1. Home
  2. ਖੇਤੀ ਬਾੜੀ

ਕਿਸਾਨਾਂ ਲਈ Danger Signal, ਰੰਗਾ ਰਾਹੀਂ ਕਰੋ Agricultural Poisons ਦੀ ਪਛਾਣ

ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਧਿਆਨ ਦੇਣ ਯੋਗ ਨੁਕਤੇ, ਨਾਲ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਦੁਰਘਟਨਾ ਦੇ ਮਾਮਲੇ ਵਿੱਚ ਬੁਨਿਆਦੀ ਸੁਰੱਖਿਆ ਸਾਵਧਾਨੀਆਂ।

Gurpreet Kaur Virk
Gurpreet Kaur Virk
ਰੰਗਾ ਰਾਹੀਂ ਕਰੋ ਖੇਤੀ ਜ਼ਹਿਰਾਂ ਦੀ ਪਛਾਣ

ਰੰਗਾ ਰਾਹੀਂ ਕਰੋ ਖੇਤੀ ਜ਼ਹਿਰਾਂ ਦੀ ਪਛਾਣ

ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਫਸਲਾਂ ਦੇ ਝਾੜ ਘਟਣ ਦਾ ਇੱਕ ਮੁੱਖ ਕਾਰਨ ਹਨ, ਜਿਹਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਕਿਸਾਨ ਵੀਰ ਫ਼ਸਲ ਨੂੰ ਕੀੜੇ-ਮਕੌੜੇ ਤੇ ਬੀਮਾਰੀਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਰਸਾਇਣ ਜ਼ਹਿਰਾਂ ਵਰਤਦੇ ਹਨ, ਪਰ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਬੇਲੌੜੀ ਵਰਤੋਂ ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਹੈ।

ਜ਼ਹਿਰਾਂ ਦੀ ਅਣਗਹਿਲੀ ਨਾਲ ਵਰਤੋਂ, ਜਿਵੇਂ ਕਿ ਜ਼ਹਿਰਾਂ ਦੇ ਡੱਬਿਆਂ ਨੂੰ ਗਲਤ ਢੰਗ ਨਾਲ ਖੋਲ਼ਣਾ, ਛੜਕਾਅ ਦੌਰਾਨ ਜ਼ਰੂਰੀ ਸਾਵਧਾਨੀਆਂ ਨਾ ਵਰਤਣਾ ਅਤੇ ਬਚੀ-ਖੁਚੀ ਦਵਾਈ ਨੂੰ ਸੁਰੱਖਿਅਤ ਜਗ੍ਹਾ ਸਟੋਰ ਨਾ ਕਰਨਾ ਆਦਿ ਦੇ ਕਾਰਣ ਕਈ ਵਾਰ ਦੁਰਘਟਨਾਵਾਂ ਵਾਪਰਦੀਆਂ ਹਨ।

ਖੇਤੀ ਜ਼ਹਿਰਾਂ ਕਾਰਣ ਹੋਣ ਵਾਲੀਆਂ ਦੁਰਘਟਨਾਵਾਂ ਦਾ ਇਕ ਤਿਹਾਈ ਹਿੱਸਾ ਭਾਰਤ ਵਿੱਚ ਹੀ ਵਾਪਰਦਾ ਹੈ। ਇਸ ਲਈ ਜ਼ਹਿਰਾਂ ਦੀ ਸੁਰੱਖਿਅਤ ਵਰਤੋਂ ਕਰਨੀ ਅਤੀ ਜਰੂਰੀ ਹੈ, ਤਾਂ ਜੋ ਫ਼ਸਲਾਂ ਤੋਂ ਵਧੇਰੇ ਝਾੜ ਪ੍ਰਪਾਤ ਕੀਤਾ ਜਾ ਸਕੇ ਅਤੇ ਮਨੁੱਖੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਇਸ ਸਬੰਧੀ ਕੁਝ ਜਰੂਰੀ ਨੁਕਤੇ ਹੇਠਾਂ ਸਾਝੇਂ ਕੀਤੇ ਜਾ ਰਹੇ ਹਨ:

ਖੇਤੀ ਜ਼ਹਿਰਾਂ ਦੇ ਛਿੜਕਾਅ ਕਰਨ ਤੋਂ ਪਹਿਲਾਂ ਵਿਚਾਰ ਯੋਗ ਗੱਲਾਂ

1. ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਗਏ ਰਸਾਇਣ ਹੀ ਪੱਕੀ ਰਸੀਦ ਲੈਕੇ ਖਰੀਦੋ।

2. ਖੇਤੀ ਜ਼ਹਿਰਾਂ ਦੇ ਡੱਬੇ/ਸ਼ੀਸ਼ੀ ਉੱਪਰ ਬਣੀ ਤਿਕੋਣ ਦਾ ਰੰਗ ਵੇਖੋ (ਸਾਰਣੀ 1) ਅਤੇ ਹਰੇ ਤਿਕੋਣ ਵਾਲੀਆਂ ਜ਼ਹਿਰਾਂ ਨੂੰ ਤਰਜ਼ੀਹ ਦਿਓ।

3. ਖੇਤੀ ਰਸਾਇਣਾਂ ਦੇ ਡੱਬੇ ਉੱਤੇ ਲੱਗੇ ਲੇਬਲ ਨੂੰ ਧਿਆਨ ਨਾਲ ਪੜੋ ਅਤੇ ਅਮਲ ਕਰੋ।

4. ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ/ਉੱਲ੍ਹੀਨਾਸ਼ਕਾਂ ਲਈ ਵੱਖੋ-ਵੱਖਰੇ ਸਪਰੇਅ ਪੰਪ ਵਰਤੋ।

5. ਖੇਤੀ ਜ਼ਹਿਰਾਂ ਦੇ ਛਿੜਕਾਅ ਤੋਂ ਪਹਿਲਾਂ, ਕੱਪੜੇ ਧੋਣ ਵਾਲੇ ਸੋਢੇ ਨਾਲ ਪੰਪ ਨੂੰ ਚੰਗੀ ਤਰ੍ਹਾਂ ਧੋ ਲਉ।

6. ਛਿੜਕਾਅ ਲਈ ਪਾਣੀ, ਪੰਪ, ਨੋਜ਼ਲ ਅਤੇ ਸਹੀ ਮਿਣਤੀ ਵਾਲੇ ਮਾਪ ਆਦਿ ਦਾ ਇੰਤਜ਼ਾਮ ਰੱਖੋ ਅਤੇ ਇਸ ਗੱਲ ਦਾ ਧਿਆਨ ਰਖੋ ਕਿ ਪੰਪ ਜਾਂ ਨੋਜ਼ਲ ਲੀਕ/ਖਰਾਬ ਨਾ ਹੋਣ।

7. ਛਿੜਕਾਅ ਕਰਨ ਵਾਲੇ ਆਦਮੀ ਦੇ ਸਰੀਰ ਉੱਪਰ ਕੋਈ ਜ਼ਖਮ ਨਾ ਹੋਵੇ।ਸਰੀਰ ਪੂਰੀ ਚੰਗੀ ਤਰਾਂ ਸਾਫ ਕਪੜਿਆਂ ਨਾਲ ਛਿੜਕਾਅ ਕਰਨ ਤੋਂ ਪਹਿਲਾਂ ਢੱਕ ਲਉ।

8. ਛਿੜਕਾਅ ਕਰਣ ਤੋਂ ਪਹਿਲਾਂ ਅਪਣੇ ਖੇਤਾਂ ਦੇ ਆਸ-ਪਾਸ, ਮਧੂ-ਮੱਖੀ ਪਾਲਕਾਂ ਨੂੰ ਸੂਚਨਾ ਦਿਓ।

9. ਛਿੜਕਾਅ ਉਪਰੰਤ ਮੂੰਹ-ਹੱਥ ਧੋਣ ਲਈ ਸਾਫ ਪਾਣੀ ਅਤੇ ਸਾਬਣ ਦਾ ਪ੍ਰਬੰਧ ਪਹਿਲਾਂ ਹੀ ਕਰ ਲਵੋ।

10. ਖੇਤੀ ਰਸਾਇਣਾਂ ਨੂੰ ਕਦੀ ਵੀ ਖਾਣ-ਪੀਣ ਵਾਲੀਆਂ ਚੀਜਾਂ ਜਾਂ ਹੋਰ ਰਸਾਇਣਾਂ ਦੇ ਨੇੜੇ ਨਹੀਂ ਰੱਖਣਾ ਚਾਹੀਦਾ।

ਇਹ ਵੀ ਪੜ੍ਹੋ : Poplar ਦੀ ਸਫਲ ਕਾਸ਼ਤ 'ਚ ਵੱਡਾ ਅੜਿੱਕਾ Pests ਅਤੇ Diseases

ਛਿੜਕਾਅ ਦੌਰਾਨ ਧਿਆਨ ਯੋਗ ਗੱਲਾਂ

1. ਕੀਟਨਾਸ਼ਕਾਂ/ਉਲ਼ੀਨਾਸ਼ਕਾਂ ਦਾ ਛਿੜਕਾਅ ਹਮੇਸ਼ਾਂ ਸਵੇਰ ਜਾਂ ਸ਼ਾਮ ਨੂੰ ਹੀ ਕਰੋ।

2. ਛਿੜਕਾਅ ਕਦੇ ਵੀ ਖਾਲੀ ਪੇਟ ਨਾ ਕਰੋ ਅਤੇ ਛਿੜਕਾਅ ਕਰਨ ਤੋਂ ਪਹਿਲਾਂ ਖਾਣਾ ਜ਼ਰੂਰ ਖਾ ਲਓ।

3. ਇਕੱਲੇ ਛਿੜਕਾਅ ਨਾ ਕਰੋ ਅਤੇ ਸਪਰੇਅ ਕਰਨ ਵੇਲੇ ਕੁਝ ਵੀ ਖਾਣਾ-ਪੀਣਾ, ਚਬਾਉਣਾ ਜਾਂ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ।

4. ਸਿਫ਼ਾਰਸ਼ ਅਨੁਸਾਰ ਜ਼ਹਿਰਾਂ ਦੀ ਮਿਕਦਾਰ ਅਤੇ ਛਿੜਕਾਅ ਦੇ ਸਮੇਂ ਦਾ ਪਾਲਣ ਕਰੋ।

5. ਹਮੇਸ਼ਾਂ ਅੱਖਾਂ ਉਪਰ ਐਨਕ, ਨੱਕ ਅਤੇ ਮੂੰਹ ਉੱਪਰ ਮਾਸਕ ਪਾ ਕੇ ਹੀ ਛਿੜਕਾਅ ਕਰੋ।

6. ਰਸਾਇਣਾਂ ਦੇ ਪੈਕਟ ਪਾੜ ਕੇ ਨਹੀਂ ਖੋਲਣੇ ਚਾਹੀਦੇ, ਸਗੋਂ ਉਨ੍ਹਾਂ ਨੂੰ ਚਾਕੂ/ਕੈਂਚੀ ਨਾਲ ਕੱਟਣਾ ਚਾਹੀਦਾ ਹੈ।

7. ਰਸਾਇਣਾਂ ਦਾ ਘੋਲ ਬਨਾਉਣ ਲਈ ਡਰੰਮ ਅਤੇ ਰਸਾਇਣ ਘੋਲਣ ਲਈ ਲੰਮੇ ਦਸਤੇ ਵਾਲੀ ਕੋਈ ਚੀਜ਼ ਵਰਤਣੀ ਚਾਹੀਦੀ ਹੈ, ਤਾਂ ਜੋ ਰਸਾਇਣ ਦੇ ਛਿੱਟੇ ਘੋਲਣ ਵਾਲੇ ਵਿਅਕਤੀ ਉੱਤੇ ਨਾ ਪੈਣ।

8. ਸਪਰੇਅ ਲਈ ਹਮੇਸ਼ਾਂ ਸਾਫ਼ ਪਾਣੀ ਹੀ ਵਰਤੋ।

9. ਹਮੇਸ਼ਾ ਹੀ ਛਿੜਕਾਅ ਹਵਾ ਦੇ ਰੁੱਖ ਅਨੁਸਾਰ ਹੀ ਕਰੋ ਅਤੇ ਇਸ ਗਲ ਦਾ ਧਿਆਨ ਰਖੋ ਕਿ ਛਿੜਕਾਅ ਉੱਡ ਕੇ ਕਿਸੇ ਪਾਣੀ ਦੇ ਸੋਮੇ ਜਾਂ ਸਬਜ਼ੀ ਵਾਲੀ ਫ਼ਸਲ ਤੇ ਨਾ ਪਏ।

10. ਬੰਦ ਨੋਜ਼ਲ ਨੂੰ ਮੂੰਹ ਨਾਲ ਫੂਕ ਮਾਰ ਕੇ ਖੋਲਣ ਦੀ ਗਲਤੀ ਕਦੇ ਨਾ ਕਰੋ, ਉਸਨੂੰ ਖੋਲ ਕੇ ਚੰਗੀ ਤਰ੍ਹਾਂ ਅੰਦਰੋ ਸਾਫ਼ ਕਰ ਲਉ।

11. ਜੇਕਰ ਪੁਰਾਣੀ ਨੋਜ਼ਲ ਦੀ ਪਾਣੀ ਕੱਢਣ ਦੀ ਦਰ ਮੁੱਢਲੀ ਦਰ ਨਾਲੋਂ 10-15% ਵੱਧ ਜਾਵੇ ਤਾਂ ਇਸ ਨੂੰ ਬਦਲ ਦਿਓ।

12. ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਬੰਦੇ ਨੂੰ ਦਿਹਾੜੀ ਵਿੱਚ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਪੰਜਾਬ ਵਿੱਚ ਸਾਉਣੀ ਦੀਆਂ ਰਵਾਇਤੀ ਫਸਲਾਂ ਹੇਠ ਰਕਬਾ ਵਧਾਉਣ ਲਈ ਸੁਝਾਅ

ਛਿੜਕਾਅ ਤੋਂ ਬਾਅਦ ਧਿਆਨ ਯੋਗ ਗੱਲਾਂ:

1. ਪੰਪ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਕੱਪੜੇ ਧੋਣ ਵਾਲੇ ਸੌਢੇ ਨਾਲ ਸਾਫ ਕਰਕੇ ਰੱਖੋ।

2. ਬਚੇ ਹੋਏ ਕੀਟਨਾਸ਼ਕ ਜ਼ਹਿਰਾਂ ਦੇ ਡੱਬਿਆਂ ਨੂੰ ਬੱਚਿਆਂ ਅਤੇ ਪਸ਼ੂਆਂ ਦੀ ਪਹੁੰਚ ਤੋਂ ਦੂਰ ਰੱਖੋ।ਖਾਲੀ ਡੱਬਿਆਂ ਨੂੰ ਘਰਾਂ ਵਿੱਚ ਕਿਸੇ ਕੰਮ ਲਈ ਨਾ ਵਰਤੋਂ ਅਤੇ ਨਸ਼ਟ ਕਰਕੇ ਮਿੱਟੀ ਵਿੱਚ ਦੱਬੋ।

3. ਕੀਟਨਾਸ਼ਕਾ ਦਾ ਛਿੜਕਾਅ ਕਰਨ ਵਾਲੇ ਆਦਮੀ ਨੂੰ ਵੀ ਸਾਫ ਪਾਣੀ ਅਤੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ।

4. ਛਿੜਕਾਅ ਦੌਰਾਨ ਪਹਿਨੇ ਸਾਰੇ ਕੱਪੜੇ ਅਤੇ ਸੇਫਟੀ ਕਿੱਟ ਨੂੰ ਵੀ ਧੋ ਲਵੋ।

5. ਛਿੜਕਾਅ ਦੀ ਮਿਤੀ, ਕੀਟਨਾਸ਼ਕ ਦਾ ਨਾਮ, ਕੰਪਨੀ, ਮਾਤਰਾ, ਕੀਮਤ ਅਤੇ ਕੀੜੇ ਆਦਿ ਦੀ ਜਾਣਕਾਰੀ ਕਾਪੀ ਤੇ ਨੋਟ ਕਰ ਲਵੋ।

6. ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਕਾਮਿਆਂ ਨੂੰ ਕੁਝ ਵਕਫੇ ਪਿੱਛੋਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ।

7. ਖੇਤੀ ਜ਼ਹਿਰਾਂ ਨੂੰ ਹਮੇਸ਼ਾ ਲੇਬਲ ਲੱਗੇ ਡੱਬੇ ਜਾਂ ਸ਼ੀਸ਼ੀ ਵਿੱਚ ਹੀ ਰੱਖੋ।

8. ਰਸਾਇਣਾਂ ਨੂੰ ਸੁਰੱਖਿਅਤ ਥਾਂ ਤੇ ਜੰਦਰਾ ਲਾ ਕੇ ਰੱਖੋ ਤਾਂ ਜੋ ਬੱਚੇ, ਗੈਰ ਜ਼ਿੰਮੇਵਾਰ ਆਦਮੀ ਅਤੇ ਪਾਲਤੂ ਜਾਨਵਰ ਉਨ੍ਹਾਂ ਤੱਕ ਨਾ ਪਹੁੰਚ ਸਕਣ।

9. ਛਿੜਕਾਅ ਤੋਂ ਬਾਅਦ ਫ਼ਸਲ ਵੱਡਣ ਲਈ ਨਿਰਧਾਰਿਤ ਵੇਟਿੰਗ ਪੀਰੀਅਡ ਦੀ ਪਾਲਣਾ ਕਰੋ।

ਖੇਤੀ ਜ਼ਹਿਰਾਂ ਦੀ ਵਰਤੋਂ ਦੌਰਾਨ ਹਾਦਸਾ ਹੋਣ 'ਤੇ ਬਚਾਓ ਦੇ ਮੁੱਢਲੇ ਢੰਗ:

ਜੇਕਰ ਇਨ੍ਹਾਂ ਦਵਾਈਆਂ ਦਾ ਜ਼ਹਿਰ ਚੜ੍ਹ ਜਾਵੇ ਤਾਂ ਜਲਦੀ ਹੀ ਡਾਕਟਰ ਨੂੰ ਬੁਲਾਅ ਲੈਣਾ ਚਾਹੀਦਾ ਹੈ ਅਤੇ ਡਾਕਟਰ ਦੇ ਪੁੱਜਣ ਤੋਂ ਪਹਿਲਾਂ ਹੇਠ ਲਿਖੇ ਮੁੱਢਲੇ ਬਚਾਓ ਦੇ ਢੰਗ ਅਪਣਾਅ ਲੈਣੇ ਜ਼ਰੂਰੀ ਹਨ।

1. ਅੱਖ ਵਿੱਚ ਦਵਾਈ ਪੈ ਜਾਣ ਤੇ ਤੁਰੰਤ ਹੀ ਅੱਖਾਂ ਹੌਲੀ-ਹੌਲੀ ਧੋਣੀਆਂ ਚਾਹੀਦੀਆਂ ਹਨ।ਅੱਖਾਂ ਨੂੰ ਉਸ ਸਮੇਂ ਤੱਕ ਧੋਦੇਂ
ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਡਾਕਟਰ ਨਾ ਪਹੁੰਚ ਜਾਵੇ।

2. ਜੇਕਰ ਚਮੜੀ ਰਾਹੀ ਜ਼ਹਿਰ ਸਰੀਰ ਵਿੱਚ ਚਲਿਆ ਜਾਵੇ ਤਾਂ ਸਰੀਰ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।

3. ਕੱਪੜੇ ਉਤਾਰ ਕੇ ਸਰੀਰ ਤੇ ਲਗਾਤਾਰ ਪਾਣੀ ਪਾਉਂਦੇ ਰਹੋ, ਕਿਉਂਕਿ ਇਸ ਨਾਲ ਕਾਫੀ ਫ਼ਰਕ ਪੈ ਜਾਂਦਾ ਹੈ।

4. ਜ਼ਹਿਰ ਨਿਗਲ ਜਾਣ ਤੇ ਜਲਦੀ ਹੀ ਉਲਟੀ ਕਰਾ ਕੇ ਮਰੀਜ਼ ਦੇ ਪੇਟ ਵਿੱਚੋਂ ਜ਼ਹਿਰ ਕੱਢ ਦੇਣੀ ਚਾਹੀਦੀ ਹੈ।ਇਸ ਲਈ ਇਕ ਚਮਚ (15 ਗ੍ਰਾਮ) ਨਮਕ ਗਰਮ ਪਾਣੀ ਦੇ ਗਲਾਸ ਵਿੱਚ ਘੋਲ ਕੇ ਮਰੀਜ ਨੂੰ ਦਿਓ ਅਤੇ ਇਹ ਅਮਲ ਉਸ ਸਮੇਂ ਤੱਕ ਦੁਹਰਾਉਂਦੇ ਰਹੋ ਜਿੰਨਾ ਚਿਰ ਤੱਕ ਕਿ ਉਲਟੀ ਨਾ ਆ ਜਾਵੇ।

5. ਜੇਕਰ ਜ਼ਹਿਰ ਚੜਣ ਕਾਰਣ ਮਰੀਜ ਨੂੰ ਸਾਹ ਦੀ ਤਕਲੀਫ਼ ਹੋਵੇ ਤਾਂ ਜਲਦੀ ਹੀ ਖੁੱਲੀ ਹਵਾ ਵਿੱਚ ਲੈ ਜਾਓ (ਤੋਰ ਕੇ ਨਹੀਂ)। ਜੇ ਸਾਹ ਬੰਦ ਹੋ ਜਾਵੇ ਜਾਂ ਸਾਹ ਵਿੱਚ ਤਬਦੀਲੀ ਆ ਜਾਵੇ ਤਾਂ ਆਰਜੀ ਤੌਰ ਤੇ ਸਾਹ ਦਿਵਾਉਣਾ ਚਾਹੀਦਾ ਹੈ, ਪਰ ਛਾਤੀ ਤੇ ਕੋਈ ਦਬਾਅ ਨਹੀਂ ਦੇਣਾ ਚਾਹੀਦਾ।

ਕਮਲਦੀਪ ਸਿੰਘ ਮਠਾੜੂ, *ਗੁਰਮੇਲ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਮੱਕੜ
ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ

Summary in English: Danger signal for farmers, identify agricultural poisons through color

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters