1. Home
  2. ਖੇਤੀ ਬਾੜੀ

ਕਣਕ ਦਾ ਬਿਮਾਰੀ ਰਹਿਤ ਬੀਜ ਪੈਦਾ ਕਰਨ ਲਈ ਅਪਣਾਓ ਇਹ ਨੁਕਤੇ, ਮਿਲੇਗਾ ਵਾਧੂ ਮੁਨਾਫ਼ਾ

ਕਿਸਾਨ ਵੀਰੋਂ ਇਸ ਲੇਖ 'ਚ ਸਾਂਝੇ ਕੀਤੇ ਜਾ ਰਹੇ ਨੁਕਤਿਆਂ ਨੂੰ ਆਪਣਾ ਕੇ ਘੱਟ ਖਰਚੇ ਨਾਲ ਅੱਸੀ ਕਣਕ ਦਾ ਬਿਮਾਰੀ ਮੁਕਤ ਬੀਜ ਪੈਦਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਾਂ।

Gurpreet Kaur Virk
Gurpreet Kaur Virk
ਇਹ ਨੁਕਤੇ ਅਪਣਾਓ, ਵੱਧ ਤੋਂ ਵੱਧ ਮੁਨਾਫ਼ਾ ਕਮਾਓ

ਇਹ ਨੁਕਤੇ ਅਪਣਾਓ, ਵੱਧ ਤੋਂ ਵੱਧ ਮੁਨਾਫ਼ਾ ਕਮਾਓ

ਕਹਿੰਦੇ ਨੇ ਕਿ ਸਿਹਤਮੰਦ ਬੀਜ ਲਾਭਦਾਇਕ ਖੇਤੀ ਦੀ ਬੁਨਿਆਦ ਹੁੰਦੇ ਹਨ ਅਤੇ ਇਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਅਨਾਜ ਦੀ ਗੁਣਵੱਤਾ ਅਤੇ ਉਤਪਾਦਨ ਨੂੰ ਵਧਾ ਕੇ ਮੁਨਾਫਾ ਕਮਾ ਸਕਦੇ ਹਾਂ। ਇਸ ਲਈ ਬੀਜ ਪੈਦਾ ਕਰਨ ਲਈ ਬੀਜੀ ਕਣਕ ਵਾਲੇ ਖੇਤ, ਆਪ ਮੁਹਾਰੇ ਉੱਗੇ ਗੈਰਕਿਸਮੀ ਬੂਟੇ, ਨਦੀਨ, ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ। ਕਿਸਾਨ ਵੀਰੋਂ ਇਸ ਲੇਖ 'ਚ ਸਾਂਝੇ ਕੀਤੇ ਜਾ ਰਹੇ ਨੁਕਤਿਆਂ ਨੂੰ ਆਪਣਾ ਕੇ ਘੱਟ ਖਰਚੇ ਨਾਲ ਅੱਸੀ ਕਣਕ ਦਾ ਬਿਮਾਰੀ ਮੁਕਤ ਬੀਜ ਪੈਦਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਾਂ।

ਕਣਕ ਦੀਆਂ ਕਈ ਬਿਮਾਰੀਆਂ ਦੇ ਕੀਟਾਣੂੰ ਮਿੱਟੀ ਅਤੇ ਪੌਦੇ ਦੇ ਦੂਜੇ ਭਾਗਾਂ ਦੇ ਮੁਕਾਬਲੇ ਬੀਜਾਂ ਵਿੱਚ ਜਿਆਦਾ ਲੰਬੇ ਸਮੇਂ ਲਈ ਜਿਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਲਾਗ ਬੀਜਾਂ ਰਾਹੀਂ ਬੜੀ ਹੀ ਆਸਾਨੀ ਨਾਲ ਨਵੇਂ ਇਲਾਕਿਆਂ ਵਿੱਚ ਫੈਲ਼ ਸਕਦੀ ਹੈ। ਅਨੁਕੂਲ ਹਾਲਤਾਂ ਦੇ ਅਧੀਨ ਬੀਜ ਰਾਹੀਂ ਲੱਗਣ ਵਾਲੀ ਬਿਮਾਰੀ ਇੱਕ ਮਹਾਂਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਇਸ ਲਈ ਬਿਮਾਰੀ ਮੁਕਤ ਬੀਜ ਪੈਦਾ ਕਰਨ ਲਈ ਕਣਕ ਦੇ ਨਿਸਰਣ ਸਮੇਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਕੁਝ ਨੁਕਤੇੇੇ ਸਾਂਝੇ ਕਰ ਰਹੇ ਹਾਂ।

ਪੀਲੀ ਕੁੰਗੀ ਦਾ ਹਮਲਾ ਵੇਖਣ ਲਈ ਇਨ੍ਹਾਂ ਦਿਨ੍ਹਾਂ ਵਿੱਚ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜੇਕਰ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਉੱਲੀਨਾਸ਼ਕਾਂ ਦਾ ਜਿਵੇਂ ਕਿ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ (ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਉਪੇਰਾ 18.3 ਐਸ ਈ (ਪਾਈਰੈਕਲੋਸਟ੍ਰੋਬਿਨ + ਇਪੋਕਸੀਕੋਨਾਜ਼ੋਲ) ਜਾਂ 200 ਮਿਲੀਲਿਟਰ ਕਸਟੋਡੀਆ 320 ਐਸ ਸੀ (ਐਜ਼ੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈ ਸੀ/ ਸ਼ਾਈਨ 25 ਈ ਸੀ/ਬੰਪਰ 25 ਈ ਸੀ/ਸਟਿਲਟ 25 ਈ ਸੀ/ਕੰਮਪਾਸ 25 ਈ ਸੀ/ਮਾਰਕਜ਼ੋਲ 25 ਈ ਸੀ (ਪਰੋਪੀਕੋਨਾਜ਼ੋਲ) ਆਦਿ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਸਮੇਂ ਸਿਰ ਕਾਬੂ ਕਰ ਲਵੋ।

ਇਨ੍ਹਾਂ ਦਿਨ੍ਹਾਂ ਵਿੱਚ ਕਣਕ ਦੀ ਫਸਲ ਤੇ ਕਾਂਗਿਆਰੀ ਦਾ ਹਮਲਾ ਨਜ਼ਰ ਆ ਸਕਦਾ ਹੈ। ਕਣਕ ਦੇ ਨਿਸਰਣ ਤੋਂ ਪਹਿਲਾਂ ਕਾਂਗਿਆਰੀ ਨਾਲ ਪ੍ਰਭਾਵਿਤ ਬੀਜ ਤੋਂ ਪੈਦਾ ਹੋਇਆ ਬੂਟਾ ਇੱਕ ਸਿਹਤਮੰਦ ਬੂਟੇ ਵਰਗਾ ਹੀ ਦਿੱਸਦਾ ਹੈ, ਪਰ ਬਿਮਾਰੀ ਦੀ ਲਾਗ ਵਾਲੇ ਬੂਟੇ ਸਿਹਤਮੰਦ ਬੂਟਿਆਂ ਤੋਂ 2-3 ਦਿਨ ਪਹਿਲਾਂ ਹੀ ਨਿਸਰ ਆਉਂਦੇ ਹਨ ਜਿਨ੍ਹਾਂ ਵਿੱਚ ਸਾਰੇ ਦਾਣੇ ਪੂਰੀ ਤਰ੍ਹਾਂ ਕਾਲੇ ਧੂੜ੍ਹੇ ਵਿੱਚ ਬਦਲ ਜਾਂਦੇ ਹਨ। ਇਸ ਕਾਲੇ ਧੂੜ੍ਹੇ ਵਿੱਚ ਲੱਖਾਂ ਦੀ ਤਦਾਦ ਵਿੱਚ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਕਣ ਮੌਜੂਦ ਹੁੰਦੇ ਹਨ ਜੋ ਕਿ ਕਣਕ ਦੇ ਨਿਸਾਰੇ ਦੌਰਾਨ ਇਸ ਬਿਮਾਰੀ ਦੀ ਲਾਗ ਨੂੰ ਵੱਧ ਤੋਂ ਵੱਧ ਬੂਟਿਆਂ ਤੇ ਫੈਲਾਅ ਦਿੰਦੇ ਹਨ। ਕਾਂਗਿਆਂਰੀ ਵਾਲੇ ਸਿੱਟਿਆਂ ਤੋਂ ਇਹ ਕਾਲਾ ਧੂੜਾ ਹਵਾ, ਮੀਂਹ, ਕੀੜੇ-ਮਕੌੜੇ ਆਦਿ ਰਾਹੀਂ ਸਿਹਤਮੰਦ ਬੂਟੇ ਦੇ ਖੁੱਲੇ ਫੁੱਲਾਂ ਤੇ ਚਲਾ ਜਾਂਦਾ ਹੈ ਅਤੇ ਸਿੱਟਿਆਂ ਵਿੱਚ ਪੈਦਾ ਹੋ ਰਹੇ ਬੀਜ ਨੂੰ ਬਿਮਾਰੀ ਦੀ ਲਾਗ ਲਾ ਦਿੰਦਾ ਹੈ।

ਕਣਕ ਦੇ ਨਿਸਾਰੇ ਸਮੇਂ ਬੀਜ ਵਾਲੀ ਫਸਲ ਦਾ ਸਰਵੇਖਣ ਕਰਨਾ ਬਹੁਤ ਜਰੂਰੀ ਹੈ। ਸਰਵੇਖਣ ਦੌਰਾਨ ਜਦੋਂ ਵੀ ਬਿਮਾਰੀ ਵਾਲੇ ਸਿੱਟੇ ਦਿਖਾਈ ਦੇਣ ਤਾਂ ਉਨ੍ਹਾਂ ਉੱਪਰ ਲਿਫਾਫਾ ਚੜ੍ਹਾ ਕੇ ਇਨ੍ਹਾਂ ਬਿਮਾਰੀ ਨਾਲ ਪ੍ਰਭਾਵਿਤ ਸਿੱਟਿਆਂ ਨੂੰ ਕੱਟ ਕੇ ਨਸ਼ਟ ਕਰ ਦਿਓ ।ਇਸ ਤਰ੍ਹਾਂ ਕਰਨ ਨਾਲ ਬਿਮਾਰੀ ਸਿਹਤਮੰਦ ਸਿੱਟਿਆਂ ਨੂੰ ਨਹੀਂ ਲੱਗੇਗੀ ਅਤੇ ਦਾਣੇ ਰੋਗ ਰਹਿਤ ਪੈਦਾ ਹੋਣਗੇ।

ਇਸ ਤੋਂ ਇਲਾਵਾ ਮਈ-ਜੂਨ ਦੇ ਮਹੀਨੇ ਸੂਰਜ ਦੀ ਗਰਮੀ ਨਾਲ ਵੀ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ। ਸਾਫ ਮੌਸਮ ਵਾਲੇ ਦਿਨ ਬੀਜ ਨੂੰ ਸਵੇਰੇ 8 ਵਜੇ ਤੋਂ ਲੈਕੇ ਦੁਪਹਿਰ ਦੇ 12:00 ਵਜੇ ਤੱਕ ਪਾਣੀ ਵਿੱਚ ਭਿਉਂ ਲਓ ਅਤੇ ਉਸ ਤੋਂ ਬਾਅਦ ਪੱਕੇ ਫਰਸ਼ ਤੇ ਜਾਂ ਤਰਪਾਲ ਤੇ ਬੀਜ ਨੂੰ ਪੱਤਲਾ-2 ਖਿਲਾਰ ਕੇ ਚੰਗੀ ਤਰ੍ਹਾਂ ਸੁਕਾ ਲਉ। ਇਸ ਤਰ੍ਹਾਂ ਕਰਨ ਨਾਲ ਬਿਨ੍ਹਾਂ ਪੈਸੇ ਖਰਚ ਕੀਤੇ ਅਤੇ ਬਿਨ੍ਹਾਂ ਕਿਸੇ ਰਸਾਇਣ ਤੋਂ ਬੀਜ ਬਿਮਾਰੀ ਰਹਿਤ ਹੋ ਜਾਂਦਾ ਹੈ।

ਕਰਨਾਲ ਬੰਟ ਦੀ ਬਿਮਾਰੀ ਦਾ ਰੋਗਾਣੂੰ ਮਿੱਟੀ ਅਤੇ ਬੀਜ ਵਿੱਚ ਜਿਊਂਦਾ ਰਹਿੰਦਾ ਹੈ ਜੋ ਕਿ ਕੁਆਰੰਟੀਨ ਦੀ ਇੱਕ ਗੰਭੀਰ ਸਮੱਸਿਆ ਹੋਣ ਕਰਕੇ ਕਣਕ ਦੇ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ।ਬਿਮਾਰੀ ਵਾਲਾ ਬੀਜ ਇਸ ਰੋਗ ਨੂੰ ਇੱਕ ਖੇਤ ਤੋਂ ਦੂਜੇ ਖੇਤ ਅਤੇ ਲੰਬੀ ਦੂਰੀ ਦੇ ਇਲਾਕਿਆਂ ਵਿੱਚ ਫੈਲਾਉਣ ਲਈ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।ਖੇਤ ਵਿੱਚ ਬਿਮਾਰੀ ਦੇ ਲੱਛਣਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਵਾਢੀ ਤੋਂ ਬਾਅਦ ਕਣਕ ਦੇ ਬੀਜਾਂ ਵਿੱਚ ਇਸ ਦੇ ਲੱਛਣ ਅਸਾਨੀ ਨਾਲ ਪਛਾਣੇ ਜਾਂ ਸਕਦੇ ਹਨ।

ਇਹ ਵੀ ਪੜ੍ਹੋ : ਕਣਕ ਦੀ ਇਹ ਕਿਸਮ ਇੱਕ ਸਿੰਚਾਈ 'ਤੇ 55 ਕੁਇੰਟਲ ਤੱਕ ਦਿੰਦੀ ਹੈ ਝਾੜ, 127 ਦਿਨਾਂ 'ਚ ਹੋ ਜਾਂਦੀ ਹੈ ਤਿਆਰ

ਆਮ ਤੌਰ ਤੇ ਇਸਦੇ ਲੱਛਣ ਸਿਰਫ ਦਾਣੇ ਦੇ ਸਿਰੇ ਤੇ ਹੀ ਦਿਸਦੇ ਹਨ ਪਰ ਕਦੇਕਦੇ ਸਾਰੇ ਦਾ ਸਾਰਾ ਦਾਣਾ ਹੀ ਇਸ ਨਾਲ ਪ੍ਰਭਾਵਿਤ ਹੋ ਜਾਂਦਾ ਹੈ।ਬਿਮਾਰੀ ਨਾਲ ਗ੍ਰਸਤ ਇਨ੍ਹਾਂ ਦਾਣਿਆਂ ਤੇ ਗੂੜੇ ਕਾਲੇ ਰੰਗ ਦਾ ਧੂੜਾ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਹੱਥਾਂ ਵਿੱਚ ਮਲਣ ਜਾਂ ਭੰਨਣ ਤੇ ਇਨ੍ਹਾਂ ਵਿੱਚੋਂ ਬੜੀ ਭੈੜੀ ਦੁਰਗੰਧ ਆਉਂਦੀ ਹੈ। ਇਹ ਕਾਲਾ ਧੂੜਾ ਉੱਲੀ ਦੇ ਕਣ ਹੁੰਦੇ ਹਨ ਜੋ ਕਈ ਸਾਲਾਂ ਤੱਕ ਦਾਣਿਆਂ ਅਤੇ ਜਮੀਨ ਵਿੱਚ ਜੀਵਿਤ ਰਹਿ ਸਕਦੇ ਹਨ।ਮੌਸਮ ਅਨੁਕੂਲ਼ ਹੋਣ ਤੇ ਇਹ ਕਣਕ ਦੇ ਸਿੱਟੇ ਨਿਕਲਣ ਵੇਲੇ ਮਿੱਟੀ ਵਿੱਚੋਂ ਉੱਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਦਾਣਿਆਂ ਤੇ ਬਿਮਾਰੀ ਲਾ ਦਿੰਦੇ ਹਨ। ਅਜਿਹੀ ਫਸਲ ਤੋਂ ਰੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।

ਜਿਆਦਾਤਰ ਸਿਫਾਰਿਸ਼ ਕੀਤੀਆਂ ਕਣਕ ਦੀਆਂ ਕਿਸਮਾਂ ਬਿਜਾਈ ਤੋਂ ਤਕਰੀਬਨ 90-95 ਦਿਨ ਬਾਅਦ ਨਿਸਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਕਿ ਐਚ ਡੀ 3086 ਬਿਜਾਈ ਤੋਂ ਤਕਰੀਬਨ 80-85 ਦਿਨਾਂ ਬਾਅਦ ਨਿਸਰ ਆਉਂਦੀ ਹੈ।ਜੇਕਰ ਕਣਕ ਦੇ ਨਿਸਾਰੇ ਸਮੇਂ ਬੱਦਲਵਾਈ ਜਾਂ ਕਿਣਮਿਣ ਰਹੇ ਤਾਂ ਇਸ ਬਿਮਾਰੀ ਦੀ ਲਾਗ ਲੱਗਣ ਦਾ ਖਦਸ਼ਾ ਜਿਆਦਾ ਰਹਿੰਦਾ ਹੈ।ਇਸ ਲਈ ਬੀਜ ਪੈਦਾ ਕਰਨ ਵਾਲੇ ਖੇਤਾਂ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ ਨਿਸਾਰੇ ਸਮੇਂ 200 ਮਿ.ਲਿ. ਪ੍ਰੋਪੀਕੋਨਾਜ਼ੋਲ (ਟਿਲਟ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਪਰ ਇਸ ਗੱਲ ਦਾ ਖਿਆਲ ਰੱਖਣਾ ਕਿ ਨਿਸਾਰੇ ਤੋਂ ਬਾਅਦ ਛਿੜਕਾਅ ਦਾ ਕੋਈ ਫਾਇਦਾ ਨਹੀਂ ਹੋਵੇਗਾ।

ਬੀਜ ਵਾਲੀ ਫਸਲ ਦੀ ਵਾਢੀ ਕਰਨ ਸਮੇਂ ਇਹ ਧਿਆਨ ਦੇਣਾ ਵੀ ਬਹੁਤ ਜਰੂਰੀ ਹੈ ਕਿ ਇਸ ਦੀ ਵਾਢੀ ਇੱਕ ਬੱਦਲਵਾਈ ਰਹਿਤ ਚੰਗੀ ਧੁੱਪ ਵਾਲੇ ਦਿਨ ਤੇ ਹੀ ਕੀਤੀ ਜਾਵੇ।ਜੇਕਰ ਬੀਜ ਵਾਲੀ ਫਸਲ ਦੀ ਵਾਢੀ ਨਮੀਂ ਵਾਲੇ ਮੌਸਮ ਦੀ ਮੌਜੂਦਗੀ ਵਿੱਚ ਕੀਤੀ ਜਾਵੇ ਜਾਂ ਬੀਜ ਦੇ ਛਿਲਕੇ ਉੱਪਰ ਕਿਸੇ ਕਿਸਮ ਦੇ ਜਖਮ ਹੋਣ ਜਾਂ ਬੀਜ ਟੁੱਟਾ ਹੋਇਆ ਹੋਵੇ ਤਾਂ ਇਸ ਉੱਪਰ ਭੰਡਾਰਨ ਸਮੇਂ ਕਈ ਤਰ੍ਹਾਂ ਦੇ ਕੀੜੇ ਅਤੇ ਉੱਲੀਆਂ ਪੈਦਾ ਹੋ ਜਾਂਦੀਆਂ ਹਨ ਜੋ ਬੀਜ ਦੀ ਗੁਣਵੱਤਾ ਤੇ ਮਾੜਾ ਅਸਰ ਪਾਉਂਦੀਆਂ ਹਨ।ਬੀਜ ਵਾਲੀ ਫਸਲ ਦੀ ਗਹਾਈ ਦੂਜੀਆਂ ਫਸਲਾਂ ਤੋਂ ਅਲੱਗ ਅਤੇ ਪੱਕੇ ਫਰਸ਼ ਤੇ ਆਪਣੀ ਨਿਗਰਾਨੀ ਅਤੇ ਦੇਖ-ਰੇਖ ਹੇਠ ਕਰੋ।

ਕਿਸਾਨ ਵੀਰੋਂ ਉਪਰੋਕਤ ਨੁਕਤਿਆਂ ਨੂੰ ਅਪਣਾ ਕੇ ਘੱਟ ਖਰਚੇ ਨਾਲ ਅੱਸੀ ਬਿਮਾਰੀ ਮੁਕਤ ਫ਼ਸਲ ਪੈਦਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਾਂ।

Summary in English: Follow these tips to produce disease free wheat seeds, you will get extra profit

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters