1. Home
  2. ਖੇਤੀ ਬਾੜੀ

ਆਓ ਕਰੀਏ ਸਟੋਰ ਕੀਤੇ ਅਨਾਜ ਦਾ Pest Management

ਜਿਹੜੇ ਕਿਸਾਨ ਵੀਰ ਦਾਣਿਆਂ ਨੂੰ ਖਾਣ ਲਈ, ਮੰਡੀਕਰਨ ਲਈ ਜਾਂ ਫਿਰ ਬੀਜ ਲਈ ਰੱਖਦੇ ਹਨ, ਉਨ੍ਹਾਂ ਲਈ ਸਟੋਰਾਂ ਵਿੱਚ ਆਉਣ ਵਾਲੇ ਕੀੜੇ ਹਮੇਸ਼ਾ ਹੀ ਖ਼ਤਰਾ ਬਣੇ ਰਹਿੰਦੇ ਹਨ, ਅਜਿਹੇ 'ਚ ਕੀੜਿਆਂ ਦੀ ਰੋਕਥਾਮ ਲਈ ਅਪਣਾਓ ਇਹ ਤਰੀਕਾ।

Gurpreet Kaur Virk
Gurpreet Kaur Virk
ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰਾਂ ਵਿੱਚ ਕਈ ਤਰ੍ਹਾਂ ਦੇ ਕੀੜੇ ਆਉਂਦੇ ਹਨ, ਜੋ ਸਟੋਰ ਕੀਤੇ ਅਨਾਜ ਨੂੰ ਨੁਕਸਾਨ ਪਹੁੰਚਾਊਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਕਟਾਈ ਤੋਂ ਬਾਅਦ ਦਾਣਿਆਂ ਨੂੰ ਹੋਣ ਵਾਲਾ ਨੁਕਸਾਨ 9.33 % ਹੈ, ਜਿਸ ਵਿੱਚੋਂ 6.58% ਕੀੜੇ, ਚੂਹੇ ਤੇ ਸੂਖਮਜੀਵ ਕਰਦੇ ਹਨ ਅਤੇ 2.55% ਕੇਵਲ ਕੀੜਿਆਂ ਕਰਕੇ ਹੁੰਦਾ ਹੈ। ਇਸ ਤਰ੍ਹਾਂ ਸਟੋਰ ਕੀਤੇ ਦਾਣਿਆਂ ਨੂੰ ਕੀੜੇ-ਮਕੌੜੇੇ, ਉੱਲੀ, ਚੂਹੇ, ਪੰਛੀ, ਸੂਖਮ ਜੀਵ ਤੇ ਨੁਕਸਾਨ ਕਰਦੇ ਹੀ ਜਨ, ਪਰ ਇਸ ਦੇ ਨਾਲ-ਨਾਲ ਸਹੀ ਤਾਪਮਾਨ ਨਾ ਹੋਣਾ, ਸਿਲ੍ਹ ਦਾ ਜਿਆਦਾ ਹੋਣਾ, ਸਟੋਰ ਕਰਨ ਦਾ ਢੰਗ, ਸਮਾਂ ਅਤੇ ਸਟੋਰਾਂ ਦੀ ਸਹੀ ਬਨਾਵਟ ਦਾ ਨਾ ਹੋਣਾ ਆਦਿ।

