1. Home
  2. ਖੇਤੀ ਬਾੜੀ

ਕਿਸਾਨਾਂ ਨੂੰ ਸਲਾਹ, ਹਾੜ੍ਹੀ ਸੀਜ਼ਨ ਦੌਰਾਨ ਫ਼ਸਲਾਂ 'ਤੇ ਕੀੜਿਆਂ ਦੇ ਵਿਆਪਕ ਨਿਯੰਤਰਣ ਲਈ ਉਪਾਅ

ਅੱਜ ਅੱਸੀ ਕਿਸਾਨ ਭਰਾਵਾਂ ਨੂੰ ਹਾੜੀ ਸੀਜ਼ਨ ਦੌਰਾਨ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਵਪੱਖੀ ਰੋਕਥਾਮ ਬਾਰੇ ਦੱਸਣ ਜਾ ਰਹੇ ਹਾਂ...

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਸਲਾਹ

ਕਿਸਾਨਾਂ ਨੂੰ ਸਲਾਹ

Advice to Farmers: ਹਾੜੀ ਦੀਆਂ ਫਸਲਾਂ ਦੀ ਬਿਜਾਈ ਉੱਤਰੀ ਭਾਰਤ ਵਿੱਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ, ਜੋ ਹੁਣੇ ਸ਼ੁਰੂ ਹੋਣ ਵਾਲੀ ਹੈ। ਦੱਸ ਦੇਈਏ ਕਿ ਸਾਉਣੀ ਦੇ ਖੇਤ ਖਾਲੀ ਹੋ ਗਏ ਹਨ ਤੇ ਹੁਣ ਕਿਸਾਨ ਹਾੜੀ ਦੀ ਬਿਜਾਈ ਦੀ ਤਿਆਰੀ ਲਈ ਖੇਤ ਤਿਆਰ ਕਰ ਰਹੇ ਹਨ। ਇਸਦੇ ਚਲਦਿਆਂ ਅੱਜ ਅੱਸੀ ਕਿਸਾਨ ਭਰਾਵਾਂ ਨੂੰ ਹਾੜੀ ਸੀਜ਼ਨ ਦੌਰਾਨ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਵਪੱਖੀ ਰੋਕਥਾਮ ਬਾਰੇ ਦੱਸਣ ਜਾ ਰਹੇ ਹਾਂ...

Rabi Season: ਫਸਲਾਂ ਦੇ ਪੋਸ਼ਣ ਤੋਂ ਬਾਅਦ ਕੀਟ ਪ੍ਰਬੰਧਨ ਜੈਵਿਕ ਖੇਤੀ ਦੀ ਸਫਲਤਾ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਜੈਵਿਕ ਫਸਲਾਂ 'ਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਪਲਾਈ ਕਰਨ ਲਈ ਸਿਰਫ ਫਸਲੀ ਚੱਕਰ, ਫਸਲਾਂ ਦੀ ਰਹਿੰਦ-ਖੂੰਹਦ, ਜੈਵਿਕ ਖਾਦ, ਕੰਪੋਸਟ, ਫਲ਼ੀਦਾਰ ਫ਼ਸਲਾਂ ਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕੀਟ ਪ੍ਰਬੰਧਨ ਲਈ ਸਿਰਫ਼ ਜੈਵਿਕ ਢੰਗਾਂ, ਕੁਦਰਤੀ ਰਸਾਇਣਾਂ ਦਾ ਛਿੜਕਾਅ ਜਾਂ ਘਰੇਲੂ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਕਿਸਮ ਦੇ ਗੈਰ-ਕੁਦਰਤੀ ਰਸਾਇਣਾਂ ਦੀ ਵਰਤੋਂ ਦੀ ਮਨਾਹੀ ਹੈ। ਅੱਜ ਅੱਸੀ ਕਿਸਾਨ ਭਰਾਵਾਂ ਨੂੰ ਹਾੜੀ ਸੀਜ਼ਨ ਦੌਰਾਨ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਵਪੱਖੀ ਰੋਕਥਾਮ ਬਾਰੇ ਦੱਸਣ ਜਾ ਰਹੇ ਹਾਂ...

ਫ਼ਸਲਾਂ 'ਤੇ ਕੀੜਿਆਂ ਦੇ ਵਿਆਪਕ ਨਿਯੰਤਰਣ ਲਈ ਉਪਾਅ

● ਕਣਕ ਤੇ ਚੇਪੇ ਦਾ ਹਮਲਾ:
ਇਹ ਕੀੜਾ ਕਣਕ ਦੇ ਪੱਤਿਆਂ ਅਤੇ ਸਿੱਟੇ ‘ਚ ਬਣ ਰਹੇ ਦਾਣਿਆਂ ਦਾ ਰਸ ਚੂਸ ਕੇ ਫ਼ਸਲ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਦੇ ਪ੍ਰਭਾਵ ਹੇਠ ਆਈ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤਿਆਂ ਉੱਪਰ ਕਾਲੇ ਰੰਗ ਦੀ ਉੱਲੀ ਲੱਗ ਜਾਂਦੀ ਹੈ। ਦਾਣਿਆਂ ਦਾ ਰਸ ਚੂਸੇ ਜਾਣ ਕਰਕੇ ਉਹ ਬਰੀਕ ਪੈ ਜਾਂਦੇ ਹਨ। ਇਹ ਹਲਕੇ ਦਾਣੇ ਕਣਕ ਕੱਢਣ ਵੇਲੇ ਥਰੈਸ਼ਰ ਰਾਹੀਂ ਤੂੜੀ ਵਿੱਚ ਚਲੇ ਜਾਂਦੇ ਹਨ ਅਤੇ ਫ਼ਸਲ ਦਾ ਝਾੜ ਘੱਟ ਨਿਕਲਦਾ ਹੈ। ਕਣਕ ਵਿੱਚ ਤੇਲੇ ਦੇ ਹਮਲੇ ਦੀ ਸ਼ੁਰੂਆਤ ਪਹਿਲਾਂ ਬੰਨਿਆਂ ਤੋਂ ਹੁੰਦੀ ਹੈ ਖਾਸ ਕਰਕੇ ਜਿੱਧਰ ਦਰੱਖਤ ਲਗਾਏ ਗਏ ਹੋਣ। ਇਹ ਕੀੜਾ ਪਹਿਲਾਂ ਪੱਤਿਆਂ ਤੇ ਹਮਲਾ ਕਰਦਾ ਹੈ ਅਤੇ ਬਾਅਦ ਵਿੱਚ ਫ਼ਸਲ ਨਿਸਰਨ ਤੇ ਸਿੱਟਿਆਂ ਤੇ ਚਲਾ ਜਾਂਦਾ ਹੈ।

ਸਲਾਹ: ਬਹੁਤੇ ਕਿਸਾਨ ਵੀਰ ਪੱਤਿਆਂ ਉੱਪਰ ਆਏ ਤੇਲੇ ਨੂੰ ਮਾਰਨ ਲਈ ਛਿੜਕਾਅ ਕਰਦੇ ਦੇਖੇ ਗਏ ਹਨ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪੱਤਿਆਂ ਉੱਪਰ ਆਇਆ ਤੇਲਾ ਫ਼ਸਲ ਨੂੰ ਆਰਥਿਕ ਤੌਰ ਤੇ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਸਿੱਟਿਆਂ ਉੱਪਰ ਜਾਣ ਕਾਰਣ ਪੈਦਾਵਾਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਚੇਪੇ ਦੀ ਰੋਕਥਾਮ ਸਿੱਟੇ ਪੈਣ ਵੇਲੇ ਕਰੋ ਅਤੇ ਉਹ ਵੀ ਉੱਦੋਂ ਜਦੋਂ 5 ਚੇਪੇ ਪ੍ਰਤੀ ਸਿੱਟਾ ਹੋਣ (ਇੱਕ ਏਕੜ ਖੇਤ ਦੇ ਹਰੇਕ ਚਾਰ ਹਿੱਸਿਆਂ ਵਿੱਚੋਂ ਚੁਣੇ 10-10 ਸਿੱਟਿਆਂ ਦੇ ਆਧਾਰ ਤੇ)। ਕਣਕ ਤੇ ਚੇਪੇ ਦੀ ਰੋਕਥਾਮ ਲਈ 2 ਲਿਟਰ ਪੀ.ਏ. ਯੂ. ਦੁਆਰਾ ਸਿਫ਼ਾਰਿਸ਼ ਘਰ ਦਾ ਬਣਾਇਆ ਨਿੰਮ ਦੇ ਘੋਲ ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾਅ ਕਰੋ । ਮੋਟਰ ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲਿਟਰ ਤੱਕ ਘਟਾਈ ਜਾ ਸਕਦੀ ਹੈ।

● ਛੋਲਿਆਂ ਦੀ ਫ਼ਲੀ ਛੇਦਕ ਸੁੰਡ:
ਇਹ ਕੀੜਾ ਛੋੋਲਿਆਂ ਤੋਂ ਇਲਾਵਾ ਨਰਮਾ/ਕਪਾਹ, ਟਮਾਟਰ, ਮਟਰ, ਬਰਸੀਮ, ਪਛੇਤੀ ਕਣਕ, ਸੱਠੀ ਮੂੰਗੀ, ਮਸਰ, ਸੱਠੇ ਮਾਂਹ ਅਤੇ ਸੂਰਜਮੁਖੀ ਆਦਿ ਕਈ ਫ਼ਸਲਾਂ ਤੇ ਪਾਇਆ ਜਾਂਦਾ ਹੈ। ਇਸ ਕਰਕੇ ਇਹ ਸੁੰਡੀ ਵੱਖੋ-ਵੱਖਰੇ ਰੰਗਾਂ ਵਿੱਚ ਮਿਲਦੀ ਹੈ। ਇਸ ਦੇ ਸਰੀਰ ਉੱਪਰ ਇੱਕ ਸਿੱਧੀ ਅਤੇ ਦੋ ਅਸਿਧੀਆਂ ਧਾਰੀਆਂ ਅਤੇ ਵਿਰਲੇ-ਵਿਰਲੇ ਵਾਲ ਹੁੰਦੇ ਹਨ। ਇਹ ਕੀੜਾ ਫ਼ਸਲ ਦਾ ਭਾਰੀ ਨੁਕਸਾਨ੍ਹ ਕਰਦਾ ਹੈ। ਇਸ ਦੀ ਮਾਦਾ ਪਤੰਗਾ ਨਰਮ ਪੱਤਿਆਂ, ਟਾਹਣੀਆਂ ਅਤੇ ਫ਼ੁੱਲਆਂ ਵਿੱਚ ਅੰਡੇ ਦਿੰਦੀ ਹੈ। ਇਹ ਫ਼ਸਲ ਦੀਆਂ ਨਰਮ ਕਰੂੰਬਲਾਂ, ਫ਼ੁੱਲ, ਫ਼ਲੀਆਂ ਅਤੇ ਫ਼ਲੀ ਅੰਦਰ ਬਣ ਰਹੇ ਬੀਜ ਆਦਿ ਨੂੰ ਖਾ ਕੇ ਛੋਲਿਆਂ ਦਾ ਭਾਰੀ ਨੁਕਸਾਨ੍ਹ ਕਰਦੀ ਹੈ। ਇਹ ਬਣ ਰਹੇ ਦਾਣੇ ਖਾ ਜਾਂਦੀ ਹੈ ਜਿਸ ਨਾਲ ਫ਼ਸਲ ਦਾ ਝਾੜ ਘਟ ਜਾਂਦਾ ਹੈ।

ਸਲਾਹ: ਇਸ ਕੀੜੇ ਦੀ ਰੋਕਥਾਮ ਹਿੱਤਫ਼ਸਲ ਨੂੰ ਟਮਾਟਰ, ਬਰਸੀਮ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ। ਹਮਲਾ ਹੋਣ ਦੀ ਸੂਰਤ ਵਿੱਚ 800 ਗ੍ਰਾਮ ਬੀ.ਟੀ. 0.5 ਡਬਲਜ਼ੂ.ਪੀ. ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।

