Krishi Jagran Punjabi
Menu Close Menu

ਮਿਲਾਵਟੀ ਦੁੱਧ ਦੇ ਮਾਰੂ ਪ੍ਰਭਾਵ ਅਤੇ ਬਚਾਅ

Saturday, 21 November 2020 04:53 PM

ਸੰਸਾਰ ਦੇ ਬਾਕੀ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਦੁੱਧ ਦੇ ਉਤਪਾਦਨ ਅਤੇ ਖਪਤ ਸਭ ਤੋਂ ਅੱਗੇ ਹੈ। ਸਾਲ 2018-19 ਵਿੱਚ ਦੇਸ਼ ਵਿੱਚ ਲਗਭਗ 187.7 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋਇਆ। ਪਰ ਮਿਲਾਵਟੀ/ਸਿੰਥੈਟਿਕ ਦੁੱਧ ਫ਼ੜੇ ਜਾਣ ਦੀਆਂ ਘਟਨਾਵਾਂ ਭਾਰਤ ਦੀ ਇਸ ਉਪਲੱਬਧੀ ਤੇ ਸਾਲ ਖੜੇ ਕਰਦੀਆਂ ਹਨ। ਤਰਲ ਦੁੱਧ ਬੱਚਿਆਂ ਅਤੇ ਬਜੁਰਗਾਂ ਲਈ ਇੱਕ ਬੇਹੱਦ ਜਰੂਰੀ ਪੋਸ਼ਕ ਆਹਾਰ ਹੈ। ਕੁਦਰਤੀ ਦੁੱਧ ਦੀ ਥਾਂ, ਰਸਾਇਣਕ ਤੌਰ 'ਤੇ ਬਣਾਇਆ ਦੁੱਧ (ਸਿੰਥੈਟਿਕ ਦੁੱਧ) ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਡੇਅਰੀ ਉਦਯੋਗ ਵਿੱਚ ਦੁੱਧ ਨੂੰ ਵੱਖ-ਵੱਖ ਤਰੀਕਿਆਂ ਨਾਲ ਟੈਸਟ ਕੀਤਾ ਜਾਂਦਾ ਹੈ, ਜਿਨ੍ਹਾਂ ਰਾਹੀਂ ਦੁੱਧ ਵਿੱਚ ਫੈਟ, ਪ੍ਰੋਟੀਨ ਅਤੇ ਲੈਕਟੋਜ਼ ਆਦਿ ਦੇ ਪੱਧਰ ਬਾਰੇ ਪਤਾ ਲਗਦਾ ਹੈ ਪਰ ਫ਼ਿਰ ਵੀ ਇਹ ਟੈਸਟ ਹਰ ਥਾਂ ਨਹੀਂ ਕੀਤੇ ਜਾ ਸਕਦੇ ਅਤੇ ਇਹਨਾਂ ਵਿੱਚ ਸਮਾਂ ਵੀ ਵਧੇਰੇ ਲਗਦਾ ਹੈ।

