1. Home
  2. ਖੇਤੀ ਬਾੜੀ

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ, ਹਾਈਬ੍ਰਿਡ ਕਿਸਮ ਦਾ ਝਾੜ 221 ਕੁਇੰਟਲ ਪ੍ਰਤੀ ਏਕੜ

ਕਿਸਾਨ ਵੀਰ ਇਸ ਹਾੜੀ ਸੀਜ਼ਨ ਪਿਆਜ ਦੀ ਇਸ ਹਾਈਬ੍ਰਿਡ ਕਿਸਮ ਤੋਂ ਵਧੀਆ ਕਮਾਈ ਕਰ ਸਕਦੇ ਹਨ। ਇਹ ਕਿਸਮ ਪਨੀਰੀ ਲਾਉਣ ਉਪਰੰਤ 142 ਦਿਨ ਲੈਂਦੀ ਹੈ ਅਤੇ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ।

Gurpreet Kaur Virk
Gurpreet Kaur Virk
ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

Onion Cultivation: ਪਿਆਜ ਨੂੰ ਸਾਰੇ ਭਾਰਤ ਵਿੱਚ ਵਪਾਰਕ ਫਸਲਾਂ ਦੇ ਤੌਰ ਤੇ ਉਗਾਇਆਂ ਜਾਂਦਾ ਹੈ। ਪਿਆਜ ਦੀ ਵਰਤੋਂ ਸਲਾਦ, ਪੇਸਟ, ਪਾਊਡਰ ਅਤੇ ਮਸਾਲੇ ਦੇ ਰੂਪ ਵਿੱਚ ਤਕਰੀਬਨ ਹਰ ਘਰ ਵਿਚ ਕੀਤੀ ਜਾਂਦੀ ਹੈ ਅਤੇ ਇਹ ਵਿਟਾਮਿਨ ਸੀ ਦਾ ਮੁੱਖ ਸੋਮਾ ਹੈ ਅਤੇ ਨਾਲ ਹੀ ਕੈਲਸ਼ੀਅਮ, ਲੋਹੇ ਅਤੇ ਫਾਸਫੋਰਸ ਦਾ ਵੀ ਸਰੋਤ ਹਨ। ਪਿਆਜ ਵਿੱਚ ਕਈ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ। ਕਈ ਪ੍ਰਕਾਰ ਦੇ ਕੀੜੇ ਅਤੇ ਬਿਮਾਰੀਆਂ ਇਹਨਾਂ ਨੂੰ ਨੁਕਸਾਨ ਕਰਦੇ ਹਨ, ਜਿਸ ਨਾਲ ਇਹਨਾਂ ਫਸਲਾਂ ਦੇ ਝਾੜ ਉਤੇ ਕਾਫੀ ਮਾੜਾ ਅਸਰ ਪੈਂਦਾ ਹੈ। ਹੇਠ ਲਿਖੇ ਨੁਕਤਿਆਂ ਨਾਲ ਕਿਸਾਨ ਵੀਰ ਹਾੜ੍ਹੀ ਵਿੱਚ ਪਿਆਜ ਦੀ ਸਫ਼ਲ ਕਾਸ਼ਤ ਕਰ ਸਕਦਾ ਹੈ:

ਪਿਆਜ਼ ਦੀ ਹਾਈਬ੍ਰਿਡ ਕਿਸਮ

ਪੀ ਓ ਐਚ-1: ਇਸ ਦੇ ਗੰਢੇ ਹਲਕੇ ਲਾਲ, ਵੱਡੇ ਅਕਾਰ ਦੇ, ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਲਾਉਣ ਉਪਰੰਤ 142 ਦਿਨ ਲੈਂਦੀ ਹੈ। ਇਸ ਕਿਸਮ ਦੇ ਗੰਢੇ ਘੱਟ ਨਿੱਸਰਦੇ ਹਨ। ਇਸਦਾ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਹੈ।

ਕਿਸਮਾਂ

ਪੀ ਆਰ ਓ-7: ਇਸਦੇ ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ।

ਪੀ ਵਾਈ ਓ-1: ਇਸਦੇ ਗੰਢੇ ਪੀਲੇ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲਾਕਾਰ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 141 ਦਿਨ ਲੈਂਦੀ ਹੈ।ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 164 ਕੁਇੰਟਲ ਪ੍ਰਤੀ ਏਕੜ ਹੈ।

ਪੀ ਡਬਲਯੂ ਓ-2: ਇਸਦੇ ਗੰਢੇ ਸਫ਼ੇਦ (ਚਿੱਟੇ), ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 139 ਦਿਨ ਲੈਂਦੀ ਹੈ।ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 155 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ: ਮਟਰ ਦੀਆਂ ਇਨ੍ਹਾਂ Improved Varieties ਤੋਂ ਕਿਸਾਨਾਂ ਨੂੰ ਮੁਨਾਫਾ

ਪੀ ਆਰ ਓ-6: ਇਸ ਦੇ ਗੰਢੇ ਗੂੜੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਹ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਵ੍ਹਾਈਟ: ਇਸ ਦੇ ਪਿਆਜ਼ ਦਰਮਿਆਨੇ ਆਕਾਰ ਦੇ ਗੋਲ, ਚਿੱਟੇ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਸ ਦੇ ਰਸ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15%) ਹੋਣ ਕਰਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਨਾਉਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਨਰੋਆ: ਇਸ ਦੇ ਗੰਢੇ ਦਰਮਿਆਨੇ ਮੋਟੇ, ਪਤਲੀ ਧੌਣ ਵਾਲੇ ਅਤੇ ਲਾਲ ਹੁੰਦੇ ਹਨ। ਇਹ ਕਿਸਮ 145 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ

ਬਿਜਾਈ ਤੇ ਪਨੀਰੀ ਲਾਉਣ ਦਾ ਸਮਾਂ: ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰੋ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿੱਚ ਲਾ ਦਿਉ। 10-15 ਸੈਂਟੀਮੀਟਰ ਲੰਬੀ ਅਤੇ ਸਿਹਤਮੰਦ ਪਨੀਰੀ ਤੋਂ ਵਧੇਰੇ ਝਾੜ ਮਿਲਦਾ ਹੈ।

ਬੀਜ ਦੀ ਮਾਤਰਾ ਅਤੇ ਪਨੀਰੀ ਲਾਉਣਾ: ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਬੀਜੋ। ਇਸ ਲਈ 8 ਮਰਲੇ (200 ਵਰਗ ਮੀਟਰ) ਥਾਂ ਤੇ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਪਨੀਰੀ ਲਈ ਤਿਆਰ ਕੀਤੀ ਥਾਂ ਵਿੱਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀ-ਸੜੀ ਰੂੜੀ ਮਿਲਾਉ ਅਤੇ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿਉ ਤਾਂ ਕਿ ਬਿਜਾਈ ਤੋਂ ਪਹਿਲਾ ਸਾਰੇ ਨਦੀਨ ਉੱਗ ਪੈਣ। ਬੀਜ 1-2 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਬੀਜੋ। ਪਨੀਰੀ ਪੁੱਟਣ ਤੋਂ ਤੁਰੰਤ ਬਾਅਦ, ਵੱਤਰ ਖੇਤ ਵਿੱਚ ਲਾ ਦਿਉ। ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫ਼ਾਸਲਾ ਰੱਖੋ।

ਇਹ ਵੀ ਪੜੋ: PAU ਮਾਹਿਰਾਂ ਨੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਬਾਰੇ ਕਿਸਾਨਾਂ ਨੂੰ ਕੀਤਾ ਸਾਵਧਾਨ

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

ਜੈਵਿਕ ਖਾਦ: ਪਿਆਜ ਦੀ ਪਨੀਰੀ ਲਾਉਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਪਿਆਜ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋਂ ਮਿਲਦਾ ਹੈ।

ਖਾਦਾਂ: 20 ਟਨ ਗਲੀ-ਸੜੀ ਰੂੜੀ, 90 ਕਿਲੋ ਯੂਰੀਆ, 125 ਕਿਲੋ ਸੁਪਰਫ਼ਾਸਫ਼ੇਟ ਅਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ, ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਪਹਿਲਾਂ ਅਤੇ ਫਿਰ ਅੱਧੀ ਬਚਦੀ ਨਾਈਟਰੋਜਨ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾ ਦਿਉ।

ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫ਼ਤੇ ਪਿੱਛੋਂ ਕਰੋ। ਬਾਕੀ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ। ਇਸ ਤੋਂ ਇਲਾਵਾ ਗੋਲ 23.5 ਈ ਸੀ (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਹ ਵੀ ਪੜੋ: ਕਣਕ ਦੀਆਂ ਇਹ 4 ਕਿਸਮਾਂ ਕਿਸਾਨਾਂ ਨੂੰ ਕਰ ਸਕਦੀਆਂ ਨੇ ਮਾਲੋਮਾਲ, ਜਾਣੋ ਕੀ ਹੈ ਖਾਸ ਇਨ੍ਹਾਂ ਕਿਸਮਾਂ ਵਿੱਚ ?

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

ਵਧੇਰੇ ਆਮਦਨ ਲਈ ਕਰੋ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ

ਪਿਆਜ਼ ਪਕਾਉਣਾ ਅਤੇ ਭੰਡਾਰ ਕਰਨਾ

ਭੂਕਾਂ ਸੁੱਕ ਕੇ ਡਿੱਗਣ 'ਤੇ ਪਿਆਜ਼ ਦੀ ਪੁਟਾਈ ਕਰੋ। ਪੁਟਾਈ ਕਰਨ ਤੋਂ ਬਾਅਦ 3-4 ਦਿਨ ਤੱਕ ਛਾਂ ਵਿੱਚ ਪਤਲੀਆਂ ਤਹਿਆਂ ਵਿੱਚ ਖਿਲਾਰ ਕੇ ਪਿਆਜ਼ ਨੂੰ ਪੱਕਣ ਦਿਉ। ਫਿਰ 1-2 ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦਿਉ। ਭੰਡਾਰ ਵਿੱਚ ਹਰ 15 ਦਿਨ ਬਾਅਦ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਅਤੇ ਇਸ ਵਿੱਚੋਂ ਕੱਟੇ ਹੋਏ ਅਤੇ ਗਲੇ ਹੋਏ ਪਿਆਜ਼ ਦੀ ਛਾਂਟੀ ਕਰਦੇ ਰਹੋ।

ਅਜੈ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Cultivation of rabi onion for more Income

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters