1. Home
  2. ਖੇਤੀ ਬਾੜੀ

ਗੋਭੀ ਸਰ੍ਹੋਂ ਦੀ ਫ਼ਸਲ ਚੋਖੀ ਆਮਦਨ ਦਾ ਸਰੋਤ, ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਮਿਲੇਗਾ ਚੰਗਾ ਮੁਨਾਫ਼ਾ

ਕਿਸਾਨ ਵੀਰੋਂ ਗੋਭੀ ਸਰ੍ਹੋਂ ਦੀ ਫ਼ਸਲ ਤੋਂ ਤੁਸੀਂ ਵਧੀਆ ਮੁਨਾਫ਼ਾ ਕਮਾ ਸਕਦੇ ਹੋ, ਤੁਸੀਂ Punjab Agricultural University ਵਲੋਂ ਸਿਫਾਰਸ਼ ਇਨ੍ਹਾਂ ਕਿਸਮਾਂ ਅਤੇ ਸਰਵਪੱਖੀ ਕੀਟ ਪ੍ਰਬੰਧ ਨੂੰ ਅਪਣਾਓ।

Gurpreet Kaur Virk
Gurpreet Kaur Virk
ਗੋਭੀ ਸਰ੍ਹੋਂ ਦੀ ਫ਼ਸਲ ਚੋਖੀ ਆਮਦਨ ਦਾ ਸਰੋਤ

ਗੋਭੀ ਸਰ੍ਹੋਂ ਦੀ ਫ਼ਸਲ ਚੋਖੀ ਆਮਦਨ ਦਾ ਸਰੋਤ

Mustard Crop: ਗੋਭੀ ਸਰ੍ਹੋਂ ਹਾੜ੍ਹੀ ਦੀਆਂ ਤੇਲ ਬੀਜ ਫਸਲਾਂ ਵਿੱਚੋਂ ਇੱਕ ਪ੍ਰਮੁੱਖ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕਿਸਮਾਂ ਜੀਐਸਸੀ 7, ਜੀਐਸਸੀ 6, ਹਾਇਓਲਾ ਪੀਏਸੀ 401, ਜੀਐਸਐਲ 2 ਅਤੇ ਜੀਐਸਐਲ 1 ਹਨ।

ਸਰ੍ਹੋਂ ਦੀ ਕਾਸ਼ਤ ਨਾਲ ਖੇਤੀ ਵਿਭਿੰਨਤਾ ਨੂੰ ਕਿਸਾਨਾਂ ਵੱਲੋਂ ਚੰਗਾ ਹੁੰਗਾਰਾ ਮਿਲ ਸਕਦਾ ਹੈ। ਕਿਸਾਨ ਵੀਰਾਂ ਨੂੰ ਸਰ੍ਹੋਂ ਹੇਠਾਂ ਰਕਬਾ ਥੋੜ੍ਹਾ ਹੀ ਸਹੀ ਪਰ ਵਧਾਉਣਾ ਚਾਹੀਦਾ ਹੈ। ਇਸ ਨਾਲ ਉਹ ਘਰ ਲਈ ਤੇਲ ਅਤੇ ਪਸ਼ੂਆਂ ਲਈ ਖਲ ਬਣਾ ਸਕਦੇ ਹਨ। ਘਰ ਲਈ ਕਨੌਲਾ ਸਰ੍ਹੋਂ ਦਾ ਤੇਲ ਸਿਹਤ ਪੱਖੋਂ ਬਹੁਤ ਵਧੀਆ ਹੈ।

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਰਾਇਆ ਅਤੇ ਅਫਰੀਕਨ ਸਰ੍ਹੋਂ ਨੂੰ ਮਸਟਰਡ ਵਿੱਚ ਗਿਣਿਆ ਜਾਂਦਾ ਹੈ। ਤੋਰੀਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਸੇਂਜੂ ਹਾਲਤਾਂ ਵਿੱਚ ਹੀ ਬੀਜੇ ਜਾਂਦੇ ਹਨ, ਜਦੋਂਕਿ ਰਾਇਆ ਸੇਂਜੂ ਅਤੇ ਬਰਾਨੀ ਹਾਲਤਾਂ ਵਿੱਚ ਬੀਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨ ਵੀਰ ਵਧਾਉਣ ਸਰ੍ਹੋਂ ਹੇਠ ਰਕਬਾ

ਅੰਤਰਰਾਸ਼ਟਰੀ ਪੱਧਰ ਤੇ ਕਨੋਲਾ ਸਰ੍ਹੋਂ ਉਨ੍ਹਾਂ ਕਿਸਮਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਪਾਇਆ ਜਾਵੇ ਅਤੇ ਖਲਾਂ ਵਿੱਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗੁਲੁਕੋਸਿਨੋਲਿਟਸ ਹੋਣੇ ਚਾਹੀਦੇ ਹਨ।

ਹੋਰ ਫਸਲਾਂ ਦੀ ਤਰ੍ਹਾਂ ਹੀ ਗੋਭੀ ਸਰ੍ਹੋਂ ਨੂੰ ਵੀ ਕੀੜੇ ਨੁਕਸਾਨ ਪਹੁੰਚਾਉਂਦੇ ਹਨ। ਸਰ੍ਹੋਂ ਦੀ ਫਸਲ ਉੱਪਰ ਮੁੱਖ ਤੌਰ ਤੇ ਚੇਪਾ, ਚਿਤਕਬਰੀ ਭੂੰਡੀ, ਸਲੇਟੀ ਭੂੰਡੀ, ਪੱਤੇ ਦਾ ਸਰੁੰਗੀ ਕੀੜਾ ਅਤੇ ਵਾਲਾਂ ਵਾਲੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ। ਇਨ੍ਹਾਂ ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦਿੱਤੀ ਸਰਵਪੱਖੀ ਕੀਟ ਪ੍ਰਬੰਧ ਨੂੰ ਅਪਨਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : ਪੀਏਯੂ ਮਾਹਿਰਾਂ ਵੱਲੋਂ ਸਰ੍ਹੋਂ ਦੀ ਫ਼ਸਲ ਲਈ ਜ਼ਰੂਰੀ ਸਲਾਹ, ਸਰ੍ਹੋਂ ਦੇ ਮੁੜੇ ਹੋਏ ਪੱਤਿਆਂ ਦੀ ਸਮੱਸਿਆ ਬਾਰੇ ਸਿਫ਼ਾਰਿਸ਼ਾਂ

ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਮਿਲੇਗਾ ਚੰਗਾ ਮੁਨਾਫ਼ਾ

ਚੇਪਾ: ਸਰ੍ਹੋਂ ਤੇ ਇਸ ਕੀੜੇ ਦਾ ਹਮਲਾ ਦਸੰਬਰ ਦੇ ਅਖੀਰਲੇ ਹਫਤੇ ਜਾਂ ਜਨਵਰੀ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਮਾਰਚ ਤੱਕ ਚਲਦਾ ਰਹਿੰਦਾ ਹੈ। ਖੰਭਾਂ ਵਾਲੇ ਵੱਡੇ ਚੇਪੇ ਹਵਾ ਨਾਲ ਉੱਡ ਕੇ ਪੌਦੇ ਉੱਪਰ ਬੈਠ ਜਾਂਦੇ ਹਨ ਅਤੇ ਬਿਨਾਂ ਖੰਭਾਂ ਵਾਲੇ ਬੱਚੇ ਨੂੰ ਜਨਮ ਦਿੰਦੇ ਰਹਿੰਦੇ ਹਨ।ਜੇਕਰ ਬਰਸਾਤ ਪੈ ਜਾਵੇ ਤਾਂ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਚੇਪੇ ਦਾ ਹਮਲਾ ਹੋਰ ਭਿਆਨਕ ਹੋ ਜਾਂਦਾ ਹੈ।

ਚੇਪਾ ਸਰ੍ਹੋਂ ਦੇ ਪੌਦੇ ਦੇ ਵੱਖ-ਵੱਖ ਭਾਗਾਂ ਤੋਂ ਰਸ ਚੂਸਦਾ ਰਹਿੰਦਾ ਹੈ ਅਤੇ ਇਸ ਨੂੰ ਕਮਜ਼ੋਰ ਬਣਾ ਦਿੰਦਾ ਹੈ। ਜਿਸ ਦੇ ਫਲਸਰੂਪ ਕਦੇ-2 ਪੌਦੇ ਨੂੰ ਫਲੀਆਂ ਹੀ ਨਹੀਂ ਲਗਦੀਆਂ ਜਾਂ ਫਲੀਆਂ ਵਿੱਚ ਬਣੇ ਦਾਣੇ ਘੱਟ ਵਜ਼ਨ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਤੇਲ ਦੀ ਮਾਤਰਾ ਵੀ ਘੱਟ ਜਾਂਦੀ ਹੈ। ਚੇਪੇ ਦੇ ਕੀੜੇ ਪੌਦੇ ਦੇ ਵੱਖ-ਵੱਖ ਭਾਗ ਵਿੱਚ ਚਿਪਕੇ ਰਹਿੰਦੇ ਹਨ। ਜਿਸ ਕਰਕੇ ਸਰੋਂ ਦੇ ਪੌਦੇ ਦੀ ਭੋਜਨ ਤਿਆਰ ਕਰਨ ਦੀ ਪ੍ਰਤੀਕਿ੍ਰਆ ਵਿੱਚ ਕਮੀ ਦਰਜ਼ ਹੋਣ ਕਰਕੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਪੈਦਾਵਾਰ ਤੇ ਸਿੱਧਾ ਅਸਰ ਹੁੰਦਾ ਹੈ।

ਸਰਵਪੱਖੀ ਰੋਕਥਾਮ:

● ਫਸਲ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਤੇ ਕਰੋ। ਅਕਤੂਬਰ ਦੇ ਤੀਜ਼ੇ ਹਫਤੇ ਤੱਕ ਬਿਜਾਈ ਕਰ ਦਿਓ।
● ਖਾਦਾਂ ਦੀ ਸਿਫਾਰਸ਼ ਕੀਤੀ ਮਿਕਦਾਰ ਹੀ ਪਾਓ।
● ਸਰੋਂ ਦੇ ਖੇਤ ਦੀ ਸਮੇਂ-ਸਮੇਂ ਤੇ ਜਾਂਚ ਖੇਤ ਵਿੱਚ ਗੇੜਾ ਮਾਰ ਕੇ ਕਰੋ।
● ਇੱਕ ਏਕੜ ਵਾਲੇ ਖੇਤ ਵਿੱਚੋਂ 12 ਤੋਂ 16 ਬੂਟੇ ਜੋ ਇੱਕ ਦੂਜੇ ਤੋਂ ਦੂਰ ਹੋਣ ਹਫਤੇ ਵਿੱਚ ਦੋ ਵਾਰ ਚੁਣੋ। ਇਹ ਕੰਮ ਤੁਸੀਂ ਜਨਵਰੀ ਦੇ ਪਹਿਲੇ ਪੱਖ ਵਿੱਚ ਸ਼ੁਰੂ ਕਰ ਦੇਵੋ।

ਆਰਥਿਕ ਕਗਾਰ:

ਜੇ ਪੌਦੇ ਦੀ ਵਿਚਕਾਰਲੀ ਸ਼ਾਖਾ ਦੇ ਸਿਰੇ 'ਤੇ ਚੇਪੇ ਦੀ ਗਿਣਤੀ 50-60 ਪ੍ਰਤੀ 10 ਸੈਂ.ਮੀ. ਹੋ ਜਾਣ ਜਾਂ ਜਦੋਂ ਪੌਦੇ ਦੀ ਵਿਚਕਾਰਲੀ ਸ਼ਾਖਾ ਦਾ ਸਿਰਾ ਪੂਰੀ ਤਰ੍ਹਾਂ 0.5 ਤੋਂ 1 ਸੈਂਟੀਮੀਟਰ ਪੱਤੇ ਦੇ ਧੱਬੇ ਨਾਲ ਢੱਕਿਆ ਹੋਵੇ ਜਾਂ ਜਦੋਂ 40-50 ਪ੍ਰਤੀਸ਼ਤ ਪੌਦੇ ਸੰਕਰਮਿਤ ਹੋਣ (ਪਰ ਸਿਰਫ ਤਾਂ ਹੀ ਜੇ ਤੁਸੀਂ 100 ਪੌਦਿਆਂ ਦੀ ਜਾਂਚ ਕੀਤੀ ਹੋਵੇ) ਤਾਂ ਹੀ ਛਿੜਕਾਅ ਕਰੋ।

ਕੀਟਨਾਸ਼ਕ:

ਹੇਠ ਲਿਖੇ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ 80-125 ਲੀਟਰ ਸਾਫ਼ ਪਾਣੀ ਵਿੱਚ ਪ੍ਰਤੀ ਏਕੜ ਵਿੱਚ ਸਿਫ਼ਾਰਸ਼ ਕੀਤੀ ਦਰ 'ਤੇ ਕਰੋ ਅਤੇ ਢੁਕਵੇਂ ਸਪਰੇਅ ਪੰਪ ਨਾਲ ਛਿੜਕਾਅ ਕਰੋ।

● ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ
● ਮੈਟਾਸਿਸਟਾਕਸ 25 ਈ ਸੀ (ਅੋਕਸੀਡੈਮੀਟੋਸ ਮੀਥਾਈਲ) 40 ਮਿਲੀਲਿਟਰ
● ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ
● ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ

ਸਾਵਧਾਨੀਆਂ:

ਸਰੋਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਦੁਪਿਹਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।

ਚਿਤਕਬਰੀ ਭੂੰਡੀ: ਇਸ ਦਾ ਹਮਲਾ ਪੁੰਗਰ ਰਹੀ ਫਸਲ ਤੇ ਆਮ ਤੌਰ ਤੇ ਅਕਤੂਬਰ ਦੇ ਮਹੀਨੇ ਅਤੇ ਫੇਰ ਪੱਕੀ ਫਸਲ ਤੇ ਮਾਰਚ/ਅਪ੍ਰੈਲ ਦੇ ਮਹੀਨਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਭੂੰਡੀ ਦੇ ਛੋਟੇ ਅਤੇ ਜਵਾਨ ਕੀੜੇ ਪੱਤਿਆਂ ਅਤੇ ਫਲੀਆਂ ਵਿੱਚੋਂ ਰਸ ਚੂਸਦੇ ਰਹਿੰਦੇ ਹਨ ਜਿਸ ਕਰਕੇ ਪੱਤੇ ਅਤੇ ਫਲੀਆਂ ਸੁੱਕਣ ਲੱਗਦੀਆਂ ਹਨ। ਇਸ ਦੀ ਰੋਕਥਾਮ ਲਈ ਪਹਿਲਾ ਪਾਣੀ 3-4 ਹਫਤੇ ਪਿੱਛੇ ਲਗਾਓ ਇਸ ਨਾਲ ਵੀ ਭੂੰਡੀ ਦੀ ਗਿਣਤੀ ਕਾਫੀ ਘੱਟ ਜਾਂਦੀ ਹੈ।

ਸਲੇਟੀ ਸੁੰਡੀ: ਇਸ ਸੁੰਡੀ ਦੇ ਹਮਲੇ ਦਾ ਪਤਾ ਫਸਲ ਦੇ ਪੱਤਿਆਂ ਵਿੱਚ ਮੋਰੀਆਂ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਸਲੇਟੀ ਸੁੰਡੀ ਪੱਤੇ ਖਾਂਦੀ ਹੈ। ਇਸ ਦੀ ਰੋਕਥਾਮ ਕਰਨ ਲਈ ਏਕਾਲਕਸ 25 ਈ ਸੀ (ਕੁਇਨਲਫਾਸ) 250 ਮਿਲੀਲਿਟਰ ਨੂੰ 60-80 ਲਿਟਰ ਸਾਫ ਪਾਣੀ ਵਿੱਚ ਘੋਲ ਬਣਾ ਛਿੜਕਿਆ ਜਾ ਸਕਦਾ ਹੈ।

ਪੱਤੇ ਦਾ ਸੁਰੰਗੀ ਕੀੜਾ: ਇਸ ਦੀਆਂ ਸੁੰਡੀਆਂ (ਲਾਰਵੇ) ਪੱਤੇ ਵਿੱਚ ਸੁਰੰਗਾਂ ਬਣਾ ਕੇ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਦੇ ਹਮਲੇ ਤੇ ਕਾਬੂ ਪਾਉਣ ਲਈ 400 ਮਿਲੀਲਿਟਰ ਰੋਗਰ 30 ਈ ਸੀ ਦਾ ਛਿੜਕਾਅ ਕਰੋ ਜਾਂ 13 ਕਿੱਲੋ ਕਿਊੈਰਾਡਾਨ 3 ਜੀ ਪ੍ਰਤੀ ਦਾ ਛਿੱਟਾ ਦਿੱਤਾ ਜਾ ਸਕਦਾ ਹੈ। ਇਹ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਉੱਪਰ ਹੁੰਦੀਆਂ ਹਨ। ਇਨ੍ਹਾਂ ਸੁੰਡੀਆਂ ਦੇ ਹਮਲੇ ਵਾਲੇ ਪੱਤਿਆਂ ਨੂੰ ਜਿਨ੍ਹਾਂ ਤੇ ਇਹ ਸੁੰਡੀਆਂ ਝੁੰਡਾਂ ਵਿੱਚ ਹੁੰਦੀਆਂ ਹਨ, ਤੋੜ ਕੇ ਨਸ਼ਟ ਕਰ ਦਿਓ।

ਵਾਲਾਂ ਵਾਲੀ ਸੁੰਡੀ ਅਤੇ ਗੋਭੀ ਦੀ ਸੁੰਡੀ: ਇਹ ਕੀੜੇ ਪੱਤਿਆਂ, ਨਰਮ ਕਰੂੰਬਲਾਂ ਅਤੇ ਅੋਲੀਆ ਹਰੀਆਂ ਫਲ਼ੀਆਂ ਤੇ ਝੁੰਡਾਂ ਵਿੱਚ ਖਾ ਕੇ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਫਿਰ ਨਾਲ ਲਗਦੇ ਖੇਤਾਂ ਵਿੱਚ ਵੀ ਇਨ੍ਹਾਂ ਦਾ ਹਮਲਾ ਦੇਖਣ ਨੂੰ ਮਿਲਦਾ ਹੈ।

Summary in English: Mustard Crop is the main source of income, Farmer heroes will get good profit in this way

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters