Wheat Crop: ਅਪ੍ਰੈਲ ਦਾ ਮਹੀਨਾ ਆਉਂਦੇ ਹੀ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ ਅਤੇ ਇਸ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿੱਚ ਫਸਲ ਨੂੰ ਅੱਗ ਲੱਗ ਜਾਵੇ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਦੱਸ ਦਈਏ ਕਿ ਹਰ ਸਾਲ ਲੱਖਾਂ ਰੁਪਏ ਦੀ ਕਣਕ ਦੀ ਫਸਲ ਅੱਗ ਦਾ ਸ਼ਿਕਾਰ ਹੋ ਜਾਂਦੀ ਹੈ। ਵਜ੍ਹਾ ਬਣਦੀ ਹੈ ਕਿਸਾਨਾਂ ਨੂੰ ਸਮੇ ਸਿਰ ਕੋਈ ਢੁਕਵੀਂ ਮਦਦ ਨਾ ਮਿਲਣਾ।
ਇਸ ਲਈ ਅੱਜ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਅਜਿਹੀਆਂ 10 ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨ ਪੱਕੀ ਕਣਕ ਨੂੰ ਅੱਗ ਤੋਂ ਬਚਾ ਸਕਦੇ ਹਨ।
ਦੇਸ਼ ਵਿੱਚ ਵੱਧ ਰਹੇ ਤਾਪਮਾਨ ਦਾ ਅਸਰ ਸਭ ਤੋਂ ਵੱਧ ਖੇਤੀ ਸੈਕਟਰ ਉੱਤੇ ਨਜ਼ਰ ਆਉਂਦਾ ਹੈ। ਤਾਪਮਾਨ ਵਧਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ। ਇਨ੍ਹਾਂ ਅੱਗਜ਼ਨੀ ਦੀਆਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਕਣਕ ਦੀ ਫਸਲਾਂ ਹੁੰਦੀਆਂ ਹਨ, ਕਿਉਂਕਿ ਕਿਸੇ ਵੀ ਥਾਂ ਤੋਂ ਆਈ ਚੰਗਿਆੜੀ ਕਣਕ ਦੀ ਫ਼ਸਲ ਨੂੰ ਅੱਗ ਲਾ ਸਕਦੀ ਹੈ ਅਤੇ ਕਿਸਾਨ ਦਾ ਸਭ ਕੁਝ ਤਬਾਹ ਕਰ ਸਕਦੀ ਹੈ। ਹੇਠਾਂ ਸਾਂਝੇ ਕੀਤੇ ਗਏ 10 ਸੁਝਾਅ ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਧੀਆ ਸਾਬਿਤ ਹੋ ਸਕਦੇ ਹਨ।
ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਓ
1. ਕਣਕ ਦੇ ਖੇਤਾਂ ਕੋਲ ਅੱਗ ਨਾ ਮਚਾਓ ਅਤੇ ਨਾ ਕਿਸੇ ਨੂੰ ਲਾਓਣ ਦਿਓ।
2. ਜੇ ਕੋਈ ਨੌਕਰ, ਸੀਰੀ ਪਾਲੀ ਬੀੜੀ-ਸਿਗਰਟ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਖੇਤ ਵਿਚ ਅਜਿਹਾ ਕਰਨ ਤੋਂ ਰੋਕੋ।
3. ਟ੍ਰੈਕਟਰ, ਕੰਬਾਈਨ, ਆਦਿ ਤੇ ਬੈਟਰੀ ਵਾਲੀਆਂ ਤਾਰਾਂ ਨੂੰ ਸਪਾਰਕ ਨਾ ਕਰਨ ਦਿਓ, ਖੇਤ ਵਿੱਚ ਟੈ੍ਰਕਟਰ ਲਿਜਾਣ ਤੋਂ ਪਹਿਲਾਂ ਕਿਸੇ ਚੰਗੇ ਇਲੈਕਟ੍ਰੀਸ਼ੀਅਨ ਤੋਂ ਤਾਰਾਂ ਆਦਿ ਦੀ ਮੁਰੰਮਤ ਤੇ ਸਰਵਿਸ ਚੰਗੀ ਤਰ੍ਹਾਂ ਕਰਵਾ ਲਵੋ।
4. ਢਾਣੀਆਂ 'ਚ ਘਰਾਂ ਵਾਲੀਆਂ ਔਰਤਾਂ ਅਤੇ ਸੁਆਣੀਆਂ ਕੰਮ ਕਰਨ ਤੋਂ ਬਾਅਦ ਚੁੱਲੇ੍ਹ ਵਿੱਚ ਅੱਗ ਨਾ ਛੱਡਣ, ਪਾਣੀ ਦਾ ਛਿੱਟਾ ਮਾਰ ਦੇਣ ਤਾਂ ਜੋ ਤੇਜ਼ ਹਵਾ ਨਾਲ ਅੱਗ ਨਾ ਉੱਡ ਸਕੇ।
ਇਹ ਵੀ ਪੜ੍ਹੋ : Radish Varieties: ਮੂਲੀ ਦੀਆਂ ਇਨ੍ਹਾਂ 10 ਕਿਸਮਾਂ ਤੋਂ ਕਿਸਾਨਾਂ ਨੂੰ ਮੋਟਾ ਮੁਨਾਫ਼ਾ, ਘੱਟ ਲਾਗਤ ਵਿੱਚ ਹੋਵੇਗੀ Double Income
5. ਖੇਤ ਨੇੜਲੇ ਖਾਲ, ਡੱਗੀਆਂ, ਚੁਬੱਚੇ, ਸਪਰੇ ਪੰਪ ਅਤੇ ਟੈਂਕੀਆਂ ਪਾਣੀ ਨਾਲ ਭਰਕੇ ਰੱਖੋ।
6. ਖੇਤਾਂ ਵਿਚ ਟਰਾਂਸਫਾਰਮਾਂ ਆਦਿ ਦੀ ਸੁੱਚ ਕੱਟ ਕੇ ਰੱਖੋ ਅਤੇ ਉਸਦੇ ਥੱਲਿਓਂ ਕੁਝ ਮਰਲੇ ਥਾਂ ਤੋਂ ਫ਼ਸਲ ਪਹਿਲਾਂ ਹੀ ਕੱਟ ਲਵੋ।
7. ਦਿਨ ਸਮੇਂ ਖੇਤਾਂ ਵਿੱਚ ਬਿਜਲੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਅਤੇ ਹੋਰਾਂ ਨੂੰ ਵੀ ਪਰਹੇਜ਼ ਕਰਨ ਲਈ ਆਖੋ, ਬਿਜਲੀ ਦੀ ਵਰਤੋਂ ਕੇਵਲ ਰਾਤ ਸਮੇਂ ਹੀ ਕਰੋ।
8. ਪਿੰਡ ਦੇ ਗੁਰਦਵਾਰੇ ਦੇ ਗ੍ਰੰਥੀਸਿੰਘ ਜਾਂ ਪਾਠੀ ਭਾਈ ਦਾ ਨੰਬਰ ਆਪਣੇ ਫੋਨ ‘ਚ ਰੱਖੋ ਤਾਂ ਜੋ ਅਨਹੋਣੀ ਹੋਣ ਤੋਂ ਪਹਿਲਾਂ ਹੀ ਲੋਕਾ ਨੂੰ ਸਪੀਕਰ ‘ਚ ਬੋਲ ਕੇ ਸੂਚਨਾ ਦੇ ਕੇ ਅੱਗ ਨੂੰ ਕਾਬੂ ਕਰ ਲਿਆ ਜਾਵੇ।
9. ਲੋੜ ਪੈਣ ਤੇ ਫਾਇਰ-ਬ੍ਰਿਗੇਡ ਦਾ ਨੰਬਰ 101 ਮਿਲਾਓ।
10. ਪੁਰਾਣੇ ਸੰਦਾਂ ਜਿਵੇਂ ਟ੍ਰੈਕਟਰ ਜਾਂ ਮਸ਼ੀਨ (ਜਿਸ ਤੋਂ ਚੰਗਿਆੜੇ ਦਾ ਡਰ ਹੋਵੇ) ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ।
Summary in English: Crop Protection Tips: Keep these 10 things in mind to protect wheat from fire