1. Home
  2. ਖੇਤੀ ਬਾੜੀ

ਅੰਬ ਦੀ ਕਾਸ਼ਤ ਨਾਲ ਕਮਾਓ ਚੰਗਾ ਮੁਨਾਫ਼ਾ! ਜਾਣੋ ਸੁਧਰੀਆਂ ਕਿਸਮਾਂ ਅਤੇ ਸਹੀ ਤਰੀਕਾ!

ਕਿਸਾਨ ਅੰਬਾਂ ਦੀ ਕਾਸ਼ਤ ਨਾਲ ਚੰਗਾ ਮੁਨਾਫ਼ਾ ਖੱਟ ਸਕਦੇ ਹਨ, ਜ਼ਰੂਰਤ ਹੈ ਅੰਬ ਦੀ ਕਾਸ਼ਤ ਦਾ ਸਹੀ ਤਰੀਕਾ ਅਤੇ ਸੁਧਰੀਆਂ ਕਿਸਮਾਂ ਦੀ ਸਹੀ ਜਾਣਕਾਰੀ ਹੋਣਾ।

Gurpreet Kaur Virk
Gurpreet Kaur Virk
ਅੰਬ ਦੀ ਕਾਸ਼ਤ ਦਾ ਸਹੀ ਤਰੀਕਾ ਅਤੇ ਸੁਧਰੀਆਂ ਕਿਸਮਾਂ

ਅੰਬ ਦੀ ਕਾਸ਼ਤ ਦਾ ਸਹੀ ਤਰੀਕਾ ਅਤੇ ਸੁਧਰੀਆਂ ਕਿਸਮਾਂ

ਅੰਬ ਨੂੰ ਗਰਮੀਆਂ ਦੇ ਮੌਸਮ ਦਾ ਪਸੰਦੀਦਾ ਫ਼ਲ ਮੰਨਿਆ ਜਾਂਦਾ ਹੈ। ਇਹ ਫ਼ਲ ਖਾਣ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ, ਉਨ੍ਹਾਂ ਹੀ ਇਹ ਸਿਹਤ ਲਈ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਅੰਬ ਦਾ ਫ਼ਲ ਰਸਦਾਰ ਅਤੇ ਸੁਆਦ ਵਿੱਚ ਖੱਟਾ-ਮਿੱਠਾ ਹੁੰਦਾ ਹੈ, ਜਿਸ ਕਾਰਨ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ।

ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸਦੀ ਖੇਤੀ ਭਾਰਤ ਵਿੱਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਆ ਰਹੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ਕਾਫੀ ਮਾਤਰਾ ਵਿੱਚ ਮਿਲਦੇ ਹਨ ਅਤੇ ਇਸਦੇ ਪੱਤੇ ਚਾਰੇ ਦੀ ਕਮੀ ਹੋਣ ਤੇ ਚਾਰੇ ਦੇ ਤੌਰ ਅਤੇ ਇਸਦੀ ਲੱਕੜੀ ਫਰਨੀਚਰ ਬਣਾਉਣ ਲਈ ਵਰਤੀ ਜਾਂਦੀ ਹੈ। ਕੱਚੇ ਫਲ ਚੱਟਨੀ, ਆਚਾਰ ਬਣਾਉਣ ਲਈ ਵਰਤੇ ਜਾਂਦੇ ਹਨ ਅਤੇ ਪੱਕੇ ਫਲ ਜੂਸ, ਜੈਮ ਅਤੇ ਜੈਲੀ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਵਪਾਰਕ ਰੂਪ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ।

ਇਹ ਵਪਾਰਕ ਰੂਪ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ। ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।

ਅੰਬ ਦੀ ਕਾਸ਼ਤ ਕਰਨ ਦਾ ਸਹੀ ਤਰੀਕਾ

ਮਿੱਟੀ

ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।

ਅੰਬਾਂ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ

ਦੁਸਹਿਰੀ: ਇਸ ਕਿਸਮ ਨੂੰ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ। ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

ਲੰਗੜਾ: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ। ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ। ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ। ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

ਅਲਫੋਨਸੋ: ਇਸ ਕਿਸਮ ਨੂੰ ਭਾਰੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਇਸ ਕਿਸਮ ਦੇ ਫਲ ਦਾ ਆਕਾਰ ਦਰਮਿਆਨਾ ਅਤੇ ਅੰਡਾਕਾਰ ਹੁੰਦਾ ਹੈ। ਫਲ ਦਾ ਰੰਗ ਹਰਾ ਅਤੇ ਹਲਕਾ ਪੀਲਾ ਹੁੰਦਾ ਹੈ ਅਤੇ ਵਿੱਚ-ਵਿੱਚ ਹਲਕਾ ਗੁਲਾਬੀ ਰੰਗ ਵੀ ਹੁੰਦਾ ਹੈ। ਫਲ ਰੇਸ਼ਾ-ਰਹਿਤ ਅਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ। ਫਲ ਦਾ ਛਿਲਕਾ ਪਤਲਾ ਅਤੇ ਚਿਕਨਾ ਹੁੰਦਾ ਹੈ। ਇਸ ਕਿਸਮ ਦੇ ਫਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।

ਗੰਗੀਆਂ ਸੰਧੂਰੀ (GN-19): ਇਹ ਕਿਸਮ ਜੁਲਾਈ ਦੇ ਚੌਥੇ ਹਫਤੇ ਪੱਕ ਜਾਂਦੀ ਹੈ। ਇਸ ਵਿੱਚ ਸ਼ੂਗਰ ਦੀ ਮਾਤਰਾ 15.7% ਅਤੇ ਖੱਟਾਪਣ 0.30% ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।

ਹੋਰ ਸੂਬਿਆਂ ਦੀਆਂ ਕਿਸਮਾਂ

ਹਾਈਬ੍ਰਿਡ ਕਿਸਮਾਂ: ਮਲਿਕਾ, ਅਮਰਪਾਲੀ, ਰਤਨਾ, ਅਰਕਾ ਅਰਜੁਨ, ਅਰਕਾ ਪੁਨੀਤ, ਅਰਕਾ ਅਨਮੋਲ, ਸਿੰਧੂ, ਮੰਜੀਰਾ

ਹੋਰ ਕਿਸਮਾਂ: ਅਲਫੋਨਸੋ, ਬੰਬੇ ਗ੍ਰੀਨ, ਦਸ਼ਾਹਰੀ, ਹਿੰਸਾਗਰ, ਕੇਸਰ, ਨੀਲਮ, ਚੌਸਾ।

ਖੇਤ ਦੀ ਤਿਆਰੀ

ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ ਅਤੇ ਫਿਰ ਪੱਧਰਾ ਕਰੋ। ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਂ ਕਿ ਖੇਤ ਵਿੱਚ ਪਾਣੀ ਨਾ ਖੜਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿਓ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।

ਬਿਜਾਈ ਦਾ ਸਮਾਂ

ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿੱਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ।

ਫਾਸਲਾ

ਰੁੱਖਾਂ ਵਾਲੀਆਂ ਕਿਸਮਾਂ ਵਿੱਚ ਫਾਸਲਾ 9×9 ਮੀਟਰ ਰੱਖੋ ਅਤੇ ਪੌਦਿਆਂ ਨੂੰ ਵਰਗਾਕਾਰ ਵਿੱਚ ਲਗਾਓ।

ਬੀਜ ਦੀ ਡੂੰਘਾਈ

ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 1×1×1 ਮੀਟਰ ਦੇ ਆਕਾਰ ਦੇ ਟੋਏ 9x9 ਮੀਟਰ ਦੇ ਫਾਸਲੇ ਤੇ ਪੁੱਟੋ। ਟੋਇਆਂ ਨੂੰ ਸੂਰਜ ਦੀ ਰੌਸ਼ਨੀ ਵਿੱਚ ਖੁੱਲਾ ਛੱਡ ਦਿਓ। ਫਿਰ ਇਨ੍ਹਾਂ ਨੂੰ ਮਿੱਟੀ ਵਿੱਚ 30-40 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਭਰ ਦਿਓ।

ਬਿਜਾਈ ਦਾ ਢੰਗ

ਬਿਜਾਈ ਵਰਗਾਕਾਰ ਅਤੇ 6 ਭੁਜਾਵਾਂ ਵਾਲੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। 6 ਭੁਜਾਵਾਂ ਵਾਲੇ ਤਰੀਕੇ ਨਾਲ ਬਿਜਾਈ ਕਰਨ ਨਾਲ 15% ਵੱਧ ਰੁੱਖ ਲਗਾਏ ਜਾ ਸਕਦੇ ਹਨ।

ਬੀਜ ਦੀ ਸੋਧ

ਪੌਦੇ ਲਾਉਣ ਤੋਂ ਪਹਿਲਾਂ ਅੰਬ ਦੀ ਗੁਠਲੀ ਨੂੰ ਡਾਈਮੈਥੋਏਟ ਦੇ ਘੋਲ ਵਿੱਚ ਕੁੱਝ ਮਿੰਟ ਲਈ ਡੋਬੋ। ਇਹ ਅੰਬਾਂ ਦੀ ਫਸਲ ਨੂੰ ਸੁੰਡੀ ਤੋਂ ਬਚਾਉਂਦਾ ਹੈ। ਬੀਜਾਂ ਨੂੰ ਫੰਗਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਪਤਾਨ ਉੱਲੀਨਾਸ਼ਕ ਨਾਲ ਸੋਧੋ।

ਅੰਤਰ-ਫਸਲਾਂ

ਪੌਦੇ ਲਗਾਉਣ ਤੋਂ ਬਾਅਦ ਫੁੱਲੇ ਹੋਏ ਫਲਾਂ ਨੂੰ 4-5 ਸਾਲ ਤੱਕ ਹਟਾਉਂਦੇ ਰਹੋ, ਤਾਂ ਕਿ ਪੌਦੇ ਦੇ ਭਾਗ ਵਧੀਆ ਵਿਕਾਸ ਕਰ ਸਕਣ। ਫਲਾਂ ਦੇ ਬਣਨ ਤੱਕ ਇਹ ਕਿਰਿਆ ਜਾਰੀ ਰੱਖੋ। ਇਸ ਕਿਰਿਆ ਸਮੇਂ ਮਿਸ਼ਰਤ ਖੇਤੀ ਨੂੰ ਵਾਧੂ ਆਮਦਨ ਅਤੇ ਨਦੀਨਾਂ ਦੀ ਰੋਕਥਾਮ ਲਈ ਅਪਨਾਇਆ ਜਾ ਸਕਦਾ ਹੈ। ਪਿਆਜ, ਟਮਾਟਰ, ਫਲੀਆਂ, ਮੂਲੀ, ਬੰਦ-ਗੋਭੀ, ਫੁੱਲ-ਗੋਭੀ ਅਤੇ ਦਾਲਾਂ ਵਿੱਚ ਮੂੰਗ, ਮਸਰ, ਛੋਲੇ ਆਦਿ ਨੂੰ ਮਿਸ਼ਰਤ ਖੇਤੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਆੜੂ, ਆਲੂ-ਬੁਖਾਰਾ ਅਤੇ ਪਪੀਤਾ ਵੀ ਮਿਸ਼ਰਤ ਖੇਤੀ ਲਈ ਅਪਣਾਏ ਜਾ ਸਕਦੇ ਹਨ।

ਅੰਬ ਦੀ ਖੇਤੀ ਲਈ ਖਾਦ

ਅੰਬ ਦੀ ਖੇਤੀ ਦੇ ਲਈ ਯੂਰੀਆ ਦੇ ਰੂਪ ਵਿੱਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਫਾਸਫੋਰਸ ਲਗਪਗ 7 ਕਿਲੋ ਅਤੇ ਮਿਊਰੇਟ ਆਫ ਪੋਟਾਸ਼ ਦੇ ਰੂਪ ਵਿੱਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ। 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ।

7-9 ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 60-90 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 700-1000 ਗ੍ਰਾਮ ਪ੍ਰਤੀ ਰੁੱਖ ਲਈ ਵਰਤੋ। 10 ਜਾਂ 10 ਤੋਂ ਵੱਧ ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 100 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ, ਮਿਊਰੇਟ ਆਫ ਪੋਟਾਸ਼ 1000 ਗ੍ਰਾਮ ਪ੍ਰਤੀ ਰੁੱਖ ਪਾਓ। ਨਾਈਟ੍ਰੋਜਨ ਅਤੇ ਪੋਟਾਸ਼ ਫਰਵਰੀ ਦੇ ਮਹੀਨੇ ਵਿੱਚ ਪਾਓ, ਜਦਕਿ ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦਸੰਬਰ ਮਹੀਨੇ ਵਿੱਚ ਹੀ ਪਾ ਦਿਓ।

ਕਈ ਵਾਰ ਮੌਸਮ ਦੇ ਬਦਲਣ ਕਰ ਕੇ ਫਲ ਫੁੱਲ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਫਲ ਝੜਦੇ ਦਿਖਣ ਤਾਂ 13:00:45 ਦੀ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਤਾਪਮਾਨ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਪੌਦਿਆਂ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ। ਵਧੀਆ ਫੁੱਲਾਂ ਅਤੇ ਝਾੜ ਲਈ ਫੁੱਲ ਨਿਕਲਣ ਸਮੇਂ 00:52:34 ਦੀ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਦੋ ਵਾਰ 8 ਦਿਨਾਂ ਦੇ ਫਾਸਲੇ ਤੇ ਕਰੋ। ਇਹ ਫੁੱਲਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰੇਗੀ।

ਇਹ ਵੀ ਪੜ੍ਹੋ: ਅੰਬ ਨੂੰ ਕੀੜਿਆਂ ਅਤੇ ਰੋਗਾਂ ਤੋਂ ਕਿਵੇਂ ਬਚਾਈਏ! ਜਾਣੋ ਸਹੀ ਤਰੀਕਾ!

ਨਦੀਨਾਂ ਦੀ ਰੋਕਥਾਮ

ਨਵੀਂ ਫਸਲ ਦੇ ਆਲੇ-ਦੁਆਲੇ ਗੋਡੀ ਕਰੋ ਅਤੇ ਜੜ੍ਹਾਂ ਨਾਲ ਮਿੱਟੀ ਲਗਾਓ। ਜਦੋਂ ਪੌਦੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇ ਅਤੇ ਇਹ ਆਪਣੇ ਆਲੇ-ਦੁਆਲੇ ਮੁਤਾਬਕ ਢੱਲ ਜਾਵੇ, ਉਸ ਵੇਲੇ ਇਸ ਦੇ ਨਾਲ ਹੋਰ ਫਸਲ ਵੀ ਉਗਾਈ ਜਾ ਸਕਦੀ ਹੈ। ਇਸ ਕਿਰਿਆ ਦਾ ਸਮਾਂ ਕਿਸਮ ਤੇ ਨਿਰਭਰ ਕਰਦਾ ਹੈ, ਜੋ ਕਿ 5-6 ਸਾਲ ਹੋ ਸਕਦਾ ਹੈ। ਮਿਸ਼ਰਤ ਖੇਤੀ ਫਸਲ ਚੋਂ ਨਦੀਨਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਦਾਲਾਂ ਵਾਲੀਆਂ ਫਸਲਾਂ ਜਿਵੇਂ ਕਿ ਮੂੰਗੀ, ਉੜਦ, ਮਸਰ ਅਤੇ ਛੋਲੇ ਆਦਿ ਦੀ ਖੇਤੀ ਮਿਸ਼ਰਤ ਖੇਤੀ ਦੇ ਤੌਰ ਤੇ ਕੀਤੀ ਜਾ ਸਕਦੀ ਹੈ। ਪਿਆਜ਼, ਟਮਾਟਰ, ਮੂਲੀ, ਫਲੀਆਂ, ਫੁੱਲ-ਗੋਭੀ ਅਤੇ ਬੰਦ-ਗੋਭੀ ਵਰਗੀਆਂ ਫਸਲਾਂ ਵੀ ਮਿਸ਼ਰਤ ਖੇਤੀ ਲਈ ਵਰਤੀਆਂ ਜਾ ਸਕਦੀਆਂ ਹਨ। ਬਾਜਰਾ, ਮੱਕੀ ਅਤੇ ਗੰਨੇ ਦੀ ਫਸਲ ਨੂੰ ਮਿਸ਼ਰਤ ਖੇਤੀ ਲਈ ਨਾ ਵਰਤੋ।

ਸਿੰਚਾਈ

ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ, ਜਲਵਾਯੂ ਅਤੇ ਸਿੰਚਾਈ ਦੇ ਸ੍ਰੋਤ ਤੇ ਨਿਰਭਰ ਕਰਦੇ ਹਨ। ਨਵੇਂ ਪੌਦਿਆਂ ਨੂੰ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ। ਹਲਕੀ ਸਿੰਚਾਈ ਹਮੇਸ਼ਾ ਦੂਜੀ ਸਿੰਚਾਈ ਤੋਂ ਵਧੀਆ ਸਿੱਧ ਹੁੰਦੀ ਹੈ। ਗਰਮੀਆਂ ਵਿੱਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀਆਂ ਵਿੱਚ ਹੌਲੀ-ਹੌਲੀ ਫਾਸਲਾ ਵਧਾ ਕੇ 25-30 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਵਾਲੇ ਮੌਸਮ ਵਿੱਚ ਸਿੰਚਾਈ ਵਰਖਾ ਮੁਤਾਬਕ ਕਰੋ। ਫਲ ਬਣਨ ਸਮੇਂ, ਪੌਦੇ ਦੇ ਵਿਕਾਸ ਲਈ 10-12 ਦਿਨਾਂ ਦੇ ਫਾਸਲੇ ਤੇ ਸਿੰਚਾਈ ਦੀ ਲੋੜ ਹੁੰਦੀ ਹੈ। ਫਰਵਰੀ ਦੇ ਮਹੀਨੇ ਵਿੱਚ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।

ਫਸਲ ਦੀ ਕਟਾਈ

ਫਲ ਦਾ ਰੰਗ ਬਦਲਣਾ ਫਲ ਪੱਕਣ ਦੀ ਨਿਸ਼ਾਨੀ ਹੈ। ਫਲ ਦਾ ਗੁੱਛਾ ਪੱਕਣ ਲਈ ਆਮ ਤੌਰ ਤੇ 15-16 ਹਫਤੇ ਦਾ ਸਮਾਂ ਲੈਂਦਾ ਹੈ। ਪੌੜੀ ਜਾਂ ਬਾਂਸ (ਜਿਸ ਤੇ ਤਿੱਖਾ ਚਾਕੂ ਲੱਗਾ ਹੋਵੇ) ਦੀ ਮਦਦ ਨਾਲ ਪੱਕੇ ਹੋਏ ਫਲ ਤੋੜੋ ਅਤੇ ਪੱਕੇ ਫਲਾਂ ਨੂੰ ਇਕੱਠੇ ਕਰਨ ਲਈ ਇੱਕ ਜਾਲ ਵੀ ਲਗਾਓ। ਪੱਕੇ ਫਲਾਂ ਨੂੰ ਜ਼ਮੀਨ ਤੇ ਡਿੱਗਣ ਤੋਂ ਰੋਕੋ, ਕਿਉਂਕਿ ਇਹ ਫਲ ਸਟੋਰ ਕਰਨ ਸਮੇਂ ਖਰਾਬ ਹੋ ਜਾਂਦੇ ਹਨ। ਕਟਾਈ ਤੋਂ ਬਾਅਦ ਫਲਾਂ ਨੂੰ ਆਕਾਰ ਅਤੇ ਰੰਗ ਦੇ ਆਧਾਰ ਤੇ ਛਾਂਟੋ ਅਤੇ ਬਕਸਿਆਂ ਵਿੱਚ ਪੈਕ ਕਰੋ। ਤੁੜਾਈ ਤੋਂ ਬਾਅਦ ਪੋਲੀਨੈੱਟ ਤੇ ਫਲਾਂ ਦੇ ਉਪਰਲੇ ਪਾਸੇ ਨੂੰ ਹੇਠਾਂ ਵੱਲ ਕਰਕੇ ਰੱਖੋ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਫਲਾਂ ਨੂੰ ਪਾਣੀ ਵਿੱਚ ਡੋਬੋ। ਕੱਚੇ ਫਲ, ਜੋ ਪਾਣੀ ਉੱਪਰ ਤੈਰਨ ਉਨ੍ਹਾਂ ਨੂੰ ਹਟਾ ਦਿਓ। ਇਸ ਤੋਂ ਬਾਅਦ 25 ਗ੍ਰਾਮ ਲੂਣ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਫਲਾਂ ਨੂੰ ਡੋਬੋ। ਜੋ ਫਲ ਪਾਣੀ ਤੇ ਤੈਰਦੇ ਹਨ, ਉਨ੍ਹਾਂ ਨੂੰ ਨਿਰਯਾਤ ਲਈ ਵਰਤੋ। ਫੂਡ ਅਡਲਟ੍ਰੇਸ਼ਨ ਐਕਟ (1954) ਦੇ ਅਨੁਸਾਰ, ਜੇਕਰ ਕੋਈ ਫਲਾਂ ਨੂੰ ਕਾਰਬਾਈਡ ਗੈਸ ਦੀ ਵਰਤੋਂ ਕਰਕੇ ਪਕਾਉਂਦਾ ਹੈ, ਤਾਂ ਇਸ ਨੂੰ ਜੁਰਮ ਮੰਨਿਆ ਜਾਂਦਾ ਹੈ। ਫਲਾਂ ਨੂੰ ਸਹੀ ਢੰਗ ਨਾਲ ਪਕਾਉਣ ਲਈ, 100 ਕਿਲੋ ਫਲਾਂ ਨੂੰ 100 ਲੀਟਰ ਪਾਣੀ, ਜਿਸ ਵਿੱਚ (62.5 ਮਿ.ਲੀ.-187.5 ਮਿ.ਲੀ.) ਐਥਰੇਲ 52 ± 2° ਸੈ. ਵਿੱਚ 5 ਮਿੰਟ ਲਈ ਤੁੜਾਈ ਤੋਂ ਬਾਅਦ 4-8 ਦਿਨਾਂ ਦੇ ਵਿੱਚ-ਵਿੱਚ ਡੋਬੋ। ਫਲ ਦੀ ਮੱਖੀ ਦੀ ਹੋਂਦ ਨੂੰ ਚੈੱਕ ਕਰਨ ਲਈ ਵੀ ਐੱਚ ਟੀ(ਵੇਪਰ ਹੀਟ ਟ੍ਰੀਟਮੈਂਟ) ਜਰੂਰੀ ਹੈ। ਇਸ ਕਿਰਿਆ ਦੇ ਲਈ 3 ਦਿਨ ਪਹਿਲਾਂ ਤੋੜੇ ਫਲ ਵਰਤੋ।

ਭਾਵੇਂ ਕਿਸਾਨ ਭਰਾ ਅੰਬਾਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾਉਂਦੇ ਹਨ, ਪਰ ਜੇਕਰ ਸਹੀ ਤਰੀਕੇ ਅਤੇ ਸੁਧਰੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਕਿਸਾਨ ਭਰਾ ਹਰ ਮਹੀਨੇ ਅੰਬਾਂ ਦੀ ਕਾਸ਼ਤ ਤੋਂ ਮੋਟੀ ਕਮਾਈ ਕਰ ਸਕਦੇ ਹਨ।

Summary in English: Make Good Profits With Mango Cultivation! Learn the best varieties and the right way!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters