1. Home
  2. ਖੇਤੀ ਬਾੜੀ

ਗਰਮ ਰੁੱਤ ਦੀਆਂ ਦਾਲਾਂ ਵਧੀਆ ਆਮਦਨ ਦਾ ਸਰੋਤ, PAU ਵੱਲੋਂ ਸਿਫ਼ਾਰਿਸ਼ ਕਿਸਮਾਂ ਦੀ ਕਰੋ ਚੋਣ

ਦਾਲਾਂ ਵਾਲੀਆਂ ਜ਼ਿਆਦਾਤਰ ਫ਼ਸਲਾਂ ਘੱਟ ਖਰਚੇ ‘ਤੇ ਲਗਭਗ ਹਰ ਤਰ੍ਹਾਂ ਦੇ ਹਾਲਾਤ ਵਿੱਚ ਪੈਦਾ ਹੋਣ ਦੀ ਸਮਰੱਥਾ ਰੱਖਦੀਆਂ ਹਨ। ਅਜਿਹੇ 'ਚ ਸਾਡੇ ਕਿਸਾਨ ਵੀਰ ਦਾਲਾਂ ਦੀ ਕਾਸ਼ਤ ਕਰਕੇ ਵਧੀਆ ਮੁਨਾਫ਼ਾ ਖੱਟ ਸਕਦੇ ਹਨ।

Gurpreet Kaur Virk
Gurpreet Kaur Virk
ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

Pulses: ਦੇਸ਼ ਦੀ ਵਧਦੀ ਆਬਾਦੀ ਵਿੱਚ ਕੁਪੋਸ਼ਣ ਨੂੰ ਘੱਟ ਕਰਨ ਲਈ ਅਤੇ ਪੋਸ਼ਣ ਸੰਬੰਧੀ ਸੁਰੱਖਿਆ ਲਈ ਦਾਲਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਭਾਰਤੀ ਲੋਕਾਂ ਦੀ ਖੁਰਾਕ ਵਿੱਚ ਅਨਾਜ ਤੋਂ ਬਾਅਦ ਦਾਲਾਂ ਦਾ ਦੂਸਰਾ ਸਥਾਨ ਹੈ। ਇਹ ਮਨੁੱਖੀ ਸਿਹਤ ਲਈ ਜ਼ਰੂਰੀ ਊਰਜਾ, ਖੁਰਾਕੀ ਫ਼ਾਈਬਰ, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ, ਦਾਲਾਂ ਵਿੱਚ ਹੋਰ ਮਹੱਤਵਪੂਰਨ ਪੌਸ਼ਟਿਕ ਤੱਤ ਜਿਵੇਂ ਕਿ ਕੈਲਸ਼ੀਅਮ, ਲੋਹਾ ਅਤੇ ਲਾਈਸੀਨ ਵੀ ਮੌਜੂਦ ਹੁੰਦੇ ਹਨ।

ਦਾਲਾਂ ਵਾਲੀਆਂ ਜ਼ਿਆਦਾਤਰ ਫ਼ਸਲਾਂ ਘੱਟ ਖਰਚੇ ‘ਤੇ ਲਗਭਗ ਹਰ ਤਰ੍ਹਾਂ ਦੇ ਹਾਲਾਤ ਵਿੱਚ ਪੈਦਾ ਹੋਣ ਦੀ ਸਮਰੱਥਾ ਰੱਖਦੀਆਂ ਹਨ। ਰਾਈਜ਼ੋਬੀਅਮ ਬੈਕਟੀਰੀਆ ਨਾਲ ਮਿਲ ਕੇ ਨਾਈਟ੍ਰੋਜਨ ਇਕੱਠਾ ਕਰਨ ਦੀ ਯੋਗਤਾ ਇਹਨਾਂ ਦਾਲਾਂ ਨੂੰ ਨਾਂ ਸਿਰਫ਼ ਆਪਣੀ ਨਾਈਟ੍ਰੋਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਕਾਬਿਲ ਬਣਾਉਂਦੀ ਹੈ ਸਗੋਂ ਅਗਲੀਆਂ ਫ਼ਸਲਾਂ ਨੂੰ ਵੀ ਲਾਭ ਪਹੁੰਚਾਉਂਦੀ ਹੈ। ਇਹ ਫ਼ਸਲਾਂ ਨਾਂ ਸਿਰਫ਼ ਜ਼ਮੀਨ ਵਿੱਚ ਨਾਈਟ੍ਰੋਜਨ ਵਧਾੳਂਦੀਆਂ ਹਨ ਬਲਕਿ ਇਸ ਨੂੰ ਆਪਣੀ ਰਹਿੰਦ ਖੂੰਹਦ ਨਾਲ ਜੈਵਿਕ ਪਦਾਰਥ ਨਾਲ ਵੀ ਭਰਪੂਰ ਬਣਾਉਂਦੀਆਂ ਹਨ।

ਭਾਰਤ ਸੰਸਾਰ ਵਿੱਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ (ਸੰਸਾਰ ਦਾ 25% ਦਾਲਾਂ ਦਾ ਉਤਪਾਦਨ), ਖਪਤਕਾਰ ਅਤੇ ਦਰਾਮਦ ਕਰਨ ਵਾਲਾ ਦੇਸ਼ ਹੈ। 2019-20 ਵਿੱਚ ਭਾਰਤ ਨੇ 29.15 ਮਿਲੀਅਨ ਹੈਕਟੇਅਰ ਰਕਬੇ ਵਿੱਚ 25.58 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਕੀਤਾ ਹੈ। ਦੁਨੀਆਂ ਵਿੱਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਬਾਵਜੂਦ ਵੀ ਭਾਰਤ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਸਾਲ 2-3 ਮਿਲੀਅਨ ਟਨ ਦਾਲਾਂ ਦਾ ਆਯਾਤ ਕਰਨਾ ਪੈਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਸਾਡੀ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ/ਮਨੱਖ/ਦਿਨ ਹੋਣੀ ਚਾਹੀਦੀ ਹੈ ਪਰ ਭਾਰਤ ਵਿੱਚ ਇਹ ਸਿਰਫ਼ 30-35 ਗ੍ਰਾਮ/ਮਨੱਖ/ਦਿਨ ਹੈ।

ਇਹ ਵੀ ਪੜ੍ਹੋ : Green Gram: ਮੂੰਗੀ ਦੀਆਂ ਉੱਨਤ ਕਿਸਮਾਂ, ਵਾਧੂ ਝਾੜ ਲਈ ਅਪਣਾਓ ਇਹ ਤਕਨੀਕਾਂ

ਪੰਜਾਬ ਵਿੱਚ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਪ੍ਰਮੁੱਖਤਾ ਹੋਣ ਕਰਕੇ ਦਾਲਾਂ ਹੇਠ ਰਕਬਾ ਅਤੇ ਉਤਪਾਦਨ ਕਾਫ਼ੀ ਘਟ ਗਿਆ ਹੈ। ਦਾਲਾਂ ਅਧੀਨ ਕੁੱਲ ਰਕਬਾ 1961-62 ਵਿੱਚ 917 ਹਜ਼ਾਰ ਹੈਕਟੇਅਰ ਤੋਂ ਘਟ ਕੇ 2019-20 ਵਿੱਚ 30.5 ਹਜ਼ਾਰ ਹੈਕਟੇਅਰ ਅਤੇ ਉਤਪਾਦਨ 1961-62 ਵਿੱਚ 726 ਹਜ਼ਾਰ ਟਨ ਤੋਂ ਘਟ ਕੇ 2019-20 ਵਿੱਚ 29.7 ਹਜ਼ਾਰ ਟਨ ਰਹਿ ਗਿਆ ਹੈ। ਭਾਂਵੇ ਕਣਕ-ਝੋਨੇ ਦਾ ਫ਼ਸਲੀ ਚੱਕਰ ਕਿਸਾਨਾਂ ਨੂੰ ਵਧੀਆ ਆਮਦਨ ਮੁਹੱਈਆ ਕਰਾਉਂਦਾ ਹੈ ਪਰ ਇਸ ਨੇ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਜਿਵੇਂ ਕਿ ਪਾਣੀ ਅਤੇ ਖੁਰਾਕੀ ਤੱਤਾਂ ਵਿੱਚ ਘਾਟ ਪੈਦਾ ਹੋਣੀ, ਮਿੱਟੀ ਦੀ ਸਿਹਤ ਵਿੱਚ ਵਿਗਾੜ ਪੈਣਾ ਅਤੇ ਪ੍ਰਦੂਸ਼ਣ ਆਦਿ ਨੂੰ ਵੀ ਜਨਮ ਦਿੱਤਾ ਹੈ।

ਮਿੱਟੀ ਦੀ ਸਿਹਤ ਨੂੰ ਸੁਧਾਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਅਹਿਮ ਭੂਮਿਕਾ ਨਿਭਾੳਂਦੀਆਂ ਹਨ। ਪੰਜਾਬ ਦੇ ਜ਼ਿਆਦਾਤਰ ਕਿਸਾਨ ਛੋਟੇ ਅਤੇ ਦਰਮਿਆਨੇ ਪੱਧਰ ਦੇ ਹਨ ਇਸ ਲਈ ਉਹਨਾਂ ਦਾ ਆਰਥਿਕ ਪੱਧਰ ਘੱਟ ਹੋਣ ਕਰਕੇ ਉਹਨਾਂ ਦੀ ਖੇਤੀ ਵਿੱਚ ਖਰਚੇ ਦੀ ਪਹੁੰਚ ਸੀਮਤ ਹੈ। ਪਰੰਤੂ ਦਾਲਾਂ ਦੀ ਉਪਜ ਨੂੰ ਵੇਚਣ ਵਾਸਤੇ ਮੰਡੀਕਰਨ ਦੀ ਸੁਵਿਧਾ ਦੀ ਘਾਟ ਹੋਣ ਕਰਕੇ ਕਿਸਾਨ ਅਨਾਜ ਅਤੇ ਹੋਰ ਨਕਦੀ ਵਾਲੀਆਂ ਫ਼ਸਲਾਂ ਨੂੰ ਪਹਿਲੀ ਅਤੇ ਦਾਲਾਂ ਨੂੰ ਦੂਜੀ ਤਰਜੀਹ ਦਿੰਦੇ ਹਨ। ਇਸ ਸਥਿਤੀ ਵਿੱਚ ਘੱਟ ਸਮਾਂ ਲੈਣ ਵਾਲੀਆਂ ਗਰਮੀ ਰੁੱਤ ਦੀਆਂ ਦਾਲਾਂ ਜਿਵੇਂ ਕਿ ਗਰਮੀਂ ਰੁੱਤ ਦੀ ਮੂੰਗੀ ਅਤੇ ਮਾਂਹ ਫ਼ਸਲੀ ਵਿਭਿੰਨਤਾ ਲਈ ਬਹੁਤ ਵਧੀਆ ਵਿਕਲਪ ਪੇਸ਼ ਕਰਦੇ ਹਨ ਜੋ ਕਿ ਸਮੇਂ ਦੀ ਜ਼ਰੂਰਤ ਵੀ ਹੈ।

ਪੰਜਾਬ ਨੂੰ ਸਾਲਾਨਾ 5 ਲੱਖ ਟਨ ਦਾਲਾਂ ਦੀ ਜ਼ਰੂਰਤ ਹੁੰਦੀ ਹੈ ਪਰ ਦਾਲਾਂ ਦਾ ਕੁੱਲ ਉਤਪਾਦਨ 80 ਹਜ਼ਾਰ ਟਨ ਹੈ। ਇਸ ਤਰਾਂ ਰਾਜ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਾਲਾਂ (ਖਾਸ ਤੌਰ ਤੇ ਗਰਮੀ ਰੁੱਤ ਵਿੱਚ) ਹੇਠ ਰਕਬਾ ਅਤੇ ਝਾੜ ਵਧਾਉਣ ਲਈ ਬਹੁਤ ਸੰਭਾਵਨਾਵਾਂ ਹਨ। ਗਰਮੀਆਂ ਦੇ ਦੌਰਾਨ, ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਪਨੀਰੀ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਜ਼ਿਆਦਾਤਰ ਖੇਤ ਕਾਫ਼ੀ ਸਮੇਂ ਲਈ ਖਾਲੀ ਰਹਿੰਦੇ ਹਨ। ਗਰਮੀ ਰੁੱਤ ਦੀਆਂ ਦਾਲਾਂ ਘੱਟ ਖਰਚੇ ਕਰਨ ਵਾਲੀਆਂ, ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਅਤੇ ਵਧੇਰੇ ਮੁੱਲ ਦੀਆਂ ਨਕਦੀ ਵਾਲੀਆਂ ਫ਼ਸਲਾਂ ਹੋਣ ਕਰਕੇ ਰਾਜ ਦੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਪੂਰੀ ਤਰਾਂ ਫ਼ਿੱਟ ਬੈਠਦੀਆਂ ਹਨ ਅਤੇ ਇਹਨਾਂ ਦੇ ਵਿਸਥਾਰ ਲਈ ਬਹੁਤ ਸੰਭਾਵਨਾਵਾਂ ਹਨ।

ਇਹ ਵੀ ਪੜ੍ਹੋ : ਝੋਨਾ, ਦਾਲਾਂ ਤੇ ਤੇਲ ਬੀਜਾਂ ਦੀ ਬਿਜਾਈ ਘਟਣ ਨਾਲ ਕੀਮਤਾਂ 'ਚ ਵਾਧਾ! ਜਾਣੋ ਪੂਰਾ ਮਾਮਲਾ

ਕਣਕ ਦੀ ਫ਼ਸਲ ਤੋਂ ਬਾਅਦ ਅਤੇ ਜੂਨ ਜੁਲਾਈ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਕੋਈ ਫ਼ਸਲ ਉਗਾਉਣ ਲਈ 65-70 ਦਿਨਾਂ ਦਾ ਸਮਾਂ ਹੁੰਦਾ ਹੈ। ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਕਰਨ ਵਿੱਚ ਸਹਾਇਕ ਹੋਵੇਗੀ ਅਤੇ ਇਸ ਨਾਲ ਝੋਨੇ ਦੀ ਅਗੇਤੀ ਲਵਾਈ ਤੋਂ ਬਚਿਆ ਜਾ ਸਕਦਾ ਹੈ ਜਿਸ ਨਾਲ ਸਿੰਚਾਈ ਵਾਲੇ ਪਾਣੀ ਦੀ ਬਚਤ ਹੋਵੇਗੀ। ਇਸ ਲਈ ਕਿਸਾਨਾਂ ਨੂੰ ਆਪਣੇ ਫ਼ਸਲੀ ਚੱਕਰ ਵਿੱਚ ਗਰਮੀ ਰੁੱਤ ਦੀਆਂ ਦਾਲਾਂ ਸ਼ਾਮਿਲ ਕਰਨ ਦੀ ਅਤੇ ਇਸ ਲੇਖ ਵਿੱਚ ਦੱਸੀਆਂ ਗਈਆਂ ਉਤਪਾਦਨ ਤਕਨੀਕਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਜ਼ਮੀਨ

ਗਰਮੀ ਰੁੱਤ ਵਾਲੀ ਮੂੰਗੀ ਦੀ ਫ਼ਸਲ ਨੂੰ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ‘ਤੇ ਅਤੇ ਗਰਮੀ ਰੁੱਤ ਵਾਲੀ ਮਾਂਹ ਦੀ ਫ਼ਸਲ ਨੂੰ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਜਿਵੇਂ ਕਿ ਰੇਤਲੀ ਭਲ ਵਾਲੀ ਜ਼ਮੀਨ ਤੋਂ ਲੈ ਕੇ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਪਰੰਤੂ ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਇਹਨਾਂ ਫ਼ਸਲਾਂ ਲਈ ਢੁਕਵੀਆਂ ਨਹੀਂ ਹਨ।

ਕਿਸਮਾਂ ਦੀ ਚੋਣ

ਦਾਲਾਂ ਦਾ ਵਧੇਰੇ ਝਾੜ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਗਰਮੀ ਰੁੱਤ ਵਾਲੀ ਮੂੰਗੀ ਦੀ ਕਾਸ਼ਤ ਲਈ ਟੀ ਐਸ ਐਮ ਐੱਲ 1827, ਐਸ ਐਮ ਐੱਲ 832 ਅਤੇ ਐਸ ਐਮ ਐੱਲ 668 ਅਤੇ ਗਰਮੀ ਰੁੱਤ ਵਾਲੀ ਮਾਂਹ ਲਈ ਮਾਂਹ 1008 ਅਤੇ ਮਾਂਹ 1137 ਕਿਸਮਾਂ ਢੁਕਵੀਆਂ ਹਨ।

ਇਹ ਵੀ ਪੜ੍ਹੋ : Pulses: ਅਰਹਰ ਦੀਆਂ ਇਹ 2 ਕਿਸਮਾਂ ਦੇਣਗੀਆਂ ਵਾਧੂ ਪੈਦਾਵਾਰ! ਜਾਣੋ ਇਨ੍ਹਾਂ ਦੀਆਂ ਖੂਬੀਆਂ!

ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

ਜ਼ਮੀਨ ਦੀ ਤਿਆਰੀ

ਖੇਤ ਵਿੱਚ ਮਿੱਟੀ ਦੇ ਢੇਲਿਆਂ ਨੂੰ ਤੋੜਣ ਲਈ ਅਤੇ ਨਦੀਨਾਂ ਦੇ ਖਾਤਮੇ ਲਈ ਜ਼ਮੀਨ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ। ਖੇਤ ਦੀ ਸਥਿਤੀ ਨੂੰ ਦੇਖਦੇ ਹੋਏ ਗਰਮੀ ਰੁੱਤ ਦੀ ਮੂੰਗੀ ਨੂੰ ਜ਼ੀਰੋ-ਟਿਲ ਡਰਿੱਲ ਨਾਲ ਜਾਂ ਪੀ ਏ ਯੂ ਹੈਪੀ ਸੀਡਰ ਨਾਲ ਵੀ ਬੀਜਿਆ ਜਾ ਸਕਦਾ ਹੈ।

ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਮੂੰਗੀ ਅਤੇ ਮਾਂਹ ਦੇ ਬੀਜ ਨੂੰ 3 ਗ੍ਰਾਮ ਕੈਪਟਾਨ (ਕੈਪਟਾਨ) ਜਾਂ ਥੀਰਮ (ਟੈ੍ਰਟਾਮੀਥਾਈਲ ਥਾਈਯੂਰਮ ਡਾਈਸਲਫਾਈਡ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਮੂੰਗੀ ਅਤੇ ਮਾਂਹ ਦੇ ਬੀਜ ਨੂੰ ਮਿਸ਼ਰਿਤ ਜੀਵਾਣੂੰ ਖਾਦ ਦੇ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ।ਇਸ ਨਾਲ ਪੌਦੇ ਦੀ ਨਾਈਟੋ੍ਰਜਨ ਇਕੱਠਾ ਕਰਨ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਨਤੀਜੇ ਵਜੋਂ ਫ਼ਸਲ ਦਾ ਝਾੜ ਵੀ ਵਧਦਾ ਹੈ ਅਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਜੀਵਾਣੂੰ ਖਾਦਾਂ ਦਾ ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਬੀਜਾਂ ਦੀ ਦੁਕਾਨ, ਗੇਟ ਨੰ. 1 ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ।

ਇਹ ਵੀ ਪੜ੍ਹੋ : Pulses: ਦਾਲਾਂ ਦੀ ਬਿਜਾਈ ਦੇ ਚੰਗੇ ਝਾੜ ਲਈ ਅਪਣਾਓ ਇਹ ਉੱਨਤ ਵਿਧੀ

ਬਿਜਾਈ ਦਾ ਸਮਾਂ ਅਤੇ ਢੰਗ

ਗਰਮੀ ਰੁੱਤ ਦੀਆਂ ਦਾਲਾਂ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਇਹਨਾਂ ਦੀ ਸਮੇਂ ਸਿਰ ਬਿਜਾਈ ਅਤੇ ਖੇਤ ਵਿੱਚ ਪੌਦਿਆਂ ਦੀ ਘਣਤਾ ਬਹੁਤ ਮਹੱਤਵਪੂਰਨ ਹਨ। ਗਰਮੀ ਰੁੱਤ ਦੀ ਮੂੰਗੀ ਨੂੰ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਅਤੇ ਗਰਮੀ ਰੁੱਤ ਦੇ ਮਾਂਹ ਨੂੰ 15 ਮਾਰਚ ਤੋਂ ਲੈ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਬੀਜਣਾ ਚਾਹੀਦਾ ਹੈ। ਮੂੰਗੀ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ, ਪਰ ਇਸ ਨਾਲ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ।

ਮੂੰਗੀ ਅਤੇ ਮਾਂਹ ਨੂੰ ਸਿਆੜਾਂ ਵਿਚਲਾ ਫ਼ਾਸਲਾ 22.5 ਸੈਂਟੀਮੀਟਰ ਅਤੇ ਡੂੰਘਾਈ 4 ਤੋਂ 6 ਸੈਂਟੀਮੀਟਰ ਰੱਖ ਕੇ ਸੀਡ ਡਰਿੱਲ, ਕੇਰੇ ਜਾਂ ਪੋਰੇ ਨਾਲ ਬੀਜਣਾ ਚਾਹੀਦਾ ਹੈ (ਗਰਮੀ ਰੁੱਤ ਦੀ ਮੂੰਗੀ ਲਈ ਜ਼ੀਰੋ-ਟਿਲ ਡਰਿੱਲ ਜਾਂ ਪੀ ਏ ਯੂ ਹੈਪੀ ਸੀਡਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ)। ਮੂੰਗੀ ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਅਤੇ ਮਾਂਹ ਲਈ 4-5 ਸੈਂਟੀਮੀਟਰ ਰੱਖਣਾ ਚਾਹੀਦਾ ਹੈ।ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਵਿੱਥ ਤੇ ਤਿਆਰ ਕੀਤੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30.0 ਸੈਂਟੀਮੀਟਰ ਖਾਲ਼ੀ) ਉੱਤੇ ਕੀਤੀ ਜਾ ਸਕਦੀ ਹੈ। ਇਸਦੇ ਲਈ ਮੂੰਗੀ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ 20 ਸੈਂਟੀਮੀਟਰ ਦੀ ਵਿੱਥ ਤੇ ਬੀਜਣੀਆਂ ਚਾਹੀਦੀਆਂ ਹਨ।

ਬਾਕੀ ਕਾਸ਼ਤਕਾਰੀ ਢੰਗ, ਬੀਜ, ਖਾਦ ਆਦਿ ਦੀ ਮਾਤਰਾ ਪੱਧਰੀ ਬਿਜਾਈ ਲਈ ਕੀਤੀ ਗਈ ਸਿਫ਼ਾਰਸ਼ ਮੁਤਾਬਕ ਹੀ ਵਰਤਣੀ ਚਾਹੀਦੀ ਹੈ।ਸਿੰਚਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਿੰਚਾਈ ਖਾਲ਼ੀਆਂ ਦੁਆਰਾ ਹੀ ਕੀਤੀ ਜਾਵੇ ਤਾਂ ਜੋ ਪਾਣੀ ਬੈੱਡ ਉਪਰੋਂ ਦੀ ਨਾ ਵਗੇ। ਬਿਜਾਈ ਦਾ ਇਹ ਢੰਗ ਬਹੁਤ ਲਾਭਦਾਇਕ ਹੈ ਕਿਉਂਕਿ ਅਜਿਹਾ ਕਰਨ ਨਾਲ ਫ਼ਸਲ ਦਾ ਖਾਸ ਕਰਕੇ ਉੱਗਣ ਸਮੇਂ ਮੀਂਹ ਦੇ ਨੁਕਸਾਨ ਤੋਂ ਬਚਾ ਹੁੰਦਾ ਹੈ, 20-30 ਪ੍ਰਤੀਸ਼ਤ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਪੱਧਰੀ ਬਿਜਾਈ ਦੇ ਮੁਕਾਬਲੇ ਲਗਭਗ 10 ਪ੍ਰਤੀਸ਼ਤ ਝਾੜ ਵਿੱਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ : Multiple Cropping: ਅਰਹਰ ਨਾਲ ਹਲਦੀ ਦੀ ਕਾਸ਼ਤ ਤੋਂ ਝਾੜ ਦੁੱਗਣਾ - ਮੁਨਾਫ਼ਾ ਚੌਗੁਣਾ

ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

ਦਾਲਾਂ ਦੀ ਕਾਸ਼ਤ ਤੋਂ ਹੋਵੇਗੀ ਆਮਦਨ ਦੁੱਗਣੀ

ਖਾਦ ਪ੍ਰਬੰਧਨ

ਖਾਦਾਂ ਹਮੇਸ਼ਾ ਜ਼ਮੀਨ ਦੀ ਮਿੱਟੀ ਦੀ ਪਰਖ ਦੇ ਅਧਾਰ ਤੇ ਹੀ ਪਾਉਣੀਆਂ ਚਾਹੀਦੀਆਂ ਹਨ। ਜੇਕਰ ਮਿੱਟੀ ਦੀ ਪਰਖ ਨਾ ਕਰਾਈ ਹੋਵੇ ਤਾਂ ਗਰਮੀ ਰੁੱਤ ਦੀ ਮੂੰਗੀ ਨੂੰ 11 ਕਿਲੋ ਯੂਰੀਆ ਦੇ ਨਾਲ 100 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਅਤੇ ਗਰਮੀ ਰੱਤ ਦੇ ਮਾਂਹ ਨੂੰ 11 ਕਿਲੋ ਯੂਰੀਆ ਦੇ ਨਾਲ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾਉਣੀਆਂ ਚਾਹੀਦੀਆਂ ਹਨ। ਜੇ ਗਰਮ ਰੁੱਤ ਦੀ ਮੂੰਗੀ ਨੂੰ ਆਲੂ ਦੀ ਫ਼ਸਲ ਤੋਂ ਬਾਅਦ ਉਗਾਉਣਾ ਹੋਵੇ ਤਾਂ ਇਸ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ।

ਨਦੀਨਾਂ ਦੀ ਰੋਕਥਾਮ

ਗਰਮੀ ਰੁੱਤ ਦੀਆਂ ਦਾਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ਤੇ ਰੋਕਥਾਮ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਨਦੀਨ ਖੁਰਾਕੀ ਤੱਤਾਂ, ਰੌਸ਼ਨੀ, ਪਾਣੀ ਅਤੇ ਥਾਂ ਲਈ ਇਹਨਾਂ ਫ਼ਸਲਾਂ ਦਾ ਮੁਕਾਬਲਾ ਕਰਕੇ ਇਹਨਾਂ ਦੇ ਵਾਧੇ ਅਤੇ ਝਾੜ ਤੇ ਮਾੜਾ ਅਸਰ ਪਾਉਂਦੇ ਹਨ। ਨਦੀਨਾਂ ਨੂੰ ਇੱਕ ਜਾਂ ਦੋ ਗੋਡੀਆਂ ਨਾਲ ਕਾਬੂ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ (ਜੇ ਲੋੜ ਪਵੇ ਤਾਂ) ਬਿਜਾਈ ਤੋਂ 6 ਹਫ਼ਤੇ ਪਿੱਛੋਂ ਕਰਨੀ ਚਾਹੀਦੀ ਹੈ।

ਸਿੰਚਾਈ

ਮੌਸਮ ਦੀਆਂ ਸਥਿਤੀਆਂ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਦੇ ਅਨੁਸਾਰ ਗਰਮ ਰੁੱਤ ਦੀਆਂ ਦਾਲਾਂ ਨੂੰ 3 ਤੋਂ 5 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਸਿੰਚਾਈ ਬਿਜਾਈ ਤੋਂ 25 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਵਧੇਰੇ ਝਾੜ ਲੈਣ ਲਈ ਅਤੇ ਫ਼ਲੀਆਂ ਦੀ ਇਕਸਾਰ ਪਕਾਈ ਲਈ ਮੂੰਗੀ ਨੂੰ ਆਖਰੀ ਸਿੰਚਾਈ ਬਿਜਾਈ ਤੋਂ ਤਕਰੀਬਨ 55 ਦਿਨ ਅਤੇ ਮਾਂਹ ਨੂੰ ਤਕਰੀਬਨ 60 ਦਿਨ ਬਾਅਦ ਕਰਨੀ ਚਾਹੀਦੀ ਹੈ।

ਵਾਢੀ ਅਤੇ ਗਹਾਈ

ਫ਼ਸਲ ਦੀ ਵਾਢੀ ਉਸ ਵੇਲੇ ਕਰਨੀ ਚਾਹੀਦੀ ਹੈ ਜਦੋਂ ਤਕਰੀਬਨ 80 ਪ੍ਰਤੀਸ਼ਤ ਫ਼ਲੀਆਂ ਪੱਕ ਗਈਆਂ ਹੋਣ। ਕਣਕ ਦੀ ਗਹਾਈ ਲਈ ਵਰਤਿਆ ਜਾਣ ਵਾਲਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਦਾਲਾਂ ਦੀ ਗਹਾਈ ਲਈ ਵਰਤਿਆ ਜਾ ਸਕਦਾ ਹੈ। ਵਾਢੀ ਦੇ ਨੇੜੇ ਬਾਰਿਸ਼ਾਂ ਨਾਲ ਫ਼ਸਲ ਖ਼ਰਾਬ ਹੋਣ ਤੋਂ ਬਚਾਉਣ ਲਈ ਫ਼ਸਲ ਦੀ ਵਾਢੀ ਕੰਬਾਇਨ ਨਾਲ ਕੀਤੀ ਜਾ ਸਕਦੀ ਹੈ।

Summary in English: Hot season pulses good source of income, choose varieties recommended by PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters