Mechanical Transplanting of Paddy: ਅੱਜ ਦੇ ਮਸ਼ੀਨੀ ਯੁੱਗ ਵਿੱਚ ਖੇਤੀ ਦੇ ਬਹੁਤ ਸਾਰੇ ਰੁਝੇਵਿਆਂ ਦਾ ਪੂਰਨ ਰੂਪ ਵਿੱਚ ਮਸ਼ੀਨੀਕਰਨ ਹੋ ਚੁੱਕਾ ਹੈ। ਫਿਰ ਵੀ ਖੇਤੀ ਨਾਲ ਸੰਬੰਧਿਤ ਕੁਝ ਕੁ ਕੰਮ ਇਸ ਤਰ੍ਹਾਂ ਦੇ ਹਨ ਜਿਹਨਾਂ ਦਾ ਮਸ਼ੀਨੀਕਰਨ ਤਾਂ ਹੋਇਆ ਹੈ, ਪਰ ਕਿਸਾਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਾ ਹੋਣ ਕਰ ਕੇ ਵੱਡੇ ਪੱਧਰ 'ਤੇ ਅਪਣਾਇਆ ਨਹੀਂ ਜਾ ਰਿਹਾ। ਅਜਿਹਾ ਹੀ ਇਕ ਖੇਤੀ ਰੁਝੇਂਵਾ ਹੈ ਝੋਨੇ ਦੀ ਮਸ਼ੀਨੀ ਲਵਾਈ।
ਝੋਨੇ ਦੀ ਮਸ਼ੀਨੀ ਲਵਾਈ ਵਿੱਚ ਸਫਲਤਾ ਲਈ ਇਸ ਦੀ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮੈਟ ਟਾਈਪ ਪਨੀਰੀ ਤਿਆਰ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਜਾ ਸਕਦਾ ਹੈ:
ਮੈਟ ਟਾਈਪ ਪਨੀਰੀ ਤਿਆਰ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
1. ਜਿਸ ਖੇਤ ਵਿੱਚ ਪਨੀਰੀ ਤਿਆਰ ਕਰਨੀ ਹੈ ਉਹ ਚੰਗੀ ਤਰ੍ਹਾਂ ਰੋਟਾਵੇਟਰ ਫੇਰ ਕੇ ਤਿਆਰ ਕੀਤਾ ਹੋਵੇ ਤਾਂ ਕਿ ਖੇਤ ਵਿੱਚ ਮਿੱਟੀ ਦੇ ਰੋੜ ਘੱਟ ਹੋਣ। ਇਸ ਦੇ ਨਾਲ ਹੀ ਪਨੀਰੀ ਵਾਲਾ ਖੇਤ ਲੇਜ਼ਰ ਲੈਵਲ ਕੀਤਾ ਹੋਵੇ।
2. ਪਨੀਰੀ ਤਿਆਰ ਕਰਨ ਸਮੇਂ ਜਿਹੜੀ ਪੋਲੀਥੀਨ ਦੀ ਸ਼ੀਟ ਵਿਛਾਉਣੀ ਹੈ ਤਾਂ ਉਹ ਸੁਰਾਖਾਂ ਵਾਲੀ ਹੋਵੇ। ਜੇਕਰ ਸ਼ੀਟ ਵਿੱਚ ਸੁਰਾਖ ਨਹੀਂ ਹਨ ਤਾਂ ਜਦੋਂ ਸ਼ੀਟ ਖੇਤ ਵਿੱਚ ਵਿਛਾਉਣੀ ਹੈ, ਸ਼ੀਟ ਉੱਪਰ ਫਰੇਮ ਰੱਖਣ ਤੋਂ ਬਾਅਦ ਇਸ ਵਿੱਚ ਸੁਰਾਖ ਕੀਤੇ ਜਾ ਸਕਦੇ ਹਨ। ਇਸ ਵਾਸਤੇ ਲੋਹੇ ਦੇ ਚੋਕਟੇ ਫਰੇਮ ਉਪਰ ਲੋਹੇ ਦੀਆਂ ਮੇਖਾਂ ਲਗਾ ਕੇ ਉਸ ਨਾਲ ਸੁਰਾਖ ਕੀਤੇ ਜਾ ਸਕਦੇ ਹਨ।
3. ਫਰੇਮ ਸ਼ੀਟ ਉੱਪਰ ਰੱਖਣ ਤੋਂ ਬਾਅਦ ਫਰੇਮ ਦੇ ਦੋਵੇਂ ਪਾਸਿਆਂ ਤੋਂ ਖਾਲੀ ਬਣਾ ਕੇ ਮਿੱਟੀ ਵਿਚਾਲੇ ਪਾ ਦਿਓ। ਫਰੇਮ ਦੀ ਮੋਟਾਈ ਲਗਭਗ ਪੌਣਾ ਇੰਚ ਰੱਖੋ। ਇਹਨਾਂ ਦੀ ਲੰਬਾਈ 12 ਫੁੱਟ ਤੱਕ ਰੱਖੋ।
4. ਫਰੇਮ ਵਿੱਚ ਪਾਈ ਮਿੱਟੀ ਨੂੰ ਇਕਸਾਰ ਕਰਨ ਲਈ ਫਰੇਮ ਜਿੰਨਾ ਚੌੜਾ ਲੈਵਲ ਲੈ ਕੇ ਮਿੱਟੀ ਬਰਾਬਰ ਕਰ ਲਓ।
5. ਫਰੇਮ ਵਿੱਚ ਪਾਈ ਮਿੱਟੀ ਉੱਪਰ ਇਕਸਾਰ ਫੁਹਾਰੇ ਵਾਲੀ ਪਾਈਪ ਨਾਲ ਪਾਣੀ ਛਿੜਕੋ ਤਾਂ ਜੋ ਜਦੋਂ ਫਰੇਮ ਚੁੱਕਿਆ ਜਾਵੇ ਤਾਂ ਕਿਨਾਰਿਆ ਤੋਂ ਮਿੱਟੀ ਭੁਰ ਕੇ ਨੀਚੇ ਨਾ ਡਿੱਗੇ।
6. ਇਸ ਤੋਂ ਬਾਅਦ ਕੰਪਨੀ ਵੱਲੋਂ ਦਿੱਤੇ ਗਏ ਸੀਡਰ ਨੂੰ ਫਰੇਮ ਦੀ ਰੇਲਿੰਗ ਤੇ ਚਲਾ ਕੇ ਇਕਸਾਰ ਬੀਜ ਖਿਲਾਰ ਦਿਓ। ਬੀਜ ਮੈਟ ਉਪਰ ਇਕਸਾਰ ਪੈਣਾ ਚਾਹੀਦਾ ਹੈ ਤਾਂ ਕਿ ਜਦੋਂ ਟਰਾਂਸਪਲਾਂਟਰ ਮਸ਼ੀਨ ਵਿੱਚ ਮੈਟ ਲਗਾਏ ਜਾਣ ਤਾਂ ਮਸ਼ੀਨ ਦੀ ਫਿੰਗਰ ਖਾਲੀ ਨਾ ਚੱਲੇ ਜਿਸ ਨਾਲ ਪਨੀਰੀ ਲਾਉਣ ਵਾਲੀ ਜਗ੍ਹਾ ਖਾਲੀ ਨਾ ਰਹੇ। ਇੱਕ ਕਿੱਲੇ ਵਿੱਚ ਲਗਭਗ 4 ਫਰੇਮ ਲੱਗਦੇ ਹਨ ਜਿਹਨਾਂ ਵਿਚ 10-12 ਕਿੱਲੋ ਤੱਕ ਬੀਜ ਪੈਣਾ ਚਾਹੀਦਾ ਹੈ।
7. ਬੀਜ ਦੇ ਉੱਪਰ ਇਕਸਾਰ ਛਾਣੀ ਹੋਈ ਮਿੱਟੀ ਪਾ ਦਿਓ। ਛਾਣ ਕੇ ਮਿੱਟੀ ਪਾਉਣ ਨਾਲ ਕੋਈ ਪੱਕੀ ਰੋੜੀ ਨਹੀਂ ਪੈਂਦੀ। ਜੇਕਰ ਰੋੜੀ ਉਪਰ ਪੈ ਜਾਵੇ ਤਾਂ ਉਸ ਨਾਲ ਟਰਾਂਸਪਲਾਂਟਰ ਮਸ਼ੀਨ ਦੀਆਂ ਫਿੰਗਰਾਂ ਟੁੱਟ ਸਕਦੀਆਂ ਹਨ।
ਇਹ ਵੀ ਪੜ੍ਹੋ : Fodder Crop: ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਫ਼ਸਲਾਂ ਦੀ ਕਰੋ ਕਾਸ਼ਤ, ਪਸ਼ੂਆਂ ਲਈ ਹਰੇ ਚਾਰੇ ਦੀ ਕਮੀ ਹੋ ਜਾਵੇਗੀ ਦੂਰ
8. ਇਕਸਾਰ ਬੀਜ ਅਤੇ ਮਿੱਟੀ ਪਾਉਣ ਤੋਂ ਬਾਅਦ ਫਰੇਮ ਨੂੰ ਧਿਆਨ ਨਾਲ ਦੋਨੋਂ ਪਾਸਿਆਂ ਤੋਂ ਬਰਾਬਰੀ ਨਾਲ ਚੁੱਕ ਦਿਓ। ਇਸ ਤਕਨੀਕ ਨਾਲ ਕਿਨਾਰਿਆਂ ਤੋਂ ਮਿੱਟੀ ਨਹੀਂ ਭੁਰਦੀ ਅਤੇ ਪਾਸਿਆਂ ਤੋਂ ਬੀਜ ਵੀ ਨਹੀਂ ਖਿੱਲਰਦਾ।
9. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੈਟ ਟਾਈਪ ਝੋਨੇ ਦੀ ਨਰਸਰੀ ਤਿਆਰ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਵੀ ਬਣਾਈ ਗਈ ਹੈ ਜਿਹੜੀ ਪੋਲੀਥੀਨ ਸ਼ੀਟ ਵਿਸ਼ਾਉਂਦੀ ਹੋਈ ਨਾਲ ਹੀ ਮਿੱਟੀ ਪਾਉਂਦੀ ਜਾਂਦੀ ਹੈ ਅਤੇ ਉਸ ਉਪਰ ਬੀਜ ਵੀ ਕੇਰਦੀ ਜਾਂਦੀ ਹੈ। ਇਸ ਮਸ਼ੀਨ ਦੀ ਵਰਤੋਂ ਕਰਕੇ ਵੀ ਮੈਟ ਤਿਆਰ ਕੀਤੇ ਜਾ ਸਕਦੇ ਹਨ।
10. ਮੈਟ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਹੌਲੀ ਲਗਾਓ ਤਾਂ ਜੋ ਬੀਜ ਪਾਣੀ ਦੇ ਨਾਲ ਨਾ ਰੁੜੇ ਅਤੇ ਕਿਨਾਰਿਆਂ ਦੀ ਮਿੱਟੀ ਵੀ ਪਾਣੀ ਨਾਲ ਨਾ ਰੁੜੇ। ਪਾਣੀ ਇਸ ਤਰੀਕੇ ਲਗਾਓ ਕਿ ਮੈਟ ਦੇ ਉੱਪਰੋਂ ਦੀ ਪਾਣੀ ਨਾ ਵਗੇ।
11. ਪਨੀਰੀ ਨੂੰ ਗਰਮੀ ਤੋਂ ਬਚਾਉਣ ਲਈ ਸਾਰੇ ਮੈਟ ਬੋਰੀਆਂ ਨਾਲ ਢੱਕ ਦਿੱਤੇ ਜਾਣ। ਇਸ ਨਾਲ ਪਨੀਰੀ ਦਾ ਜੰਮ ਵੀ ਜਲਦੀ ਹੁੰਦਾ ਹੈ।
12. ਜਾਨਵਰਾਂ ਤੋਂ ਬਚਾਅ ਲਈ ਪਨੀਰੀ ਵਾਲੇ ਖੇਤ ਦੀ ਤਾਰਬੰਦੀ ਜਰੂਰ ਕਰੋ ਨਹੀਂ ਤਾਂ ਜਾਨਵਰ ਪਨੀਰੀ ਦੇ ਮੈਟ ਦਾ ਨੁਕਸਾਨ ਕਰ ਸਕਦੇ ਹਨ।
13. ਰੋਜਾਨਾ ਦੁਪਹਿਰ ਸਮੇਂ ਪਨੀਰੀ ਵਿਚਲਾ ਗਰਮ ਪਾਣੀ ਬਾਹਰ ਕੱਢ ਕੇ ਤਾਜ਼ਾ ਪਾਣੀ ਲਾਇਆ ਜਾਵੇ ਨਹੀਂ ਤਾਂ ਇੱਕ ਦਿਨ ਦੀ ਅਣਗਿਹਲੀ ਹੋਣ ਤੇ ਵੀ ਗਰਮ ਪਾਣੀ ਨਾਲ ਸਾਰੀ ਪਨੀਰੀ ਸੁੱਕ (ਸੜ) ਸਕਦੀ ਹੈ।
14. ਜਦੋਂ ਪਨੀਰੀ 15 ਦਿਨ ਦੀ ਹੋ ਜਾਵੇ ਤਾਂ 15 ਲੀਟਰ ਪਾਣੀ ਵਿੱਚ 200 ਗ੍ਰਾਮ ਯੂਰੀਆ ਪਾ ਕੇ ਕਿੱਲੇ ਦੀ ਪਨੀਰੀ ਉਪਰ ਸਪਰੇਅ ਕਰ ਦਿਓ।
15. ਪਨੀਰੀ ਤਿਆਰ ਹੋਣ ਤੇ ਲਵਾਈ ਲਈ ਪੁੱਟਣ ਤੋਂ ਪਹਿਲਾਂ ਪਾਣੀ ਬੰਦ ਕਰ ਦਿਓ।
ਸਰੋਤ: ਸੁਨੀਲ ਕੁਮਾਰ ਅਤੇ ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (ਖੇੜੀ)
Summary in English: Mat Type Nursery: Keep these 15 things in mind while preparing mat type nursery for mechanized sowing of paddy