1. Home
  2. ਖੇਤੀ ਬਾੜੀ

Crop Protection: ਆਲੂ ਦੀ ਫਸਲ ਦੇ ਕੀੜੇ-ਮਕੌੜਿਆਂ ਦੀ ਰੋਕਥਾਮ

ਕੀੜੇ-ਮਕੌੜਿਆਂ ਦਾ ਸੰਯੁਕਤ ਤਰੀਕਿਆਂ ਨਾਲ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਉਸ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਦਾ ਹੈ। ਇਸ ਲਈ ਅੱਜ ਅਸੀਂ ਆਲੂਆਂ ਦੇ ਕੀੜਿਆਂ ਦੀ ਜਾਣਕਾਰੀ ਅਤੇ ਰੋਕਥਾਮ ਦੇ ਢੰਗ ਬਾਰੇ ਗੱਲ ਕਰਾਂਗੇ।

Gurpreet Kaur Virk
Gurpreet Kaur Virk
ਆਲੂ ਦੀ ਫਸਲ ਦੇ ਕੀੜੇ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਆਲੂ ਦੀ ਫਸਲ ਦੇ ਕੀੜੇ-ਮਕੌੜਿਆਂ ਦੀ ਸੁਚੱਜੀ ਰੋਕਥਾਮ

Prevention of Potato Crop Pests: ਆਲੂ ਸੰਸਾਰ ਵਿੱਚ ਪੰਜ ਸਭ ਤੋਂ ਵੱਧ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਹੈ। ਪੰਜਾਬ ਵਿੱਚ ਕੁੱਲ ਸਬਜ਼ੀਆਂ ਵਿੱਚੋਂ ਤਕਰੀਬਨ ਅੱਧੇ ਕੁ ਰਕਬੇ ਤੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਆਲੂਆਂ ਦੀ ਫਸਲ ਉੱਪਰ ਕਈ ਤਰ੍ਹਾਂ ਦੇ ਕੀੜੇ-ਮਕੌੜਿਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਇਨ੍ਹਾਂ ਦਾ ਝਾੜ ਤਾਂ ਘਟਦਾ ਹੀ ਹੈ ਸਗੋਂ ਆਲੂਆਂ ਦੀ ਗੁਣਵੱਤਾ ਉੱਪਰ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਵਧੇਰੇ ਝਾੜ ਅਤੇ ਨਰੋਏ ਆਲੂ ਪੈਦਾ ਕਰਨ ਲਈ ਕੀੜੇ-ਮਕੌੜਿਆਂ ਦੀ ਸੁਚੱਜੀ ਰੋਕਥਾਮ ਅਤਿ ਜ਼ਰੂਰੀ ਹੈ। ਆਲੂਆਂ ਦੇ ਕੀੜਿਆਂ ਦੀ ਜਾਣਕਾਰੀ ਅਤੇ ਰੋਕਥਾਮ ਦੇ ਢੰਗ ਤਰੀਕੇ ਹੇਠਾਂ ਦਿੱਤੇ ਗਏ ਹਨ।

ਆਲੂਆਂ ਦਾ ਚੇਪਾ

ਪੰਜਾਬ ਵਿੱਚ ਚੇਪਾ ਆਲੂਆਂ ਦਾ ਮਹੱਤਵਪੂਰਨ ਕੀੜਾ ਹੈ। ਬੱਚੇ ਅਤੇ ਜਵਾਨ ਦੋਵੇਂ ਹੀ ਬੂਟੇ ਦਾ ਰਸ ਚੂਸ ਕੇ ਫਸਲ ਦਾ ਨੁਕਸਾਨ ਕਰਦੇ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਪੱਤੇ ਹੇਠਾਂ ਵੱਲ ਮੁੜ ਜਾਂਦੇ ਹਨ, ਪੀਲੇ ਪੈ ਜਾਂਦੇ ਹਨ ਅਤੇ ਝੜ ਵੀ ਜਾਂਦੇ ਹਨ। ਵਧੇਰੇ ਨੁਕਸਾਨ ਇਹ ਕਈ ਤਰ੍ਹਾਂ ਦੇ ਵਿਸ਼ਾਣੂ ਰੋਗ ਫੈਲਾ ਕੇ ਕਰਦਾ ਹੈ ਜਿਸ ਨਾਲ ਬੀਜ ਵਾਲੇ ਆਲੂਆਂ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ। ਬੀਜ ਲਈ ਅਰੋਗ ਫ਼ਸਲ ਲੈਣ ਲਈ, ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਜਦ ਕਿ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋ ਜਾਵੇ ਤਾਂ ਪੱਤੇ ਕੱਟ ਦਿਉ।

ਕੀੜੇ ਦਾ ਹਮਲਾ ਹੋਣ ਦੀ ਸੂਰਤ ਵਿੱਚ ਰੋਕਥਾਮ ਲਈ 300 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ (ਆਕਸੀਡੈਮੇਟੋਨ ਮੀਥਾਈਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਪੈਣ ਤੇ ਦਸ ਦਿਨਾਂ ਤੇ ਵਕਫੇ ਤੇ ਦੁਬਾਰਾ ਛਿੜਕਾਅ ਕਰੋ। ਮੈਟਾਸਿਸਟਾਕਸ ਨੂੰ ਆਲੂ ਪੁੱਟਣ ਦੇ 3 ਹਫਤੇ ਦੇ ਅੰਦਰ ਛਿੜਕਾਅ ਨਾ ਕਰੋ। ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਚੇਪੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਚੇਪੇ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।

ਆਲੂਆਂ ਦਾ ਹਰਾ ਤੇਲਾ ਜਾਂ ਜੈਸਿਡ

ਇਸ ਕੀੜੇ ਨੂੰ ਲੀਫ ਹਾਪਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਰਸ ਚੂਸਣ ਵਾਲਾ ਕੀੜਾ ਹੈ ਅਤੇ ਕਈ ਫਸਲਾਂ ਉੱਪਰ ਨੁਕਸਾਨ ਕਰਦਾ ਹੈ। ਇਹ ਕੀੜਾ ਸਾਰਾ ਸਾਲ ਹੀ ਵੱਖ ਵੱਖ ਫਸਲਾਂ ਉੱਪਰ ਹਮਲਾ ਕਰਦਾ ਰਹਿੰਦਾ ਹੈ। ਆਲੂਆਂ ਤੇ ਇਸਦਾ ਹਮਲਾ ਅਕਤੂਬਰ-ਨਵੰਬਰ ਅਤੇ ਮਾਰਚ-ਅਪ੍ਰੈਲ ਵਿੱਚ ਹੁੰਦਾ ਹੈ ਪਰ ਪੱਤਝੜ ਵਿੱਚ ਬੀਜੀ ਫਸਲ ਦਾ ਇਹ ਜ਼ਿਆਦਾ ਨੁਕਸਾਨ ਕਰਦਾ ਹੈ। ਇਸਦੇ ਬੱਚੇ ਅਤੇ ਜਵਾਨ ਦੋਵੇਂ ਹੀ ਬੂਟਿਆਂ ਦਾ ਰਸ ਚੂਸਦੇ ਹਨ। ਇਹ ਕੀੜਾ ਬੂਟਿਆਂ ਵਿੱਚ ਇੱਕ ਜ਼ਹਿਰੀਲਾ ਪਦਾਰਥ ਛੱਡ ਕੇ ਵੀ ਨੁਕਸਾਨ ਕਰਦਾ ਹੈ, ਹਮਲੇ ਵਾਲੇ ਪੱਤੇ ਪਹਿਲਾਂ ਪੀਲੇ ਫਿਰ ਲਾਲ ਹੋ ਜਾਂਦੇ ਹਨ ਅਤੇ ਉੱਪਰ ਵੱਲ ਮੁੜ ਜਾਂਦੇ ਹਨ। ਇਸ ਦੇ ਹਮਲੇ ਨਾਲ ਪੱਤੇ ਝੜ ਜਾਂਦੇ ਹਨ, ਫਸਲ ਮਧਰੀ ਰਹਿ ਜਾਂਦੀ ਹੈ, ਸੜੀ ਹੋਈ ਲਗਦੀ ਹੈ ਅਤੇ ਆਲੂ ਘੱਟ ਬਣਦੇ ਹਨ।

ਇਹ ਵੀ ਪੜ੍ਹੋ: ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ

ਕੁਤਰਾ ਸੁੰਡੀ (ਚੋਰ ਸੁੰਡੀ)

ਇਹ ਕੀੜਾ ਬਹੁਤ ਸਾਰੀਆਂ ਫਸਲਾਂ ਤੇ ਹਮਲਾ ਕਰਦਾ ਹੈ ਪਰ ਆਲੂਆਂ ਉੱਪਰ ਇਸਦਾ ਹਮਲਾ ਕਦੇ-ਕਦੇ ਹੀ ਜ਼ਿਆਦਾ ਹੁੰਦਾ ਹੈ। ਇਹ ਸੁੰਡੀ ਪੌਦਿਆਂ ਨੂੰ ਜ਼ਮੀਨ ਦੇ ਪੱਧਰ ਤੋਂ ਕੱਟ ਦਿੰਦੀ ਹੈ ਅਤੇ ਬਾਅਦ ਵਿੱਚ ਆਲੂਆਂ ਵਿੱਚ ਖੋਡਾਂ ਪਾ ਦਿੰਦੀ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਰਾਤ ਵੇਲੇ ਫਸਲ ਤੇ ਹਮਲਾ ਕਰਦੀਆਂ ਹਨ। ਵੱਡੀਆਂ ਸੁੰਡੀਆਂ ਬੂਟਿਆਂ ਨੂੰ ਜੜ੍ਹ ਲਾਗਿਉਂ ਕੱਟ ਦਿੰਦੀਆਂ ਹਨ। ਇਹ ਖਾਣ ਨਾਲੋਂ ਵੱਧ ਬੂਟੇ ਕੱਟ ਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਆਲੂ ਬਨਣ ਤੋਂ ਬਾਅਦ ਇਹ ਆਲੂਆਂ ਵਿੱਚ ਮੋਰੀਆਂ ਕਰਕੇ ਵਿੱਚੋਂ ਗੁੱਦੇ ਨੂੰ ਖਾਂਦੀਆਂ ਹਨ। ਇਸ ਦੀ ਰੋਕਥਾਮ ਲਈ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਇਸ ਕੀੜੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ। 

ਹੱਡਾ ਭੂੰਡੀ 

ਇਹ ਕੀੜਾ ਬੈਂਗਣ, ਆਲੂ ਅਤੇ ਟਮਾਟਰ ਆਦਿ ਫਸਲਾਂ ਤੇ ਜ਼ਿਆਦਾ ਹਮਲਾ ਕਰਦਾ ਹੈ। ਇਸ ਦਾ ਰੰਗ ਤਾਂਬੇ ਰੰਗਾ ਹੁੰਦਾ ਹੈ ਅਤੇ ਹਰੇਕ ਅਗਲੇ ਖੰਭ ਤੇ 6 ਜਾਂ 14 ਕਾਲੇ ਧੱਬੇ ਹੁੰਦੇ ਹਨ। ਇਹ ਭੂੰਡੀ ਪੱਤਿਆਂ ਦੇ ਹੇਠਲੇ ਪਾਸੇ ਗੁੱਛਿਆਂ ਵਿੱਚ ਅੰਡੇ ਦਿੰਦੀ ਹੈ ਜੋ ਕਿ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਸਦੇ ਬੱਚੇ ਝੁੰਡਾਂ ਵਿੱਚ ਪੱਤਿਆਂ ਨੂੰ ਖਾਂਦੇ ਹਨ। ਇਸ ਦੇ ਬੱਚੇ ਅਤੇ ਜਵਾਨ ਪੱਤਿਆਂ ਦਾ ਹਰਾ ਮਾਦਾ ਖਾਂਦੇ ਹਨ ਅਤੇ ਕਈ ਵਾਰ ਕੇਵਲ ਪੱਤੇ ਦੀਆਂ ਨਾੜੀਆਂ ਹੀ ਬਚਦੀਆਂ ਹਨ। ਇਸ ਦੇ ਹਮਲੇ ਨਾਲ ਪੱਤੇ ਸੁੱਕ ਜਾਂਦੇ ਹਨ ਅਤੇ ਫਸਲ ਬੀਮਾਰ ਲੱਗਦੀ ਹੈ। ਇਸ ਦੀ ਰੋਕਥਾਮ ਲਈ ਅੰਡੇ ਦੇ ਗੁੱਛਿਆਂ ਜਾਂ ਝੁੰਡਾਂ ਵਿੱਚ ਖਾ ਰਹੇ ਛੋਟੇ ਬੱਚਿਆਂ ਵਾਲੇ ਪੱਤਿਆਂ ਨੂੰ ਤੋੜ ਕੇ ਨਸ਼ਟ ਕਰ ਦਿਓ। ਇਹ ਤਰੀਕਾ ਥੋੜੇ ਰਕਬੇ ਵਿੱਚ ਰੋਕਥਾਮ ਲਈ ਢੁੱਕਵਾਂ ਰਹੇਗਾ।

ਅਨੁਰੀਤ ਕੌਰ ਚੰਦੀ, ਕੀਟ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Crop Protection: Prevention of potato crop pests

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters