Cotton Crop: ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹੇ ਜਿਵੇਂ ਕਿ ਬਠਿੰਡਾ, ਫਾਜ਼ਿਲਕਾ, ਮਾਨਸਾ, ਮੁਕਤਸਰ ਅਤੇ ਫਰੀਦਕੋਟ ਆਦਿ ਨੂੰ ਨਰਮਾ ਪੱਟੀ ਦਾ ਕੇਂਦਰ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਨਰਮੇ ਦੀ ਕਾਸ਼ਤ ਵਿੱਚ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ, ਜਿਹਨਾਂ ਵਿੱਚੋਂ ਕੀੜੇ ਮਕੌੜਿਆਂ ਦਾ ਹਮਲਾ ਮੁੱਖ ਸਮੱਸਿਆ ਹੈ।
ਟੀਂਡੇ ਦੀਆਂ ਸੁੰਡੀਆਂ ਅਤੇ ਰਸ ਚੂਸਣ ਵਾਲੇ ਕੀੜੇ ਕਈ ਵਾਰ ਫਸਲ ਦਾ ਵੱਡਾ ਨੁਕਸਾਨ ਕਰ ਜਾਂਦੇ ਹਨ। ਗੁਲਾਬੀ ਸੁੰਡੀ ਨਰਮੇ ਦੀ ਫਸਲ ਦਾ ਮਹੱਤਵਪੂਰਨ ਕੀੜਾ ਹੈ, ਜੋ ਸਿਰਫ ਨਰਮੇ/ਕਪਾਹ ਦੀ ਫਸਲ ਉੱਪਰ ਹੀ ਪਲਦਾ ਹੈ। ਅਜਿਹੇ 'ਚ ਅੱਜ ਅਸੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਂਝੀ ਕੀਤੀ ਗਈ ਇੱਕ ਐਡਵਾਈਜ਼ਰੀ ਬਾਰੇ ਗੱਲ ਕਰਾਂਗੇ, ਜਿਸ ਵਿੱਚ ਨਰਮੇ ਦੀ ਫਸਲ ਬਾਰੇ ਚੰਗੀ ਸਲਾਹ ਦਿੱਤੀ ਗਈ ਹੈ।
ਕਪਾਹ ਯਾਨੀ ਨਰਮਾ, ਇਹ ਨਾਮ ਸੁਣਨ ਵਿੱਚ ਜਿੰਨਾ ਵਧੀਆ ਲੱਗਦਾ ਹੈ, ਉਨ੍ਹਾਂ ਹੀ ਇਸਦੀ ਫਸਲ ਦੇਖਣ ਵਿੱਚ ਚੰਗੀ ਹੁੰਦੀ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਕਪਾਹ ਦੀ ਮੰਗ ਹਰ ਸਾਲ ਤੇਜ਼ੀ ਨਾਲ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਕਿਸਾਨ ਨਰਮੇ ਦੀ ਖੇਤੀ ਨੂੰ ਆਪਣਾ ਕਾਰੋਬਾਰ ਬਣਾ ਰਹੇ ਹਨ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਤੇ ਕਿਸਾਨ ਇਸ ਦੀ ਕਾਸ਼ਤ ਕਰਨ ਤੋਂ ਪਹਿਲਾਂ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਫ਼ਸਲ ਨੂੰ ਗੁਲਾਬੀ ਝੁਲਸ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਫ਼ਸਲ ਥੋੜ੍ਹੇ ਸਮੇਂ ਵਿੱਚ ਹੀ ਖ਼ਰਾਬ ਹੋ ਜਾਂਦੀ ਹੈ। ਅਜਿਹੇ 'ਚ ਅੱਜ ਅਸੀਂ ਜੋ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰ ਰਹੇ ਹਾਂ, ਉਸ 'ਤੇ ਅਮਲ ਕਰਕੇ ਕਿਸਾਨ ਆਪਣੀਆਂ ਫਸਲਾਂ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਨ।
ਨਰਮੇ ਦੀ ਫਸਲ ਲਈ ਸਲਾਹ
ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਹਰ ਹਾਲਤ ਵਿੱਚ ਖਤਮ ਕਰ ਲਓ। ਨਰਮਾ ਨਿੰਬੂ ਜਾਤੀ ਦੇ ਬਾਗਾਂ ਨੇੜੇ ਨਾ ਬੀਜੋ। ਲਾਗੇ ਭਿੰਡੀ, ਮੂੰਗੀ, ਢੈਂਚਾ, ਅਰਿੰਡ, ਅਰਹਰ ਆਦਿ ਦੀ ਫ਼ਸਲ ਵੀ ਨਾ ਲਗਾਉ। ਖੇਤ ਸਾਫ਼ ਰੱਖੋ। ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨਿਆਂ ਤੋਂ ਖ਼ਤਮ ਕਰ ਦਿਉ ਕਿਉਂਕਿ ਪੱਤਾ ਮਰੋੜ ਵਾਇਰਸ ਨਰਮੇ ਤੇ ਹਮਲਾ ਕਰਨ ਤੋਂ ਪਹਿਲਾਂ ਇਥੇ ਹੀ ਪਲਦਾ ਹੈ। ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿਉ।
ਫਸਲਾਂ ਦਾ ਲਗਾਤਾਰ ਸਰਵੇਖਣ ਜ਼ਰੂਰੀ
ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ 'ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ। ਇਸ ਮਹੀਨੇ ਨਰਮੇ ਦੀ ਫਸਲ ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜਿੱਥੇ ਕਿਤੇ ਇਟਸਿੱਟ ਨਦੀਨ ਪਹਿਲੀ ਸਿੰਚਾਈ ਜਾਂ ਬਰਸਾਤ ਮਗਰੋਂ ਉੱਗਦੇ ਹਨ ਤਾਂ ਸਟੌਂਪ 30 ਤਾਕਤ ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਛਿੜਕੋ।
ਇਹ ਵੀ ਪੜ੍ਹੋ : Fodder Crop: ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਫ਼ਸਲਾਂ ਦੀ ਕਰੋ ਕਾਸ਼ਤ, ਪਸ਼ੂਆਂ ਲਈ ਹਰੇ ਚਾਰੇ ਦੀ ਕਮੀ ਹੋ ਜਾਵੇਗੀ ਦੂਰ
ਇਨ੍ਹਾਂ ਫਸਲਾਂ ਨੇੜੇ ਕਿਉਂ ਨਹੀਂ ਕਰਨੀ ਚਾਹੀਦੀ ਨਰਮੇ ਦੀ ਬਿਜਾਈ?
ਭਿੰਡੀ, ਮੂੰਗੀ, ਢੈਂਚਾ, ਅਰਿੰਡ, ਅਰਹਰ ਅਤੇ ਨਿੰਬੂ ਜਾਤੀ ਦੇ ਬਾਗਾਂ ਨੇੜੇ ਕਿਉਂ ਨਰਮੇ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਇਸ ਬਾਰੇ ਜਦੋਂ ਕ੍ਰਿਸ਼ੀ ਜਾਗਰਣ ਪੰਜਾਬੀ ਦੀ ਪ੍ਰਿੰਟ ਅਤੇ ਡਿਜੀਟਲ ਐਡੀਟਰ ਗੁਰਪ੍ਰੀਤ ਕੌਰ ਵਿਰਕ ਨੇ ਡਾ. ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਫਰੀਦਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਸਲਾਂ 'ਤੇ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ, ਜੋ ਬਾਅਦ ਵਿੱਚ ਨਰਮੇ ਦੀ ਫ਼ਸਲ ਨੂੰ ਪ੍ਰਭਾਵਿਤ ਕਰਦਾ ਹੈ। ਸਿੱਟੇ ਵਜੋਂ ਗੁਲਾਬੀ ਸੁੰਡੀ ਨਰਮੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ।
Summary in English: Cotton Crop, Advisory for May Month, Do not plant cotton crop near citrus groves, it can cause great damage