Successful Cultivation of Wheat: ਪੰਜਾਬ ਵਿੱਚ ਬਰਾਨੀ ਖੇਤਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ 10-20 ਕਿਲੋਮੀਟਰ ਚੌੜੀ ਪੱਟੀ ਦੇ ਰੂਪ ਵਿੱਚ ਫੈਲਿਆ ਹੋਇਆ ਹੈ, ਜੋ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਰੂਪਨਗਰ ਅਤੇ ਸਾਹਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਨੂੰ ਕਵਰ ਕਰਦਾ ਹੈ।
ਇਸ ਖੇਤਰ ਵਿੱਚ ਬਰਸਾਤੀ ਪਾਣੀ ਨੂੰ ਸੰਭਾਲ ਕੇ ਸਿੰਚਾਈ ਦੇ ਰੂਪ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਸੁਚੱਜੀ ਕਾਸ਼ਤ ਹੇਠ ਲਿਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ:-
ਨਮੀਂ ਦੀ ਸੰਭਾਲ
ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਹਲਕੀਆਂ ਜ਼ਮੀਨਾਂ ਜਿਨ੍ਹਾਂ ਦੀ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਘੱਟ ਹੁੰਦੀ ਹੈ, ਇਨ੍ਹਾਂ ਵਿੱਚ ਸਾਉਣੀ ਦੀ ਰੁੱਤ ਵਿੱਚ ਰਵਾਂਹ ਜਾਂ ਸਣ ਨੂੰ ਬੀਜ ਕੇ ਜ਼ਮੀਨ ਵਿੱਚ ਹਰੀ ਖਾਦ ਦੇ ਰੂਪ ਵਿੱਚ ਵਾਹਿਆ ਜਾਵੇ ਅਤੇ ਹਾੜ੍ਹੀ ਦੀ ਰੁੱਤ ਵਿੱਚ ਕਣਕ, ਕਣਕ+ਛੋਲੇ (ਬੇਰੜਾ) ਅਤੇ ਕਣਕ+ਰਾਇਆ ਦੀਆਂ ਕਤਾਰਾਂ ਬੀਜੋ। ਖੇਤ ਵਿੱਚੋਂ ਸਾਉਣੀ ਦੀ ਫ਼ਸਲ ਕੱਟਣ ਤੋਂ ਤੁਰੰਤ ਬਾਅਦ ਖੇਤ ਨੂੰ ਸ਼ਾਮ ਵੇਲੇ ਵਾਹ ਕੇ ਸਵੇਰੇ ਸੁਹਾਗਾ ਮਾਰਕੇ ਰੱਖਿਆ ਜਾਵੇ।
ਕਿਸਮਾਂ ਅਤੇ ਬੀਜ ਦੀ ਮਾਤਰਾ
ਬਰਾਨੀ ਹਾਲਤਾਂ ਲਈ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 660 ਦਾ 40 ਕਿਲੋ ਸੋਧਿਆ ਹੋਇਆ ਬੀਜ ਪ੍ਰਤੀ ਏਕੜ ਵਰਤਿਆ ਜਾਵੇ। ਇਸ ਤੋਂ ਇਲਾਵਾ ਕਣਕ ਦੀਆਂ ਹੋਰ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂੂ 826, ਪੀ ਬੀ ਡਬਲਯੂ ਜ਼ਿੰਕ 2, ਪੀ ਬੀ ਡਬਲਯੂ ਆਰ ਐਸ 1, ਸੁਨਹਿਰੀ (ਪੀ ਬੀ ਡਬਲਯੂ 766), ਉੱਨਤ ਪੀ ਬੀ ਡਬਲਯੂ 550 ਅਤੇ ਪੀ ਬੀ ਡਬਲਯੂ 725 ਦੀ ਵੀ ਕਾਸਤ ਕੀਤੀ ਜਾ ਸਕਦੀ ਹੈ।
ਬੀਜ ਦੀ ਸੋਧ
ਬਰਾਨੀ ਇਲਾਕਿਆ ਵਿੱਚ ਸਿਉਂਕ ਬੂਟਿਆਂ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ਰੂਬਾਨ/ਡਰਮਟ 20 ਈ ਸੀ (ਕਲੋਰਪਾਈਰੀਫ਼ਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਲੈ ਕੇ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਬੀਜ ਨੂੰ ਸੋਧੋ । ਨਿਉਨਿਕਸ ਨਾਲ ਸੋਧੇ ਬੀਜ ਨੂੰ ਫਸਲ ਨੂੰ ਕਾਂਗਿਆਰੀ ਤੋਂ ਵੀ ਬਚਾ ਸਕਦੇ ਹਾਂ।
ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ
ਕੀਟਨਾਸ਼ਕਾਂ ਦੀ ਵਰਤੋਂ ਤੋਂ 6 ਘੰਟੇ ਬਾਅਦ ਕਣਕ ਦੇ ਬੀਜ ਨੂੰ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਵੀ ਲਗਾਉਣੀ ਚਾਹੀਦੀ ਹੈ। ਪਹਿਲਾ 500 ਗ੍ਰਾਮ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਫਿਰ ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਵੋ। ਫਿਰ ਸੋਧੇ ਬੀਜ ਨਾਲ ਬਿਜਾਈ ਕਰ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਫਸਲ ਦਾ ਝਾੜ ਵੱਧਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਕਿਸਾਨ ਵੀਰ ਜੀਵਾਣੂੰ ਖਾਦਾਂ ਦੇ ਇਹ ਟੀਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਲੈ ਸਕਦੇ ਹਨ।
ਇਹ ਵੀ ਪੜ੍ਹੋ: Poly Net House: ਬੀਜ ਰਹਿਤ ਖੀਰੇ ਦੀ ਪੌਲੀਨੈੱਟ-ਹਾਊਸ ਵਿੱਚ ਕਾਸ਼ਤ ਲਈ ਵਿਗਿਆਨਿਕ ਨੁਕਤੇ, ਇਹ ਕਿਸਮ ਦੇਵੇਗੀ 45 ਦਿਨਾਂ ਵਿੱਚ ਬੰਪਰ ਉਤਪਾਦਨ
ਬਿਜਾਈ ਦਾ ਸਮਾਂ ਅਤੇ ਢੰਗ
ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰ ਦੇਣੀ ਚਾਹੀਦੀ ਹੈ । ਬਿਜਾਈ ਖਾਦ-ਬੀਜ ਡਰਿੱਲ ਨਾਲ ਕਤਾਰਾਂ ਵਿਚਕਾਰ ਫ਼ਾਸਲਾ 22-25 ਸੈਂਟੀਮੀਟਰ ਰੱਖ ਕੇ ਕੀਤੀ ਜਾਵੇ । ਬਿਜਾਈ ਸਮੇਂ ਜੇਕਰ ਨਮੀ ਘੱਟ ਲੱਗੇ ਤਾਂ ਬੀਜ ਕੁਝ ਡੂੰਘਾ (8-10 ਸੈਂਟੀਮੀਟਰ) ਬੀਜੋ ਅਤੇ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਕਰ ਲਵੋ । ਜੇਕਰ ਕਣਕ ਦਾ ਜੰਮ ਮਾੜਾ ਲੱਗੇ (50 ਪ੍ਰਤੀਸ਼ਤ ਤੋਂ ਘੱਟ) ਅਤੇ ਬਾਰਸ਼ਾਂ 15 ਦਸੰਬਰ ਤੋਂ ਪਹਿਲਾਂ ਹੋ ਜਾਣ ਤਾਂ ਬਿਜਾਈ ਦੁਬਾਰਾ ਕਰ ਲਵੋ।
ਖਾਦਾਂ ਪਾਉਣ ਦਾ ਸਮਾਂ ਅਤੇ ਢੰਗ
ਜੇਕਰ ਨਮੀ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਬਰਾਨੀ ਹਾਲਤਾਂ ਵਿੱਚ ਖਾਦਾਂ ਦੀ ਵਰਤੋਂ ਬਹੁਤ ਲਾਹੇਵੰਦ ਰਹਿੰਦੀ ਹੈ। ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਰੇਤਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ (ਕਾਫ਼ੀ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 32 ਕਿਲੋ ਨਾਈਟ੍ਰੋਜਨ (70 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫਾਸਫੇਟ) ਅਤੇ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ (ਘੱਟ ਨਮੀ ਸੰਭਾਲ ਸਕਣ ਵਾਲੀਆਂ) ਵਿੱਚ 16 ਕਿਲੋ ਨਾਈਟ੍ਰੋਜਨ (35 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਰੇਤਲੀਆਂ ਭਲ ਵਾਲੀਆਂ ਅਤੇ ਚੀਕਣੀਆਂ ਭਲ ਵਾਲੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਅਤੇ ਪੂਰੀ ਫ਼ਾਸਫ਼ੋਰਸ ਖਾਦਾਂ ਬਿਜਾਈ ਸਮੇਂ ਡਰਿਲ ਕਰੋ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਦਾ ਸਰਦੀਆਂ ਦੀਆਂ ਬਾਰਸ਼ਾਂ ਵੇਲੇ ਛੱਟਾ ਦੇ ਦਿਓ ਜਦਕਿ ਭਲ ਵਾਲੀ ਰੇਤਲੀ ਤੋਂ ਰੇਤਲੀਆਂ ਜ਼ਮੀਨਾਂ ਵਿੱਚ ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਕਰੋ।
ਨਦੀਨਾਂ ਦੀ ਰੋਕਥਾਮ
ਕਣਕ ਵਿੱਚ ਨਦੀਨਾਂ ਦੀ ਰੋਕਥਾਮ ਦੋ ਗੋਡੀਆਂ ਨਾਲ ਕਰ ਸਕਦੇ ਹਨ । ਇਸ ਨਾਲ ਨਦੀਨਾਂ ਦਾ ਖਾਤਮਾ ਵੀ ਹੋਵੇਗਾ ਅਤੇ ਨਾਲ ਹੀ ਜ਼ਮੀਨ ਦੀ ਉਪਰਲੀ ਸਤ੍ਹਾ ਤੋਂ ਪਾਣੀ ਦਾ ਉੱਡਣਾ ਵੀ ਘਟੇਗਾ। ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰਹੇਗੀ । ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਜਿਵੇਂਕਿ ਬਾਥੂ, ਬਿੱਲੀ ਬੂਟੀ, ਜੰਗਲੀ ਹਾਲੋਂ, ਪਿਤਪਾਪਰਾ, ਜੰਗਲੀ ਸੇਂਜੀ, ਮੈਣਾ, ਮੈਣੀ, ਜੰਗਲੀ ਪਾਲਕ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਦਾ ਛਿੜਕਾਅ 250 ਗ੍ਰਾਮ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਦਿਨਾਂ ਵਿੱਚ ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਕੀਤਾ ਜਾਵੇ। ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ ਲਈ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਦਾ ਛਿੜਕਾਅ 500 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30-35 ਦਿਨਾਂ ਦੇ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ।
ਦਾਣੇ ਭਰਨ ਸਮੇਂ ਵੱਧਦੇ ਤਾਪਮਾਨ ਤੋਂ ਬਚਾਅ ਲਈ ਪੋਟਾਸ਼ੀਅਮ ਨਾਈਟ੍ਰੇਟ ਜਾਂ ਸੈਲੀਸਿਲਕ ਏਸਿਡ ਦਾ ਛਿੜਕਾਅ ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ (ਗੋਭ ਵਾਲਾ ਪੱਤਾ ਨਿਕਲਣ ਅਤੇ ਬੂਰ ਪੈਣ ਸਮੇਂ) ਕਰੋ ਜਾਂ ਸੈਲੀਸਿਲਕ ਏਸਿਡ 15 ਗ੍ਰਾਮ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਦੋ ਛਿੜਕਾਅ (ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਸਿੱਟੇ ਵਿੱਚ ਦੁੱਧ ਪੈਣ ਸਮੇਂ) ਕਰੋ।
ਸਰੋਤ: ਬਲਵਿੰਦਰ ਸਿੰਘ ਢਿੱਲੋਂ, ਮਨਮੋਹਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਸੰਧੂ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ
Summary in English: Coastal Area: Tips for proper cultivation of wheat, the main crop of rabi in dry areas, seed modification and weed control