● ਸਰੋਂ ਤੇ ਚੇਪੇ ਦਾ ਹਮਲਾ:
ਚੇਪੇ ਦਾ ਹਮਲਾ ਆਮ ਕਰਕੇ ਫ਼ਸਲ ਉੱਪਰ ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਖੀਰ ਮਾਰਚ ਤਕ ਰਹਿੰਦਾ ਹੈ। ਚੇਪੇ ਦੇ ਜੀਅ ਬਹੁਤ ਜ਼ਿਆਦਾ ਗਿਣਤੀ ਵਿੱਚ ਇਕੱਠੇ ਹੋ ਕੇ ਫੁੱਲਾਂ ਅਤੇ ਫ਼ਲੀਆਂ ਨੂੰ ਢੱਕ ਲੈਂਦੇ ਹਨ। ਦੋਵੇਂ ਬੱਚੇ ਅਤੇ ਜਵਾਨ ਪੱਤਿਆਂ, ਟਾਹਣੀਆਂ, ਫ਼ੁੱਲਾਂ ਅਤੇ ਫ਼ਲੀਆਂ ਤੋਂ ਰਸ ਚੂਸਦੇ ਹਨ। ਬੂਟੇ ਦਾ ਰਸ ਚੂਸਣ ਕਰਕੇ ਪੱਤੇ ਮੁੜਨ ਲਗਦੇ ਅਤੇ ਅੱਗੇ ਚੱਲ ਕੇ ਹਮਲਾਗ੍ਰਸਤ ਬੂਟੇ ਸੁੱਕ ਕੇ ਮਰ ਜਾਂਦੇ ਹਨ। ਹਮਲਾਗ੍ਰਸਤ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਫ਼ਲੀਆਂ ਸੁੱਕੜ ਜਾਂਦੀਆਂ ਹਨ ਜਿੰਨ੍ਹਾਂ ਅੰਦਰ ਬੀਜ ਵੀ ਨਹੀਂ ਬਣਦੇ। ਬੂਟੇ ਦਾਤਰੀ ਦੀ ਤਰ੍ਹਾਂ ਅਤੇ ਝੁਲਸੇ ਹੋਏ ਨਜ਼ਰ ਆਉਂਦੇ ਹਨ।

ਚੇਪੇ ਦੇ ਜੀਅ ਕਾਫ਼ੀ ਮਾਤਰਾ ਵਿੱਚ ਸ਼ਹਿਦ ਵਰਗਾ ਪਦਾਰਥ ਛਡਦੇ ਹਨ ਜਿਸ ਕਰਕੇ ਪੱਤਿਆਂ ਉੱਪਰ ਕਾਲੀ ਉੱਲੀ ਦੀ ਤਹਿ ਬੱਝ ਜਾਂਦੀ ਹੈ ਜੋ ਬੂਟੇ ਦੀ ਸੂਰਜ਼ ਦੀ ਰੌਸ਼ਨੀ ਵਿੱਚ ਭੋਜਨ ਬਨਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ। ਚੇਪੇ ਦੇ ਵਾਧੇ ਲਈ 8-24º ਸੈਂਟੀਗਰੇਟਡ ਤਾਪਮਾਨ ਬੜਾ ਉਚਿੱਤ ਮੰਨਿਆ ਗਿਆ ਹੈ । ਬਾਰਿਸ਼ ਅਤੇ ਨਮੀਂ ਵਾਲਾ ਮੌਸਮ ਵੀ ਇਸ ਕੀੜੇ ਦੇ ਵਾਧੇ ਲਈ ਸਹਾਈ ਹੁੰਦਾ ਹੈ।

ਸਲਾਹ: ਕੀੜੇ ਦੀ ਸੁਚੱਜੀ ਰੋਕਥਾਮ ਹਿੱਤ ਫ਼ਸਲ ਦੀ ਬਿਜਾਈ ਸਿਫ਼ਾਰਸ਼ ਕੀਤੇ ਸਮੇਂ ਤੇ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ । ਕੀੜੇ ਦੀ ਜੰਨ-ਸੰਖਿਆ ਦਾ ਜ਼ਾਇਜਾ ਲੈਣ ਲਈ ਪੀਲੇ ਚਿਪਕਣ ਵਾਲੇ ਟਰੈਪਾਂ ਦੀ ਵਰਤੋਂ ਕਰੋ ।ਹੋ ਸਕੇ ਤਾਂ ਫ਼ਸਲ ਤੇ ਲਡੀ ਬਰਡ ਬੀਟਲ ਜਾਂ ਹੋਰ ਮਿੱਤਰ ਕੀੜਿਆਂ ਦੇ ਬਚਾਅ ਦੇ ਯਤਨ ਕਰਨੇ ਚਾਹੀਦੇ ਹਨ।ਅਫਰੀਕਨ ਸਰੋਂ ਦੀ ਪੀ ਸੀ ੬ ਕਿਸਮ ਨੂੰ ਚੇਪੇ ਦਾ ਹਮਲਾ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ: ਇਨ੍ਹਾਂ ਤਰੀਕਿਆਂ ਨਾਲ ਆਪਣੇ ਟਮਾਟਰ ਦੇ ਪੌਦਿਆਂ ਦੀ ਦੇਖਭਾਲ ਕਰੋ ਤੇ ਵੱਧ ਝਾੜ ਪਾਓ

● ਸਰੋਂ ਤੇ ਭੱਬੂ-ਕੁੱਤੇ ਦਾ ਹਮਲਾ:
ਭੱਬੂ-ਕੁੱਤੇ ਦੀ ਮਾਦਾ ਦੇ ਅੰਡਿਆਂ ਚੋਂ ਨਿਕਲੀਆ ਸੁੰਡੀਆਂ ਦਾ ਬੱਚ ਪੱਤਿਆਂ ਦਾ ਹਰਾ ਮਾਦਾ ਉਤਾਰ ਕੇ ਜਾਂ ਪੱਤਿਆਂ ਦੀ ਹੇਠਲੀ ਸਤਹ ਤੋਂ ਖਾ ਕੇ ਭਿਆਨਕ ਨੁਕਸਾਨ ਕਰਦਾ ਹੈ ਜਿਸ ਨਾਲ ਪੱਤਿਆਂ ਦੀਆਂ ਸਿਰਫ਼ ਨਾੜਾਂ ਹੀ ਬਾਕੀ ਬਚਦੀਆਂ ਹਨ। ਭਿਆਨਕ ਹਾਲਤਾਂ ਵਿੱਚ ਇਹ ਸੁੰਡੀ ਪੱਤਿਆਂ, ਨਰਮ ਕਰੂੰਬਲਾਂ ਅਤੇ ਹਰੀਆਂ ਫਲੀਆਂ ਦਾ ਬਹੁਤ ਨੁਕਸਾਨ ਕਰਦੀ ਹੈ। ਛੋਟੀ ਉਮਰ ਵਿੱਚ ਸੁੰਡੀਆਂ ਝੁੰਡਾਂ ਵਿਚ ਪੌਦਿਆਂ ਨੂੰ ਖਾਂਦੀਆਂ ਹਨ ਅਤੇ ਵੱਡੀਆਂ ਹੋ ਕੇ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਚਲੀਆਂ ਜਾਂਦੀਆਂ ਹਨ। ਕਈ ਵਾਰ ਨੁਕਸਾਨੇ ਖੇਤ ਦੀ ਹਾਲਤ ਪੱਤਾ ਰਹਿਤ ਹੋ ਜਾਂਦੀ ਹੈ ਅਤੇ ਇਵੇਂ ਲਗਦੀ ਜਿਵੇਂ ਕਿਸੇ ਨੇ ਫ਼ਸਲ ਚ’ ਪਸ਼ੂ ਚਰਾਏ ਹੋਣ।

ਸਲਾਹ: ਕੀੜੇ ਦੀ ਰੋਕਥਾਮ ਲਈ ਅੰਡਿਆਂ ਦੇ ਸਮੂਹਾਂ ਅਤੇ ਸੁੰਡੀਆਂ ਦੇ ਹਮਲੇ ਵਾਲੇ ਪੱਤਿਆਂ ਨੂੰ ਜਿਨ੍ਹਾਂ ਤੇ ਇਹ ਸੁੰਡੀਆਂ ਝੁੰਡਾਂ ਵਿੱਚ ਹੁੰਦੀਆਂ ਹਨ, ਤੋੜ ਕੇ ਖ਼ਤਮ ਕਰਨ ਨਾਲ ਕਾਬੂ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰਾਂ 20-24 ਦਿਨ ਲਗਾਤਾਰ ਰੋਸ਼ਨੀ ਯੰਤਰ ਵਰਤ ਕੇ ਅਤੇ ਉਨ੍ਹਾਂ ਵਿੱਚ ਫ਼ਸੇ ਜਵਾਨ ਪਤੰਗਿਆਂ ਨੂੰ ਇਕੱਠੇ ਕਰਕੇ ਅਤੇ ਮਾਰ ਕੇ ਇਸ ਕੀੜੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ।

Summary in English: Advice to farmers, measures for comprehensive pest control on crops during rabi season

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters