1. Home
  2. ਖੇਤੀ ਬਾੜੀ

ਮੂੰਗੀ ਅਤੇ ਮਾਂਹ ਦੀਆਂ ਸੁਧਰੀਆਂ ਕਿਸਮਾਂ ਅਤੇ ਕਾਸ਼ਤ ਦਾ ਸਹੀ ਤਰੀਕਾ! ਪੜੋ ਪੂਰੀ ਖ਼ਬਰ

ਪੰਜਾਬ ਵਿੱਚ ਸਾਉਣੀ ਰੁੱਤੇ ਮੁੱਖ ਤੌਰ ਤੇ ਮੂੰਗੀ ਅਤੇ ਮਾਂਹ ਬੀਜੇ ਜਾਂਦੇ ਹਨ। ਅੱਜ ਅੱਸੀ ਤੁਹਾਨੂੰ ਇਨ੍ਹਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਕਾਸ਼ਤ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ।

KJ Staff
KJ Staff
Improved Varieties of Pulses

Improved Varieties of Pulses

ਪੰਜਾਬ ਵਿੱਚ ਸਾਉਣੀ ਰੁੱਤੇ ਮੁੱਖ ਤੌਰ ਤੇ ਮੂੰਗੀ ਅਤੇ ਮਾਂਹ ਬੀਜੇ ਜਾਂਦੇ ਹਨ। ਅੱਜ ਅੱਸੀ ਤੁਹਾਨੂੰ ਇਨ੍ਹਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਕਾਸ਼ਤ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ। ਪੂਰੀ ਜਾਣਕਾਰੀ ਲਈ ਅੱਗੇ ਪੜੋ...

ਦਾਲਾਂ ਮਨੁੱਖੀ ਖ਼ੁਰਾਕ ਤੋਂ ਇਲਾਵਾ ਪਸ਼ੂਆਂ ਲਈ ਦਾਣੇ ਅਤੇ ਚਾਰੇ ਵਜੋਂ ਵੀ ਵਰਤੀਆਂ ਜਾਂਦੀਆਂ ਹਨ। ਦਾਲਾਂ ਦੀਆਂ ਜੜ੍ਹਾਂ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਮੌਜੂਦ ਹੋਣ ਕਰਕੇ, ਇਨ੍ਹਾਂ ਵਿੱਚ ਹਵਾ ਤੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਜਮ੍ਹਾਂ ਕਰਨ ਦੀ ਕੁਦਰਤੀ ਸਮਰੱਥਾ ਹੁੰਦੀ ਹੈ, ਜਿਸ ਕਰਕੇ ਫ਼ਸਲ ਦੀ ਲੋੜ ਪੂਰੀ ਹੋਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਇਨ੍ਹਾਂ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਨੂੰ ਵੀ ਘੱਟ ਰਸਾਇਣਕ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ।

ਦੱਸ ਦਈਏ ਕਿ ਦਾਲਾਂ ਘੱਟ ਖਾਦਾਂ ਅਤੇ ਪਾਣੀਆਂ ਨਾਲ ਪਲਦੀਆਂ ਹਨ ਤੇ ਇੰਨ੍ਹਾਂ ਦੇ ਪੱਤਿਆਂ ਦੇ ਮਾਦੇ ਨਾਲ ਮਿੱਟੀ ਦੇ ਭੌਤਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ। ਅਕਸਰ ਦਾਲਾਂ ਦਾ ਘੱਟ ਝਾੜ ਮਿਲਣ ਦਾ ਕਾਰਨ ਇੰਨ੍ਹਾਂ ਦੀ ਕਾਸ਼ਤ ਹਲਕੀ ਅਤੇ ਘੱਟ ਉਪਜਾਊ ਜ਼ਮੀਨ ਤੇ ਕਰਨਾ ਹੈ। ਪੰਜਾਬ ਵਿੱਚ ਦਾਲਾਂ ਥੱਲੇ ਰਕਬਾ ਬਹੁਤ ਘੱਟ ਹੈ, ਜਿਸਨੂੰ ਵਧਾਉਣਾ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਮਿੱਟੀ ਦੀ ਸਿਹਤ ਸੁਧਾਰਨ ਲਈ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਸਾਉਣੀ ਰੁੱਤੇ ਮੁੱਖ ਤੌਰ ਤੇ ਮੂੰਗੀ ਅਤੇ ਮਾਂਹ ਬੀਜੇ ਜਾਂਦੇ ਹਨ, ਕਿਸਾਨ ਵੀਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਹੇਠ ਲਿਖੇ ਕਾਸ਼ਤ ਦੇ ਸੁਧਰੇ ਢੰਗ ਅਪਣਾਅ ਕੇ ਇਹਨਾਂ ਫ਼ਸਲਾਂ ਤੋਂ ਵਧੇਰੇ ਮੁਨਾਫ਼ਾ ਲੈ ਸਕਦੇ ਹਨ:

ਮਿੱਟੀ ਦੀ ਕਿਸਮ ਅਤੇ ਖੇਤ ਦੀ ਤਿਆਰੀ: ਭਾਰੀਆਂ ਅਤੇ ਚੰਗੇ ਜਲ ਨਿਕਾਸ ਵਾਲੀਆਂ ਮੱਧਮ ਤੋਂ ਭਾਰੀਆਂ ਜ਼ਮੀਨਾਂ ਮੂੰਗੀ ਅਤੇ ਮਾਂਹ ਦੀ ਕਾਸ਼ਤ ਲਈ ਕਾਫ਼ੀ ਢੁੱਕਵੀਆਂ ਹਨ। ਦਾਲਾਂ ਖਾਰੇਪਣ, ਲੂਣੇਪਣ ਅਤੇ ਸੇਮ ਨੂੰ ਨਹੀਂ ਸਹਿ ਸਕਦੀਆਂ ਕਿਉਂਕਿ ਇਨ੍ਹਾਂ ਕਾਰਨਾਂ ਨਾਲ ਬੀਜ ਦੇ ਜੰਮ ਅਤੇ ਜੜ੍ਹਾਂ ਵਿੱਚ ਨਾਈਟ੍ਰੋਜਨ ਤੱਤ ਵਾਲੀਆਂ ਥੈਲੀਆਂ ਬਣਨ ਤੇ ਮਾੜਾ ਅਸਰ ਪੈਂਦਾ ਹੈ। ਚੰਗੀ ਫ਼ਸਲ ਲੈਣ ਲਈ ਖੇਤ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ। ਬੀਜ ਦੇ ਠੀਕ ਪੁੰਗਾਰ ਲਈ ਖੇਤ ਭੁਰਭੁਰਾ ਹੋਣਾ ਚਾਹੀਦਾ ਹੈ, ਜਿਸ ਲਈ 2 ਤੋਂ 3 ਵਾਰ ਵਾਹ ਕੇ ਹਰ ਵਾਰ ਸੁਹਾਗਾ ਫੇਰੋ।

ਸੁਧਰੀਆਂ ਕਿਸਮਾਂ: ਕਿਸਮ ਦੀ ਸਹੀ ਚੋਣ ਵਧੇਰੇ ਝਾੜ ਅਤੇ ਮੁਨਾਫ਼ਾ ਲੈਣ ਲਈ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਸਾਉਣੀ ਦੇ ਮੂੰਗੀ ਅਤੇ ਮਾਂਹਾਂ ਦੀਆਂ ਉਨਤ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਬੀਜ ਦੀ ਮਾਤਰਾ: ਸਿਫ਼ਾਰਿਸ ਕੀਤੀ ਬੀਜ ਦੀ ਮਾਤਰਾ ਜੋ ਕਿ ਮੂੰਗੀ ਲਈ 8 ਕਿਲੋ ਤੇ ਮਾਂਹਾਂ ਲਈ 6-8 ਕਿਲੋ ਪ੍ਰਤੀ ਏਕੜ ਹੈ, ਦੀ ਹੀ ਵਰਤੋ ਕਰੋ ਤਾਂ ਕਿ ਬੂਟਿਆਂ ਦੀ ਪੂਰੀ ਗਿਣਤੀ ਹੋ ਸਕੇ ਅਤੇ ਵਧੀਆ ਝਾੜ ਲਿਆ ਜਾ ਸਕੇ। ਵਧੀਆ ਮਿਆਰ ਦਾ ਬੀਜ ਭਰੋਸੇਮੰਦ ਸੰਸਥਾ ਤੋਂ ਲੈਣਾ ਬਹੁਤ ਜ਼ਰੂਰੀ ਹੈ।

ਬੀਜ ਨੂੰ ਟੀਕਾ ਲਾਉਣਾ: ਜ਼ਮੀਨ ਦੀ ਸਿਹਤ ਅਤੇ ਵੱਧ ਝਾੜ ਲੈਣ ਲਈ ਮੂੰਗੀ ਅਤੇ ਮਾਂਹਾਂ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾਉ। ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਇਕਰੋਬਾਇਆਲੋਜੀ ਵਿਭਾਗ ਪਾਸੋਂ ਮਿਲਦਾ ਹੈ। ਬੀਜ ਨੂੰ ਥੋੜ੍ਹਾ ਜਿਹਾ ਗਿੱਲਾ ਕਰਕੇ ਇੱਕ ਏਕੜ ਲਈ ਦਿੱਤੇ ਗਏ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਲਵੋ ਤੇ ਫਿਰ ਇਸ ਬੀਜ ਨੂੰ ਛਾਵੇਂ ਪੱਕੇ ਫ਼ਰਸ਼ ਤੇ ਸੁਕਾ ਕੇ ਤੁਰੰਤ ਬਿਜਾਈ ਕਰ ਦਿਓ।

ਬਿਜਾਈ ਦਾ ਸਮਾਂ ਤੇ ਢੰਗ: ਦਾਲਾਂ ਦੀ ਬਿਜਾਈ ਸਮੇਂ ਸਿਰ ਕਰ ਕੇ ਅਸੀਂ ਇਨ੍ਹਾਂ ਤੋਂ ਵੱਧ ਮੁਨਾਫ਼ਾ ਕਮਾ ਸਕਦੇ ਹਾਂ। ਮੂੰਗੀ ਨੂੰ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਸੀਡ ਡਰਿਲ/ਪੋਰੇ ਜਾਂ ਕੇਰੇ ਨਾਲ 4-6 ਸੈ.ਮੀ. ਡੂੰਘਾ, 30 ਸੈ.ਮੀ. ਕਤਾਰ ਤੋਂ ਕਤਾਰ ਦੇ ਫ਼ਾਸਲੇ ਤੇ 10 ਸੈ.ਮੀ. ਬੂਟੇ ਤੋਂ ਬੂਟੇ ਦੇ ਫ਼ਾਸਲੇ ਤੇ ਲਗਾਓ । ਵਧੇਰੇ ਝਾੜ ਲੈਣ ਲਈ ਅੱਧਾ-ਅੱਧਾ ਬੀਜ ਪਾ ਕੇ 30 ਸੈ.ਮੀ. ਦੀ ਵਿੱਥ ਤੇ ਦੋ-ਪਾਸੀ ਬਿਜਾਈ ਕਰੋ । ਮੂੰਗੀ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ । ਜੇ ਬਿਨਾਂ ਵਾਹੇ ਖੇਤਾਂ ਵਿੱਚ ਬਿਜਾਈ ਕਰਨੀ ਹੋਵੇ ਤੇ ਬੀਜਣ ਤੋਂ ਪਹਿਲਾਂ ਨਦੀਨ ਜ਼ਿਆਦਾ ਹੋਣ ਤਾਂ ਨਦੀਨਾਂ ਤੋਂ ਨਿਜਾਤ ਪਾਉਣ ਲਈ 500 ਮਿ.ਲੀ. ਗ੍ਰਾਮੈਕਸੋਨ 24 ਐਸ.ਐਲ. (ਪੈਰਾਕੁਐਟ) ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਉਨ੍ਹਾਂ ਦਾ ਛਿੜਕਾਅ ਕਰੋ।

ਮੂੰਗੀ ਨੂੰ ਕਣਕ ਵਾਂਗ ਬੈਡਾਂ ਤੇ ਵੀ ਬੀਜਿਆ ਜਾ ਸਕਦਾ ਹੈ । ਇਸ ਲਈ 67.5 ਸੈ.ਮੀ. ਦੀ ਵਿੱਥ ਤੇ ਬਣੇ ਬੈਡਾਂ ਉਪਰ ਮੂੰਗੀ ਦੀਆਂ 2 ਕਤਾਰਾਂ 20 ਸੈ.ਮੀ. ਦੇ ਫ਼ਾਸਲੇ ਤੇ ਬੀਜੋ। ਬੈਡ ਪਾਣੀ ਦੀ ਬੱਚਤ ਤੇ ਪਾਣੀ ਦੇ ਖੜ੍ਹਨ ਤੇ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਮਾਂਹਾਂ ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਵਿੱਚ, ਸੇਂਜੂ ਹਾਲਤਾਂ ਵਿੱਚ 15 ਤੋਂ 25 ਜੁਲਾਈ ਤੱਕ ਕਰੋ। ਦੂਜੇ ਇਲਾਕਿਆਂ ਵਿੱਚ ਬਿਜਾਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰੋ। ਬਰਾਨੀ ਹਾਲਤਾਂ ਵਿੱਚ ਬਿਜਾਈ ਮੌਨਸੂਨ ਸ਼ੁਰੂ ਹੋਣ ਤੇ ਕਰੋ। ਬਿਜਾਈ ਕੇਰੇ ਜਾਂ ਪੋਰੇ ਜਾਂ ਸੀਡ ਡਰਿੱਲ ਨਾਲ 4-6 ਸੈ.ਮੀ. ਡੂੰਘਾਈ ਤੇ 30 ਸੈ.ਮੀ. ਦੀਆਂ ਕਤਾਰਾਂ ‘ਤੇ ਕਰੋ।

ਖਾਦਾਂ ਦੀ ਵਰਤੋਂ: ਦਾਲਾਂ ਨੂੰ ਘੱਟ ਮਾਤਰਾ ਵਿੱਚ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਲੋੜ ਹੁੰਦੀ ਹੈ ਜੋ ਕਿ ਮੁੱਢਲੇ ਵਾਧੇ ਲਈ ਅਤਿ ਲੋੜੀਂਦੀ ਹੁੰਦੀ ਹੈ ।ਮੱਧਮ ਵਰਗ ਦੀ ਉਪਜਾਊ ਮਿੱਟੀ ਲਈ, ਮੂੰਗੀ ਲਈ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰ ਫ਼ਾਸਫੇਟ) ਪ੍ਰਤੀ ਏਕੜ ਪਾਓ । ਮਾਂਹ ਨੂੰ ਵੀ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 10 ਕਿਲੋ ਫ਼ਾਸਫ਼ੋਰਸ (60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਬਿਜਾਈ ਸਮੇਂ ਪਾਓ ।ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ।\

ਸਿੰਚਾਈ: ਸਾਉਣੀ ਦੇ ਮੌਸਮ ਵਿੱਚ ਅਕਸਰ ਸਿੰਚਾਈ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਮੀਂਹ ਨਾ ਪੈਣ ਤਾਂ ਲੋੜ ਅਨੁਸਾਰ ਫ਼ਸਲਾਂ ਨੂੰ ਪਾਣੀ ਲਗਾ ਦਿਓ।

ਇਹ ਵੀ ਪੜ੍ਹੋ: ਕਣਕ ਦੀ ਇਸ ਖਾਸ ਕਿਸਮ ਨਾਲ ਕਿਸਾਨਾਂ ਨੂੰ ਮਿਲੇਗਾ ਭਾਰੀ ਮੁਨਾਫ਼ਾ! ਜਾਣੋ ਇਸ ਕਿਸਮ ਬਾਰੇ

ਨਦੀਨਾਂ ਦੀ ਰੋਕਥਾਮ: ਨਦੀਨ ਫਸਲਾਂ ਦੇ ਝਾੜ ਅਤੇ ਕੁਆਲਿਟੀ ਦੋਨਾਂ ਨੂੰ ਘਟਾਉਂਦੇ ਹਨ ਸੋ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੋ ਜਾਂਦੀ ਹੈ।ਨਦੀਨਾਂ ਤੋਂ ਨਿਜਾਤ ਪਾਉਣ ਲਈ ਮੂੰਗੀ ਵਿੱਚ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ ਉਸ ਤੋਂ 2 ਹਫ਼ਤੇ ਪਿੱਛੋਂ ਕਰੋ । ਮਾਂਹਾਂ ਵਿੱਚ ਨਦੀਨਾਂ ਤੋਂ ਨਿਜਾਤ ਪਾਉਣ ਲਈ ਇੱਕ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਕਰੋ।

ਵਾਢੀ ਅਤੇ ਗਹਾਈ: ਮੂੰਗੀ ਦੀ ਕਟਾਈ ਉਸ ਸਮੇਂ ਕਰੋ ਜਦੋਂ ਕਾਫ਼ੀ ਪੱਤੇ ਝੜ ਜਾਣ ਤੇ ਲਗਭਗ 80% ਫ਼ਲੀਆਂ ਪੱਕ ਜਾਣ। ਮਾਂਹਾਂ ਦੀ ਵਾਢੀ ਉਸ ਸਮੇਂ ਕਰੋ ਜਦੋਂ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ ਕਾਲੀਆਂ ਹੋ ਜਾਣ। ਕਦੇ ਵੀ ਬੂਟਿਆਂ ਨੂੰ ਪੁੱਟਣਾ ਨਹੀਂ ਚਾਹੀਦਾ।

Summary in English: Improved varieties of pulses and the right method of cultivation! Read the full news

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters