s
  1. ਖੇਤੀ ਬਾੜੀ

ਹਾੜ੍ਹੀ ਦੇ ਪਿਆਜ਼ ਦੀਆਂ ਉੱਨਤ ਕਿਸਮਾਂ ਤੋਂ ਮੁਨਾਫ਼ਾ ਪੱਕਾ, POH-1 ਕਿਸਮ ਦੇਵੇਗੀ 221 ਕੁਇੰਟਲ ਪ੍ਰਤੀ ਏਕੜ ਝਾੜ

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ

ਹਾੜ੍ਹੀ ਦੇ ਪਿਆਜ਼ ਦੀਆਂ ਉੱਨਤ ਕਿਸਮਾਂ ਵਿਚੋਂ POH-1 ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਕਿਸਾਨ ਵੀਰ ਇਸ ਕਿਸਮ ਤੋਂ 221 ਕੁਇੰਟਲ ਪ੍ਰਤੀ ਏਕੜ ਝਾੜ ਨਾਲ ਚੰਗਾ ਮੁਨਾਫ਼ਾ ਖੱਟ ਸਕਦੇ ਹਨ।

ਹਾੜ੍ਹੀ ਦੇ ਪਿਆਜ਼ ਦੀਆਂ ਉੱਨਤ ਕਿਸਮਾਂ

ਹਾੜ੍ਹੀ ਦੇ ਪਿਆਜ਼ ਦੀਆਂ ਉੱਨਤ ਕਿਸਮਾਂ

ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬੇ 'ਚ ਮੁੱਖ ਫਸਲਾਂ ਤੋਂ ਬਾਅਦ ਕਿਸਾਨਾਂ ਵੱਲੋਂ ਪਿਆਜ਼ ਦੀ ਕਾਸ਼ਤ ਨੂੰ ਵੀ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ। ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਹਾੜੀ ਵਿੱਚ ਬੀਜੀਆਂ ਜਾਣ ਵਾਲੀਆਂ ਪ੍ਰਮੁੱਖ ਸਬਜ਼ੀਆਂ ਵਿੱਚੋਂ ਪਿਆਜ਼ ਇੱਕ ਮੁੱਖ ਫ਼ਸਲ ਵੱਜੋਂ ਬੀਜੀ ਜਾਂਦੀ ਹੈ। ਅੱਜ ਅੱਸੀ ਹਾੜ੍ਹੀ ਸੀਜ਼ਨ ਵਿੱਚ ਬੀਜੀਆਂ ਜਾਣ ਵਾਲੀਆਂ ਪਿਆਜ਼ ਦੀਆਂ ਉੱਨਤ ਕਿਸਮਾਂ ਬਾਰੇ ਗੱਲ ਕਰਾਂਗੇ, ਜੋ ਵਧੀਆ ਝਾੜ ਦੇਣ ਦੇ ਨਾਲ-ਨਾਲ ਚੰਗਾ ਮੁਨਾਫ਼ਾ ਵੀ ਦੇਣਗੀਆਂ।

ਦੇਸ਼ ਦੇ ਜ਼ਿਆਦਾਤਰ ਸਬਜ਼ੀ ਕਿਸਾਨ ਵੱਡੇ ਪੱਧਰ 'ਤੇ ਪਿਆਜ਼ ਦੀ ਖੇਤੀ ਕਰਦੇ ਹਨ। ਪਰ ਕਈ ਵਾਰ ਕਿਸਾਨਾਂ ਨੂੰ ਸਮਝ ਨਹੀਂ ਆਉਂਦੀ ਕਿ ਪਿਆਜ਼ ਦੀ ਕਿਹੜੀ ਕਿਸਮ ਸਭ ਤੋਂ ਵਧੀਆ ਹੈ, ਜੋ ਵਾਧੂ ਝਾੜ ਦੇਣ ਦੇ ਨਾਲ-ਨਾਲ ਚੰਗਾ ਮੁਨਾਫ਼ਾ ਵੀ ਦਿੰਦੀ ਹੈ। ਅਜਿਹੇ ਵਿੱਚ ਕ੍ਰਿਸ਼ੀ ਜਾਗਰਣ ਆਪਣੇ ਕਿਸਾਨ ਵੀਰਾਂ ਲਈ ਸਮੇਂ-ਸਮੇਂ 'ਤੇ ਲੋੜੀਂਦੀ ਜਾਣਕਾਰੀਆਂ ਲੈ ਕੇ ਆਉਂਦਾ ਹੈ, ਜਿਸ ਤੋਂ ਲਾਹਾ ਲੈ ਕੇ ਉਹ ਚੰਗੀ ਕਿਸਮਾਂ ਦੀ ਚੋਣ ਕਰ ਸਕਦੇ ਹਨ। ਇਸ ਲੇਖ ਰਾਹੀਂ ਅੱਜ ਅੱਸੀ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਜਾ ਰਹੇ ਹੈ।

ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ। ਇਸਨੂੰ ਰਸੋਈ ਦੇ ਕੰਮਾਂ ਲਈ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਇਸਦੇ ਕੌੜੇ ਰਸ ਕਾਰਨ ਇਸਨੂੰ ਕੀੜਿਆਂ ਦੀ ਰੋਕਥਾਮ, ਕੱਚ ਅਤੇ ਪਿੱਤਲ ਦੇ ਭਾਂਡਿਆਂ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਪਿਆਜ਼ ਦੇ ਘੋਲ ਨੂੰ ਕੀਟ-ਰੋਧੀ ਦੇ ਤੌਰ ਤੇ ਪੌਦਿਆਂ ਤੇ ਸਪਰੇਅ ਕਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ ਪਿਆਜ਼ ਦੀ ਖੇਤੀ ਦੇ ਖੇਤਰ ਪੱਖੋਂ ਪਹਿਲੇ ਦਰਜੇ ਅਤੇ ਉੱਤਪਾਦਨ ਪੱਖੋਂ ਚੀਨ ਤੋਂ ਬਾਅਦ ਦੂਜੇ ਦਰਜੇ 'ਤੇ ਹੈ।

ਹਾੜ੍ਹੀ ਦੇ ਪਿਆਜ਼ਾਂ ਦੀ ਕਾਸ਼ਤ

ਮਿੱਟੀ

ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਮੌਸਮ ਅਤੇ ਜ਼ਮੀਨ

ਪਿਆਜ਼ ਨੂੰ ਕਈ ਮੌਸਮਾਂ ਵਿੱਚ ਪੈਦਾ ਕੀਤਾ ਜਾ ਸਕਦਾ ਹੈ, ਪਰ ਅੱਤ ਦੀ ਗਰਮੀ, ਕੜਾਕੇ ਦੀ ਠੰਢ ਅਤੇ ਜ਼ਿਆਦਾ ਬਾਰਸ਼ ਇਸ ਦੇ ਅਨੁਕੂਲ ਨਹੀਂ। ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਜ਼ਿਆਦਾ ਨਿਸਰਦਾ ਹੈ ਅਤੇ ਜ਼ਿਆਦਾ ਗਰਮੀ ਕਾਰਨ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪਿਆਜ਼ ਦੀ ਖੇਤੀ ਵਾਸਤੇ ਜ਼ਮੀਨ ਜ਼ਿਆਦਾ ਮੱਲ੍ਹੜ ਵਾਲੀ, ਨਿਕਾਸੀ ਅਤੇ ਨਦੀਨਾਂ ਤੋਂ ਰਹਿਤ ਹੋਣੀ ਚਾਹੀਦੀ ਹੈ ।

ਕਾਸ਼ਤ ਦਾ ਸਹੀ ਢੰਗ

● ਬਿਜਾਈ ਤੇ ਪਨੀਰੀ ਲਾਉਣ ਦਾ ਸਮਾਂ : ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰੋ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿੱਚ ਲਾ ਦਿਉ । 10-15 ਸੈਂਟੀਮੀਟਰ ਲੰਬੀ ਅਤੇ ਸਿਹਤਮੰਦ ਪਨੀਰੀ ਤੋਂ ਵਧੇਰੇ ਝਾੜ ਮਿਲਦਾ ਹੈ ।

● ਬੀਜ ਦੀ ਮਾਤਰਾ ਅਤੇ ਪਨੀਰੀ ਲਾਉਣਾ : ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਬੀਜੋ। ਇਸ ਲਈ 8 ਮਰਲੇ (200 ਵਰਗ ਮੀਟਰ) ਥਾਂ ਤੇ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਪਨੀਰੀ ਲਈ ਤਿਆਰ ਕੀਤੀ ਥਾਂ ਵਿੱਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀ-ਸੜੀ ਰੂੜੀ ਮਿਲਾਉ ਅਤੇ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿਉ ਤਾਂ ਕਿ ਬਿਜਾਈ ਤੋਂ ਪਹਿਲਾ ਸਾਰੇ ਨਦੀਨ ਉੱਗ ਪੈਣ। ਬੀਜ 1-2 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਬੀਜੋ। ਪਨੀਰੀ ਪੁੱਟਣ ਤੋਂ ਤੁਰੰਤ ਬਾਅਦ, ਵੱਤਰ ਖੇਤ ਵਿੱਚ ਲਾ ਦਿਉ।

● ਫ਼ਾਸਲਾ : ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫ਼ਾਸਲਾ ਰੱਖੋ।

● ਜੈਵਿਕ ਖਾਦ: ਪਿਆਜ ਦੀ ਪਨੀਰੀ ਲਾਉਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਪਿਆਜ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋਂ ਮਿਲਦਾ ਹੈ।

● ਖਾਦਾਂ : 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫਾਸਫੋਰਸ, ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਪਹਿਲਾਂ ਅਤੇ ਫਿਰ ਅੱਧੀ ਬਚਦੀ ਨਾਈਟਰੋਜਨ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾ ਦਿਉ।

● ਨਦੀਨਾਂ ਦੀ ਰੋਕਥਾਮ : ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫ਼ਤੇ ਪਿੱਛੋਂ ਕਰੋ । ਬਾਕੀ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ । ਇਸ ਤੋਂ ਇਲਾਵਾ ਗੋਲ 23.5 ਈ ਸੀ (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Onion Farming: ਇਸ ਫ਼ਸਲ ਦੀ ਕਾਸ਼ਤ `ਚ ਲੱਖਾਂ ਦਾ ਮੁਨਾਫ਼ਾ, ਸਰਕਾਰ ਵੱਲੋਂ 50 ਫ਼ੀਸਦੀ ਸਬਸਿਡੀ

ਸਿੰਚਾਈ

● ਖਾਲਾਂ ਰਾਹੀਂ : ਪਨੀਰੀ ਲਾਉਣ ਤੋਂ ਤੁਰੰਤ ਬਾਅਦ ਪਾਣੀ ਦਿਉ ਤਾਂ ਜੋ ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਪਕੜ ਲੈਣ। ਫਿਰ 7-10 ਦਿਨ ਦੇ ਵਕਫ਼ੇ ਤੇ ਪਾਣੀ ਲਾਉਂਦੇ ਰਹੋ । ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ ਤਾਂ ਕਿ ਪਿਆਜ਼ ਲੰਮੇ ਸਮੇਂ ਲਈ ਭੰਡਾਰ ਕੀਤਾ ਜਾ ਸਕਣ। ਕੁੱਲ 10-15 ਸਿੰਚਾਈਆਂ ਦੀ ਲੋੜ ਪੈਂਦੀ ਹੈ।

● ਤੁਪਕਾ ਸਿੰਚਾਈ ਵਿਧੀ ਰਾਹੀਂ: ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਲਾਉਣ ਤੇ ਨਾ ਕੇਵਲ ਝਾੜ ਹੀ ਵਧਦਾ ਹੈ ਸਗੋਂ 43.88% ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਸਿੰਚਾਈ 2 ਦਿਨਾਂ ਦੇ ਅੰਤਰ 'ਤੇ ਕੀਤੀ ਜਾਂਦੀ ਹੈ। ਇਸ ਵਿਧੀ ਲਈ ਪਿਆਜ ਦੀਆਂ 6 ਕਤਾਰਾਂ 100 ਸੈਂਟੀਮੀਟਰ ਚੌੜੇ ਬੈੱਡ ਤੇ ਲਾਉ ਅਤੇ ਕਤਾਰਾਂ ਦੇ ਵਿਚ ਫ਼ਾਸਲਾ 13 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 7.5 ਸੈਂਟੀਮੀਟਰ ਰੱਖੋ। 2 ਬੈੱਡਾਂ ਵਿਚਕਾਰ 40 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਇਸ ਫ਼ਸਲ ਨੂੰ ਪਾਣੀ ਦੇਣ ਲਈ ਦੋ ਡਰਿੱਪ ਲੇਟਰਲ ਪ੍ਰਤੀ ਬੈੱਡ ਦਾ ਇਸਤੇਮਾਲ ਕਰੋ ਅਤੇ ਲੇਟਰਲ ਤੇ ਡਰਿੱਪਰ ਦੀ ਦੂਰੀ 30 ਸੈਂਟੀਮੀਟਰ ਅਤੇ 2.2 ਲਿਟਰ ਪ੍ਰਤੀ ਘੰਟੇ ਦਾ ਡਿਸਚਾਰਜ ਹੋਵੇ ਤਾਂ ਹੇਠ ਲਿਖੀ ਸਾਰਨੀ ਅਨੁਸਾਰ ਸਿੰਚਾਈ ਕਰੋ ।

ਇਹ ਵੀ ਪੜ੍ਹੋ: Onion Varieties: ਪਿਆਜ਼ ਦੀ ਕਾਸ਼ਤ ਲਈ ਅਪਣਾਓ ਇਹ ਉੱਨਤ ਕਿਸਮਾਂ, ਨਹੀਂ ਹੋਵੋਗੇ ਨਿਰਾਸ਼

ਹਾੜ੍ਹੀ ਦੇ ਪਿਆਜ਼ ਦੀਆਂ ਉੱਨਤ ਕਿਸਮਾਂ

ਹਾਈਬ੍ਰਿਡ:

● ਪੀ ਓ ਐਚ-1 (2020) : ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪਤੇ ਹਰੇ ਅਤੇ ਖੜ੍ਹਵੇਂ ਹੁੰਦੇ ਹਨ। ਗੰਢੇ ਹਲਕੇ ਲਾਲ, ਵੱਡੇ ਅਕਾਰ ਦੇ, ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਲਾਉਣ ਉਪਰੰਤ 142 ਦਿਨ ਲੈਂਦੀ ਹੈ। ਇਸ ਕਿਸਮ ਦੇ ਗੰਢੇ ਘੱਟ ਨਿੱਸਰਦੇ ਹਨ। ਇਸਦਾ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਹੈ।

ਕਿਸਮਾਂ:

● ਪੀ ਆਰ ਓ-7 (2019) : ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ।

● ਪੀ ਵਾਈ ਓ-1 (2019) : ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਪੀਲੇ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲਾਕਾਰ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 141 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 164 ਕੁਇੰਟਲ ਪ੍ਰਤੀ ਏਕੜ ਹੈ।

● 80 ਪੀ ਡਬਲਯੂ ਓ-2 (2019) : ਇਸਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਸਫ਼ੇਦ (ਚਿੱਟੇ), ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 139 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ ੧੫੫ ਕੁਇੰਟਲ ਪ੍ਰਤੀ ਏਕੜ ਹੈ।

● ਪੀ ਆਰ ਓ-6 (2003) : ਇਸ ਦੇ ਪੌਦੇ ਦਰਮਿਆਨੇ ਕੱਦੇ ਦੇ, ਪੱਤੇ ਹਰੇ ਰੰਗ ਦੇ, ਗੰਢੇ ਗੂੜੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਹ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।

● ਪੰਜਾਬ ਵ੍ਹਾਈਟ (1997) : ਇਸ ਦੇ ਪਿਆਜ਼ ਦਰਮਿਆਨੇ ਆਕਾਰ ਦੇ ਗੋਲ, ਚਿੱਟੇ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਸ ਦੇ ਰਸ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15%) ਹੋਣ ਕਰਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਨਾਉਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੈ।

● ਪੰਜਾਬ ਨਰੋਆ (1995) : ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਗੂੜ੍ਹੇ ਹਰੇ ਰੰਗ ਦੇ, ਗੰਢੇ ਦਰਮਿਆਨੇ ਮੋਟੇ, ਪਤਲੀ ਧੌਣ ਵਾਲੇ ਅਤੇ ਲਾਲ ਹੁੰਦੇ ਹਨ। ਇਹ ਕਿਸਮ 145 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ ।

Summary in English: Profitable from advanced varieties of Rabi onion, POH-1 variety will yield 221 quintals per acre

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription