚ ਝੋਨੇ-ਕਣਕ ਨੂੰ ਪੈਦਾ ਕਰਨ ਲਈ ਪਾਣੀ ਅਤੇ ਭੂਮੀ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਵੱਡੇ ਪੱਧਰ ਤੇ ਹੋ ਰਹੀ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਨੀਵਾਂ ਹੋਣਾ ਇੱਕ ਚਿੰਤਾਜਨਕ ਵਿਸ਼ਾ ਹੈ। ਇਸ ਸਮੇਂ ਸੂਬੇ ਦੇ ਲੱਗਭੱਗ 80 ਪ੍ਰਤੀਸ਼ਤ ਬਲਾਕ ਧਰਤੀ ਹੇਠਲੇ ਪਾਣੀ ਦੀ ਲੋੜੋਂ ਵੱਧ ਵਰਤੋਂ ਹੋਣ ਕਰਕੇ ਗੰਭੀਰ ਸਥਿਤੀ ਵਿੱਚ ਆ ਚੁੱਕੇ ਹਨ। ਅਜਿਹੇ 'ਚ ਅੱਜ ਅਸੀਂ ਬਹਾਰ ਰੁੱਤੀ ਮੱਕੀ ਨਾਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਫਾਇਦੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ।

Moong Cultivation: ਇਹੋ ਜਿਹੀ ਅਜੀਬ ਸਥਿਤੀ ਦੇ ਬਾਵਜੂਦ ਕਈ ਕਿਸਾਨ, ਸੂਬੇ ਦੇ ਮਹੱਤਵਪੂਰਨ ਕੁਦਰਤੀ ਸੋਮੇ ਧਰਤੀ ਹੇਠਲੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਹਰ ਸਾਲ ਫਰਵਰੀ ਤੋਂ ਜੂਨ ਮਹੀਨਿਆਂ ਦਰਮਿਆਨ ਆਲੂ ਅਤੇ ਮਟਰ ਦੀ ਫਸਲ ਤੋਂ ਬਾਅਦ ਬਹਾਰ ਰੁੱਤੀ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਇਲਾਵਾ, ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਦੌਰਾਨ ਵਾਯੂਮੰਡਲ ਵਿੱਚ ਬਹੁਤ ਜਿਆਦਾ ਵਾਸ਼ਪੀਕਰਨ ਹੋਣ ਕਾਰਨ ਇਸ ਫ਼ਸਲ ਲਈ ਪਾਣੀ ਦੀ ਜਰੂਰਤ ਬਹੁਤ ਜਿਆਦਾ ਹੋ ਜਾਂਦੀ ਹੈ।

ਖੇਤੀ ਸੈਕਟਰ ਨੂੰ ਮੁਫਤ ਬਿਜਲੀ ਹੋਣ ਕਾਰਨ ਬਹਾਰ ਰੁੱਤ ਦੀ ਮੱਕੀ ਨੂੰ ਪਾਲਣ ਲਈ ਸਿੰਚਾਈ ਵਾਲੇ ਪਾਣੀ ਦੀ ਲਾਗਤ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਇਸ ਲਈ ਕਿਸਾਨਾਂ ਨੂੰ ਇਸ ਮੌਸਮ ਵਿੱਚ ਫਸਲਾਂ ਦੀ ਚੋਣ ਕਰਨ ਲਈ ਸੂਝਵਾਨ ਹੋਣਾ ਚਾਹੀਦਾ ਹੈ ਕਿਉਂਕਿ ਰਾਜ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਜਾ ਰਿਹਾ ਹੈ। ਨਤੀਜੇ ਵਜੋਂ, ਕਿਸਾਨਾਂ ਨੂੰ ਆਪਣੇ ਟਿਊਬਵੈੱਲ ਹੋਰ ਡੂੰਘੇ ਕਰਨ ਲਈ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ : ਮੂੰਗੀ ਦੀ ਖੇਤੀ ਲਈ ਜਾਣੋ ਸਹੀ ਸਮਾਂ ਅਤੇ ਦੁਕਵਾਂ ਤਰੀਕਾ ! ਪੜ੍ਹੋ ਪੂਰੀ ਖ਼ਬਰ

ਇਸ ਲਈ ਸਮੇਂ ਦੀ ਲੋੜ ਮੁਤਾਬਿਕ ਗਰਮ ਰੁੱਤ ਦੀ ਮੂੰਗੀ ਵਰਗੀਆਂ ਥੋੜ੍ਹੇ ਸਮੇਂ ਦੀਆਂ ਫਸਲਾਂ ਉਗਾ ਕੇ ਪਾਣੀ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀ ਮੂੰਗੀ ਇਕ ਦਾਲ ਵਾਲੀ ਫ਼ਸਲ ਹੋਣ ਕਾਰਨ ਕੁਦਰਤੀ ਤੌਰ ਤੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਮਿੱਟੀ ਵਿਚ ਜ਼ਜਬ ਕਰਨ ਵਿੱਚ ਇਕ ਵਿਲੱਖਣ ਭੂਮਿਕਾ ਨਿਭਾਉਂਦੀ ਹੈ। ਇਹ ਜ਼ਜਬ ਕੀਤੀ ਨਾਈਟ੍ਰੋਜਨ ਨਾਲ ਨਾ ਸਿਰਫ ਇਸਦੀ ਆਪਣੀ ਖੁਦ ਦੀ ਜਰੂਰਤ ਪੂਰੀ ਹੋ ਜਾਂਦੀ ਹੈ ਬਲਕਿ ਅਗਲੀ ਫ਼ਸਲ ਲਈ ਵੀ ਨਾਈਟ੍ਰੋਜਨ ਉਪਲੱਬਧ ਰਹਿੰਦੀ ਹੈ।

ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ

ਪੰਜਾਬ ਵਿੱਚ ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਵੇਖਿਆ ਗਿਆ ਕਿ ਬਹਾਰ ਰੁੱਤੀ ਮੱਕੀ ਦੀ ਕਾਸ਼ਤ ਉੱਪਰ 17888 ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ ਜਦਕਿ ਮੂੰਗੀ ਦੀ ਕਾਸ਼ਤ ਲਈ ਇਹ ਖਰਚ ਸਿਰਫ 10393 ਰੁਪਏ ਪ੍ਰਤੀ ਏਕੜ ਹੈ। ਸਰਵੇਖਣ ਦੌਰਾਨ ਇਹ ਦੇਖਿਆ ਗਿਆ ਕਿ ਬਹਾਰ ਰੁੱਤੀ ਮੱਕੀ ਨੂੰ 18 (4320 ਘਣ ਮੀ.) ਤੋਂ ਵੀ ਵੱਧ ਪਾਣੀ ਲੱਗ ਜਾਂਦੇ ਹਨ।

ਦੂਜੇ ਪਾਸੇ ਗਰਮ ਰੁੱਤ ਦੀ ਮੂੰਗੀ ਲਈ ਸਿਰਫ 3-4 (1200 ਘਣ ਮੀ.) ਸਿੰਚਾਈਆਂ ਦੀ ਹੀ ਲੋੜ ਪੈਂਦੀ ਹੈ। ਇਸ ਲਈ ਬਹਾਰ ਰੁੱਤੀ ਮੱਕੀ ਦੀ ਕਾਸ਼ਤ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਨਾਲ ਰਾਜ ਦੇ ਬਹੁਮੁੱਲੇ ਸੋਮੇ ਪਾਣੀ ਅਤੇ ਊਰਜਾ ਦੀ ਬੱਚਤ ਹੋ ਸਕਦੀ ਹੈ। ਗਰਮ ਰੁੱਤ ਦੀ ਮੂੰਗੀ 60-65 ਦਿਨਾਂ ਦੀ ਘੱਟ ਸਮਾਂ ਲੈਣ ਵਾਲੀ ਫਸਲ ਹੈ ਜਦੋਂਕਿ ਬਹਾਰ ਰੁੱਤ ਦੀ ਮੱਕੀ ਲੱਗਭੱਗ 115-120 ਦਿਨਾਂ ਵਿੱਚ ਪੱਕਦੀ ਹੈ ਜਿਸ ਕਰਕੇ ਬਹਾਰ ਰੁੱਤ ਦੀ ਮੱਕੀ ਨੂੰ ਗਰਮ ਰੁੱਤ ਦੀ ਮੂੰਗੀ ਨਾਲੋਂ ਸਾਢੇ ਤਿੰਨ ਗੁਣਾ ਤੋਂ ਵੀ ਜਿਆਦਾ ਪਾਣੀ ਲਾਉਣ ਦੀ ਲੋੜ ਪੈਂਦੀ ਹੈ। ਹਾਲਾਂਕਿ ਬਹਾਰ ਰੁੱਤ ਦੀ ਮੱਕੀ ਤੋਂ ਕੁੱਲ ਬੱਚਤ ਗਰਮ ਰੁੱਤ ਦੀ ਮੂੰਗੀ ਨਾਲੋਂ ਵਧੇਰੇ ਹੈ ਪਰ ਜਦੋਂ ਅਸੀਂ ਪਾਣੀ ਦੀ ਉਤਪਾਦਕਤਾ ਤੇ ਗੌਰ ਕਰਦੇ ਹਾਂ ਤਾਂ ਪਲੜਾ ਗਰਮ ਰੁੱਤ ਦੀ ਮੂੰਗੀ ਦਾ ਭਾਰੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ : Moong Cultivation: ਮੂੰਗ ਦੀ ਖੇਤੀ ਨਾਲ ਕਿਸਾਨਾਂ ਨੂੰ ਹੋਵੇਗਾ ਵੱਧ ਮੁਨਾਫ਼ਾ ! ਜਾਣੋ ਬਜ਼ਾਰੀ ਕੀਮਤ

ਦੋਵਾਂ ਫਸਲਾਂ ਦੀ ਪਾਣੀ ਦੀ ਜਰੂਰਤ ਵਿੱਚ ਭਾਰੀ ਅੰਤਰ ਹੋਣ ਕਾਰਨ ਪ੍ਰਤੀ ਘਣ ਮੀਟਰ ਪਾਣੀ ਦੀ ਵਰਤੋਂ ਪਿੱਛੇ ਗਰਮ ਰੁੱਤ ਦੀ ਮੂੰਗੀ ਤੋਂ 21.23 ਰੁਪਏ ਅਤੇ ਬਹਾਰ ਰੁੱਤ ਦੀ ਮੱਕੀ ਤੋਂ 8.41 ਰੁਪਏ ਦੀ ਵਸੂਲੀ ਹੁਦੀ ਹੈ। ਸੌਖੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਤਾਂ ਬਹਾਰ ਰੁੱਤ ਦੀ ਮੱਕੀ ਤੋਂ 1000 ਰੁਪਏ ਕਮਾਉਣ ਲਈ 118.9 ਘਣ ਮੀਟਰ ਤੱਕ ਪਾਣੀ ਚਾਹੀਦਾ ਹੈ ਜਦ ਕਿ ਗਰਮ ਰੁੱਤ ਦੀ ਮੂੰਗੀ ਵਿੱਚ ਇਹ ਖੱਪਤ ਸਿਰਫ਼ 47.1 ਘਣ ਮੀਟਰ ਤੱਕ ਸੀਮਿਤ ਹੈ।

ਇਸ ਤਰ੍ਹਾਂ ਬਹਾਰ ਰੁੱਤ ਦੀ ਮੱਕੀ ਦੀ ਜਗ੍ਹਾ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਰਾਜ ਦੇ ਬਹੁਮੁੱਲੇ ਸਰੋਤਾਂ (ਪਾਣੀ ਅਤੇ ਬਿਜਲੀ) ਦੀ ਸੰਭਾਲ ਵਿੱਚ ਸਹਾਇਤਾ ਕਰ ਸਕਦੀ ਹੈ। ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਮੂੰਗੀ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਮਿਲਾਉਣ ਤੋਂ ਬਾਅਦ ਬੀਜੀ ਗਈ ਅਗਲੀ ਝੋਨੇ ਦੀ ਫਸਲ ਵਿੱਚ 35 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ (ਤਕਰੀਬਨ 207 ਰੁਪਏ) ਦੀ ਬੱਚਤ ਵੀ ਹੁੰਦੀ ਹੈ।

ਨਿਚੋੜ

ਗਰਮ ਰੁੱਤ ਦੀ ਮੂੰਗੀ ਇੱਕ ਦਾਲ ਵਾਲੀ ਫ਼ਸਲ ਹੋਣ ਕਾਰਨ ਧਰਤੀ ਵਿੱਚ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਜਬ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੀ ਹੈ। ਦੂਜੇ ਪਾਸੇ ਬਹਾਰ ਰੁੱਤ ਦੀ ਮੱਕੀ ਦੀ ਨਿਰੰਤਰ ਕਾਸ਼ਤ ਧਰਤੀ ਹੇਠਲੇ ਪਾਣੀ ਦੇ ਨਿਘਾਰ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਖੇਤੀ ਲਈ ਬਿਜਲੀ ਮੁਫਤ ਹੋਣ ਕਰਕੇ ਇਹ ਰਾਜ ਸਰਕਾਰ 'ਤੇ ਵੀ ਵਿੱਤੀ ਬੋਝ ਪਾਉਂਦੀ ਹੈ। ਇਸ ਕਰਕੇ ਕਿਸਾਨਾਂ ਨੂੰ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰਨ ਤੋਂ ਪਹਿਲਾਂ ਇੱਕ ਵਾਰ ਵਿਚਾਰ ਲੈਣਾ ਚਾਹੀਦਾ ਹੈ।

ਸਿੱਟੇ ਵਜੋਂ, ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ, ਖ਼ਾਸ ਕਰਕੇ ਕੇਂਦਰੀ ਮੈਦਾਨੀ ਇਲਾਕਿਆਂ ਵਿੱਚ, ਝੋਨੇ-ਆਲੂ-ਬਹਾਰ ਰੁੱਤ ਦੀ ਮੱਕੀ ਦੇ ਮੌਜੂਦਾ ਫਸਲੀ ਚੱਕਰ ਨੂੰ ਝੋਨਾ-ਆਲੂ-ਗਰਮ ਰੁੱਤ ਦੀ ਮੂੰਗੀ ਨਾਲ ਤਬਦੀਲ ਕਰਨ ਦੀ ਲੋੜ ਹੈ ਤਾਂ ਜੋ ਕਿ ਭਵਿੱਖ ਲਈ ਪਾਣੀ ਅਤੇ ਊਰਜਾ ਵਰਗੇ ਸਰੋਤਾਂ ਦੀ ਸੰਭਾਲ ਕੀਤੀ ਜਾ ਸਕੇ।

ਨੋਟ: ਗਰਮ ਰੁੱਤ ਦੀ ਮੂੰਗੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਨਾਲ ਅਗਲੀ ਬੀਜੀ ਜਾਣ ਵਾਲ਼ੀ ਝੋਨੇ ਦੀ ਫਸਲ ਵਿੱਚ 35 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਦੀ ਬੱਚਤ ਨਾਲ ਹੋਰ ਲਾਭ ਹੁੰਦਾ ਹੈ।

Summary in English: Advantages of growing mungbeans in warm weather over spring maize

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News