ਮਿਲਾਵਟੀ ਦੁੱਧ ਕੁਦਰਤੀ ਦੁੱਧ ਦੀ ਨਕਲ ਹੈ। ਦੁੱਧ ਵਿੱਚ ਫ਼ੈਟ ਦੀ ਨਕਲ ਲਈ ਬਨਸਪਤੀ ਤੇਲ ਵਰਤਿਆ ਜਾਂਦਾ ਹੈ ਅਤੇ ਨਾਈਟ੍ਰੋਜਨ ਵਰਗੇ ਵਿਵਹਾਰ ਲਈ ਯੂਰੀਆ ਮਿਲਾਇਆ ਜਾਂਦਾ ਹੈ। ਇਸਤੋਂ ਇਲਾਵਾ ਨਕਲੀ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਜਾਂਦਾ ਹੈ ਜੋ ਇਸ ਵਿੱਚ ਝੱਗ ਪੈਦਾ ਕਰਦਾ ਹੈ। ਇਹ ਮਿਸ਼ਰਣ ਇੰਨੀ ਕੁਸ਼ਲਤਾ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਸਿੰਥੈਟਿਕ ਦੁੱਧ ਦੀ ਘਣਤਾ ਕੁਦਰਤੀ ਦੁੱਧ ਦੇ ਸਮਾਨ ਹੋ ਜਾਂਦੀ ਹੈ। ਮਿਸ਼ਰਣ ਤਿਆਰ ਕਰਨ ਤੋਂ ਬਾਅਦ ਇਸਨੂੰ ਵੱਖ-ਵੱਖ ਅਨੁਪਾਤ ਵਿਚ ਕੁਦਰਤੀ ਦੁੱਧ ਵਿਚ ਮਿਲਾਇਆ ਜਾਂਦਾ ਹੈ। ਸਿੰਥੈਟਿਕ ਦੁੱਧ ਨੂੰ ਆਸਾਨੀ ਨਾਲ ਬਣਾਇਆ ਅਤੇ ਦੁੱਧ ਵਿੱਚ ਮਿਲਾਇਆ ਜਾ ਸਕਦਾ ਹੈ, ਇਸ ਲਈ ਦੁੱਧ ਉਤਪਾਦਕ, ਦੁੱਧ ਦੇ ਛੋਟੇ ਵਪਾਰੀ ਅਤੇ ਦੁੱਧ ਉਤਪਾਦਾਂ ਦੇ ਨਿਰਮਾਤਾ ਵਧੇਰੇ ਲਾਭ ਕਮਾਉਣ ਲਈ ਸਿੰਥੈਟਿਕ ਦੁੱਧ ਤਿਆਰ ਕਰਦੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਇਕ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਜਿਹੇ ਸਿੰਥੈਟਿਕ ਦੁੱਧ ਅਤੇ ਉਨ੍ਹਾਂ ਤੋਂ ਬਣੇ ਉਤਪਾਦਾਂ ਦੀ ਵਰਤੋਂ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। 

ਨਕਲੀ ਦੁੱਧ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ

1.ਪਾਣੀ: - ਪਾਣੀ ਨੂੰ ਘੋਲਨ ਵਾਲੇ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਜਿਸ ਵਿੱਚ ਨਕਲੀ ਦੁੱਧ ਦੇ ਹੋਰ ਸਾਰੇ ਭਾਗ ਅਸਾਨੀ ਨਾਲ ਘੁਲ ਜਾਂਦੇ ਹਨ।

2.ਖੰਡ: - ਖੰਡ ਦੀ ਵਰਤੋਂ ਸਿੰਥੈਟਿਕ ਦੁੱਧ ਵਿਚ ਮਿਠਾਸ ਲਿਆਉਣ ਲਈ ਅਤੇ ਲੰਬੇ ਸਮੇਂ ਤੱਕ ਭੰਡਾਰਨ ਕਾਰਨ ਪੈਦਾ ਹੋਈ ਖਟਾਈ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ।

3. ਸਟਾਰਚ: - ਸਟਾਰਚ ਨੂੰ ਸਿੰਥੈਟਿਕ ਦੁੱਧ ਵਿੱਚ ਇਸ ਲਈ ਮਿਲਾਇਆ ਜਾਂਦਾ ਹੈ ਤਾਂ ਜੋ ਇਸ ਨੂੰ ਕੁਦਰਤੀ ਦੁੱਧ ਨਾਲੋਂ ਸੰਘਣਾ ਬਣਾਇਆ ਜਾ ਸਕੇ ਅਤੇ ਕੁਦਰਤੀ ਦੁੱਧ ਨਾਲੋਂ ਵਧੇਰੇ ਇਕਸਾਰਤਾ ਪੈਦਾ ਕੀਤੀ ਜਾ ਸਕੇ।

4. ਯੂਰੀਆ: - ਸਿੰਥੈਟਿਕ ਦੁੱਧ ਵਿੱਚ ਯੂਰੀਆ ਦੀ ਵਰਤੋਂ ਨਾਈਟ੍ਰੋਜਨ ਨੂੰ ਵਧਾਉਣ ਲਈ ਅਤੇ ਇਸ ਦੁੱਧ ਨੂੰ ਦੂਧੀਆ ਰੰਗਤ ਦੇਣ ਲਈ ਵੀ ਕੀਤੀ ਜਾਂਦੀ ਹੈ।

5. ਗੁਲੂਕੋਜ਼:- ਗੁਲੂਕੋਜ਼ ਨੂੰ ਸਿੰਥੈਟਿਕ ਦੁੱਧ ਵਿਚ ਮਿਠਾਸ ਵਧਾਉਣ ਲਈ ਮਿਲਾਇਆ ਜਾਂਦਾ ਹੈ ਅਤੇ ਨਾਲ ਹੀ ਇਹ ਦੁੱਧ ਵਿੱਚ ਗਾੜ੍ਹਾਪਣ ਵੀਪੈਦਾ ਕਰਦਾ ਹੈ, ਜੋ ਕਿ ਸਿੰਥੈਟਿਕ ਦੁੱਧ ਨੂੰ ਕੁਦਰਤੀ ਦੁੱਧ ਦੀ ਤਰ੍ਹਾਂ ਬਣਾਉਣ ਵਿੱਚ ਵਧੇਰੇ ਮਦਦਗਾਰ ਸਾਬਤ ਹੁੰਦਾ ਹੈ।

6. ਨਿਊਟ੍ਰਲਾਈਜ਼ਰ:-ਸਿੰਥੈਟਿਕ ਦੁੱਧ ਦੇ ਤੇਜ਼ਾਬੀਪਣ ਨੂੰ ਦੂਰ ਕਰਨ ਲਈ ਇਸ ਵਿੱਚ ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਹਾਈਡ੍ਰੋਕਸਾਈਡ ਵਰਗੇ ਕਈ ਪਦਾਰਥ ਮਿਲਾਏ ਜਾਂਦੇ ਹਨ।

7. ਡਿਟਰਜੈਂਟਸ: - ਡਿਟਰਜੈਂਟਾਂ ਵਿੱਚ ਝੱਗ ਬਣਾਉਣ ਦਾ ਗੁਣ ਹੁੰਦਾ ਹੈ, ਇਸ ਲਈ ਮਿਲਾਵਟ ਕਰਨ ਵਾਲੇ ਇਸ ਨੂੰ ਸਿੰਥੈਟਿਕ ਦੁੱਧ ਵਿੱਚ ਕੁਦਰਤੀ ਦੁੱਧ ਦੀ ਤਰ੍ਹਾਂ ਝੱਗ ਪੈਦਾ ਕਰਨ ਲਈ ਵਰਤਦੇ ਹਨ।

8. ਬਨਸਪਤੀ ਤੇਲ:- ਸਿੰਥੈਟਿਕ ਦੁੱਧ ਵਿੱਚ ਕੁਦਰਤੀ ਦੁੱਧ ਦੀ ਤਰ੍ਹਾਂ ਫ਼ੈਟ ਦੀ ਮੌਜੂਦਗੀ ਨੂੰ ਦਰਸਾਉਣ ਲਈ ਇਸ ਬਨਸਪਤੀ ਤੇਲ ਵਿੱਚ ਮਿਲਾਇਆ ਜਾਂਦਾ ਹੈ।

ਮਿਲਾਵਟੀ ਦੁੱਧ ਦੇ ਮਾਰੁ ਪ੍ਰਭਾਵ

ਮਿਲਾਵਟੀ ਦੁੱਧ ਦਾ ਵੱਡਾ ਹਿੱਸਾ ਪਾਣੀ ਹੁੰਦਾ ਹੈ। ਇਹ ਨਾ ਸਿਰਫ ਦੁੱਧ ਦੀ ਘਣਤਾ ਨੂੰ ਘਟਾਉਂਦਾ ਹੈ ਬਲਕਿ ਇਹ ਦੁੱਧ ਵਿਚ ਮੌਜੂਦ ਸਾਰੇ ਕੁਦਰਤੀ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ। ਇਸਤੋਂ ਇਲਾਵਾ ਜੇ ਮਿਲਾਵਟ ਕਰਨ ਲਈ ਦੂਸ਼ਿਤ ਪਾਣੀ ਵਰਤਿਆ ਜਾਵੇ ਤਾਂ ਇਹ ਕਈ ਹੋਰ ਹਾਨੀਕਾਰਕ ਬਿਮਾਰੀਆਂ ਜਿਵੇਂ ਹੈਜ਼ਾ, ਟਾਈਫਾਈਡ ਅਤੇ ਹੈਪੇਟਾਈਟਸ ਏ ਅਤੇ ਈ ਆਦਿ ਦਾ ਕਾਰਨ ਬਣ ਸਕਦਾ ਹੈ।

ਸਿੰਥੈਟਿਕ ਦੁੱਧ ਵਿੱਚ ਮਿਠਾਸ ਵਧਾਉਣ ਲਈ ਚੀਨੀ ਮਿਲਾਈ ਜਾਂਦੀ ਹੈ। ਕੁਦਰਤੀ ਦੁੱਧ ਵਿਚ ਮੌਜੂਦ ਲੈਕਟੋਜ਼ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਨਹੀਂ ਪਾਉਂਦੇ, ਪਰ ਸਿੰਥੈਟਿਕ ਦੁੱਧ ਵਿਚ ਮਾੜੀ ਕੁਆਲਟੀ ਵਾਲੀ ਚੀਨੀ ਦੀ ਵਰਤੋ ਨੁਕਸਾਨਦੇਹ ਹੋ ਸਕਦੀ ਹੈ, ਅਤੇ ਇਹ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ। ਦੁੱਧ ਵਿੱਚ ਥੋੜ੍ਹੀ ਮਾਤਰਾ ਵਿੱਚ ਯੂਰੀਆ ਵੀ ਮਿਲਾਇਆ ਜਾਂਦਾਂ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਪਦਾਰਥ ਹੈ ਆਮ ਤੌਰ ਤੇ ਇਹ ਦੁੱਧ ਨੂੰ ਗਾੜ੍ਹਾ ਬਣਾਉਣ ਲਈ ਮਿਲਾਇਆ ਜਾਂਦਾ ਹੈ ਅਤੇ ਇਸ ਦੀ ਜ਼ਿਆਦਾ ਮਾਤਰਾ ਖਪਤਕਾਰਾਂ ਲਈ ਜ਼ਹਿਰੀਲੇਪਣ ਦਾ ਕਾਰਨ ਵੀ ਬਣ ਸਕਦੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁੱਧ ਵਿੱਚ ਯੂਰੀਆ ਮਿਲਾਉਣਾ ਮਨੁੱਖਾਂ ਵਿੱਚ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਸਿੰਥੈਟਿਕ ਦੁੱਧ ਵਿਚ ਡਿਟਰਜੈਂਟ ਦੀ ਮੌਜੂਦਗੀ ਬਹੁਤ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਡਿਟਰਜੈਂਟ ਡਾਈਆਕਸਿਨ ਪੈਦਾ ਕਰਦੇ ਹਨ ਜੋ ਇੱਕ ਕੈਂਸਰ ਕਰਨ ਵਾਲਾ ਤੱਤ ਹੈ। ਡਾਈਆਕਸਿਨ ਤੋਂ ਇਲਾਵਾ, ਡਿਟਰਜੈਂਟਾਂ ਤੋਂ ਕੁਝ ਹੋਰ ਜ਼ਹਿਰੀਲੇ ਤੱਤ ਜਿਵੇਂ ਕਿ ਸੋਡੀਅਮ ਲੌਰੀਲ ਸਲਫੇਟ (ਐਸ. ਐਲ. ਐਸ.) ਨੋਨਿਲਫੇਨੋਲ ਈਥੋਕਸਾਈਲੇਟ, ਅਤੇ ਫਾਸਫੇਟ ਆਦਿ ਪੈਦਾ ਹੁੰਦੇ ਹਨ। ਵੱਖ ਵੱਖ ਅਧਿਐਨਾਂ ਦੇ ਨਤੀਜੇ ਦੱਸਦੇ ਹਨ ਕਿ ਸੋਡੀਅਮ ਲੌਰੀਲ ਸਲਫੇਟ ਕਿਸੇ ਵੀ ਰੂਪ ਵਿਚ ਮੌਜੂਦ ਹੋਣ ਤੇ ਅੱਖਾਂ ਅਤੇ ਚਮੜੀ ਦੇ ਜਲਣ ਦਾ ਕਾਰਨ ਬਣਦਾ ਹੈ, ਨਾਲ ਹੀ ਅੰਗਾਂ ਦੇ ਜ਼ਹਿਰੀਲੇਪਨ, ਨਿਊਰੋਟੌਕਸੀਸਿਟੀ,  ਸ਼ੁਕਰਾਣੂਆਂ ਦੀ ਗਿਣਤੀ ਘਟਣ,  ਮੌਤ ਦਰ ਵਿੱਚ ਵਾਧਾ ਅਤੇ ਕੈਂਸਰ ਦਾ ਕਾਰਨ ਬਣਦੇ ਹਨ। ਸੋਡੀਅਮ ਹਾਈਡ੍ਰੋਕਸਾਈਡ ਅਤੇ ਸੋਡੀਅਮ ਕਾਰਬੋਨੇਟ ਦੀ ਵਰਤੋਂ ਆਮ ਤੌਰ 'ਤੇ ਇਕ ਨਿਊਟ੍ਰਲਾਈਜ਼ਰ ਵਜੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਹ ਪੇਟ ਵਿਚ ਜਲਣ ਅਤੇ ਦਰਦ ਦਾ ਕਾਰਨ ਬਣ ਸਕਦੇ ਹਨ।

ਇਸਤੋਂ ਇਲਾਵਾ ਕੁਦਰਤੀ ਦੁੱਧ ਦੀ ਬਜਾਏ ਸਿੰਥੈਟਿਕ ਦੁੱਧ ਦੀ ਨਿਯਮਤ ਰੂਪ ਵਿੱਚ ਵਰਤੋ, ਖ਼ਪਤਕਾਰਾਂ ਵਿੱਚ ਕੁਦਰਤੀ ਪੌਸ਼ਟਿਕ ਤੱਤਾਂ ਦੀ ਘਾਟ ਦਾ ਕਾਰਨ ਬਣ ਸਕਦੀ ਹੈ, ਜਿਸ ਦੇ ਹੋਰ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ।

ਮਿਲਾਵਟੀ ਦੁੱਧ ਦੇ ਕੁਝ ਹਿੱਸੇ ਜਿਵੇਂ ਕਿ ਯੂਰੀਆ, ਡਿਟਰਜੈਂਟ ਅਤੇ ਨਿਊਟ੍ਰਲਰਾਈਜ਼ਰ ਬਹੁਤ ਨੁਕਸਾਨਦੇਹ ਅਤੇ ਜ਼ਹਿਰੀਲੇ ਸੁਭਾਅ ਵਾਲੇ ਹਨ। ਬਾਕੀ ਹਿੱਸੇ ਜਿਵੇਂ ਕਿ  ਪਾਣੀ, ਖੰਡ ਅਤੇ ਸਟਾਰਚ ਆਦਿ ਦੀ ਵਰਤੋਂ ਸਿਹਤ ਲਈ ਗੰਭੀਰ ਨਹੀਂ ਹੈ ਪਰ ਉਨ੍ਹਾਂ ਦੀ ਮਾੜੀ ਕੁਆਲਟੀ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਮਿਲਾਵਟੀ ਦੁੱਧ ਤੇ ਰੋਕ ਲਗਾਉਣੀ ਅਤੀ ਜ਼ਰੂਰੀ ਹੈ। ਖ਼ਪਤਕਾਰਾਂ ਨੂੰ ਜਾਗਰੂਕ ਕਰਨਾ ਅਤੇ ਖੁਰਾਕ ਸੰਬੰਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਸਿੰਥੈਟਿਕ ਦੁੱਧ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਦੁੱਧ ਦੇ ਕੁਦਰਤੀ ਗੁਣਾਂ ਤੇ ਅਧਾਰਤ ਕੁਝ ਟੈਸਟਿੰਗ ਵਿਧੀਆਂ (ਸਾਰਣੀ 1) ਦੀ ਵਰਤੋ ਕਰਕੇ, ਸਿੰਥੈਟਿਕ ਦੁੱਧ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਮਿਲਾਵਟੀ ਦੁੱਧ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।   

ਪਲਵਿੰਦਰ ਸਿੰਘ, ਅਜੀਤਪਾਲ ਧਾਲੀਵਾਲ ਅਤੇ ਸਰਵਪ੍ਰੀਆ ਸਿੰਘ

ਕਿਸ਼੍ਰੀ ਵਿਗਿਆਨ ਕੇਂਦਰ, ਬਠਿੰਡਾ

Deadly effects milk punjab
English Summary: Deadly effects and prevention of adulterated milk

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.