ਸਰ੍ਹੋਂ ਦੀ ਫਸਲ
Mustard Farming: ਸਰ੍ਹੋਂ ਹਾੜ੍ਹੀ ਦੀ ਪ੍ਰਮੁੱਖ ਤੇਲਬੀਜ ਫ਼ਸਲ ਹੈ। ਸਰ੍ਹੋਂ ਦਾ ਤੇਲ ਸਾਡੀ ਰਸੋਈ ਦਾ ਇੱਕ ਅਭਿੰਨ ਅੰਗ ਹੈ। ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਰਾਇਆ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਗੋਭੀ ਸਰ੍ਹੋਂ ਦੀ ਜ਼ਿਆਦਾ ਕਾਸ਼ਤ ਹੁੰਦੀ ਹੈ। ਇਸ ਫ਼ਸਲ ਤੋਂ ਚੰਗਾ ਝਾੜ੍ਹ ਲੈਣ ਲਈ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਵੇਲੇ ਸਿਰ ਰੋਕਥਾਮ ਕਰਨੀ ਬਹੁਤ ਜਰੂਰੀ ਹੈ ਜੋ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਫ਼ਸਲ ਤੇ ਵਧੇਰੇ ਨੁਕਸਾਨ ਕਰਦੇ ਹਨ।
ਇਸ ਸਮੇਂ ਦੌਰਾਨ ਮੌਸਮ ਠੰਡਾ, ਧੁੰਦ ਅਤੇ ਪੱਤਿਆਂ ਤੇ ਲੰਮੇ ਸਮੇਂ ਤੱਕ ਤ੍ਰੇਲ ਟਿਕੀ ਰਹਿਣ ਕਾਰਣ ਬਿਮਾਰੀਆਂ ਨੂੰ ਵਧਣ ਲਈ ਬਹੁਤ ਸਹੀ ਮੌਕਾ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਨਰਮ ਟਹਿਣੀਆਂ ਅਤੇ ਖਿੜਦੇ ਫੁੱਲਾਂ ‘ਤੇ ਰਸ ਚੂਸਣ ਅਤੇ ਪੱਤੇ ਖਾਣ ਵਾਲੇ ਕੀੜੇ ਵੀ ਇਸੇ ਸਮੇਂ ਬਹੁਤ ਤੇਜੀ ਨਾਲ ਵਧਦੇ ਹਨ।
ਜੇਕਰ ਕਿਸਾਨ ਜਨਵਰੀ ਦੀ ਸ਼ੁਰੂਆਤ ਤੋਂ ਹੀ ਆਪਣੀ ਫ਼ਸਲ ਦਾ ਸਰਵੇਖਣ ਕਰਦੇ ਰਹਿਣ ਤਾਂ ਫ਼ਸਲ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬਿਮਾਰੀਆਂ ਅਤੇ ਕੀਟਾਂ ਦੀ ਸਹੀ ਪਛਾਣ ਕਰਕੇ ਅਤੇ ਸਹੀ ਸਮੇਂ ਤੇ ਸਹੀ ਰੋਕਥਾਮ ਕਰਕੇ ਸਰ੍ਹੋਂ ਦੀ ਬੰਪਰ ਪੈਦਾਵਾਰ ਲਈ ਜਾ ਸਕਦੀ ਹੈ। ਇਸ ਲੇਖ ਵਿੱਚ ਸਰ੍ਹੋਂ ਦੀਆਂ ਪ੍ਰਮੱਖ ਬਿਮਾਰੀਆਂ ਅਤੇ ਕੀੜਿਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਗੱਲ ਕੀਤੀ ਗਈ ਹੈ।
ਕਾਲੇ ਧੱਬੇ (ਝੁਲਸ ਰੋਗ)
ਇਹ ਸਰ੍ਹੋਂ ਦਾ ਸਭ ਤੋਂ ਆਮ ਰੋਗ ਹੈ ਜੋ ਕਿ ਦੇ ਦਸੰਬਰ ਦੇ ਅਖ਼ੀਰ ਜਾਂ ਜਨਵਰੀ ਵਿੱਚ ਹੇਠਲੇ ਪੱਤਿਆਂ ਤੇ ਛੋਟੇ ਭੂਰੇ ਜਾਂ ਕਾਲੇ ਗੋਲ ਧੱਬਿਆਂ ਨਾਲ ਸ਼ੁਰੂ ਹੁੰਦਾ ਹੈ। ਬਾਅਦ ਵਿੱਚ ਇਹ ਦਾਗ ਵੱਡੇ ਹੋ ਕੇ ਗੋਲ਼-ਗੋਲ਼ ਛੱਲਿਆਂ ਵਾਂਗ ਬਣ ਜਾਂਦੇ ਹਨ। ਫ਼ਰਵਰੀ ਤੱਕ ਸਾਰੇ ਪੱਤੇ ਪ੍ਰਭਾਵਿਤ ਹੋ ਜਾਂਦੇ ਹਨ ਜੋ ਕਿ ਪੀਲੇ ਹੋ ਕੇ ਸੜਨ ਲੱਗ ਪੈਂਦੇ ਹਨ ਅਤੇ ਸਾਰੇ ਦਾ ਸਾਰਾ ਬੂਟਾ ਹੀ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਹੈ। ਜਦੋਂ ਇਹ ਰੋਗ ਫ਼ਲੀਆਂ ਤੱਕ ਪਹੁੰਚਦਾ ਹੈ ਤਾਂ ਫਲੀਆਂ ਸੁੱਕੜ ਜਾਂਦੀਆਂ ਹਨ, ਉਹਨਾਂ ਵਿੱਚਲੇ ਦਾਣੇ ਛੋਟੇ ਰਹਿ ਜਾਂਦੇ ਹਨ ਅਤੇ ਤੇਲ ਦੀ ਮਾਤਰਾ ਘਟ ਜਾਂਦੀ ਹੈ।
ਇਹ ਰੋਗ ਮੁੱਖ ਤੌਰ 'ਤੇ ਪਿਛਲੇ ਸਾਲ ਦੀ ਰਹਿੰਦ-ਖੁਹੰਦ ਅਤੇ ਖੇਤਾਂ ਦੁਆਲੇ ਜੰਗਲੀ ਬੂਟਿਆਂ ‘ਤੇ ਜਿਉਂਦਾ ਰਹਿੰਦਾ ਹੈ। ਖੇਤ ਵਿੱਚ ਅਤੇ ਆਲੇ-ਦੁਆਲੇ ਸਾਫ਼-ਸਫਾਈ ਰੱਖਣਾ, ਸਮੇਂ ਸਿਰ ਬਿਜਾਈ, ਬੂਟਿਆਂ ਦੀ ਰਹਿੰਦ-ਖੁਹੰਦ ਨੂੰ ਨਸ਼ਟ ਕਰਨਾ, ਲੋੜ ਤੋਂ ਵੱਧ ਯੂਰੀਆ (ਨਾਈਟ੍ਰੋਜਨ) ਨਾ ਪਾਉਣਾ ਅਤੇ ਬੂਟਿਆ ਨੂੰ ਬਿਜਾਈ ਤੋਂ 25 ਦਿਨਾਂ ਬਾਅਦ ਵਿਰਲਾ ਕਰਨਾ ਤਾਂ ਜੋ ਉਨ੍ਹਾਂ ਵਿੱਚ ਹਵਾ ਦਾ ਵਹਾਅ ਬਣਿਆ ਰਹੇ ਅਤੇ ਫ਼ਸਲ ਹੇਠਾਂ ਨਮੀ ਨਾ ਬਣੇ, ਇਸ ਰੋਗ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ।
ਚਿੱਟੀ ਕੁੰਗੀ
ਇਹ ਬਿਮਾਰੀ ਸਿਰਫ ਰਾਇਆ 'ਤੇ ਹੀ ਹਮਲਾ ਕਰਦੀ ਹੈ, ਅਤੇ ਤੋਰੀਆ, ਗੋਭੀ ਸਰ੍ਹੋਂ ਅਤੇ ਅਫਰੀਕਣ ਸਰ੍ਹੋਂ ਦੀ ਫ਼ਸਲ ਇਸ ਬਿਮਾਰੀ ਤੋਂ ਮੁਕਤ ਰਹਿੰਦੀ ਹੈ। ਅੱਧ ਦਸੰਬਰ ਜਾਂ ਜਨਵਰੀ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੇ ਉਭਰੇ ਹੋਏ ਛਾਲੇ ਵਰਗੇ ਨਿਸ਼ਾਨ ਨਜ਼ਰ ਆਉਣ ਲੱਗਦੇ ਹਨ, ਜੋ ਕਿ ਪੱਤਿਆਂ ਦੇ ਉਪਰਲੇ ਪਾਸੇ ਹਲਕੇ ਪੀਲੇ-ਹਰੇ ਰੰਗ ਦੇ ਧੱਬਿਆਂ ਵਾਂਗ ਨਜ਼ਰ ਆਉਂਦੇ ਹਨ। ਜਨਵਰੀ ਦੇ ਅਖੀਰ ਜਾਂ ਫ਼ਰਵਰੀ ਤੱਕ ਜਦੋਂ ਇਹ ਬਿਮਾਰੀ ਕਿਸਾਨਾਂ ਦੀ ਨਜ਼ਰ ਵਿੱਚ ਆਉਂਦੀ ਹੈ, ਬਹੁਤਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਜ਼ਿਆਦਾ ਗੰਭੀਰ ਹਾਲਤਾਂ ਵਿੱਚ ਇਹ ਨਿਸ਼ਾਨੀਆਂ ਤਣੇ ਅਤੇ ਫ਼ਲੀਆਂ ਉਪਰ ਵੀ ਨਜ਼ਰ ਆਉਂਦੀਆਂ ਹਨ। ਕਈ ਵਾਰੀ ਟਾਹਣੀਆਂ ਦੀਆਂ ਕਰੂੰਬਲਾਂ ਮੁੜੀਆਂ (ਬਾਂਦਰ ਸਿੰਙੀਆਂ) ਅਤੇ ਫੁੱਲੀਆਂ ਨਜ਼ਰ ਆਉਂਦੀਆਂ ਹਨ ਅਤੇ ਇਹਨਾਂ ਉੱਤੇ ਕੋਈ ਫ਼ਲੀਆਂ ਨਹੀਂ ਬਣਦੀਆਂ। ਇਹ ਬਿਮਾਰੀ ਠੰਡੇ ਅਤੇ ਨਮੀਂ ਵਾਲੇ ਮੋਸਮ ਵਿੱਚ ਵਧਦੀ ਹੈ।
ਇਸ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਦੀ ਬਿਜਾਈ ਤੋਂ 60 ਦਿਨਾਂ ਬਾਅਦ 250 ਗ੍ਰਾਮ ਰਿਡੋਮਿਲ ਗੋਲਡ ਪ੍ਰਤੀ ਏਕੜ ਦਾ 100 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਦੂਜਾ ਛਿੜਕਾਅ ਪਹਿਲੇ ਛਿੜਕਾਅ ਤੋਂ 20 ਦਿਨਾਂ ਬਾਅਦ ਕਰਨਾ ਚਾਹੀਦਾ ਹੈ। ਇਸ ਛਿੜਕਾਅ ਕਾਰਣ ਝੁਲਸ ਰੋਗ ਦੀ ਰੋਕਥਾਮ ਵੀ ਕੁੱਝ ਹੱਦ ਤੱਕ ਹੋ ਜਾਂਦੀ ਹੈ। ਰਾਇਆ ਦੀ ਕਿਸਮ ਆਰ ਐਲ ਸੀ 3 (RLC 3) ਇਸ ਬਿਮਾਰੀ ਨੂੰ ਪ੍ਰਤੀਰੋਧਕ ਹੈ।
ਇਹ ਵੀ ਪੜ੍ਹੋ: Protect Rabi Crops: ਹਾੜ੍ਹੀ ਦੀਆਂ ਫ਼ਸਲਾਂ ਨੂੰ ਕੋਰੇ ਦੇ ਮਾਰੂ ਅਸਰ ਤੋਂ ਬਚਾਓ
ਤਣੇ ਦਾ ਗਲ਼ਣਾ
ਇਸ ਬਿਮਾਰੀ ਦਾ ਨੁਕਸਾਨ ਸਰ੍ਹੋਂ ਤੇ ਸਾਲ-ਦਰ-ਸਾਲ ਵਧਦਾ ਜਾ ਰਿਹਾ ਹੈ। ਸਰ੍ਹੋਂ ਦੀ ਫ਼ਸਲ ਤੇ ਇਹ ਆਮ ਕਰਕੇ ਜਨਵਰੀ ਦੇ ਅਖੀਰ ਅਤੇ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਨਜ਼ਰ ਆਉਂਦੀ ਹੈ। ਸ਼ੁਰੂ ਵਿੱਚ ਤਣੇ ਤੇ ਪਾਣੀ-ਭਿੱਜੇ ਲੰਬੂਤਰੇ ਧੱਬੇ ਨਜ਼ਰ ਆਉਂਦੇ ਹਨ, ਬਾਅਦ ਵਿੱਚ ਇਨ੍ਹਾਂ ਧੱਬਿਆਂ 'ਤੇ ਚਿੱਟੀ ਉੱਲੀ ਨਜ਼ਰ ਆਉਣ ਲੱਗ ਪੈਂਦੀ ਹੈ। ਬਿਮਾਰੀ ਵਾਲੇ ਬੂਟੇ ਦੂਰੋਂ ਹੀ ਕੁਮ੍ਹਲਾਏ ਹੋਏ ਅਤੇ ਸਫੇਦ ਭਾਂਅ ਮਾਰਦੇ ਸਿੱਧੇ ਖੜੇ ਦਿਸਦੇ ਹਨ, ਕਿਉਂਕਿ ਅਜਿਹੇ ਬੂਟਿਆਂ ਦੀਆਂ ਫ਼ਲੀਆਂ ਵਿੱਚ ਦਾਣੇ ਨਹੀਂ ਬਣਦੇ। ਅਜਿਹੇ ਬੂਟੇ ਅੰਦਰੋਂ ਕਮਜ਼ੋਰ ਹੁੰਦੇ ਹਨ ਅਤੇ ਮੀਂਹ-ਹਨੇਰੀ ਵਿੱਚ ਟੁੱਟ ਕੇ ਡਿੱਗ ਜਾਂਦੇ ਹਨ। ਕਈ ਵਾਰ ਚਿੱਟੇ ਰੰਗ ਦੀ ਉੱਲੀ ਵਿੱਚ ਕਾਲੇ ਬਿਮਾਰੀ ਵਾਲੇ ਕਣ ਵੀ ਨਜ਼ਰ ਆਉਂਦੇ ਹਨ। ਜੇਕਰ ਬਿਮਾਰੀ ਵਾਲੇ ਬੂਟਿਆਂ ਦੇ ਤਣੇ ਨੂੰ ਲੰਮੇ ਰੁਖ਼ ਚੀਰ ਕੇ ਵੇਖਿਆ ਜਾਵੇ ਤਾਂ ਇਸ ਅੰਦਰ ਵੀ ਕਾਲੇ ਸਖਤ ਕਣ (ਸਕਲੋਰੋਸ਼ੀਆ) ਮਿਲਦੇ ਹਨ। ਫ਼ਸਲ ਨੂੰ ਵੱਢਣ ਤੋਂ ਬਾਅਦ ਇਹ ਬਿਮਾਰੀ ਵਾਲੇ ਕਣ ਮਿੱਟੀ ਵਿੱਚ ਰਲ਼ ਜਾਂਦੇ ਹਨ ਅਤੇ ਸਾਲਾਂ ਤੱਕ ਜੀਉਂਦੇ ਰਹਿ ਸਕਦੇ ਹਨ। ਅਜਿਹੇ ਖੇਤਾਂ ਵਿੱਚ ਜਦ ਮੁੜ ਤੋਂ ਸਰ੍ਹੋਂ ਦੀ ਫ਼ਸਲ ਬੀਜੀ ਜਾਂਦੀ ਹੈ ਤਾਂ ਇਹ ਕਣ ਬਿਮਾਰੀ ਦਾ ਕਾਰਣ ਬਣਦੇ ਹਨ। ਦਸੰਬਰ-ਜਨਵਰੀ ਵਿੱਚ ਜਦੋਂ ਫ਼ਸਲ ਨੂੰ ਪਾਣੀ ਲਾਇਆ ਜਾਂਦਾ ਹੈ ਤਾਂ ਜ਼ਮੀਨ ਦੀ ਸਿੱਲ਼ ਅਤੇ ਠੰਡ ਕਰਕੇ ਇਹ ਕਣ ਜੰਮ ਪੈਂਦੇ ਹਨ ਅਤੇ ਫਸਲ ਤੇ ਬਿਮਾਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ 25 ਦਸੰਬਰ ਤੋਂ 15 ਜਨਵਰੀ ਤੱਕ ਖੇਤ ਨੂੰ ਪਾਣੀ ਨਾ ਲਾਓ। ਜਿਨ੍ਹਾਂ ਖੇਤਾਂ ਵਿੱਚ ਬਿਮਾਰੀ ਬਹੁਤ ਜਿਆਦਾ ਹੋਵੇ, ਉਨ੍ਹਾਂ ਨੂੰ ਕਣਕ, ਜੌਂ, ਮੱਕੀ ਅਤੇ ਝੋਨੇ ਦੀ ਕਾਸ਼ਤ ਹੇਠ ਲੈ ਕੇ ਆਓ।
ਸਰ੍ਹੋਂ ਦਾ ਚੇਪਾ
ਇਹ ਸਰ੍ਹੋਂ ਦਾ ਪ੍ਰਮੁੱਖ ਕੀੜਾ ਹੈ ਜੋ ਕਿ ਫਸਲ ਤੇ 6 ਤੋਂ 96 ਪ੍ਰਤੀਸ਼ਤ ਤੱਕ ਨੁਕਸਾਨ ਕਰਦਾ ਹੈ। ਇਸ ਕੀੜੇ ਦਾ ਹਮਲਾ ਆਮ ਕਰਕੇ ਜਨਵਰੀ ਦੇ ਮਹੀਨੇ ਸ਼ੁਰੂ ਹੁੰਦਾ ਹੈ ਅਤੇ ਫਰਵਰੀ-ਮਾਰਚ ਵਿੱਚ ਠੰਡ ਘਟਣ ਨਾਲ ਇਸ ਦਾ ਨੁਕਸਾਨ ਵਧਦਾ ਜਾਂਦਾ ਹੈ। ਚੇਪਾ, ਜੋ ਕਿ ਆਕਾਰ ਵਿੱਚ ਛੋਟਾ ਹੁੰਦਾ ਹੈ, ਵੱਡੀ ਗਿਣਤੀ ਵਿੱਚ ਬੂਟੇ ਦੇ ਉਪਰਲੇ ਭਾਗਾਂ ਜਿਵੇਂ ਕਿ ਤਣੇ ਦਾ ਉਪਰਲਾ ਨਰਮ ਭਾਗ, ਫੁੱਲ, ਡੋਡੀਆਂ, ਪੱਤਿਆਂ ਅਤੇ ਫ਼ਲੀਆਂ ਤੇ ਇਕੱਠਾ ਹੋ ਕੇ ਰਸ ਚੂਸਦਾ ਹੈ। ਸਿੱਟੇ ਵਜੋਂ ਪੱਤੇ ਪੀਲੇ ਪੈ ਜਾਂਦੇ ਹਨ, ਫੁੱਲ ਮੁਰਝਾਅ ਜਾਂਦੇ ਹਨ, ਫਲੀਆਂ ਸੁੱਕੜ ਜਾਂਦੀਆਂ ਹਨ ਅਤੇ ਉਹਨਾਂ ਵਿੱਚ ਦਾਣੇ ਵੀ ਪੂਰੀ ਤਰਾਂ ਨਹੀਂ ਬਣਦੇ। ਜਿਆਦਾ ਹਮਲੇ ਦੀ ਸੂਰਤ ਵਿੱਚ ਪੂਰੇ ਦਾ ਪੂਰਾ ਬੂਟਾ ਪੀਲਾ ਪੈ ਕੇ ਮੁਰਝਾਅ ਜਾਂਦਾ ਹੈ। ਜੇਕਰ ਵੇਲੇ ਸਿਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੂਰੀ ਦੀ ਪੂਰੀ ਫ਼ਸਲ ਨੂੰ ਬਰਬਾਦ ਕਰ ਸਕਦਾ ਹੈ।
ਇਸ ਕੀੜੇ ਦਾ ਹਮਲਾ ਆਮ ਕਰਕੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜਨਵਰੀ ਤੋਂ ਜੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖੇਤ ਦਾ ਸਰਵੇਖਣ ਕਰੋ। ਜੇਕਰ ਇਸ ਦੀ ਸੰਖਿਆ ਆਰਥਿਕ ਨੁਕਸਾਨ ਪੱਧਤ 'ਤੇ ਪਹੁੰਚ ਜਾਵੇ ਤਾਂ ਹੀ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵੇਖਾਵੇਖੀ ਛਿੜਕਾਅ ਤੋਂ ਸੰਕੋਚ ਕਰਨਾ ਚਾਹੀਦਾ ਹੈ। ਆਰਥਿਕ ਨੁਕਸਾਨ ਪੱਧਰ ਦਾ ਨਿਰਧਾਰਣ ਕਰਣ ਲਈ ਖੇਤ ਨੂੰ ਚਾਰ ਭਾਗਾਂ ਵਿੱਚ ਵੰਡੋ ਅਤੇ ਹਰੇਕ ਭਾਗ ਵਿੱਚ ਕੋਈ 3-4 ਬੂਟੇ (12-16 ਬੂਟੇ ਪ੍ਰਤੀ ਏਕੜ) ਚੁਣੋ। ਇਨ੍ਹਾਂ ਬੂਟਿਆਂ ਦੀ ਵਿਚਕਾਰਲੀ ਸ਼ਾਖ਼ ਦੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਕਰੋ ਅਤੇ ਇਨ੍ਹਾਂ ਬੂਟਿਆਂ ਦੀ ਔਸਤ ਕੱਢ ਲਵੋ। ਜੇਕਰ ਇਹ ਔਸਤ 50-60 ਚੇਪੇ ਪ੍ਰਤੀ ਬੂਟਾ ਜਾਂ ਉਸ ਤੋਂ ਵੱਧ ਹੋਵੇ ਤਾਂ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਕਿਉਂਕਿ ਚੇਪਾ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਕਈ ਵਾਰ ਗਿਣਤੀ ਕਰਣ ਵਿੱਚ ਮੁਸ਼ਕਿਲ ਆਉਂਦੀ ਹੈ, ਅਜਿਹੀਆਂ ਹਾਲਤਾਂ ਵਿੱਚ ਜੇਕਰ ਬੂਟੇ ਦਾ ਉਪਰਲਾ 0.5-1.0 ਸੈਂਟੀਮੀਟਰ ਹਿੱਸਾ ਪੂਰੇ ਦਾ ਪੂਰਾ ਚੇਪੇ ਨਾਲ ਢਕਿਆ ਹੋਵੇ ਤਾਂ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਾਂ ਜੇਕਰ 40-50 ਪ੍ਰਤੀਸ਼ਤ ਬੂਟਿਆਂ ਤੇ ਚੇਪਾ ਨਜ਼ਰ ਆਵੇ ਤਾਂ ਵੀ ਰੋਕਥਾਮ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਜੇਕਰ ਛਿਕਕਾਅ ਦੀ ਲੋੜ ਪਵੇ ਤਾਂ ਫ਼ਸਲ ਤੇ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ (ਕਲੋਰਪਾਈਰੀਫਾਸ) ਦਾ 100 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨਾਂ ਬਾਦ ਮੁੜ ਤੋਂ ਛਿੜਕਾਅ ਕਰੋ। ਦੁਬਾਰਾ ਛਿੜਕਾਅ ਦੀ ਸੂਰਤ ਵਿੱਚ, ਜੇਕਰ ਹੋ ਸਕੇ ਤਾਂ ਦਵਾਈ ਬਦਲ ਕੇ ਛਿੜਕਾਅ ਕਰੋ ਅਤੇ ਬਾਰ ਬਾਰ ਇੱਕ ਹੀ ਦਵਾਈ ਦੇ ਛਿੜਕਾਅ ਤੋਂ ਸੰਕੋਚ ਕਰੋ। ਅਜਿਹਾ ਕਰਨ ਨਾਲ ਕੀੜਿਆਂ ਵਿੱਚ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਨਹੀਂ ਹੁੰਦੀ। ਛਿੜਕਾਅ ਹਮੇਸ਼ਾ ਦੁਪਹਿਰ ਬਾਦ ਹੀ ਕਰਨਾ ਚਾਹੀਦਾ ਹੈ ਜਦੋਂ ਮਧੂ ਮੱਖੀਆਂ ਅਤੇ ਹੋਰ ਪਰ-ਪ੍ਰਾਗਣ ਵਾਲੇ ਕੀੜੇ ਘੱਟ ਹਰਕਤ ਵਿੱਚ ਹੁੰਦੇ ਹਨ।
ਬੰਦਗੋਭੀ ਦੀ ਸੁੰਡੀ
ਇਹ ਸੁੰਡੀ ਵੀ ਜਨਵਰੀ ਅਖੀਰ ਜਾਂ ਫ਼ਰਵਰੀ ਵਿੱਚ ਹਮਲਾ ਕਰਦੀ ਹੈ। ਸੁੰਡੀਆਂ ਹਲਕੇ ਪੀਲੇ ਤੋਂ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਇਹ ਸੁੰਡੀਆਂ ਬੂਟੇ ਦੇ ਉਪਰਲੇ ਭਾਗਾਂ ਜਿਵੇਂ ਕਿ ਪੱਤੇ, ਹਰੀਆਂ ਸ਼ਾਖਾਵਾਂ ਅਤੇ ਫ਼ਲੀਆਂ ਨੂੰ ਖਾ ਕੇ ਨੁਕਸਾਨ ਕਰਦੀਆਂ ਹਨ। ਬਾਲਗ ਇੱਕ ਚਿੱਟੇ ਰੰਗ ਦੀ ਤਿੱਤਲੀ ਹੁੰਦੀ ਹੈ ਜਿਸ ਦੇ ਅਗਲੇ ਖੰਭਾਂ ਤੇ ਕਾਲੇ ਧੱਬੇ ਹੁੰਦੇ ਹਨ। ਮਾਦਾ ਤਿੱਤਲੀਆਂ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਰੰਗ ਦੇ ਆਂਡੇ ਗੁੱਛੇ ਦੀ ਸ਼ਕਲ ਵਿੱਚ ਦਿੰਦੀਆਂ ਹਨ ਜਿਨ੍ਹਾਂ ਵਿੱਚੋਂ ਕੁੱਝ ਦਿਨਾਂ ਬਾਅਦ ਸੁੰਡੀਆਂ ਨਿਕਲ ਆਉਂਦੀਆਂ ਹਨ। ਛੋਟੀਆਂ ਸੁੰਡੀਆਂ ਝੁੰਡਾਂ ਦੀ ਸ਼ਕਲ ਵਿੱਚ ਪੱਤੇ ਖਾਂਦੀਆਂ ਹਨ, ਜਦਕਿ ਵੱਡੀਆਂ ਸੁੰਡੀਆਂ ਪੂਰੇ ਖੇਤ ਵਿੱਚ ਫੈਲ ਜਾਂਦੀਆਂ ਹਨ। ਜੇਕਰ ਵੇਲੇ ਸਿਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਸਾਰੇ ਪੱਤੇ ਅਤੇ ਫ਼ਲੀਆਂ ਖਾ ਜਾਂਦੀਆਂ ਹਨ ਅਤੇ ਸਿਰਫ ਡੰਡੀਆਂ ਹੀ ਰਹਿ ਜਾਂਦੀਆਂ ਹਨ।
ਕਿਉਂਕਿ ਤਿੱਤਲੀਆਂ ਆਂਡੇ ਗੁੱਛੇ ਦੀ ਸ਼ਕਲ ਵਿੱਚ ਦਿੰਦੀਆਂ ਹਨ ਅਤੇ ਛੋਟੀਆਂ ਸੁੰਡੀਆਂ ਵੀ ਝੁੰਡਾਂ ਦੀ ਸ਼ਕਲ ਵਿੱਚ ਨੁਕਸਾਨ ਕਰਦੀਆਂ ਹਨ, ਅਜਿਹੇ ਆਂਡਿਆਂ ਦੇ ਗੁੱਛਿਆਂ ਅਤੇ ਸੁੰਡੀਆਂ ਦੇ ਝੁੰਡਾਂ ਨੂੰ ਹੱਥ ਨਾਲ ਇਕੱਠੇ ਕਰਕੇ ਮਿੱਟੀ ਦੇ ਤੇਲ ਰਲੇ ਪਾਣੀ/ਕੀਟਨਾਸ਼ਕ ਦੇ ਘੋਲ ਵਿੱਚ ਪਾ ਕੇ ਜਾਂ ਮਿੱਟੀ ਹੇਠਾ ਦੱਬ ਕੇ ਨਸ਼ਟ ਕੀਤਾ ਜਾ ਸਕਦਾ ਹੈ। ਇਸ ਵਿੱਧੀ ਰਾਹੀਂ ਘੱਟ ਖਰਚੇ ਅਤੇ ਬਿਨਾਂ ਕਿਸੇ ਕੀਟਨਾਸ਼ਕ ਦੇ ਛਿੜਕਾਅ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਪਰ ਇਸ ਲਈ ਖੇਤ ਦਾ ਸਰਵੇਖਣ ਕਰਨਾ ਬੜਾ ਹੀ ਜ਼ਰੂਰੀ ਹੈ।
ਮੁੱਕਦੀ ਗੱਲ ਇਹ ਹੈ ਕਿ ਫ਼ਸਲ ਨੂੰ ਬਚਾਉਣ ਲਈ ਛਿੜਕਾਓ ਦੀ ਗਿਣਤੀ ਨਹੀਂ, ਸਹੀ ਸਮੇਂ ਅਤੇ ਸਹੀ ਕਾਰਣ ਨਾਲ ਕੀਤਾ ਗਿਆ ਛਿੜਕਾਓ ਹੀ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ ਹੈ। ਜਿਹੜਾ ਕਿਸਾਨ ਜਨਵਰੀ ਵਿੱਚ ਜਾਗਦਾ ਹੈ, ਉਹ ਅਪ੍ਰੈਲ ਵਿੱਚ ਵਧੀਆ ਮੁਨਾਫਾ ਲੈਂਦਾ ਹੈ।
ਸਰੋਤ: ਪ੍ਰਭਜੋਧ ਸਿੰਘ ਸੰਧੂ1 ਅਤੇ ਸਰਵਣ ਕੁਮਾਰ2
1ਪੌਦਾ ਰੋਗ ਵਿਗਿਆਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
2ਪਲਾਂਬ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Summary in English: Mustard: Be careful of diseases and pests in January, make good profits in April