ਪੰਜਾਬ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਅਗਲੀ ਫ਼ਸਲ ਦੀ ਬਿਜਾਈ ਲਈ ਬਹੁਤ ਥੋੜ੍ਹਾ ਸਮਾਂ ਹੁੰਦਾ ਹੈ। ਇਸ ਲਈ ਜ਼ਿਆਦਾਤਰ ਕਿਸਾਨ ਪਰਾਲੀ ਨੂੰ ਖੇਤ ਵਿਚ ਹੀ ਅੱਗ ਲਾ ਕੇ ਸਾੜ ਦਿੰਦੇ ਹਨ। ਇਸ ਨਾਲ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਹੈ ਉੱਥੇ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਤੇ ਖੇਤੀ ਲਈ ਫ਼ਾਇਦੇਮੰਦ ਸੂਖ਼ਮ ਜੀਵਾਣੂੰ ਵੀ ਨਸ਼ਟ ਹੋ ਜਾਂਦੇ ਹਨ।
ਇਕ ਅੰਦਾਜ਼ੇ ਅਨੁਸਾਰ ਧਰਤੀ ਵਿੱਚੋਂ ਝੋਨੇ ਦੁਆਰਾ ਲਈ ਗਈ 25 ਫ਼ੀਸਦੀ ਨਾਈਟਰੋਜਨ ਤੇ ਫਾਸਫੋਰਸ, 50 ਫ਼ੀਸਦੀ ਗੰਧਕ ਤੇ 75 ਫ਼ੀਸਦੀ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ। 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ ਤੇ 1.2 ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਸੂਝਵਾਨ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ ਵਿਚ ਖਪਾਉਣ ਦੀਆਂ ਤਕਨੀਕਾਂ ਨੂੰ ਅਪਣਾ ਕੇ ਇਸ ਦੀ ਸੁਚੱਜੀ ਸੰਭਾਲ ਵੱਲ ਠੋਸ ਕਦਮ ਪੁੱਟੇ ਹਨ।
ਇਸ ਤੋਂ ਇਲਾਵਾ ਪਰਾਲੀ ਤੋਂ ਕਈ ਤਰ੍ਹਾਂ ਦੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਵੀ ਉਪਲਬਧ ਹਨ। ਪਰਾਲੀ ਨੂੰ ਬਾਗ਼ਾਂ ਵਿਚ ਮਲਚਿੰਗ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫਲਾਂ ਦੇ ਬਾਗ਼ਾਂ ਵਿਚ ਪਰਾਲੀ ਦੀ ਮਲਚਿੰਗ ਲਈ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਲਈ ਬਾਗ਼ਾਂ ਵਿਚ ਪਰਾਲੀ ਦੀ ਵਰਤੋਂ ਕਰਨ ਵਾਸਤੇ ਪਰਾਲੀ ਨੂੰ ਇਕੱਠੀ ਕਰ ਕੇ ਸੰਭਾਲ ਲੈਣ ਦਾ ਅਜੇ ਵੀ ਢੁੱਕਵਾਂ ਸਮਾਂ ਹੈ।
ਨਦੀਨਾਂ ਦੀ ਰੋਕਥਾਮ
ਬਾਗ਼ਾਂ ਵਿਚ ਜ਼ਿਆਦਾ ਪਾਣੀ ਦੀ ਵਰਤੋਂ ਅਤੇ ਬਰਸਾਤਾਂ ਵੇਲੇ ਨਦੀਨਾਂ ਦੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਨਦੀਨ ਫਲਦਾਰ ਬੂਟਿਆਂ ਨੂੰ ਪਾਈ ਗਈ ਖ਼ੁਰਾਕ ਤੇ ਪਾਣੀ ਦਾ ਵੱਡਾ ਹਿੱਸਾ ਖਪਤ ਕਰ ਜਾਂਦੇ ਹਨ ਅਤੇ ਕਈ ਬਿਮਾਰੀਆਂ ਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ। ਆਮਤੌਰ 'ਤੇ ਬਾਗ਼ਾਂ 'ਚ ਨਦੀਨਾਂ ਦੀ ਰੋਕਥਾਮ ਲਈ ਵਹਾਈ ਕੀਤੀ ਜਾਂਦੀ ਹੈ ਜਾਂ ਨਦੀਨ ਨਾਸ਼ਕ ਵਰਤੇ ਜਾਂਦੇ ਹਨ। ਇਸ ਨਾਲ ਬਾਗ਼ਾਂ ਦੀ ਸਾਂਭ-ਸੰਭਾਲ 'ਤੇ ਲਾਗਤ ਵੱਧ ਜਾਂਦੀ ਹੈ ਤੇ ਕਈ ਵਾਰ ਫਲਦਾਰ ਬੂਟਿਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਬਾਗ਼ਾਂ ਵਿਚ ਨਦੀਨਾਂ ਦੀ ਸੌਖੀ ਤੇ ਕਿਫ਼ਾਇਤੀ ਢੰਗ ਨਾਲ ਰੋਕਥਾਮ ਕਰਨ ਲਈ ਮਲਚਿੰਗ ਇਕ ਵਧੀਆ ਬਦਲ ਹੈ। ਫ਼ਸਲੀ ਰਹਿੰਦ-ਖੂੰਹਦ ਜਾਂ ਜੈਵਿਕ ਮਲਚ ਬਾਗ਼ਾਂ ਦੀ ਜ਼ਮੀਨ 'ਚ ਨਮੀ ਤੇ ਤਾਪਮਾਨ ਨੂੰ ਜਿੱਥੇ ਬਰਕਰਾਰ ਰੱਖਦੀ ਹੈ ਉੱਥੇ ਨਦੀਨਾਂ ਦੀ ਰੋਕਥਾਮ ਵੀ ਕਰਦੀ ਹੈ। ਮਲਚ ਦੇ ਗਲਣ-ਸੜਣ ਨਾਲ ਜ਼ਮੀਨ ਦੀ ਖ਼ੁਰਾਕੀ ਸਮਰਥਾ ਵਧਦੀ ਹੈ ਅਤੇ ਇਸ ਨਾਲ ਫਲਾਂ ਦੇ ਆਕਾਰ, ਝਾੜ ਤੇ ਗੁਣਵੱਤਾ 'ਚ ਵਾਧਾ ਹੁੰਦਾ ਹੈ।
ਵੱਖ-ਵੱਖ ਬਾਗ਼ਾਂ 'ਚ ਮਲਚਿੰਗ ਦੇ ਲਾਭ
ਆੜੂ ਤੇ ਅਲੂਚਾ : ਆੜੂ ਤੇ ਅਲੂਚੇ ਦੇ ਬਾਗ਼ਾਂ ਵਿਚ ਪਰਾਲੀ ਦੀ ਮਲਚਿੰਗ ਕਰਨ ਨਾਲ ਫਲਾਂ ਦਾ ਵਾਧਾ ਤੇ ਵਿਕਾਸ ਬਹੁਤ ਤੇਜ਼ ਹੁੰਦਾ ਹੈ। ਫਲਾਂ ਦੀ ਕੀਮਤ ਉਸ ਦੇ ਚੰਗੇ ਆਕਾਰ ਤੇ ਗੁਣਵੱਤਾ 'ਤੇ ਨਿਰਭਰ ਕਰਦੀ ਹੈ। ਫਲਾਂ ਦੇ ਚੰਗੇ ਵਾਧੇ ਲਈ ਫਲ ਲੱਗਣ ਤੋਂ ਲੈ ਕੇ ਫਲਾਂ ਦੀ ਪਕਾਈ (ਮਾਰਚ ਤੋਂ ਮਈ) ਤਕ ਲਗਾਤਾਰ ਸਿੰਚਾਈ ਕਰ ਕੇ ਜ਼ਮੀਨ 'ਚ ਲਗਾਤਾਰ ਸਿੱਲ੍ਹ ਬਰਕਰਾਰ ਰੱਖਣੀ ਜ਼ਰੂਰੀ ਹੈ। ਫਲਾਂ ਦੇ ਵਾਧੇ ਤੇ ਵਧਦੀ ਗਰਮੀ ਨਾਲ ਪਾਣੀ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਲਗਾਤਾਰ ਸਿੰਚਾਈ ਕਰਨ ਨਾਲ ਬਾਗ਼ਾਂ 'ਚ ਨਦੀਨਾਂ ਦੀ ਸਮੱਸਿਆ ਵੀ ਵੱਧ ਜਾਂਦੀ। ਇਹ ਨਦੀਨ ਬਹੁਤ ਸਾਰਾ ਪਾਣੀ ਤੇ ਖ਼ੁਰਾਕ ਖਪਤ ਕਰ ਜਾਂਦੇ ਹਨ ਅਤੇ ਕੀੜਿਆਂ ਤੇ ਬਿਮਾਰੀਆਂ 'ਚ ਵਾਧੇ ਦਾ ਕਾਰਨ ਵੀ ਬਣਦੇ ਹਨ। ਇਸ ਲਈ ਆੜੂ ਤੇ ਅਲੂਚੇ ਦੇ ਬਾਗ਼ਾਂ ਵਿਚ ਜ਼ਮੀਨ 'ਚ ਨਮੀ ਬਰਕਰਾਰ ਰੱਖਣ ਤੇ ਨਦੀਨਾਂ ਦੀ ਰੋਕਥਾਮ ਲਈ ਬੂਟਿਆਂ ਹੇਠ
ਪਰਾਲੀ ਦੀ ਮਲਚਿੰਗ ਬੇਹੱਦ ਫ਼ਾਇਦੇਮੰਦ ਹੈ। ਇਹ ਮਲਚਿੰਗ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਉਣ ਤੋਂ ਬਾਅਦ ਕਰੋ।
ਨਾਸ਼ਪਾਤੀ : ਨਾਸ਼ਪਾਤੀ ਦੇ ਫਲਾਂ ਦਾ ਵਾਧਾ ਅਪ੍ਰੈਲ ਤੋਂ ਜੁਲਾਈ ਮਹੀਨਿਆਂ ਦੌਰਾਨ ਹੁੰਦਾ ਹੈ ਤੇ ਫਲਾਂ ਦੇ ਆਕਾਰ 'ਚ ਵਾਧੇ ਦੀ ਦਰ ਕਾਫ਼ੀ ਤੇਜ਼ ਹੁੰਦੀ ਹੈ। ਇਸ ਲਈ ਇਸ ਸਮੇ ਜ਼ਮੀਨ ਨੂੰ ਤਰ-ਵੱਤਰ ਰੱਖਣ ਵਾਸਤੇ ਨਾਸ਼ਪਾਤੀ ਦੇ ਬਾਗ਼ਾਂ 'ਚ ਲਗਾਤਾਰ ਸਿੰਚਾਈ ਕਰਨ ਦੀ ਸ਼ਿਫ਼ਾਰਸ਼ ਕੀਤੀ ਗਈ ਹੈ। ਲਾਗਾਤਾਰ ਸਿੰਚਾਈ ਕਰਨ ਨਾਲ ਬਾਗ਼ 'ਚ ਨਦੀਨਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਰਸਾਇਣਕ ਢੰਗਾਂ ਨਾਲ ਨਦੀਨਾਂ ਦੀ ਦੀ ਰੋਕਥਾਮ ਉੱਪਰ ਵਾਧੂ ਖ਼ਰਚਾ ਹੁੰਦਾ ਹੈ। ਇਸ ਨਾਸ਼ਪਾਤੀ
ਦੇ ਬਾਗ਼ ਵਿਚ ਅਪ੍ਰੈਲ ਮਹੀਨੇ ਪਰਾਲੀ ਦੀ ਮਲਚਿੰਗ ਕਰ ਕੇ ਨਦੀਨਾਂ ਦੀ ਰੋਕਥਾਮ ਦੇ ਨਾਲ-ਨਾਲ ਪਾਣੀ ਦੀ ਵੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ।
ਅਮਰੂਦ : ਅਮਰੂਦਾਂ ਦੇ ਬੂਟੇ ਕਾਫ਼ੀ ਫ਼ੈਲਾਅ ਵਾਲੇ ਹੁੰਦੇ ਹਨ। ਅਮਰੂਦ ਨੂੰ ਸਾਲ 'ਚ ਦੋ ਵਾਰ ਫਲ ਲਗਦਾ ਹੈ। ਬਰਸਾਤ ਦੇ ਮੌਸਮ 'ਚ ਫਲਾਂ ਦਾ ਵਾਧਾ ਤੇ ਵਿਕਾਸ ਮਈ-ਜੂਨ ਦੇ ਮਹੀਨਿਆਂ ਦੌਰਾਨ ਹੁੰਦਾ ਹੈ ਅਤੇ ਇਹ ਸਮਾਂ ਪੰਜਾਬ ਵਿਚ ਬਹੁਤ ਗਰਮੀ ਤੇ ਖ਼ੁਸ਼ਕੀ ਵਾਲਾ ਹੁੰਦਾ ਹੈ। ਅਜਿਹੇ ਮੌਸਮ ਵਿਚ ਜਿੱਥੇ ਫਲਾਂ ਦੇ ਕੇਰੇ ਦੀ ਸਮੱਸਿਆ ਵੱਧ ਜਾਂਦੀ ਹੈ ਉੱਥੇ ਫਲਦਾਰ ਬੂਟਿਆਂ ਉੱਪਰ ਹੋਰ ਬੁਰੇ ਪ੍ਰਭਾਵ ਪੈਣੇ ਵੀ ਸੁਭਾਵਿਕ ਹਨ। ਇਸ ਲਈ ਇਨ੍ਹਾਂ ਮਹੀਨਿਆਂ ਦੌਰਾਨ ਬਾਗ਼ ਦੀ ਲਗਾਤਾਰ ਸਿੰਚਾਈ ਕੀਤੀ ਜਾਂਦੀ ਹੈ।
ਇਸ ਨਾਲ ਜਿੱਥੇ ਪਾਣੀ ਦੀ ਖਪਤ ਵੱਧ ਜਾਂਦੀ ਹੈ ਉੱਥੇ ਬਾਗ਼ ਵਿਚ ਨਦੀਨਾਂ ਦੀ ਭਰਮਾਰ ਹੋ ਜਾਂਦੀ ਹੈ। ਇਹ ਨਦੀਨ ਖ਼ੁਰਾਕੀ ਤੱਤਾਂ ਤੇ ਪਾਣੀ ਦੀ ਖਪਤ ਦੇ ਨਾਲ-ਨਾਲ ਫਲ ਦੀ ਮੱਖੀ ਦੇ ਵਧਣ-ਫੁੱਲਣ 'ਚ ਸਹਾਈ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅਮਰੂਦ ਦੇ ਬਾਗਾਂ ਵਿਚ ਮਈ ਮਹੀਨੇ ਦੌਰਾਨ ਰਸਾਇਣਕ ਖਾਦਾਂ ਦੀ ਪਹਿਲੀ ਕਿਸ਼ਤ ਪਉਣ ਤੋਂ ਬਾਅਦ ਪਰਾਲੀ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਇਸ ਮਲਚ ਨੂੰ ਸਤੰਬਰ-ਅਕਤੂਬਰ ਦੌਰਾਨ ਰਸਾਇਣਕ ਖਾਦਾਂ ਦੀ ਦੂਜੀ ਕਿਸਤ ਪਾਉਣ ਸਮੇਂ ਬਾਗ਼ ਵਿਚ ਵਾਹ ਦੇਣਾ ਚਾਹੀਦਾ ਹੈ।
ਬੇਰ : ਬੇਰਾਂ ਦੇ ਬਾਗ਼ ਵਿਚ ਪਰਾਲੀ ਦੀ ਮਲਚਿੰਗ ਬਹੁਤ ਫ਼ਇਦੇਮੰਦ ਹੈ। ਇਸ ਨਾਲ ਜਿੱਥੇ 90 ਫ਼ੀਸਦੀ ਤਕ ਨਦੀਨਾਂ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਤੇ ਉੱਥੇ ਫਲਾਂ ਦੇ ਝਾੜ ਤੇ ਗੁਣਵੱਤਾ 'ਚ ਵਾਧਾ ਹੁੰਦਾ ਹੈ।।ਬੇਰਾਂ ਦੇ ਫਲਾਂ ਦਾ ਜ਼ਿਆਦਾ ਸਰਦੀ ਕਾਰਨ ਕੇਰਾ ਵੀ ਘਟ ਜਾਂਦਾ ਹੈ। ਬੇਰਾਂ ਦੇ ਬਾਗ਼ ਵਿਚ ਅਕਤੂਬਰ ਮਹੀਨੇ ਦੇ ਅਖ਼ੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਪਰਾਲੀ ਵਿਛਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਲਈ 70-75 ਕਿੱਲੋ ਪਰਾਲੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਿਛਾਈ ਜਾ ਸਕਦੀ ਹੈ।
ਇਸ ਸਮੇਂ ਪੰਜਾਬ ਵਿਚ ਝੋਨੇ ਦੀ ਵਾਢੀ ਲਗਪਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਗ਼ਾਂ ਵਿਚ ਵਰਤੋਂ ਲਈ ਪਰਾਲੀ ਨੂੰ ਸੰਭਾਲਣ ਦਾ ਇਹ ਢੁੱਕਵਾਂ ਸਮਾਂ ਹੈ। ਕੰਬਾਈਨ ਦੇ ਵੱਢ ਵਿੱਚੋਂ ਜਾਂ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰ ਕੇ ਇਸ ਨੂੰ ਆਪਣੇ ਬਾਗ਼ ਲਈ ਇਕ ਪਾਸੇ ਸੰਭਾਲ ਲਵੋ ਤਾਂ ਜੋ ਸਿਫ਼ਾਰਸ਼ ਕੀਤੇ ਸਮੇਂ 'ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।
ਮਲਚਿੰਗ ਦਾ ਸਮਾਂ ਤੇ ਪਰਾਲੀ ਦੀ ਮਾਤਰਾ
ਬੇਰਾਂ ਦੇ ਬਾਗ਼ ਵਿਚ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਪੰਦਰਵਾੜੇ ਤਕ ਪ੍ਰਤੀ ਏਕੜ 5 ਟਨ ਪਰਾਲੀ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਆੜੂ ਅਤੇ ਅਲੂਚੇ ਦੇ ਬਾਗ਼ਾਂ ਵਿਚ ਮਾਰਚ ਦੇ ਪਹਿਲੇ ਹਫ਼ਤੇ ਸਾਢੇ ਚਾਰ ਟਨ ਪਰਾਲੀ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕਰਨੀ ਚਾਹੀਦੀ ਹੈ। ਨਾਸ਼ਪਾਤੀ ਦੇ ਬਾਗ਼ ਵਿਚ ਅਪ੍ਰੈਲ ਦੇ ਦੂਜੇ ਹਫ਼ਤੇ 5.5 ਟਨ ਅਤੇ ਅਮਰੂਦ ਦੇ ਬਾਗ਼ ਵਿਚ ਪ੍ਰਤੀ ਏਕੜ 4 ਟਨ ਪਰਾਲੀ ਦੀ ਮਲਚਿੰਗ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਪਰਾਲੀ ਦੀ ਮਲਚਿੰਗ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ। ਪਰਾਲੀ ਨੂੰ ਫਲਦਾਰ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਤੇ ਇਕਸਾਰ ਤਹਿ ਵਿਚ ਵਿਛਾਉ। ਮਲਚਿੰਗ ਦਾ ਪੂਰਾ ਲਾਭ ਲੈਣ ਲਈ ਬਾਗ਼ ਦੇ ਕੁੱਲ ਰਕਬੇ ਦੇ ਤਕਰੀਬਨ ਦੋ-ਤਿਹਾਈ ਰਕਬੇ ਉੱਪਰ ਅਤੇ ਬੂਟਿਆਂ ਦੀ ਪੂਰੀ ਛਤਰੀ ਹੇਠ ਮਲਚਿੰਗ ਕਰੋ।
- ਜੇਐੱਸ ਬਰਾੜ, ਮਨਦੀਪ ਸਿੰਘ ਗਿੱਲ
Summary in English: Benefits of straw mulching in gardens