ਮਈ-ਅਕਤੂਬਰ ਮਹੀਨੇ ਵਿੱਚ ਮੌਸਮ ਵਿੱਚ ਨਮੀਂ ਦੀ ਮਾਤਰਾ ਵਧੇਰੇ ਹੋਣ ਕਾਰਣ ਇਹਨਾਂ ਨੂੰ ਕੀੜਿਆਂ ਦੇ ਵੱਧਣ ਫੁੱਲਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਗੁਦਾਮਾਂ ਦੇ ਕੀੜਿਆਂ ਦੀਆਂ ਤਕਰੀਬਨ 20 ਪ੍ਰਜਾਤੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਹਨ। ਇਹ ਕੀੜੇ ਕਈ ਤਰੀਕਿਆਂ ਨਾਲ ਅਨਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਕੀੜੇ 2 ਭਾਗਾਂ ਵਿੱਚ ਵੰਢੇ ਗਏ ਹਨ: ਮੁੱਖ/ਪ੍ਰਾਇਮਰੀ ਕੀੜੇ, ਜੋ ਕਿ ਸਾਬਤ ਅਨਾਜ ਨੂੰ ਖਾਂਦੇ ਹਨ ਅਤੇ ਸਕੈਂਡਰੀ ਕੀੜੇ, ਜੋ ਕਿ ਪ੍ਰੋਸੈਸ ਕੀਤੇ ਅਨਾਜ ਨੂੰ ਖਰਾਬ ਕਰਦੇ ਹਨ।ਇਹ ਕੀੜੇ ਸਟੋਰ ਕੀਤੇ ਅਨਾਜ ਨੂੰ ਸਿੱਧਾ ਖਾ ਕੇ, ਉਹਨਾਂ ਵਿੱਚ ਮੋਰੀਆਂ ਕਰਕੇ, ਅਨਾਜ ਨੂੰ ਪਾਉਡਰ ਵਿੱਚ ਤਬਦੀਲ ਕਰਕੇ ਦਾਣਿਆਂ ਦੀ ਪੌਸ਼ਟਿਕਤਾ ਨੂੰ ਖਤਮ ਕਰ ਦਿੰਦੇ ਹਨ। ਪੰਜਾਬ ਵਿੱਚ ਸਟੋਰ ਕੀਤੇ ਦਾਣਿਆਂ ਤੇ ਆਉਣ ਵਾਲੇ ਕੀੜੇ ਇਸ ਤਰ੍ਹਾਂ ਹਨ।

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਮੁੱਖ/ਪ੍ਰਾਇਮਰੀ ਕੀੜੇ:

1. ਦਾਣਿਆਂ ਦਾ ਘੁੱਣ: ਇਹ ਕੀੜਾ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦੇ ਨੁਕਸਾਨ ਕਰਦਾ ਹੈ।ਇਸ ਦੀਆਂ ਸੁੰਡੀਆਂ ਅਤੇ ਸੁਸਰੀ ਦਾਣਿਆਂ ਨੂੰ ਨੁਕਸਾਨ ਪਹੁੰਚਾਉਦੀ ਹੈ ਅਤੇ ਪਿੱਛੇ ਸਿਰਫ ਖੋਲ ਰਹਿ ਜਾਂਦਾ ਹੈ। ਸੁੰਡੀ ਵਾਧੂ ਆਟੇ ਦੇ ਉੱਤੇ ਵਧਦੀ-ਫੁੱਲਦੀ ਹੈ, ਜਦੋਂਕਿ ਸੁਸਰੀ ਦਾਣਿਆਂ ਨੂੰ ਖਾ ਕੇ ਉਹਨਾਂ ਦਾ ਧੂੜਾ ਬਣਾ ਦਿੰਦੀ ਹੈ।

2. ਚੌਲਾਂ ਦੀ ਸੁੰਢ ਵਾਲੀ ਸੁਸਰੀ: ਇਹ ਕੀੜਾ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁਸਰੀ ਦਾਣਿਆਂ ਵਿੱਚ ਮੋਰੀਆਂ ਕਰਕੇ ਉਹਨਾਂ ਨੂੰ ਨਸ਼ਟ ਕਰਦੀ ਹੈ, ਜਦਕਿ ਸੁੰਡੀ ਦਾਣਿਆਂ ਦਾ ਮਾਦਾ ਖਾਂਦੇ ਹੈ।

3. ਖੱਪਰਾ ਭੂੰਡੀ: ਇਹ ਕੀੜਾ ਕਣਕ, ਜਵਾਰ, ਦਾਲਾਂ, ਤੇਲ ਬੀਜ ਫ਼ਸਲਾਂ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਸੁੰਡੀ ਦਾਣੇ ਦਾ ਨੁਕਸਾਨ ਉਗਣ ਵਾਲੀ ਜਗ੍ਹਾ ਤੋਂ ਕਰ ਦਿੰਦੀ ਹੈ। ਇਹ ਦਾਣੇ ਨੂੰ ਬਾਹਰ ਤੋਂ ਖਾਂਦੀ ਹੈ ਅਤੇ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਸਿੱਧਾ ਨੁਕਸਾਨ ਨਹੀਂ ਕਰਦੀ ਪਰ ਇਸ ਦੀ ਕੁੰਜ, ਚਮੜੀ ਅਤੇ ਵਾਲਾਂ ਦੇ ਉਤਰਨ ਕਰਕੇ ਦਾਣਿਆਂ ਦੀ ਬਜ਼ਾਰੂ ਕੀਮਤ ਨਹੀਂ ਰਹਿੰਦੀ।

4. ਦਾਲਾਂ ਦਾ ਢੋਰਾ: ਇਹ ਦਾਲਾਂ (ਛੋਲੇ, ਮਸਰ, ਮੂੰਗੀ, ਮਾਂਹ) ਦਾ ਮੁੱਖ ਕੀੜਾ ਹੈ । ਇਸ ਦੀ ਭੂੰਡੀ ਦਾਿਣਆਂ ਨੂੰ ਨਹੀਂ ਖਾਂਦੀ, ਪਰ ਉਹ ਦਾਲਾਂ ਦੇ ਦਾਣਿਆਂ ਤੇ ਅੰਡੇ ਦਿੰਦੀ ਹੈ। ਅੰਡੇ ਵਿੱਚੋਂ ਨਿਕਲਦੇ ਹੀ ਸੁੰਡੀ ਦਾਣੇ ਵਿੱਚ ਵੜ ਜਾਂਦੀ ਹੈ ਅਤੇ ਉਥੇ ਹੀ ਆਪਣਾ ਪੂਰਾ ਸਮਾਂ ਬਿਤਾਉਂਦੀ ਹੈ।ਇਹ ਦਾਣੇ ਨੂੰ ਅੰਦਰੋਂ ਅੰਦਰ ਖਾ ਕੇ ਪੂਰੀ ਤਰ੍ਹਾਂ ਖਾਲੀ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਦਾਲਾਂ ਦਾ ਬਹੁਤ ਨੁਕਸਾਨ ਕਰਦੀ ਹੈ।

5. ਐਂਗੂਮੋਅਸ ਦਾਣਿਆਂ ਦਾ ਪਤੰਗਾਂ: ਇਹ ਕੀੜਾ ਵੀ ਕਣਕ, ਚੌਲ, ਮੱਕੀ, ਜਵਾਰ ਅਤੇ ਬਾਜਰਾ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਦਾਣਿਆਂ ਦਾ ਸਾਰਾ ਮਾਦਾ ਖਾ ਕੇ ਇਸ ਦੇ ਅੰਦਰ ਆਪਣਾ ਮਲ ਪਦਾਰਥ ਭਰ ਦਿੰਦੀ ਹੈ, ਜਿਸ ਕਾਰਨ ਦਾਣਿਆਂ ਵਿੱਚੋਂ ਬਦਬੂ ਆਉਂਦੀ ਹੈ।

ਇਹ ਵੀ ਪੜ੍ਹੋ : ਝੋਨੇ-ਬਾਸਮਤੀ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਟਨਾਸ਼ਕਾਂ

ਸਕੈਂਡਰੀ ਕੀੜੇ:

1. ਆਟੇ ਦੀ ਲਾਲ ਸੁਸਰੀ: ਇਹ ਕੀੜਾ ਕਣਕ ਦੇ ਟੁੱਟੇ ਦਾਣੇ, ਆਟਾ, ਬਿਸਕੁਟ, ਰਸ, ਬਰੈਡ ਆਦਿ ਦਾ ਨੁਕਸਾਨ ਕਰਦਾ ਹੈ।ਇਸ ਦੀ ਸੁੰਡੀ ਅਤੇ ਸੁਸਰੀ ਟੁੱਟੇ ਹੋਏ ਦਾਣਿਆਂ ਨੂੰ, ਪੀਸੇ ਹੋਏ ਸਮਾਨ ਨੂੰ, ਆਟੇ ਨੂੰ ਅਤੇ ਦਾਣੇ ਦੇ ਉਗਣ ਵਾਲੇ ਹਿੱਸੇ ਦਾ ਨੁਕਸਾਨ ਕਰਦੇ ਹਨ।ਜੇਕਰ ਆਟੇ ਵਿੱਚ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਵੇ ਤਾਂ ਆਟੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਜੋ ਕਿ ਕੁਆਲਿਟੀ ਤੇ ਮਾੜਾ ਅਸਰ ਪਾਉਂਦੀ ਹੈ।

2. ਚੌਲਾਂ ਦਾ ਪਤੰਗਾਂ (ਰਾਈਸ ਮੋਥ): ਇਹ ਕੀੜਾ ਚੌਲ, ਜਵਾਰ, ਮੋਟਾ ਅਨਾਜ, ਦਾਲਾਂ, ਤੇਲਬੀਜ, ਮੇਵੇ, ਬਦਾਮ, ਅਖਰੋਟ, ਮਸਾਲੇ, ਬਰੈਡ, ਬਿਸਕੁਟ ਦਾ ਨੁਕਸਾਨ ਕਰਦਾ ਹੈ।ਇਸ ਦੀ ਸੁੰਡੀ ਟੁੱਟੇ ਹੋਏ ਦਾਣਿਆਂ ਨੂੰ ਖਾ ਕੇ ਇਹਨਾਂ ਦਾਣਿਆਂ ਨੂੰ ਆਪਣੇ ਮਲ ਪਦਾਰਥ ਅਤੇ ਰੇਸ਼ਮੀ ਧਾਗਿਆਂ ਨਾਲ ਜੋੜਦੀ ਹੈ, ਜਿਸ ਦਾ ਭਾਰ 2 ਕਿੱਲੋ ਤੱਕ ਵੀ ਚਲਾ ਜਾਂਦਾ ਹੈ। ਨਤੀਜੇ ਵਜੋਂ ਖਾਣ ਵਾਲੇ ਪਦਾਰਥ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ।

3. ਆਰਾ ਦੰਦ ਭੂੰਡੀ: ਇਹ ਭੂੰਡੀ ਚੌਲ, ਕਣਕ, ਮੱਕੀ, ਅਨਾਜ ਤੋਂ ਬਣੇ ਪਦਾਰਥ, ਤੇਲਬੀਜ ਅਤੇ ਡਰਾਈ ਫਰੂਟ ਆਦਿ ਦਾ ਨੁਕਸਾਨ ਕਰਦੀ ਹੈ। ਇਸ ਦੀ ਸੁੰਡੀ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਨੂੰ ਬਹੁਤ ਨੁਕਸਾਨ ਕਰਦੇ ਹਨ।

ਇਹ ਵੀ ਪੜ੍ਹੋ : ਨਰਮੇ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸੰਯੁਕਤ ਕੀਟ ਪ੍ਰਬੰਧਨ ਤਕਨੀਕਾਂ ਅਪਨਾਓ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰ ਕੀਤੇ ਦਾਣਿਆਂ ਵਿੱਚ ਕੀੜਿਆਂ ਦੀ ਰੋਕਥਾਮ:

ਦਾਣਿਆਂ ਦੀ ਸੰਭਾਲ ਵਾਸਤੇ ਸੱਭ ਤੋਂ ਜ਼ਿਆਦਾ ਤੇ ਆਮ ਸਲਫਾਸ ਦੀ ਧੂਣੀ ਨੂੰ ਵਰਤਿਆ ਜਾਂਦਾ ਹੈ। ਇਹ ਤਰੀਕਾ ਹਰ ਉਸ ਜਗ੍ਹਾ ਤੇ ਵਰਤਿਆ ਜਾਂਦਾ ਹੈ ਜਿੱਥੇ ਦਾਣੇ ਸਟੋਰ ਕੀਤੇ ਜਾਣੇ ਹਨ ਭਾਵੇਂ ਉਹ ਖਾਣ ਵਾਸਤੇ, ਮੰਡੀਕਰਨ ਵਾਸਤੇ ਜਾਂ ਫਿਰ ਬੀਜ ਵਾਸਤੇ ਵਰਤੇ ਜਾਣੇ ਹੋਣ। ਪਰ ਕੀੜਿਆਂ ਦੀ ਰੋਕਥਾਮ ਲਈ ਹਮੇਸ਼ਾਂ ਤੋਂ ਸਰਵਪੱਖੀ ਰੋਕਥਾਮ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸੂਰੂਆਤੀ ਉਪਰਾਲੇ ਤਾਂ ਜੋ ਅਨਾਜ ਨੂੰ ਕੀੜਾ ਨਾ ਲੱਗੇ:

• ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਸੀਮੈਂਟ ਜਾਂ ਮਿੱਟੀ ਦੇ ਗਾਰੇ ਨਾਲ ਬੰਦ ਕਰਨਾ ਚਾਹੀਦਾ ਹੈ।

• ਦਾਣੇ ਭੰਡਾਰ ਕਰਨ ਤੋ ਪਹਿਲਾਂ ਗੁਦਾਮਾਂ/ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ।

• ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ।

• ਪੁਰਾਣੇ ਅਤੇ ਨਵੇਂ ਦਾਣਿਆਂ ਨੂੰ ਆਪਸ ਵਿੱਚ ਨਾ ਮਿਲਾਓ, ਇਸ ਤਰ੍ਹਾਂ ਕਰਨ ਨਾਲ ਪੁਰਾਣੇ ਦਾਣਿਆਂ ਨੂੰ ਲੱਗੇ ਕੀੜੇ ਨਵੇਂ ਦਾਣਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।

• ਸਟੋਰਾਂ ਨੂੰ ਬਣਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਵਿੱਚ ਸਿੱਲ/ਨਮੀ ਨਾ ਆ ਸਕੇ ।

• ਦਾਣੇ ਭਰਨ ਤੋਂ ਪਹਿਲਾਂ ਟੀਨ ਦੇ ਭੜੋਲੇ/ਡਰਮਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ 2-3 ਦਿਨ ਧੁੱਪੇ ਰੱਖ ਲਵੋ।

ਇਹ ਵੀ ਪੜ੍ਹੋ : Eco-Friendly: ਕੀਟ ਪ੍ਰਬੰਧ ਲਈ ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ ਅਪਣਾਓ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

ਸਟੋਰ ਕੀਤੇ ਅਨਾਜ ਵਿੱਚ ਕੀੜਿਆਂ ਦੀ ਰੋਕਥਾਮ ਦਾ ਤਰੀਕਾ

• ਦਾਣਿਆਂ ਵਿਚ ਨਮੀ ਦੀ ਮਾਤਰਾ 9 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

• ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਧੁੱਪੇ ਸੁਕਾ ਲਵੋ। ਫਿਰ ਠੰਡੇ ਕਰਕੇ ਸ਼ਾਮ ਨੂੰ ਢੋਲਾਂ ਵਿਚ ਪਾਓ।

• ਅਨਾਜ ਭੰਡਾਰ ਕਰਣ ਲਈ ਹਮੇਸ਼ਾਂ ਨਵੀਆਂ ਬੋਰੀਆਂ ਦਾ ਇਸਤਮਾਲ ਕਰਨਾ ਚਾਹੀਦਾ ਹੈ।

• ਖਾਲੀ ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 100 ਮਿਲੀਲਿਟਰ ਸਾਇਥੀਅਨ 50 ਤਾਕਤ (ਮੈਲਾਥੀਅਨ ਪ੍ਰੀਮੀਅਮ ਗਰੇਡ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ ਜਾਂ 25 ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਪ੍ਰਤੀ 100 ਘਣ ਮੀਟਰ ਜਗ੍ਹਾ ਦੇ ਹਿਸਾਬ ਨਾਲ ਹਵਾ ਬੰਦ ਕਮਰੇ ਵਿੱਚ ਧੂਣੀ ਦਿਉ ਅਤੇ ਕਮਰੇ ਨੂੰ 7 ਦਿਨ ਤੱਕ ਨਾ ਖੋਲੋ। ਜੇਕਰ ਦਾਣਿਆਂ ਨੂੰ ਖਪਰਾ ਭੂੰਡੀ ਲੱਗੀ ਹੋਵੇ ਤਾਂ ਇਹਨਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁਗਣੀ ਕਰ ਦਵੋ।

• ਸਟੋਰ ਕੀਤੀਆਂ ਦਾਲਾਂ ਨੂੰ ਢੋਰੇ ਤੋਂ ਬਚਾਉਣ ਵਾਸਤੇ ਉਹਨਾਂ ਉਪਰ 7 ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦਵੋ।

ਇਹ ਵੀ ਪੜ੍ਹੋ : ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦੀ Integrated Pest Management ਰਾਹੀਂ ਰੋਕਥਾਮ

ਅਨਾਜ ਨੂੰ ਕੀੜਾ ਲੱਗਣ ਤੇ ਰੋਕਥਾਮ ਦੇ ਢੰਗ

• ਕੀੜੇ ਲੱਗੇ ਦਾਣਿਆਂ ਲਈ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮ ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇੱਕ ਗੋਲੀ ਇੱਕ ਟਨ ਦਾਣਿਆਂ ਲਈ ਵਰਤੋ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤ ਕੇ ਹਵਾ ਬੰਦ ਕਮਰੇ ਵਿੱਚ ਧੂਣੀ ਦਵੋ।ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤੱਕ ਹਵਾ ਬੰਦ ਰੱਖੋ।

ਜਦੋਂ ਵੀ ਗੁਦਾਮਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ਤਾਂ ਧਿਆਨ ਰੱਖੋ ਕਿ ਐਲੂਮੀਨੀਅਮ ਫਾਸਫਾਈਡ ਇੱਕ ਘਾਤਕ ਗੈਸ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਦੀ ਵਰਤੋਂ ਰਿਹਾਇਸੀ ਮਕਾਨਾਂ ਵਿੱਚ ਬਿਲਕੁਲ ਨਾ ਕਰੋ।ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿੱਚ ਹੀ ਕਰੋ ਜਾਂ ਅਨਾਜ ਨੂੰ ਤਰਪਾਲ ਦੇ ਚਾਰੇ ਪਾਸੇ ਬੰਦ ਕਰਕੇ ਇੱਕ ਪਾਸੇ ਤੋਂ ਦਵਾਈ ਵਰਤੋ।

ਮਨਪ੍ਰੀਤ ਕੌਰ ਸੈਣੀ ਅਤੇ ਡੀ ਕੇ ਸ਼ਰਮਾ*
ਪੀਏਯੂ, ਪ੍ਰੋਸੈਸਿੰਗ ਅਤੇ ਫੂਡ ਇੰਜੀਨਿਅਰਿੰਗ ਵਿਭਾਗ
*ਕੀਟ ਵਿਗਿਆਨ ਵਿਭਾਗ
email: dksharma134@pau.edu

Summary in English: Comprehensive pest management of stored grains

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters