1. Home
  2. ਖੇਤੀ ਬਾੜੀ

ਲਾਲ-ਪੀਲੇ ਮਸਰ ਦੀ ਕਾਸ਼ਤ, ਜਾਣੋ ਸੁਧਰੀਆਂ ਕਿਸਮਾਂ ਤੇ ਖਾਦਾਂ ਦੀ ਵਰਤੋਂ

ਅੱਜ ਅੱਸੀ ਕਿਸਾਨਾਂ ਨੂੰ ਲਾਲ-ਪੀਲੇ ਮਸਰ ਦੀ ਕਾਸ਼ਤ ਬਾਰੇ ਸੰਪੂਰਨ ਜਾਣਕਾਰੀ ਦੇਣ ਜਾਂ ਰਹੇ ਹਾਂ। ਕਿਸਾਨ ਮਸਰ ਦੀਆਂ ਇਨ੍ਹਾਂ ਕਿਸਮਾਂ ਤੋਂ ਚੰਗੇ ਝਾੜ ਨਾਲ ਚੰਗਾ ਮੁਨਾਫ਼ਾ ਲੈ ਸਕਦੇ ਹਨ।

Gurpreet Kaur Virk
Gurpreet Kaur Virk
ਲਾਲ-ਪੀਲੇ ਮਸਰ ਦੀ ਕਾਸ਼ਤ

ਲਾਲ-ਪੀਲੇ ਮਸਰ ਦੀ ਕਾਸ਼ਤ

Red-Yellow Lentil: ਪੰਜਾਬ 'ਚ ਸਾਉਣੀ ਦੀਆਂ ਫ਼ਸਲਾਂ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਆਪਣੇ ਆਖਰੀ ਪੜਾਅ ਵਿੱਚ ਹੈ। ਅਜਿਹੇ 'ਚ ਹੁਣ ਕਿਸਾਨ ਆਪਣੇ ਖੇਤਾਂ 'ਚ ਹਾੜੀ ਸੀਜ਼ਨ ਦੀ ਫਸਲ ਬੀਜਣ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਉਹ ਸੀਜ਼ਨ ਦੇ ਹਿਸਾਬ ਨਾਲ ਫਸਲਾਂ ਲਗਾ ਕੇ ਵਧੀਆ ਮੁਨਾਫਾ ਕਮਾ ਸਕਣ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਹਾੜੀ ਸੀਜ਼ਨ 'ਚ ਲਾਲ-ਪੀਲੇ ਮਸਰ ਦੀ ਕਾਸ਼ਤ ਬਾਰੇ ਸੰਪੂਰਨ ਜਾਣਕਾਰੀ ਦੇਣ ਜਾਂ ਰਹੇ ਹਾਂ, ਜਿਸ ਤੋਂ ਉਹ ਵਧੀਆ ਝਾੜ ਲੈ ਕੇ ਵੱਧ ਮੁਨਾਫ਼ਾ ਕਮਾ ਸਕਦੇ ਹਨ।

Lentil Cultivation: ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਮਸਰ ਪੈਦਾ ਕਰਨ ਵਾਲਾ ਦੇਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਮਸਰ ਇੱਕ ਦਾਲਾਂ ਵਾਲੀ ਮੁੱਖ ਫਸਲ ਹੈ। ਇਹ ਦਾਲ ਮੁੱਖ ਤੌਰ 'ਤੇ ਲਾਲ ਅਤੇ ਪੀਲੇ ਰੰਗ ਦੀ ਹੁੰਦੀ ਹੈ। ਇਸ ਨੂੰ ਬਹੁਤ ਸਾਰੇ ਪਕਵਾਨਾ ਵਿੱਚ ਵਰਤਿਆ ਜਾਂਦਾ ਹੈ। ਮਸਰ ਤੋਂ ਕਲਫ, ਕੱਪੜਾ ਅਤੇ ਛਾਪਾ ਬਣਾਉਣ ਦਾ ਪਦਾਰਥ ਵੀ ਮਿਲਦਾ ਹੈ। ਇਸ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਬਰੈਡ ਅਤੇ ਕੇਕ ਵੀ ਬਣਾਇਆ ਜਾਂਦਾ ਹੈ।

ਲਾਲ-ਪੀਲੇ ਮਸਰ ਦੀ ਕਾਸ਼ਤ

ਮਿੱਟੀ:
● ਇਹ ਹਰ ਤਰਾਂ ਦੀ ਮਿੱਟੀ ਵਿੱਚ ਉੱਗ ਸਕਦੀ ਹੈ, ਪਰ ਕਲਰਾਫੀ ਜਾਂ ਸੇਮ ਵਾਲੀ ਜਮੀਨ ਵਿੱਚ ਨਹੀ ਉੱਗ ਸਕਦੀ।
● ਮਿੱਟੀ ਨਦੀਨ ਤੇ ਮੁੱਢੀਆਂ ਰਹਿਤ ਹੋਣੀ ਚਾਹੀਦੀ ਹੈ, ਤਾਂ ਜੋ ਬੀਜ ਇੱਕੋ ਜਿਹੀ ਡੂੰਘਾਈ ਤੇ ਬੀਜੇ ਜਾ ਸਕਣ।

ਬਿਜਾਈ ਦਾ ਸਮਾਂ:
● ਬੀਜਾਂ ਨੂੰ ਅੱਧ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਿਆ ਜਾਂਦਾ ਹੈ।

ਫਾਸਲਾ:
● ਕਤਾਰਾਂ ਵਿੱਚ ਬੀਜ 22 ਸੇਂਟੀਮੀਟਰ ਦੀ ਦੂਰੀ ਤੇ ਬੀਜ਼ਣੇ ਚਾਹੀਦੇ ਹਨ।
● ਦੇਰੀ ਨਾਲ ਬਿਜਾਈ ਕਰਨ ਵਾਲਿਆਂ ਹਾਲਤਾਂ 'ਚ ਕਤਾਰਾਂ ਦੀ ਦੂਰੀ ਘਟਾ ਕੇ 20 ਸੇਂਟੀਮੀਟਰ ਕਰ ਦੇਣੀ ਚਾਹੀਦੀ ਹੈ।

ਬੀਜ ਦੀ ਡੂੰਘਾਈ:
● ਬੀਜ ਦੀ ਡੂੰਘਾਈ 3-4 ਸੇਂਟੀਮੀਟਰ ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ:
● ਬਿਜਾਈ ਲਈ ਪੋਰਾ ਢੰਗ ਜਾਂ ਖਾਦ ਅਤੇ ਬੀਜ ਵਾਲੀ ਮਸ਼ੀਨ ਦੀ ਵਰਤੋ ਕਰੋ।
● ਇਸ ਤੋਂ ਇਲਾਵਾ ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ:
● ਬੀਜ ਦੀ ਮਾਤਰਾ 12-15 ਕਿਲੋਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।

ਬੀਜ ਦੀ ਸੋਧ:
● ਬਿਜਾਈ ਤੋ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ।

ਖੇਤ ਦੀ ਤਿਆਰੀ:
● ਜੇਕਰ ਜ਼ਮੀਨ ਹਲਕੀ ਹੋਵੇ ਤਾਂ ਇਸ ਵਿੱਚ ਬਹੁਤੀ ਵਹਾਈ ਦੀ ਜਰੂਰਤ ਨਹੀ ਪੈਂਦੀ ਹੈ।
● ਭਾਰੀਆਂ ਜ਼ਮੀਨਾਂ ਵਿੱਚ ਡੂੰਘੀ ਵਹਾਈ ਅਤੇਉਨ੍ਹਾਂ ਨੂੰ 3-4 ਵਾਰ ਵਾਹੁਣਾ ਚਾਹੀਦਾ ਹੈ।
● ਪਾਣੀ ਦੇ ਵਧੀਆ ਵਹਾਅ ਲਈ ਸੁਹਾਗਾ ਮਾਰਨਾ ਬਹੁਤ ਜਰੂਰੀ ਹੈ।
● ਫਸਲ ਬੀਜਣ ਸਮੇ ਖੇਤ ਵਿੱਚ ਸਹੀ ਨਮੀ ਹੋਣੀ ਚਾਹੀਦੀ ਹੈ।

ਸਿੰਚਾਈ:
ਮਸਰ ਦੀ ਕਾਸ਼ਤ ਆਮ ਤੌਰ ਤੇ ਬਰਾਨੀ ਇਲਾਕਿਆਂ 'ਚ ਕੀਤੀ ਜਾਂਦੀ ਹੈ। ਮੌਸਮ ਦੇ ਹਿਸਾਬ ਨਾਲ ਇਸ ਨੂੰ ਦੋ ਤੋਂ ਤਿੰਨ ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬੀਜਣ ਤੋਂ ਚਾਰ ਹਫਤੇ ਬਾਅਦ ਅਤੇ ਦੂਜਾ ਪਾਣੀ ਫੁੱਲ ਪੈਣ ਵੇਲੇ ਲਾਓ।

ਮਸਰ ਦੀਆਂ ਸੁਧਰੀਆਂ ਕਿਸਮਾਂ:

● ਐਲਐਲ 699 (LL 699): ਮਸਰ ਦੀ ਇਹ ਅਗੇਤੀ ਪੱਕਣ ਵਾਲੀ ਛੋਟੀ ਕਿਸਮ ਹੈ ਜਿਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਦੱਸ ਦੇਈਏ ਕਿ ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ 'ਚ ਫਲੀ ਛੇਦਕ ਸੁੰਡੀ ਨਾਲ ਟਾਕਰਾ ਕਰਨ ਦੀ ਸਮਰੱਥਾ ਹੁੰਦੀ ਹੈ ਤੇ ਇਹ ਕੁੰਗੀ ਅਤੇ ਝੁਲਸ ਰੋਗ ਨੁੰ ਸਹਾਰਣਯੋਗ ਹੈ। ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ।

● ਐਲਐਲ 931 (LL 931): ਮਸਰ ਦੀ ਇਹ ਕਿਸਮ ਛੋਟੀ ਹੁੰਦੀ ਹੈ। ਇਸ ਦੇ ਪੱਤੇ ਗੂੜੇ ਹਰੇ ਅਤੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਇਹ 146 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਫਲੀ ਛੇਦਕ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਦੱਸ ਦੇਈਏ ਕਿ ਇਸ ਦਾ ਔਸਤਨ ਝਾੜ 4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

● ਬੰਬੇ 18 (Bombay 18): ਤੁਹਾਨੂੰ ਦੱਸ ਦੇਈਏ ਕਿ ਮਸਰ ਦੀ ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਕਿਸਾਨ ਭਰਾ ਇਸ ਕਿਸਮ ਤੋਂ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਲੈ ਸਕਦੇ ਹਨ।

● ਡੀਪੀਐਲ 15 (DPL 15): 130-140 ਦਿਨਾਂ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਮਸਰ ਦੀ ਇਹ ਕਿਸਮ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ, ਕਿਉਂਕਿ ਇਸ ਤੋਂ ਔਸਤਨ ਝਾੜ 5.6-6.4 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੁੰਦਾ ਹੈ।

● ਡੀਪੀਐਲ 62 (DPL 62): ਮਸਰ ਦੀ ਇਹ ਕਿਸਮ ਵੀ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਰ ਡੀਪੀਐਲ 15 ਦੇ ਮੁਕਾਬਲੇ ਇਸ ਕਿਸਮ ਦਾ ਔਸਤਨ ਝਾੜ 6.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

● ਕੇ 75 (K 75): ਮਸਰ ਦੀ ਇਹ ਕਿਸਮ ਸਭ ਤੋਂ ਘੱਟ ਸਮੇਂ 'ਚ ਤਿਆਰ ਹੋਣ ਵਾਲੀ ਕਿਸਮ ਹੈ। ਕਿਸਾਨ ਇਸ ਕਿਸਮ ਤੋਂ ਔਸਤਨ ਝਾੜ 5.5 - 6.4 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਮ 120-125 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।

● ਪੂਸਾ 4076 (Pusa 4076): ਇਹ ਕਿਸਮ 130-135 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ, ਜੋ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀ ਕਿਸਮ ਹੈ। ਮਸਰ ਦੀ ਇਸ ਕਿਸਮ ਤੋਂ ਕਿਸਾਨ ਔਸਤਨ ਝਾੜ 10-11 ਕੁਇੰਟਲ ਪ੍ਰਤੀ ਏਕੜ ਲੈ ਸਕਦੇ ਹਨ।

ਇਹ ਵੀ ਪੜ੍ਹੋ : ਮੇਥੀ, ਹਲਦੀ, ਸਰ੍ਹੋਂ ਦੀ ਕਾਸ਼ਤ ਕਰਕੇ ਕਮਾਓ ਦੁੱਗਣਾ ਮੁਨਾਫ਼ਾ

ਖਾਦਾਂ ਦੀ ਵਰਤੋਂ:
ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਉਣੀ ਚਾਹੀਦੀ ਹੈ । ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਨਹੀਂ ਸੋਧਿਆ ਹੈ ਤਾਂ ਫਾਸਫੋਰਸ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ:
ਮਸਰ ਲਈ ਬਾਥੂ, ਅਣਕਾਰੀ ਅਤੇ ਅਟਰੀ ਮਟਰੀ ਮੁੱਖ ਨਦੀਨ ਹੁੰਦੇ ਹਨ। ਕਿਸਾਨ ਭਰਾਵਾਂ ਨੂੰ ਇਨ੍ਹਾਂ ਦੀ ਰੋਕਥਾਮ ਲਈ ਦੋ ਗੋਡੀਆ ਪਹਿਲੀ 30 ਦਿਨ ਅਤੇ ਦੂਸਰੀ 60 ਦਿਨਾਂ ਬਾਅਦ ਕਰਨੀ ਚਾਹੀਦੀ ਹੈ। 45 ਤੋਂ 60 ਦਿਨਾਂ ਤੱਕ ਖੇਤ ਨੂੰ ਨਦੀਨ ਮੁਕਤ ਰੱਖੋ ਤਾਂ ਜੋ ਫਸਲ ਵਧੀਆ ਵਾਧਾ ਕਰੇ ਤੇ ਕਿਸਾਨਾਂ ਨੂੰ ਚੰਗਾ ਝਾੜ ਦੇਵੇ। ਇਸ ਤੋਂ ਇਲਾਵਾ ਸਟੰਪ 30 ਈ ਸੀ 550 ਮਿਲੀਲੀਟਰ ਬੀਜਣ ਦੇ ਦੋ ਤੋ ਤਿੰਨ ਦਿਨਾਂ ਦੇ ਅੰਦਰ ਛਿੜਕਾਅ ਕਰੋ ਅਤੇ ਇਸ ਦੇ ਨਾਲ ਇੱਕ ਗੋਡੀ 50 ਦਿਨਾਂ ਬਾਅਦ ਕਰੋ ਜੋ ਕਿ ਨਦੀਨਾਂ ਦੀ ਰੋਕਥਾਮ ਲਈ ਢੁੱਕਵੀ ਹੈ।

ਮਸਰ ਦਾ ਸੇਵਨ ਕਰਨ ਦੇ ਫਾਇਦੇ:
ਮਸਰ ਦੀ ਦਾਲ ਨੂੰ ਖਾਣ ਨਾਲ ਪੇਟ ਦੀਆਂ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ।
ਇਹ ਦਾਲ ਰੋਗੀਆਂ ਲਈ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ।
ਇਹ ਲਹੂ ਨੂੰ ਮੋਟਾ ਕਰਨ ਵਾਲਾ ਅਤੇ ਮੂਤਰ ਬਣਾਉਣ ਵਾਲਾ ਹੈ।
ਇਸ ਦਾ ਹਰਾ ਅਤੇ ਸੁੱਕਾ ਚਾਰਾ ਪਸ਼ੂਆਂ ਲਈ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦਾ ਹੈ।

ਜਿਕਰਯੋਗ ਹੈ ਕਿ ਮਸਰ 'ਚ 25 ਗ੍ਰਾਮ ਪ੍ਰੋਟੀਨ, 1.3 ਗ੍ਰਾਮ ਚਰਬੀ, 60.8 ਗ੍ਰਾਮ ਕਾਰਬੋਹਾਈਡਰੇਟ, 3.2 ਗ੍ਰਾਮ ਫਾਈਬਰ, 68 ਮਿਲੀਗ੍ਰਾਮ ਕੈਲਸ਼ੀਅਮ, 7 ਮਿਲੀਗ੍ਰਾਮ ਆਇਰਨ, 0.21 ਮਿਲੀਗ੍ਰਾਮ ਰਾਈਬੋਫਲੇਵਿਨ, 0.51 ਮਿਲੀਗ੍ਰਾਮ ਥਾਈਮਿਨ ਅਤੇ 4.8 ਮਿਲੀਗ੍ਰਾਮ ਨਿਆਸੀਨ ਪਾਏ ਜਾਂਦੇ ਹਨ, ਜੋ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ।

Summary in English: Cultivate red-yellow lentil, know the improved varieties and use of fertilizers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters