1. Home
  2. ਖੇਤੀ ਬਾੜੀ

ਲਸਣ ਦੀ PG-18 ਅਤੇ PG-17 ਕਿਸਮ ਤੋਂ ਚੰਗੀ ਕਮਾਈ, ਅਪਣਾਓ ਕਾਸ਼ਤ ਦੇ ਸਹੀ ਢੰਗ ਤੇ ਕਰੋ ਫ਼ਸਲ ਦੀ ਰਾਖੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਸਣ ਦੀ ਕਾਸ਼ਤ ਲਈ PG-18 ਅਤੇ PG-17 ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਕਿਸਮਾਂ ਦੀਆਂ ਖੂਬੀਆਂ...

Gurpreet Kaur Virk
Gurpreet Kaur Virk

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਸਣ ਦੀ ਕਾਸ਼ਤ ਲਈ PG-18 ਅਤੇ PG-17 ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਕਿਸਮਾਂ ਦੀਆਂ ਖੂਬੀਆਂ...

ਅਪਣਾਓ ਕਾਸ਼ਤ ਦੇ ਸਹੀ ਢੰਗ ਤੇ ਕਰੋ ਫ਼ਸਲ ਦੀ ਰਾਖੀ

ਅਪਣਾਓ ਕਾਸ਼ਤ ਦੇ ਸਹੀ ਢੰਗ ਤੇ ਕਰੋ ਫ਼ਸਲ ਦੀ ਰਾਖੀ

Garlic Cultivation: ਲਸਣ ਆਪਣੇ ਸਵਾਦ ਦੇ ਨਾਲ-ਨਾਲ ਪ੍ਰਤੀਰੋਧਕ ਗੁਣਾਂ ਕਰਕੇ ਵੀ ਪਸੰਦ ਕੀਤਾ ਜਾਂਦਾ ਹੈ। ਇਸਦੀ ਵਰਤੋਂ ਕਈ ਤਰਾਂ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਅਚਾਰ, ਚਟਣੀ ਆਦਿ। ਇਹ ਇੱਕ ਮਹੱਤਵਪੂਰਨ ਫ਼ਸਲ ਹੈ ਜੋ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸਦੇ ਚਲਦਿਆਂ ਅੱਜ ਅੱਸੀ ਤੁਹਾਡੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਲਸਣ ਦੀ 2 ਕਿਸਮਾਂ PG-18 ਅਤੇ PG-17 ਸਾਂਝੀ ਕਰਨ ਜਾ ਰਹੇ ਹਾਂ।

ਲਸਣ ਇੱਕ ਦੱਖਣੀ ਯੂਰਪ ਵਿੱਚ ਉਗਾਈ ਜਾਣ ਵਾਲੀ ਪ੍ਰਸਿੱਧ ਫਸਲ ਹੈ। ਇਸ ਨੂੰ ਕਈ ਪਕਵਾਨਾ ਵਿੱਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਈ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਤੱਤ ਹਨ। ਇਸ ਵਿੱਚ ਪ੍ਰੋਟੀਨ ,ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਸ੍ਰੋਤ ਪਾਏ ਜਾਂਦੇ ਹਨ। ਇਹ ਪਾਚਣ ਕਿਰਿਆ ਵਿੱਚ ਮਦਦ ਕਰਦਾ ਹੈ ਅਤੇ ਮਨੁੱਖੀ ਖੂਨ ਵਿੱਚ ਕਲੈਸਟਰੋਲ ਦੀ ਮਾਤਰਾ ਨੂੰ ਘਟਾਉਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਵੱਡੇ ਪੱਧਰ ਤੇ ਲਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ, ਉੜੀਸਾ, ਉੱਤਰਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ। ਇਸਦੇ ਵਧੀਆ ਗੱਠੇ ਤਿਆਰ ਕਰਨ ਲਈ ਠੰਡੇ ਮੌਸਮ ਦੀ ਲੋੜ ਹੁੰਦੀ ਹੈ।

ਲਸਣ ਦੀ ਕਾਸ਼ਤ:

ਮੌਸਮ ਅਤੇ ਜ਼ਮੀਨ

ਲੱਸਣ ਸਰਦੀ ਦੇ ਮੌਸਮ ਦੀ ਫ਼ਸਲ ਹੈ। ਦਰਮਿਆਨੀ ਗਰਮੀ ਅਤੇ ਸਰਦੀ ਵਿੱਚ ਇਹ ਫ਼ਸਲ ਚੰਗੀ ਤਰ੍ਹਾਂ ਵਧਦੀ ਫੁੱਲਦੀ ਹੈ। ਛੋਟੇ ਦਿਨਾਂ ਵਿੱਚ ਲੱਸਣ ਦੇ ਗੰਢੇ ਮੋਟੇ ਬਣਦੇ ਹਨ। ਰੇਤਲੀ ਮੈਰਾ ਜ਼ਮੀਨ ਇਸਦੀ ਕਾਸ਼ਤ ਲਈ ਢੁੱਕਵੀਂ ਹੈ।

ਪੀਏਯੂ ਵੱਲੋਂ ਸਿਫਾਰਿਸ਼ ਲਸਣ ਦੀਆਂ ਕਿਸਮਾਂ

● ਪੀ.ਜੀ.-18 (2015) : ਇਸ ਕਿਸਮ ਵਿੱਚ ਬੂਟੇ ਤੋਂ ਨਾੜ ਨਹੀਂ ਨਿਕਲਦੀ ਅਤੇ ਇਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਮੋਟੇ (4.55 ਸੈਂਟੀਮੀਟਰ ਵਿਆਸ) ਅਤੇ ਦਿਲ ਖਿਚਵੇਂ ਹੁੰਦੇ ਹਨ। ਇੱਕ ਗੰਢੇ ਦਾ ਭਾਰ ਲਗਭਗ 28.4 ਗ੍ਰਾਮ ਅਤੇ ਇਸ ਵਿੱਚ 26 ਤੁਰੀਆਂ ਹੁੰਦੀਆਂ ਹਨ। ਤੁਰੀਆਂ ਦਰਮਿਆਨੀਆਂ ਮੋਟੀਆਂ ਅਤੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਵਿੱਚ 38 ਪ੍ਰਤੀਸ਼ਤ ਸੁੱਕਾ ਮਾਦਾ ਅਤੇ 1.15 ਪ੍ਰਤੀਸ਼ਤ ਐਲਿਿਸਨ ਦੀ ਮਾਤਰਾ ਹੁੰਦੀ ਹੈ। ਇਸ ਦਾ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।

● ਪੀ.ਜੀ.-17 (2005) : ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ ਚਿੱਟੀਆਂ ਤੇ ਦਿਲ ਖਿਚ੍ਹਵੀਆਂ ਹੁੰਦੀਆਂ ਹਨ। ਗੰਢੇ ਇਕਸਾਰ ਵੱਡੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਇਕ ਗੰਢੇ ਵਿੱਚ 25-30 ਤੁਰੀਆਂ ਹੁੰਦੀਆਂ ਹਨ । ਇਹ ਕਿਸਮ ਪੱਕਣ ਵਾਸਤੇ 165-170 ਦਿਨ ਲੈਂਦੀ ਹੈ। ਇਸ ਦਾ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।

ਲਸਣ ਦੀ ਕਾਸ਼ਤ ਦਾ ਸਹੀ ਢੰਗ

● ਬਿਜਾਈ ਦਾ ਸਮਾਂ : ਲੱਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ।

● ਬੀਜ ਦੀ ਮਾਤਰਾ : ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ।

● ਬਿਜਾਈ ਦਾ ਤਰੀਕਾ : ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇਕਰ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ। ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ। ਲੱਸਣ ਦੀ ਬਿਜਾਈ ਹੱਥ ਨਾਲ ਚੱਲਣ ਵਾਲੇ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਰਨ ਵੇਲੇ ਬੀਜ ਇਕ ਇੰਚ ਡੂੰਘਾ ਬੀਜੋ। ਪਲਾਂਟਰ ਨਾਲ 2-3 ਬੰਦੇ ਇਕ ਦਿਨ ਵਿਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ ।

● ਫ਼ਾਸਲਾ : ਵਧੇਰੇ ਝਾੜ ਪ੍ਰਾਪਤ ਕਰਨ ਲਈ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਂਟੀਮੀਟਰ ਫ਼ਾਸਲਾ ਰੱਖੋ।

● ਖਾਦਾਂ : 20 ਟਨ ਗਲੀ-ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ 2 ਮਹੀਨੇ ਪਿੱਛੋਂ ਪਾਉ।

● ਸਿੰਚਾਈ : ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿੱਛੋਂ ਅਤੇ ਬਾਅਦ ਵਾਲੀਆਂ ਸਿੰਚਾਈਆਂ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ 10-15 ਦਿਨ ਦੇ ਵਕਫ਼ੇ ਤੇ ਕਰੋ। ਕੁੱਲ 10-12 ਪਾਣੀਆਂ ਦੀ ਲੋੜ ਹੈ।

● ਨਦੀਨਾਂ ਦੀ ਰੋਕਥਾਮ : ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪਰਾਲੀ 25 ਕੁਇੰਟਲ ਪ੍ਰਤੀ ਏਕੜ, ਲੱਸਣ ਉੱਗਣ ਤੋਂ ਬਾਅਦ ਫ਼ਸਲ ਵਿੱਚ ਵਿਛਾ ਦਿਉ।

ਪੁਟਾਈ ਅਤੇ ਭੰਡਾਰ ਕਰਨਾ

ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ। ਫਿਰ ਸੁੱਕੀ ਤੇ ਹਵਾਦਾਰ ਥਾਂ ਤੇ ਭੰਡਾਰ ਕਰੋ। ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ।

ਇਹ ਵੀ ਪੜ੍ਹੋ : ਲਸਣ ਦੀ ਕਾਸ਼ਤ ਵਿਚ ਅਪਣਾਓ ਇਹ ਖੇਤੀਬਾੜੀ ਉਪਕਰਣ, ਅਤੇ ਵਧਾਓ ਉਤਪਾਦਨ

ਪੌਦ-ਸੁਰੱਖਿਆ

ਕੀੜੇ ਅਤੇ ਹਮਲੇ ਦੀਆਂ ਨਿਸ਼ਾਨੀਆਂ:

1. ਥਰਿੱਪ (ਜੂੰ): ਲਸਣ ਦਾ ਇਹ ਪੀਲੇ ਰੰਗ ਦਾ ਛੋਟਾ ਜਿਹਾ ਕੀੜਾ ਫ਼ਰਵਰੀ ਤੋਂ ਮਈ ਦੇ ਦੌਰਾਨ ਭੂਕਾਂ ਦਾ ਰਸ ਚੂਸਦਾ ਹੈ, ਨਤੀਜੇ ਵਜੋਂ ਉਨ੍ਹਾਂ 'ਤੇ ਚਿੱਟੇ ਧੱਬੇ ਪੈਦਾ ਕਰਦਾ ਹੈ ਅਤੇ ਫੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ। ਜੇਕਰ ਇਸ ਕੀੜੇ ਨੂੰ ਨਾ ਰੋਕਿਆ ਜਾਵੇ ਤਾਂ ਲਗਭਗ 50 ਪ੍ਰਤੀਸ਼ਤ ਤੱਕ ਝਾੜ ਘਟ ਜਾਂਦਾ ਹੈ। ਦੱਸ ਦੇਈਏ ਕਿ ਇਹ ਖੁਸ਼ਕ ਵਾਤਾਵਰਨ ਵਿੱਚ ਆਮ ਤੌਰ ਤੇ ਆੳਂਦਾ ਹੈ।
● ਥਰਿੱਪ (ਜੂੰ) ਦੀ ਰੋਕਥਾਮ: ਇਸ ਨੂੰ ਰੋਕਣ ਲਈ 30 ਗ੍ਰਾਮ ਜੰਪ 80 ਡਬਲ਼ਯੂ ਜੀ (ਫਿਪਰੋਨਿਲ) ਜਾਂ 250 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

2. ਚਿੱਟੀ ਸੁੰਡੀ: ਇਸਦਾ ਕੁਝ ਖੇਤਾਂ ਵਿੱਚ ਹਮਲਾ ਜਨਵਰੀ-ਫ਼ਰਵਰੀ ਮਹੀਨਿਆਂ ਵਿੱਚ ਬਹੁਤ ਹੁੰਦਾ ਹੈ। ਹਮਲੇ ਵਾਲੇ ਬੂਟਿਆਂ ਦੀਆਂ ਭੂਕਾਂ ਕੋਨਿਆਂ ਤੋਂ ਹੇਠਾਂ ਵੱਲ ਨੂੰ ਭੂਰੀਆਂ ਹੋਣ ਲੱਗ ਜਾਂਦੀਆਂ ਹਨ। ਲਸਣ ਅਤੇ ਭੂਕਾਂ ਜ਼ਮੀਨ ਵਾਲੇ ਪਾਸੇ ਤੋਂ ਢਿੱਲੇ ਪੈ ਜਾਂਦੇ ਹਨ ਅਤੇ ਗਲ ਜਾਂਦੇ ਹਨ। ਇਨ੍ਹਾਂ ਗਲੇ ਹੋਏ ਲਸਣ ਵਿੱਚ ਅੱਧਾ ਸੈਂਟੀਮੀਟਰ ਲੰਮੀਆਂ ਸੁੰਡੀਆਂ ਹੁੰਦੀਆਂ ਹਨ, ਜਿਹੜੀਆਂ ਕਿ ਇੱਕ ਸਿਰੇ ਵੱਲੋਂ ਤਿੱਖੀਆਂ ਹੁੰਦੀਆਂ ਹਨ।
● ਚਿੱਟੀ ਸੁੰਡੀ ਦੀ ਰੋਕਥਾਮ: ਇਸ ਨੂੰ ਰੋਕਣ ਲਈ ਕਾਰਬਰਿਲ 4 ਕਿਲੋਗ੍ਰਾਮ ਜਾਂ ਫੋਰੇਟ 4 ਕਿਲੋਗ੍ਰਾਮ ਜਮੀਨ ਵਿੱਚ ਪਾ ਕੇ ਹਲਕੀ ਸਿੰਚਾਈ ਕਰੋ ਜਾਂ ਕਲੋਰਪਾਈਰੀਫੋਸ 1 ਲੀਟਰ ਪ੍ਰਤੀ ਏਕੜ ਪਾਣੀ ਅਤੇ ਰੇਤ ਨਾਲ ਮਿਲਾ ਕੇ ਪਾਉ।

ਬਿਮਾਰੀ ਅਤੇ ਨਿਸ਼ਾਨੀਆਂ ਰੋਕਥਾਮ:

1. ਜਾਮਣੀ ਅਤੇ ਪੀਲੇ ਧੱਬੇ : ਪੱਤਿਆਂ ਅਤੇ ਫੁੱਲਾਂ ਵਾਲੀ ਡੰਡੀ ਉੱਪਰ ਜਾਮਨੀ ਰੰਗ ਦੇ ਦਾਗ ਪੈ ਜਾਂਦੇ ਹਨ। ਪੀਲੀਆਂ ਧਾਰੀਆਂ ਭੂਰੇ ਰੰਗ ਦੀਆਂ ਹੋ ਕੇ ਪੱਤਿਆ ਦੇ ਸਿਰਿਆਂ ਤੱਕ ਪਹੁੰਚ ਜਾਦੀਆ ਹਨ। ਇਸ ਦਾ ਅਸਰ ਲਸਣ ਅਤੇ ਬੀਜਾਂ ਉੱਪਰ ਵੀ ਪੈਂਦਾ ਹੈ। ਹਮਲੇ ਦੀ ਸੂਰਤ ਵਿੱਚ ਲਗਭਗ 70 % ਤੱਕ ਨੁਕਸਾਨ ਹੋ ਜਾਂਦਾ ਹੈ।
● ਬਿਮਾਰੀ ਦੀ ਰੋਕਥਾਮ: ਇਸਨੂੰ ਰੋਕਣ ਲਈ ਪ੍ਰੋਪੀਨੇਬ 70% WP 350 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ, 10 ਦਿਨਾਂ ਦੇ ਵਕਫੇ 'ਤੇ ਦੋ ਵਾਰ ਕਰੋ। ਨਾਲ ਹੀ ਰੋਗ ਰਹਿਤ ਬੀਜ ਦੀ ਵਰਤੋਂ ਕਰੋ।

Summary in English: Good earnings from PG-18 and PG-17 varieties of garlic, adopt proper cultivation methods and protect the crop

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters