1. Home
  2. ਖੇਤੀ ਬਾੜੀ

ਸਰਦੀਆਂ ਵਿੱਚ ਸਬਜ਼ੀਆਂ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਵਧੀਆ ਤਕਨੀਕਾਂ

ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੁੱਝ ਦਾ ਜ਼ਿਕਰ ਲੇਖ ਵਿੱਚ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਸਬਜ਼ੀਆਂ ਸਾਡੀ ਸੰਤੁਲਿਤ ਖ਼ੁਰਾਕ ਦਾ ਅਨਿੱਖੜਵਾਂ ਅੰਗ

ਸਬਜ਼ੀਆਂ ਸਾਡੀ ਸੰਤੁਲਿਤ ਖ਼ੁਰਾਕ ਦਾ ਅਨਿੱਖੜਵਾਂ ਅੰਗ

Crop Protection: ਸਬਜ਼ੀਆਂ ਸਾਡੀ ਸੰਤੁਲਿਤ ਖ਼ੁਰਾਕ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦਾ ਉਤਪਾਦਨ ਵੱਖ-ਵੱਖ ਜੈਵਿਕ ਅਤੇ ਅਜੈਵਿਕ ਤਣਾਅ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਅਜਿਹਾ ਹੀ ਇੱਕ ਅਜੈਵਿਕ ਕਾਰਕ ਹੈ- ਕੋਰਾ।

ਕੁੱਲ ਸਬਜ਼ੀਆਂ ਕੋਰੇ ਤੋਂ ਮਾਮੂਲੀ ਤੌਰ ’ਤੇ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਕੁੱਝ ਸਬਜ਼ੀਆਂ ਤੇ ਕੋਰੇ ਦਾ ਅਸਰ ਹਾਨੀਕਾਰਕ ਹੁੰਦਾ ਹੈ। ਸਰਦੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕਿ ਫੁੱਲ ਗੋਭੀ, ਬੰਦ ਗੋਭੀ, ਪਿਆਜ ਅਤੇ ਲੱਸਣ ਅਕਤੂਬਰ ਨਵੰਬਰ ਵਿੱਚ ਬੀਜੇ ਜਾਣ ਦੇ ਬਾਵਜੂਦ ਵੀ ਕੋਰੇ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੀਆਂ। ਜਦੋਂਕਿ ਆਲੂ ਅਤੇ ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕਿ ਖੀਰਾ, ਮਿਰਚ, ਟਮਾਟਰ ਅਤੇ ਬੈਂਗਣ ਕੋਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।

ਇਨ੍ਹਾਂ ਦੇ ਮੁੱਖ ਉਤਪਾਦਨ ਦੇ ਮੌਸਮ ਦੌਰਾਨ ਮੰਡੀ ਵਿੱਚ ਇਹਨਾਂ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫਾ ਨਹੀਂ ਮਿਲਦਾ ਅਤੇ ਬਹੁਤੀ ਫ਼ਸਲ ਬਰਬਾਦ ਹੋ ਜਾਂਦੀ ਹੈ। ਇਸ ਲਈ, ਚੰਗਾ ਮੁਨਾਫਾ ਪ੍ਰਾਪਤ ਕਰਨ ਲਈ ਮੌਸਮ ਦੇ ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੁੱਝ ਦਾ ਜ਼ਿਕਰ ਹੇਠਾਂ ਕੀਤਾ ਗਿਆ ਹੈ।

ਪਲਾਸਟਿਕ ਮਲਚ ਦੇ ਫ਼ਸਲਾਂ ਦੇ ਉਤਪਾਦਨ ’ਤੇ ਕਈ ਤਰ੍ਹਾਂ ਦੇ ਲਾਭਕਾਰੀ ਪ੍ਰਭਾਵ ਹੁੰਦੇ ਹਨ, ਜਿਸ ਵਿੱਚ ਕੋਰੇ ਤੋਂ ਸੁਰੱਖਿਆ; ਮਿੱਟੀ ਦੇ ਤਾਪਮਾਨ ਵਿੱਚ ਵਾਧਾ; ਮਿੱਟੀ ਦੀ ਨਮੀਂ, ਬਣਤਰ ਅਤੇ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਨਦੀਨਾਂ, ਕੀੜਿਆਂ ਅਤੇ ਬਿਮਾਰੀਆਂ ਦਾ ਨਿਯੰਤਰਣ। ਇਸ ਦੀ ਵਰਤੋਂ ਨਾਲ ਅਗੇਤੀ ਫ਼ਸਲ ਵੀ ਉਗਾਈ ਜਾ ਸਕਦੀ ਹੈ । ਇਹ ਨਮੀ ਨੂੰ ਬਚਾ ਕੇ ਅਤੇ ਪੌਦੇ ਦੇ ਆਲੇ-ਦੁਆਲੇ ਮਿੱਟੀ ਦੇ ਤਾਪਮਾਨ ਨੂੰ ਵਧਾ ਕੇ ਪੌਦੇ ਨੂੰ ਕੋਰੇ ਤੋਂ ਬਚਾਉਂਦੀ ਹੈ।

ਬੂਟੇ ਨੂੰ ਢੱਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ । ਇਹ ਦਿਨ ਦੇ ਸਮੇਂ ਬੂਟੇ ਉੱਤੇ ਪਈਆਂ ਸੂਰਜ ਦੀਆਂ ਕਿਰਨਾਂ ਨੂੰ ਭੰਡਾਰ ਕਰਦਾ ਹੈ ਅਤੇ ਰਾਤ ਨੂੰ ਲੰਬੀਆਂ ਵੇਵ ਵਾਲੀਆਂ ਕਿਰਨਾਂ ਨੂੰ ਵਧਾ ਕੇ ਬੂਟੇ ਦੇ ਨੇੜਲੇ ਤਾਪਮਾਨ ਨੂੰ ਵਧਾ ਦਿੰਦਾ ਹੈ। ਇਸ ਢੰਗ ਵਿੱਚ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਸਮਾਨ ਜਾਂ ਤਾਂ ਪੋਲੀਥੀਨ ਮਟੀਰੀਅਲ ਹੁੰਦਾ ਹੈ ਜਾਂ ਤਾਂ ਪਰਾਲੀ ਨਾਲ ਢੱਕਿਆ ਜਾਂਦਾ ਹੈ। 

ਇਹ ਵੀ ਪੜ੍ਹੋ: ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਦੀ ਸਲਾਹ

ਟਮਾਟਰ ਦੀ ਫ਼ਸਲ ਦੀ ਕਾਸ਼ਤ ਦੌਰਾਨ ਟਮਾਟਰ ਦੀ ਪਨੀਰੀ ਨੂੰ ਖੇਤ ਵਿੱਚ ਫਰਵਰੀ ਵਿੱਚ ਲਗਾਇਆ ਜਾਂਦਾ ਹੈ। ਟਮਾਟਰ ਦੀ ਪਨੀਰੀ ਨੂੰ ਤਿਆਰ ਕਰਨ ਲਈ ਇਸਦਾ ਬੀਜ ਨਵੰਬਰ ਵਿੱਚ ਬੀਜਿਆ ਜਾਂਦਾ ਹੈ ਅਤੇ ਕੋਰੇ ਤੋਂ ਬਚਾਉਣ ਲਈ ਪਨੀਰੀ ਨੂੰ ਪੋਲੀਥੀਨ ਸ਼ੀਟ ਨਾਲ ਜਾਂ ਸਰਕੰਡੇ ਨਾਲ ਢੱਕਿਆ ਜਾਂਦਾ ਹੈ। ਇਹ ਢੰਗ ਟਮਾਟਰ ਦੀ ਫ਼ਸਲ ਵਿੱਚ ਆਮ ਤੌਰ ਤੇ ਵਰਤਿਆ ਜਾਂਦਾ ਹੈ। 

ਵੱਖ-ਵੱਖ ਤਕਨੀਕਾਂ ਵਿੱਚੋਂ ਸੁਰੰਗ ਵਾਲੀ ਤਕਨੀਕ ਉਤਪਾਦਕਾਂ ਵਿੱਚ ਵਧੇਰੇ ਪ੍ਰਸਿੱਧ ਹੈ। ਇਸ ਤਕਨੀਕ ਵਿੱਚ ਬੂਟਿਆਂ ਦੀਆਂ ਕਤਾਰਾਂ ਨੂੰ ਪਾਰਦਰਸ਼ੀ ਮਟੀਰੀਅਲ ਨਾਲ ਢੱਕਿਆ ਜਾਂਦਾ ਹੈ, ਜਿਸ ਨਾਲ ਬੂਟੇ ਦੇ ਆਲ਼ੇ-ਦੁਆਲ਼ੇ ਦੀ ਹਵਾ ਦਾ ਤਾਪਮਾਨ ਵੱਧ ਜਾਂਦਾ ਹੈ ਜੋ ਕਿ ਬੂਟੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤਕਨੀਕ ਦੀ ਵਰਤੋਂ ਗਰਮੀ ਰੁੱਤ ਦੀਆਂ ਫ਼ਸਲਾਂ ਨੂੰ ਅਗੇਤੀ ਉਗਾਉਣ ਲਈ ਕੀਤੀ ਜਾਂਦੀ ਹੈ ਅਤੇ ਇਸ ਤਕਨੀਕ ਨਾਲ ਸਬਜ਼ੀਆਂ ਦੀ ਕਾਸ਼ਤ ਨੂੰ ਉਹਨਾਂ ਦੇ ਆਮ ਮੌਸਮ ਨਾਲੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਕਰ ਸਕਦੇ ਹਾਂ। 

ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਖੀਰਾ, ਸ਼ਿਮਲਾ ਮਿਰਚ ਅਤੇ ਬੈਂਗਣ ਨੂੰ ਨੀਵੀਆਂ ਸੁਰੰਗਾਂ ਵਾਲੀ ਤਕਨੀਕ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ। ਬਿਜਾਈ ਤੋਂ ਬਾਅਦ, ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾਉਣ ਲਈ 2 ਮੀਟਰ ਲੰਬੇ ਸਰੀਏ ਮੋੜ ਕੇ ਇਸ ਤਰ੍ਹਾਂ ਬਣਾ ਲਓ ਕਿ ਜਦੋਂ ਜ਼ਮੀਨ ਵਿੱਚ ਗੱਡੀਏ ਤਾਂ ਇਹਨਾਂ ਦੀ ਉਚਾਈ ਜ਼ਮੀਨ ਤੋਂ 45-60 ਸੈਂਟੀਮੀਟਰ ਹੋ ਜਾਏ। ਇਸ ਤੋਂ ਬਾਅਦ ਅਰਧ ਗੋਲਿਆਂ ਉੱਪਰ 100 ਗੇਜ ਦੀਆਂ ਪਲਾਸਟਿਕ ਸ਼ੀਟਾਂ ਵਿਛਾ ਦਿਉ। ਸੁਰੰਗਾਂ ਵਾਲੀ ਤਕਨੀਕ ਮੁੱਖ ਤੌਰ ਤੇ ਨਵੰਬਰ ਤੋਂ ਫਰਵਰੀ ਦੇ ਮਹੀਨੇ ਵਿੱਚ ਵਰਤੀ ਜਾਂਦੀ ਹੈ। 

ਇਹ ਵੀ ਪੜ੍ਹੋ: ਕਣਕ ਦੀਆਂ ਇਹ 7 Improved Varieties ਗੈਰ ਸਿੰਜਾਈ ਵਾਲੇ ਖੇਤਰਾਂ ਲਈ ਵਧੀਆ

ਦਸੰਬਰ ਦੇ ਸ਼ੁਰੂ ਵਿੱਚ ਫਸਲ ਨੂੰ ਕੋਰੇ ਤੋਂ ਬਚਾਉਣ ਲਈ ਲੰਬੇ ਸਰੀਏ ਦੇ ਅਰਧ ਗੋਲਿਆਂ ਨੂੰ ਇਸ ਤਰ੍ਹਾਂ ਗੱਡ ਦਿਉ ਤਾਂ ਜੋ ਬੂਟੇ ਵਿੱਚ ਆ ਜਾਣ। ਫਰਵਰੀ ਦੇ ਮਹੀਨੇ ਵਿੱਚ ਜਦੋਂ ਕੋਰਾ ਖਤਮ ਹੋ ਜਾਵੇ ਤਾਂ ਇਹਨਾਂ ਸ਼ੀਟਾਂ ਨੂੰ ਉਤਾਰ ਦਿਉ। ਇਹ ਤਕਨੀਕ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਉੱਤਰ ਹੈ ਕਿਉਂਕਿ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਇਹ ਦੂਜੀਆਂ ਸੁਰੱਖਿਅਤ ਖੇਤੀ ਦੀਆਂ ਤਕਨੀਕਾਂ ਨਾਲੋਂ ਘੱਟ ਲਾਗਤ ਵਾਲੀ ਹੈ ਤੇ ਇਸਦਾ ਰਖ-ਰਖਾਵ ਵੀ ਸੌਖਾ ਹੈ । 

ਮਿਰਚ, ਸ਼ਿਮਲਾ ਮਿਰਚ ਅਤੇ ਬੈਂਗਣ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਸੰਬਰ ਦੇ ਮਹੀਨੇ ਵਿੱਚ ਸੁਰੰਗਾਂ ਨਾਲ ਢੱਕਿਆ ਜਾਂਦਾ ਹੈ। ਫਰਵਰੀ ਦੇ ਮਹੀਨੇ ਜਦੋਂ ਕੋਰਾ ਹੱਟ ਜਾਂਦਾ ਹੈ ਤਾਂ ਨੀਵੀਆਂ ਸੁਰੰਗਾਂ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਤਕਨੀਕ ਨਾਲ ਤੰਦਰੁਸਤ ਪਨੀਰੀ ਨੂੰ ਉਗਾਇਆ ਜਾ ਸਕਦਾ ਹੈ।

ਕੋਰੇ ਤੋਂ ਸਬਜ਼ੀਆਂ ਨੂੰ ਬਚਾਉਣ ਦਾ ਇੱਕ ਹੋਰ ਢੰਗ ਸਿੰਚਾਈ ਹੈ। ਜਦੋਂ ਮਿੱਟੀ ਸੁੱਕੀ ਹੋਵੇ ਤਦ ਮਿੱਟੀ ਦੇ ਮੁਸਾਮ ਖੁੱਲ ਜਾਂਦੇ ਹਨ। ਜਿਸ ਕਾਰਨ ਮਿੱਟੀ ਵਿੱਚ ਗਰਮੀ ਨੂੰ ਅਦਾਨ-ਪ੍ਰਦਾਨ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਭੂਮੀ ਨੂੰ ਉਸਦੀ ਫੀਲਡ ਕਪੈਸਟੀ ਤੱਕ ਗਿੱਲਾ ਕਰਕੇ ਕੋਰੇ ਤੋਂ ਸਬਜ਼ੀਆਂ ਨੂੰ ਬਚਾਉਣ ਦੀ ਸਮਰੱਥਾ ਵੱਧ ਜਾਂਦੀ ਹੈ। 

ਮਿੱਟੀ ਨੂੰ ਗਿੱਲਾ ਕਰਨ ਉਪਰੰਤ ਸੂਰਜ ਦੀ ਰੌਸ਼ਨੀ ਨੂੰ ਸਹਿਣ ਕਰਨ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਇਸ ਲਈ ਜਦੋਂ ਜ਼ਮੀਨ ਗਿੱਲੀ ਹੋਵੇ, ਤਦ ਵਾਸ਼ਪੀਕਰਨ ਵੱਧ ਜਾਂਦਾ ਹੈ ਅਤੇ ਵਾਸ਼ਪੀਕਰਨ ਦੌਰਾਨ ਪੈਦਾ ਹੋਈ ਊਰਜਾ ਕਾਰਨ ਤਾਪਮਾਨ ਵੱਧਦਾ ਹੈ ਜੋ ਕਿ ਫ਼ਸਲ ਨੂੰ ਕੋਰੇ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਦਾ ਢੰਗ ਆਲੂਆਂ ਵਿੱਚ ਵਰਤਿਆ ਜਾਂਦਾ ਹੈ। 

ਦਿਲਪ੍ਰੀਤ ਤਲਵਾੜ, ਕੁਲਬੀਰ ਸਿੰਘ ਅਤੇ ਤਰਸੇਮ ਸਿੰਘ ਢਿੱਲੋਂ
ਸਬਜ਼ੀ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Best techniques to protect vegetable crop from frost in winter

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters