1. Home
  2. ਖੇਤੀ ਬਾੜੀ

ਇਸ ਹਾੜ੍ਹੀ ਦੇ ਸੀਜ਼ਨ `ਚ ਚੁਕੰਦਰ ਦੀ ਕਾਸ਼ਤ ਇਸ ਤਰ੍ਹਾਂ ਕਰੋ ਤੇ ਵੱਧ ਝਾੜ ਪ੍ਰਾਪਤ ਕਰੋ

ਚੁਕੰਦਰ ਦੀਆਂ ਉੱਨਤ ਕਿਸਮਾਂ, ਕੀੜੇ ਮਕੌੜੇ ਤੇ ਰੋਕਥਾਮ, ਖਾਦਾਂ ਦੀ ਵਰਤੋਂ ਤੇ ਕਾਸ਼ਤ ਦੀ ਪੂਰੀ ਜਾਣਕਾਰੀ ਜਾਣੋ ਇਸ ਲੇਖ ਰਾਹੀਂ...

Priya Shukla
Priya Shukla
ਚੁਕੰਦਰ ਦੀ ਕਾਸ਼ਤ ਦਾ ਉੱਨਤ ਢੰਗ

ਚੁਕੰਦਰ ਦੀ ਕਾਸ਼ਤ ਦਾ ਉੱਨਤ ਢੰਗ

ਵਿਸ਼ਵ ਪੱਧਰ ਤੇ ਗੰਨੇ ਤੋਂ ਬਾਅਦ ਚੁਕੰਦਰ ਦੂਜੇ ਨੰਬਰ ਵਾਲੀ ਖੰਡ ਫ਼ਸਲ ਹੈ। ਇਹ ਫ਼ਸਲ ਪੱਕਣ `ਚ ਸਿਰਫ਼ 6 ਤੋਂ 7 ਮਹੀਨੇ ਦਾ ਸਮਾਂ ਲੈਂਦੀ ਹੈ। ਇਹ ਸਿਹਤ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਇਸ `ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਚਿਕਿਤਸਕ ਗੁਣਾਂ ਕਾਰਨ ਇਸਦੀ ਬਜ਼ਾਰ `ਚ ਭਾਰੀ ਮੰਗ ਰਹਿੰਦੀ ਹੈ। ਇਸ ਦੀ ਵਰਤੋਂ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।

ਚੁਕੰਦਰ ਦੀ ਭਾਰੀ ਮੰਗ ਰਹਿਣ ਕਾਰਨ ਕਿਸਾਨ ਭਰਾ ਇਸਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਇਸ ਦੇ ਪੱਤਿਆਂ ਨੂੰ ਹਰੀ ਖਾਦ ਜਾਂ ਚਾਰੇ ਦੇ ਤੌਰ `ਤੇ ਵੀ ਵਰਤਿਆ ਜਾ ਸਕਦਾ ਹੈ। ਅੱਜ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਚੁਕੰਦਰ ਦੀ ਕਾਸ਼ਤ ਦਾ ਉੱਨਤ ਢੰਗ ਦੱਸਣ ਜਾ ਰਹੇ ਹਾਂ, ਜਿਸਨੂੰ ਆਪਣਾ ਕੇ ਤੁਸੀਂ ਚੁਕੰਦਰ ਦੀ ਉੱਨਤ ਖੇਤੀ ਕਰ ਸਕਦੇ ਹੋ।

ਚੁਕੰਦਰ ਦੀ ਕਾਸ਼ਤ ਦਾ ਵੇਰਵਾ:

ਜ਼ਮੀਨ: ਇਸ ਦੀ ਕਾਸ਼ਤ ਚੰਗੀ ਜਲ ਨਿਕਾਸ ਵਾਲੀਆਂ, ਰੇਤਲੀ ਤੋਂ ਚੀਕਣੀ ਤੇ ਲੂਣੀਆਂ ਜ਼ਮੀਨਾਂ `ਚ ਹੋ ਸਕਦੀ ਹੈ। ਪਰ ਰੇਤਲੀ ਚੀਕਣੀ ਮਿੱਟੀ ਵਾਲੀ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ।

ਉੱਨਤ ਕਿਸਮਾਂ: ਇਸ ਦੀ ਦੋਗਲੀ ਕਿਸਮ ਦਾ ਔਸਤ ਝਾੜ 240-320 ਕੁਇੰਟਲ ਪ੍ਰਤੀ ਏਕੜ ਤੇ ਰਸ `ਚ ਮਿੱਠੇ ਦੀ ਮਾਤਰਾ 13-15 ਫ਼ੀਸਦੀ ਹੁੰਦੀ ਹੈ।

ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ।

ਬਿਜਾਈ ਦਾ ਸਮਾਂ: ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਤੋਂ ਅੱਧ ਨਵੰਬਰ ਹੁੰਦਾ ਹੈ।

ਖਾਦਾਂ:
● ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਪਾਉਣੀ ਚਾਹੀਦੀ ਹੈ।
● ਰੂੜੀ ਦੀ ਵਰਤੋਂ ਨਾ ਕਰਨ `ਤੇ ਪ੍ਰਤੀ ਏਕੜ 60 ਕਿਲੋ ਨਾਈਟਰੋਜਨ ਤੇ 12 ਕਿਲੋ ਫਾਸਫੋਰਸ ਪਾਉ।
● ਬਿਜਾਈ ਸਮੇਂ 45 ਕਿਲੋ ਯੂਰੀਆ ਪਾਓ ਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆ `ਚ ਬਿਜਾਈ ਤੋਂ 30 ਤੇ 60 ਦਿਨਾਂ ਬਾਅਦ ਪਾਉ।
● ਨਾਈਟਰੋਜਨ ਖਾਦ ਦੀ ਪਿਛੇਤੀ ਵਰਤੋਂ ਨਾਲ ਫ਼ਸਲ ਦੇਰੀ ਨਾਲ ਤਿਆਰ ਹੁੰਦੀ ਹੈ।
● ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ `ਚ 12 ਕਿਲੋ ਪੋਟਾਸ਼ ਪ੍ਰਤੀ ਏਕੜ ਬਿਜਾਈ ਸਮੇਂ ਪਾਉ।
● ਇਸਦੇ ਨਾਲ ਹੀ ਬੋਰੋਨ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ `ਚ 400 ਗ੍ਰਾਮ ਬੋਰੋਨ ਪ੍ਰਤੀ ਏਕੜ ਬਿਜਾਈ ਸਮੇਂ ਪਾਉ।

ਇਹ ਵੀ ਪੜ੍ਹੋ : ਗੰਨੇ ਦੀ ਨਵੀਂ ਕਿਸਮ ਦਾ ਸਫਲ ਪ੍ਰੀਖਣ, 55 ਟਨ ਪ੍ਰਤੀ ਏਕੜ ਝਾੜ, ਬਿਜਾਈ ਦੀ ਲਾਗਤ ਅੱਧੇ ਤੋਂ ਵੀ ਘੱਟ

ਨਦੀਨਾਂ ਦੀ ਰੋਕਥਾਮ: ਮਹੀਨੇ ਦੇ ਵਕਫ਼ੇ `ਤੇ 2 ਤੋਂ 3 ਗੋਡੀਆਂ ਕਰੋ।

ਸਿੰਚਾਈ:
● ਇਹ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਸਹਾਰਦੀ।
● ਬਿਜਾਈ ਤੋਂ ਤੁਰੰਤ ਬਾਅਦ ਪਹਿਲਾ ਪਾਣੀ ਦਿਉ ਤੇ ਦੂਸਰਾ ਪਾਣੀ ਦੋ ਹਫ਼ਤਿਆਂ ਬਾਅਦ ਦਿਉ।
● ਫ਼ਸਲ ਨੂੰ ਅੰਤ ਫਰਵਰੀ ਤੱਕ 3-4 ਹਫਤੇ ਤੇ ਮਾਰਚ-ਅਪ੍ਰੈਲ `ਚ 10-15 ਦਿਨਾਂ ਦੇ ਅੰਤਰਾਲ `ਤੇ ਪਾਣੀ ਲਾਉ ਤੇ ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।

ਪੁਟਾਈ: ਫ਼ਸਲ ਦੀ ਪੁਟਾਈ ਅੱਧ ਅਪ੍ਰੈਲ ਤੋਂ ਮਈ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਪੁਟਾਈ ਚੁਕੰਦਰ ਹਾਰਵੈਸਟਰ, ਆਲੂ ਪੁੱਟਣ ਵਾਲਾ ਡਿਗਰ, ਹੱਲ ਜਾਂ ਹੱਥ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ 48 ਘੰਟਿਆਂ `ਚ ਇਸ ਦੀ ਪਿੜਾਈ ਹੋ ਜਾਣੀ ਚਾਹੀਦੀ ਹੈ।

ਪੌਦ ਸੁਰੱਖਿਆ: ਜੜ੍ਹਾਂ ਦਾ ਗਾਲਾ ਤੇ ਪੱਤਿਆਂ ਦੇ ਧੱਬੇ ਇਸ ਦੇ ਮੁੱਖ ਰੋਗ ਹਨ। ਸੈਨਿਕ ਸੁੰਡੀ, ਤੰਬਾਕੂ ਸੁੰਡੀ ਤੇ ਕਟਵਰਮ ਇਸਦੇ ਮੁੱਖ ਕੀੜੇ ਹਨ। ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਬਚਾਅ ਲਈ ਇਕ ਖੇਤ `ਚ ਤਿੰਨਾਂ ਸਾਲਾਂ ਬਾਅਦ ਫ਼ਸਲ ਬੀਜਣੀ ਚਾਹੀਦੀ ਹੈ।

Summary in English: Cultivate beetroot this way in this rabi season and get more yield

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters